ਆਲੂ ਦੀ ਬਿਜਾਈ ਤੇ ਪਿਆਜ਼ ਦੀ ਲੁਆਈ ਦਾ ਸਮਾਂ
Published : Jun 18, 2019, 5:39 pm IST
Updated : Jun 18, 2019, 5:39 pm IST
SHARE ARTICLE
Farming
Farming

ਜਨਵਰੀ ਦੇ ਪਹਿਲੇ ਪੰਦਰਵਾੜੇ ਸਰਦੀ ਅਪਣੇ ਪੂਰੇ ਜੋਬਨ ਉੱਤੇ ਹੁੰਦੀ ਹੈ...

ਚੰਡੀਗੜ੍ਹ:  ਜਨਵਰੀ ਦੇ ਪਹਿਲੇ ਪੰਦਰਵਾੜੇ ਸਰਦੀ ਅਪਣੇ ਪੂਰੇ ਜੋਬਨ ਉੱਤੇ ਹੁੰਦੀ ਹੈ। ਜਿਥੇ ਪਰਵਾਰਕ ਮੈਂਬਰਾਂ ਨੂੰ ਠੰਡ ਤੋਂ ਬਚਾਉਣਾ ਜਰੂਰੀ ਹੈ। ਉਥੇ ਜਨਵਰੀ ਦੇ ਪਹਿਲੇ ਪੰਦਰਵਾੜੇ ਸਰਦੀ ਆਪਣੇ ਪੂਰੇ ਜੋਬਨ ਉੱਤੇ ਹੁੰਦੀ ਹੈ। ਜਿਥੇ ਪਰਿਵਾਰਿਕ ਮੈਂਬਰਾਂ ਨੂੰ ਠੰਢ ਤੋਂ ਬਚਾਉਣਾ ਜਰੂਰੀ ਹੈ ਉਥੇ ਫ਼ਸਲਾਂ ਅਤੇ ਡੰਗਰਾਂ ਨੂੰ ਵੀ ਠੰਢ ਤੋਂ ਬਚਾਉਣਾ ਚਾਹੀਦਾ ਹੈ। ਜੇ ਲੋਹੜੀ ਨੇੜੇ ਮੀਂਹ ਨਹੀਂ ਪੈਂਦਾ ਤਾਂ ਸਾਰੀਆਂ ਫ਼ਸਲਾਂ ਨੂੰ ਪਾਣੀ ਦੇ ਦੇਣਾ ਚਾਹੀਦਾ ਹੈ।

ਡੰਗਰਾਂ ਨੂੰ ਦਿਨ ਵਿੱਚ ਧੁੱਪੇ ਬੰਨ੍ਹੋ। ਰਾਤ ਨੂੰ ਕਮਰੇ ਅੰਦਰ ਸੁੱਕੀ ਥਾਂ ਬੰਨ੍ਹੋ। ਡੰਗਰਾਂ ਹੇਠਾਂ ਸੁੱਕ ਵੀ ਪਾ ਦੇਣੀ ਚਾਹੀਦੀ ਹੈ। ਪੀਣ ਲਈ ਤਾਜ਼ਾ ਪਾਣੀ ਦੇਵੋ। ਪਸ਼ੂਆਂ ਉੱਤੇ ਝੁਲ ਵੀ ਪਾਵੋ। ਠੰਢ ਹੋਣ ਦੇ ਬਾਵਜੂਦ ਇਹ ਪੰਦਰਵਾੜਾ ਰੁਝੇਵਿਆਂ ਭਰਿਆ ਹੈ। ਇਸ ਸਮੇਂ ਦੌਰਾਨ ਆਲੂਆਂ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਪਿਆਜ਼ ਦੀ ਪਨੀਰੀ ਪੁੱਟ ਕੇ ਖੇਤ ਵਿੱਚ ਲਗਾਈ ਜਾਂਦੀ ਹੈ। ਪੰਜਾਬ ਵਿੱਚ ਕਿਸੇ ਹੋਰ ਸਬਜ਼ੀ ਦੇ ਮੁਕਾਬਲੇ ਆਲੂਆਂ ਹੇਠ ਸਭ ਤੋਂ ਵੱਧ ਰਕਬਾ ਹੈ। ਇਨ੍ਹਾਂ ਦੀ ਕਾਸ਼ਤ ਕੋਈ 97 ਹਜ਼ਾਰ ਹੈਕਟੇਅਰ ਵਿੱਚ ਕੀਤੀ ਜਾਂਦੀ ਹੈ।

ਕੁਫ਼ਰੀ ਸੂਰੀਯਾ, ਕੁਫ਼ਰੀ ਚੰਦਰਮੁਖੀ, ਕੁਫ਼ਰੀ ਅਸੋਕਾ ਅਤੇ ਕੁਫ਼ਰੀ ਪੁਖਰਾਜ਼ ਅਗੇਤੀਆਂ ਕਿਸਮਾਂ ਹਨ ਜਦੋਂਕਿ ਕੁਫ਼ਰੀ ਪੁਸ਼ਕਰ, ਕੁਫ਼ਰੀ ਜਯੋਤੀ, ਕੁਫ਼ਰੀ ਬਹਾਰ, ਕੁਫ਼ਰੀ ਸੰਧੂਰੀ ਤੇ ਕੁਫ਼ਰੀ ਬਾਦਸ਼ਾਹ ਦੂਜੀਆਂ ਕਿਸਮਾਂ ਹਨ। ਕੁਫ਼ਰੀ ਚਿਪਸੋਨਾ-1, ਕੁਫ਼ਰੀ ਚਿਪਸੋਨਾ-3, ਕੁਫ਼ਰੀ ਫਰਾਈਸੋਨਾ, ਕਾਰਖਾਨਿਆਂ ਵਿੱਚ ਵਰਤੀਆਂ ਜਾਣ ਵਾਲੀਆਂ ਕਿਸਮਾਂ ਹਨ। ਆਲੂ ਦਾ ਬੀਜ ਕਿਸੇ ਭਰੋਸੇਯੋਗ ਵਸੀਲੇ ਤੋਂ ਲੈਣਾ ਚਾਹੀਦਾ ਹੈ। ਜੇ ਤਾਜ਼ੇ ਪੁੱਟੇ ਆਲੂਆਂ ਨੂੰ ਬੀਜ ਲਈ ਵਰਤਣਾ ਹੈ ਤਾਂ ਉਨ੍ਹਾਂ ਦੀ ਨੀਂਦ ਤੋੜਣੀ ਜ਼ਰੂਰੀ ਹੈ।

ਬੀਜ ਨੂੰ ਰੋਗ ਰਹਿਤ ਕਰਨ ਲਈ 2.5 ਮਿਲੀਲਿਟਰ ਮੌਨਸਰਨ ਨੂੰ ਇੱਕ ਲਿਟਰ ਪਾਣੀ ਵਿੱਚ ਘੋਲ ਕੇ ਇਸ ਵਿੱਚ ਬੀਜ ਨੂੰ ਦਸ ਮਿੰਟਾਂ ਤੱਕ ਡੋਬ ਕੇ ਰੱਖੋ। ਆਲੂਆਂ ਨੂੰ ਖਾਦਾਂ ਦੀ ਵਧੇਰੇ ਲੋੜ ਪੈਂਦੀ ਹੈ। ਗੋਹੇ ਦੀ ਰੂੜੀ ਅਤੇ ਰਸਾਇਣਕ ਖਾਦਾਂ ਦੇ ਨਾਲ ਜੇ ਕਨਸ਼ੋਰਸ਼ੀਅਮ ਜੀਵਾਣੂ ਖਾਦ ਚਾਰ ਕਿਲੋ ਪ੍ਰਤੀ ਏਕੜ ਮਿੱਟੀ ਵਿੱਚ ਰਲਾ ਕੇ ਪਾਈ ਜਾਵੇ ਤਾਂ ਝਾੜ ਵਿੱਚ ਵਾਧਾ ਹੁੰਦਾ ਹੈ ਅਤੇ ਧਰਤੀ ਦੀ ਸਿਹਤ ਸੁਧਰਦੀ ਹੈ। ਪੰਜਾਬ ਵਿੱਚ ਦੇਸ਼ ਦੇ ਦੂਜੇ ਸੂਬਿਆਂ ਦੇ ਮੁਕਾਬਲੇ ਰੁੱਖਾਂ ਦੀ ਗਿਣਤੀ ਬਹੁਤ ਘੱਟ ਹੈ। ਰੁੱਖ ਲਗਾਉਣ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

ਹੁਣ ਸਫ਼ੈਦਾ, ਪੋਪਲਰ ਤੇ ਡੇਕ ਆਦਿ ਦੇ ਰੁੱਖ ਲਗਾਏ ਜਾ ਸਕਦੇ ਹਨ। ਇਨ੍ਹਾਂ ਦੇ ਬੂਟੇ ਪੰਜਾਬ ਦੇ ਵਣ ਵਿਭਾਗ ਕੋਲੋਂ ਮੁਫ਼ਤ ਵੀ ਮਿਲ ਜਾਂਦੇ ਹਨ। ਸਾਨੂੰ ਵਣ ਖੇਤੀ ਨੂੰ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ। ਕੁਝ ਰਕਬੇ ਵਿੱਚ ਖ਼ਾਸ ਕਰਕੇ ਮਾੜੀਆਂ ਧਰਤੀਆਂ ਵਿੱਚ ਵਣ ਖੇਤੀ ਕਰਨੀ ਚਾਹੀਦੀ ਹੈ। ਇਹ ਪੰਦਰਵਾੜਾ ਪੱਤਝੜੀ ਫਲਦਾਰ ਰੁੱਖ ਲਗਾਉਣ ਲਈ ਵੀ ਢੁੱਕਵਾਂ ਹੈ। ਇਸ ਮਹੀਨੇ ਬੂਟੇ ਸੁੱਤੇ ਪਏ ਹੁੰਦੇ ਹਨ ਜਿਸ ਕਰਕੇ ਨੰਗੀਆਂ ਜੜ੍ਹਾਂ ਨਾਲ ਹੀ ਲਗਾਏ ਜਾ ਸਕਦੇ ਹਨ। ਅੰਗੂਰ, ਨਾਸ਼ਪਾਤੀ, ਆੜੂ, ਅਲੂਚਾ, ਅਨਾਰ, ਫ਼ਾਲਸਾ, ਅੰਜ਼ੀਰ ਦੇ ਬੂਟੇ ਜਨਵਰੀ ਦੇ ਪਹਿਲੇ ਪੰਦਰਵਾੜੇ ਵਿੱਚ ਲਗਾ ਦੇਣੇ ਚਾਹੀਦੇ ਹਨ।

ਪੰਜਾਬ ਵਿੱਚ ਨਾਸ਼ਪਾਤੀ ਹੇਠ ਕੋਈ ਤਿੰਨ ਹਜ਼ਾਰ ਰਕਬਾ ਹੈ। ਇਹ ਦੋ ਤਰ੍ਹਾਂ ਦੀ ਹੁੰਦੀ ਹੈ ਸਖ਼ਤ ਤੇ ਨਰਮ। ਪੰਜਾਬ ਨਾਖ ਅਤੇ ਪੱਥਰ ਨਾਖ ਸਖ਼ਤ ਕਿਸਮਾਂ ਹਨ ਜਦੋਂਕਿ ਪੰਜਾਬ ਗੋਲਡ, ਪੰਜਾਬ ਨੈਕਟਰ, ਪੰਜਾਬ ਬਿਊਟੀ, ਬੱਗੂਗੋਸਾ, ਨਿਜੀਸਿਕੀ ਅਤੇ ਪੰਜਾਬ ਸੋਫਟ ਨਰਮ ਕਿਸਮਾਂ ਹਨ। ਪਰਤਾਪ, ਫਲੋਰਿਡਾ ਪ੍ਰਿੰਸ, ਸ਼ਾਨੇ ਪੰਜਾਬ ਤੇ ਅਰਲੀ ਗਰੈਂਡ ਆੜੂ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਨ੍ਹਾਂ ਦੇ ਗੁੱਦੇ ਦਾ ਰੰਗ ਪੀਲਾ ਹੁੰਦਾ ਹੈ। ਪ੍ਰਭਾਤ, ਸ਼ਰਬਤੀ ਅਤੇ ਪੰਜਾਬ ਨੈਕਟਰੇਨ ਚਿੱਟੇ ਗੁੱਦੇ ਵਾਲੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ।

ਸੁਪੀਰੀਅਰ ਸੀਡਲੈਸ, ਪੰਜਾਬ ਮੈਕ ਪਰਪਲ, ਫਲੇਮ ਸੀਡਲੈਸ, ਬਿਊਟੀ ਸੀਡਲੈਸ ਅਤੇ ਪਰਲਿਟ ਅੰਗੂਰਾਂ ਦੀਆਂ ਸਿਫ਼ਾਰਸ਼ ਕੀਤੀਆਂ ਗਈਆਂ ਕਿਸਮਾਂ ਹਨ। ਸਤਲੁਜ ਪਰਪਲ ਅਤੇ ਕਾਲਾ ਅੰਮ੍ਰਿਤਸਰੀ ਅਲੂਚੇ ਦੀਆਂ ਉੱਨਤ ਕਿਸਮਾਂ ਹਨ। ਭਗਵਾਂ, ਗਣੇਸ਼ ਅਤੇ ਕੰਧਾਰੀ ਅਨਾਰ ਦੀਆਂ ਵਧੀਆ ਕਿਸਮਾਂ ਹਨ। ਬਰਾਊਨ ਟਰਕੀ ਅੰਜ਼ੀਰ ਦੀ ਸਿਫ਼ਾਰਸ਼ ਕੀਤੀ ਗਈ ਕਿਸਮ ਹੈ। ਫ਼ਲਦਾਰ ਬੂਟੇ ਲਗਾਉਣ ਲਈ ਟੋਏ ਪੁੱਟ ਲੈਣੇ ਚਾਹੀਦੇ ਹਨ। ਇਹ ਟੋਏ ਇੱਕ ਮੀਟਰ ਘੇਰੇ ਵਾਲੇ ਤੇ ਇੱਕ ਮੀਟਰ ਡੂੰਘੇ ਪੁੱਟੇ ਜਾਣ।

ਇਹ ਟੋਏ ਅੱਧੀ ਉਪਰਲੀ ਮਿੱਟੀ ਲੈ ਕੇ ਅਤੇ ਅੱਧੀ ਵਧੀਆ ਰੂੜੀ ਰਲਾ ਕੇ ਭਰੋ। ਬੂਟਿਆਂ ਨੂੰ ਸਿਉਂਕ ਤੋਂ ਬਚਾਉਣ ਲਈ ਟੋਏ ਵਿੱਚ 30 ਗ੍ਰਾਮ ਲਿੰਡੇਨ 5 ਫ਼ੀਸਦੀ ਦਾ ਧੂੜਾ ਜਾਂ 15 ਮਿਲੀਲਿਟਰ ਕਲੋਰੋਪਾਈਰੀਫ਼ਾਸ 20 ਈ ਸੀ ਜ਼ਰੂਰ ਪਾਵੋ। ਬੂਟੇ ਹਮੇਸ਼ਾਂ ਸਰਕਾਰੀ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਨਰਸਰੀ ਤੋਂ ਸਹੀ ਉਮਰ, ਸਿਫ਼ਾਰਸ਼ ਕੀਤੀ ਕਿਸਮ ਅਤੇ ਸਿਹਤਮੰਦ ਬੂਟੇ ਖ਼ਰੀਦੋ। ਪਿਆਜ਼ ਦੀ ਪਨੀਰੀ ਪੁੱਟ ਕੇ ਖੇਤ ਵਿੱਚ ਲਗਾਉਣ ਲਈ ਇਹ ਢੁਕਵਾਂ ਸਮਾਂ ਹੈ। ਇਸ ਵਾਰ ਥੋੜ੍ਹੇ ਰਕਬੇ ਵਿੱਚ ਕੀਤੀ ਖੇਤੀ ਨਾਲ ਤਜ਼ਰਬਾ ਹੋ ਜਾਵੇਗਾ ਤੇ ਅਗਲੇ ਸਾਲ ਇਸ ਹੇਠ ਰਕਬਾ ਵਧਾਇਆ ਜਾ ਸਕਦਾ ਹੈ।

ਪਿਆਜ਼ ਇੱਕ ਏਕੜ ਵਿੱਚੋਂ 150 ਕੁਇੰਟਲ ਤੋਂ ਵੱਧ ਪ੍ਰਾਪਤ ਹੋ ਸਕਦੇ ਹਨ ਅਤੇ ਇਨ੍ਹਾਂ ਦੀ ਵਿਕਰੀ ਵਿੱਚ ਵੀ ਕੋਈ ਪ੍ਰੇਸ਼ਾਨੀ ਨਹੀਂ ਆਉਂਦੀ। ਜੇ ਆਪ ਪਨੀਰੀ ਤਿਆਰ ਨਹੀਂ ਕੀਤੀ ਤਾਂ ਕਿਸੇ ਭਰੋਸੇਯੋਗ ਵਸੀਲੇ ਤੋਂ ਪਨੀਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਹੁਣ ਦੀ ਲੁਆਈ ਲਈ ਪੀਆਰਓ-6, ਪੰਜਾਬ ਵਾਈਟ ਅਤੇ ਪੰਜਾਬ ਨਰੋਆ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਪੀਆਰਓ-6 ਕਿਸਮ ਕੇਵਲ 120 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ 175 ਕੁਇੰਟਲ ਤੱਕ ਪ੍ਰਤੀ ਏਕੜ ਝਾੜ ਦੇ ਦਿੰਦੀ ਹੈ। ਪਨੀਰੀ ਲਗਾਉਣ ਸਮੇਂ ਲਾਈਨਾਂ ਵਿਚਕਾਰ 15 ਅਤੇ ਬੂਟਿਆਂ ਵਿਚਕਾਰ 7.5 ਸੈਂਟੀਮੀਟਰ ਦਾ ਫ਼ਾਸਲਾ ਰੱਖੋ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜੈਵਿਕ ਖਾਦ ਕਨਸ਼ੋਰਜ਼ੀਅਮ ਤਿਆਰ ਕੀਤੀ ਹੈ। ਖੇਤ ਤਿਆਰ ਕਰਦੇ ਸਮੇਂ ਚਾਰ ਕਿਲੋ ਖਾਦ ਪ੍ਰਤੀ ਏਕੜ ਪਾ ਦੇਣੀ ਚਾਹੀਦੀ ਹੈ। ਇਸ ਦੇ ਨਾਲ ਹੀ 20 ਟਨ ਰੂੜੀ ਵੀ ਪ੍ਰਤੀ ਏਕੜ ਪਾਈ ਜਾਵੇ। ਉਦੋਂ ਹੀ 45 ਕਿਲੋ ਯੂਰੀਆ, 125 ਕਿਲੋ ਸੁਪਰਫਾਸਫੇਟ ਅਤੇ 35 ਕਿਲੋ ਮੂਰੀਏਟ ਆਫ ਪੋਟਾਸ਼ ਵੀ ਪ੍ਰਤੀ ਏਕੜ ਪਾਈ ਜਾਵੇ। ਜੇ ਲੋੜ ਹੋਵੇ ਤਾਂ ਮਹੀਨੇ ਪਿੱਛੋਂ 45 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਇਆ ਜਾ ਸਕਦਾ ਹੈ। ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰਨੀ ਚਾਹੀਦੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement