
ਹੜ੍ਹਾਂ ਦੀ ਮਾਰ ਕਾਰਨ ਝੋਨੇ ਦੀ ਖ਼ਰੀਦ ਦਾ ਤੈਅ ਟੀਚਾ ਇਸ ਵਾਰ ਪੂਰਾ ਹੋਣਾ ਮੁਸ਼ਕਲ
Paddy procurement begins in Punjab mandi from tomorrow: ਮਾਰਚ 2022 ਵਿਚ ਸੱਤਾ ਵਿਚ ਆਈ ‘ਆਪ’ ਦੀ ਸਰਕਾਰ ਨੇ ਪਿਛਲੇ ਸਾਢੇ 3 ਸਾਲਾਂ ਵਿਚ ਕਣਕ ਅਤੇ ਝੋਨੇ ਦੀਆਂ ਕੁਲ 7 ਫ਼ਸਲਾਂ ਦੀ ਸਫ਼ਲਤਾ ਪੂਰਵਕ ਖ਼ਰੀਦ ਕਰ ਕੇ ਬਣਾਏ ਰਿਕਾਰਡ ਵਿਚ ਹੋਰ ਵਾਧਾ ਕਰਨ ਦੀ ਮਨਸ਼ਾ ਨਾਲ ਹੁਣ ਝੋਨੇ ਦੀ ਖ਼ਰੀਦ 16 ਸਤੰਬਰ ਤੋਂ ਕਰਨ ਲਈ 1835 ਮੰਡੀਆਂ ਨੋਟੀਫ਼ਾਈ ਕਰ ਕੇ ਤਿਆਰੀ ਪੂਰੀ ਕਰ ਲਈ ਹੈ। ਅਨਾਜ ਸਪਲਾਈ ਮਹਿਕਮੇ ਦੇ ਇਕ ਸੀਨੀਅਰ ਅਧਿਕਾਰੀ ਨੇ ਰੋਜ਼ਾਨਾ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦਸਿਆ ਕਿ ਕੇਂਦਰ ਸਰਕਾਰ ਨੇ ਤਾਂ ਪਿਛਲੇ ਸਾਲ ਦੀ ਖ਼ਰੀਦ ਅਨੁਸਾਰ ਟੀਚਾ 173 ਲੱਖ ਟਨ ਦਾ ਰਖਿਆ ਹੈ ਪਰ ਪੰਜਾਬ ਸਰਕਾਰ ਨੇ 190 ਲੱਖ ਟਨ ਝੋਨੇ ਦੀ ਖ਼ਰੀਦ ਦੇ ਪ੍ਰਬੰਧ ਪੂਰੇ ਕਰ ਲਏ ਹਨ।
ਉਨ੍ਹਾਂ ਦਸਿਆ ਕਿ ਕੁਲ 50,000 ਕਰੋੜ ਦੀ ਕੈਸ਼ ਕੈ੍ਰਡਿਟ ਲਿਮਟ ਦੇ ਬਦਲੇ ਫ਼ਿਲਹਾਲ ਸਤੰਬਰ ਮਹੀਨੇ ਵਾਸਤੇ ਕਿਸਾਨਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਰਕਮ ਪਾਉਣ ਲਈ ਰਿਜ਼ਰਵ ਬੈਂਕ ਨੇ 15000 ਕਰੋੜ ਜਾਰੀ ਕੀਤਾ ਹੈ। ਸੀਨੀਅਰ ਅਧਿਕਾਰੀ ਨੇ ਇਹ ਵੀ ਦਸਿਆ ਕਿ 50 ਕਿਲੋਗ੍ਰਾਮ ਵਾਲੀਆਂ ਬੋਰੀਆਂ ਦਾ ਪੂਰਾ ਇੰਤਜ਼ਾਮ ਹੋ ਚੁੱਕਾ ਹੈ ਅਤੇ 5 ਲੱਖ ਗੰਢਾਂ ਕਲਕੱਤੇ ਤੋਂ ਪੰਜਾਬ ਪਹੁੰਚ ਚੁੱਕੀਆਂ ਹਨ।
ਇਕ ਗੰਢ ਵਿਚ 500 ਬੋਰੀ ਹੁੰਦੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਤੋਂ ਐਤਕੀਂ ਪ੍ਰਤੀ ਕੁਇੰਟਲ 75 ਰੁਪਏ ਦਾ ਵਾਧਾ ਕਰ ਕੇ ਕੇਂਦਰ ਸਰਕਾਰ ਨੇ ਝੋਨਾ ਖ਼ਰੀਦ ਲਈ ਐਮ.ਐਸ.ਪੀ. 2389 ਰੁਪਏ ਕਰ ਦਿਤੀ ਹੋਈ ਹੈ। ਪੰਜਾਬ ਦੀਆਂ 4 ਸਰਕਾਰੀ ਏਜੰਸੀਆਂ ਪਨਗਰੇਨ, ਨੂੰ ਸੱਭ ਤੋਂ ਵੱਧ 34 ਫ਼ੀ ਸਦੀ, ਮਾਰਕਫ਼ੈਡ ਨੂੰ 26, ਪਨਸਪ ਨੂੰ 22 ਅਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੂੰ 13 ਫ਼ੀ ਸਦੀ ਝੋਨਾ ਖ਼ਰੀਦ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਦੋਂ ਕਿ ਕੇਂਦਰ ਦੀ ਐਫ਼.ਸੀ.ਆਈ. ਨੇ ਕੇਵਲ 5 ਫ਼ੀ ਸਦੀ ਝੋਨਾ ਖ਼ਰੀਦ ਦਾ ਜੁੰਮਾ ਲਿਆ ਹੈ।
ਸੀਨੀਅਰ ਅਧਿਕਾਰੀ ਨੇ ਦਸਿਆ ਕਿ ਇੰਨੀ ਵੱਡੀ ਝੋਨਾ ਖ਼ਰੀਦ ਲਈ ਕੀਤੀ ਤਿਆਰੀ ਨੂੰ ਅੰਤਮ ਛੂਹਾਂ ਦੇਣ ਲਈ ਭਲਕੇ ਸੋਮਵਾਰ ਨੂੰ ਅਨਾਜ ਭਵਨ ਤੋਂ ਪ੍ਰਿੰਸੀਪਲ ਸਕੱਤਰ ਰਾਹੁਲ ਤਿਵਾੜੀ, ਏਜੰਸੀਆਂ ਦੇ ਮੈਨੇਜਿੰਗ ਡਾਇਰੈਕਟਰਾਂ, ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕਰਨਗੇ ਅਤੇ ਆਨਲਾਈਨ ਵੀਡੀਉ ਕਾਨਫ਼ਰੰਸ ਸਾਰੇ 23 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਸਮੇਤ ਹਰ ਸਬੰਧਤ ਅਫ਼ਸਰਾਂ ਨਾਲ ਗੱਲਬਾਤ ਵੀ ਕਰਨਗੇ। ਹੜ੍ਹਾਂ ਦੀ ਮਾਰ ਕਾਰਨ ਐਤਕੀਂ ਪੰਜਾਬ ਵਿਚੋਂ ਝੋਨਾ ਪੈਦਾਵਾਰ ਘਟਣ ਕਰ ਕੇ ਭਾਵੇਂ ਝੋਨੇ ਦੀ ਮੰਡੀਆਂ ਵਿਚ ਆਮਦ ਸੁਸਤ ਰਹੇਗੀ ਪਰ ਅਗਲੇ ਮਹੀਨੇ ਦੇ ਦੂਜੇ ਹਫ਼ਤੇ ਹੀ ਝੋਨੇ ਦੇ ਅੰਬਾਰ ਮੰਡੀਆਂ ਵਿਚ ਦੇਖਣ ਨੂੰ ਮਿਲਣਗੇ।
ਚੰਡੀਗੜ੍ਹ ਤੋਂ ਜੀ.ਸੀ. ਭਾਰਦਵਾਜ ਦੀ ਰਿਪੋਰਟ
ਹੜ੍ਹਾਂ ਦੀ ਮਾਰ ਕਾਰਨ ਝੋਨੇ ਦੀ ਖ਼ਰੀਦ ਦਾ ਤੈਅ ਟੀਚਾ ਇਸ ਵਾਰ ਪੂਰਾ ਹੋਣਾ ਮੁਸ਼ਕਲ
17 ਜ਼ਿਲ੍ਹਿਆਂ ’ਚ 4 ਲੱਖ ਤੋਂ ਵੱਧ ਏਕੜ ਫ਼ਸਲ ਹੋਈ ਹੈ ਖ਼ਤਮ
ਬਾਸਮਤੀ ਦਾ ਝਾੜ ਘਟਣ ਨਾਲ ਵੀ ਖ਼ਰੀਦ ’ਤੇ ਪਵੇਗਾ ਅਸਰ
ਹੜ੍ਹਾਂ ਦੀ ਪਈ ਮਾਰ ਕਾਰਨ ਇਸ ਵਾਰ ਪੰਜਾਬ ਵਿਚ 16 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਝੋਨੇ ਦੀ ਖ਼ਰੀਦ ਉਪਰ ਵੀ ਵੱਡਾ ਪ੍ਰਭਾਵ ਪੈਂਦਾ ਦਿਖਾਈ ਦੇ ਰਿਹਾ ਹੈ ਜਿਸ ਹਿਸਾਬ ਨਾਲ ਝੋਨੇ ਦੀ ਖੜੀ ਫ਼ਸਲ ਦੀ ਹੜ੍ਹਾਂ ਨਾਲ ਤਬਾਹੀ ਹੋਈ ਹੈ, ਉਸ ਨਾਲ ਪਿਛਲੇ ਸਮੇਂ ਦੇ 182 ਲੱਖ ਦੇ ਖ਼ਰੀਦ ਦੇ ਟੀਚੇ ਨੂੰ ਇਸ ਵਾਰ ਪੂਰਾ ਕਰਨਾ ਮੁਸ਼ਕਲ ਹੈ। ਉਧਰ ਬਾਸਮਤੀ ਦੀ ਅਗੇਤੀ ਝੋਨੇ ਦੀ ਫ਼ਸਲ ਮੰਡੀਆਂ ਵਿਚ ਪਹਿਲਾਂ ਹੀ ਆਉਣੀ ਸ਼ੁਰੂ ਹੋ ਚੁੱਕੀ ਹੈ ਪਰ ਬਾਸਮਤੀ ਦਾ ਝਾੜ ਵੀ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਮੌਸਮ ਠੀਕ ਨਾ ਰਹਿਣ ਕਾਰਨ ਘੱਟ ਨਿਕਲ ਰਿਹਾ ਹੈ ਅਤੇ ਇਸ ਦਾ ਅਸਰ ਵੀ ਨਵੀਂ ਖ਼ਰੀਦ ਉਪਰ ਪਵੇਗਾ।
ਹੜ੍ਹਾਂ ਦੀ ਮਾਰ ਹੇਠ ਆਈ ਝੋਨੇ ਦੀ ਫ਼ਸਲ ਦੇ ਹੁਣ ਤਕ ਦੇ ਅਨੁਮਾਨਾਂ ਮੁਤਾਬਕ 4 ਲੱਖ ਤੋਂ ਵੱਧ ਏਕੜ ਫ਼ਸਲ ਬਰਬਾਦ ਹੋਈ ਹੈ। ਜਿਥੋਂ ਤਕ ਅਗੇਤੀ ਪੱਕੀ ਬਾਸਮਤੀ 1509 ਦੀ ਜਿਹੜੀ ਫ਼ਸਲ ਮੰਡੀਆਂ ਵਿਚ ਆ ਰਹੀ ਹੈ, ਉਸ ਦਾ ਝਾੜ ਪ੍ਰਤੀ ਏਕੜ 7 ਤੋਂ 8 ਕੁਇੰਟਲ ਘੱਟ ਨਿਕਲ ਰਿਹਾ ਹੈ। ਇਸ ਵੀ ਜ਼ਿਕਰਯੋਗ ਹੈ ਕਿ ਮੰਡੀ ਵਿਚ ਬਾਸਮਤੀ ਦੀ ਖ਼ਰੀਦ ਪ੍ਰਾਈਵੇਟ ਵਪਾਰੀ ਹੀ ਕਰਦੇ ਹਨ ਅਤੇ ਕੁਆਲਿਟੀ ਵਿਚ ਗਿਰਾਵਟ ਨਾਲ ਭਾਅ ਵੀ ਇਸ ਵਾਰ ਘੱਟ ਮਿਲੇਗਾ। ਹੜ੍ਹਾਂ ਕਾਰਨ ਬਰਬਾਦ ਹੋਈ ਫ਼ਸਲ ਦੇ ਪ੍ਰਾਪਤ ਅੰਕੜਿਆਂ ਮੁਤਾਬਕ ਕੁਲ 198525 ਹੈਕਟੇਅਰ ਰਕਬੇ ਵਿਚ ਖੜੀ ਫ਼ਸਲ ਨੂੰ ਨੁਕਸਾਨ ਪਹੁੰਚਿਆ ਹੈ।
ਜ਼ਿਲ੍ਹਾ ਅੰਮ੍ਰਿਤਸਰ ਵਿਚ 27154 ਹੈਕਟੇਅਰ, ਬਠਿੰਡਾ ਵਿਚ 586.79, ਫ਼ਾਜ਼ਿਲਕਾ ਵਿਚ 251827, ਫ਼ਿਰੋਜ਼ਪੁਰ ਵਿਚ 17257, ਗੁਰਦਾਸਪੁਰ ਵਿਚ 40169, ਹੁਸ਼ਿਆਰਪੁਰ ਵਿਚ 8322, ਜਲੰਧਰ ਵਿਚ 4800, ਕਪੂਰਥਲਾ ਵਿਚ 17574, ਲੁਧਿਆਣਾ 189, ਮਾਨਸਾ ਵਿਚ 12207.38, ਮੋਗਾ ਵਿਚ 2240, ਪਠਾਨਕੋਟ 2442, ਪਟਿਆਲਾ 17690, ਰੋਪੜ 1135, ਸੰਗਰੂੁਰ 6560, ਐਸ.ਏ.ਐਸ.ਨਗਰ ਵਿਚ 2000, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ 188.31 ਅਤੇ ਤਰਨਤਾਰਨ ਵਿਚ 12828 ਰਕਬੇ ਵਿਚ ਖੜੀ ਫ਼ਸਲ ਹੜ੍ਹਾਂ ਦੀ ਪਾਣੀ ਦੀ ਮਾਰ ਹੇਠ ਆਉਣ ਕਾਰਨ 75 ਤੋਂ 100 ਫ਼ੀ ਸਦੀ ਤਕ ਖ਼ਤਮ ਹੋਈ ਹੈ।
"(For more news apart from “Paddy procurement begins in Punjab mandi from tomorrow, ” stay tuned to Rozana Spokesman.