ਕਮਾਦ ਦੀ ਫ਼ਸਲ ਦਾ ਕੀੜਿਆਂ ਤੇ ਬਿਮਾਰੀਆਂ ਤੋਂ ਬਚਾਅ
Published : Nov 18, 2019, 2:01 pm IST
Updated : Nov 18, 2019, 3:21 pm IST
SHARE ARTICLE
SugarCane
SugarCane

ਕਮਾਦ ਪੰਜਾਬ ਦੀ ਮਹੱਤਵਪੂਰਨ ਫ਼ਸਲ ਹੈ। ਇਸ ਦੀ 75 ਫ਼ੀਸਦੀ ਵਰਤੋਂ ਖੰਡ ਬਣਾਉਣ...

ਚੰਡੀਗੜ੍ਹ: ਕਮਾਦ ਪੰਜਾਬ ਦੀ ਮਹੱਤਵਪੂਰਨ ਫ਼ਸਲ ਹੈ। ਇਸ ਦੀ 75 ਫ਼ੀਸਦੀ ਵਰਤੋਂ ਖੰਡ ਬਣਾਉਣ ਲਈ ਕੀਤੀ ਜਾਂਦੀ ਹੈ। ਪੰਜਾਬ ਵਿਚ 2016-17 ਦੌਰਾਨ ਗੰਨੇ ਦੀ ਖੇਤੀ 88 ਹਜ਼ਾਰ ਹੈਕਟੇਅਰ

ਰਕਬੇ 'ਚ ਕੀਤੀ ਗਈ ਤੇ ਔਸਤ: ਝਾੜ 325 ਕੁਇੰਟਲ ਪ੍ਰਤੀ ਏਕੜ ਸੀ। ਗੰਨੇ ਦੀ ਫ਼ਸਲ 10-14 ਮਹੀਨੇ ਖੇਤ 'ਚ ਰਹਿੰਦੀ ਹੈ। ਇਸ ਉੱਪਰ ਵੱਖ-ਵੱਖ ਸਮੇਂ ਦੌਰਾਨ ਕੀੜੇ ਮਕੌੜਿਆਂ ਤੇ ਬਿਮਾਰੀਆਂ ਦਾ ਹਮਲਾ ਹੁੰਦਾ ਹੈ ਜਿਸ ਨਾਲ ਗੰਨੇ ਦੇ ਝਾੜ ਅਤੇ ਖੰਡ ਦੀ ਪ੍ਰਾਪਤੀ ਤੇ ਬੁਰਾ ਅਸਰ ਪੈਂਦਾ ਹੈ। ਇਸ ਤੋਂ ਬਚਾਅ ਲਈ ਕੁਝ ਅਹਿਮ ਨੁਕਤਿਆਂ ਨੂੰ ਅਪਨਾਉਣਾ ਲਾਹੇਵੰਦ ਹੈ।

ਗੰਨੇ ਦੀ ਫ਼ਸਲ 'ਤੇ ਕਈ ਬਿਮਾਰੀਆਂ ਹਮਲਾ ਕਰਦੀਆਂ ਹਨ

ਰੱਤਾ ਰੋਗ: ਇਹ ਰੋਗ ਉੱਲੀ ਕਾਰਨ ਹੁੰਦਾ ਹੈ। ਇਹ ਬਿਮਾਰੀ ਮੁਖ ਤੌਰ 'ਤੇ ਰੋਗੀ ਬਰੋਟਿਆਂ ਨਾਲ ਹੁੰਦੀ ਹੈ ਅਤੇ ਜੁਲਾਈ ਤੋਂ ਫ਼ਸਲ ਦੀ ਕਟਾਈ ਤਕ ਮਾਰ ਕਰਦੀ ਹੈ। ਇਹ ਗੰਨੇ ਦੇ ਗੁੱਦੇ ਦੀ ਬਿਮਾਰੀ ਹੈ ਪਰ ਇਹ ਪੱਤਿਆਂ 'ਤੇ ਵੀ ਅਸਰ ਕਰਦੀ ਹੈ। ਸ਼ੁਰੂਆਤੀ ਨਿਸ਼ਾਨੀਆਂ ਵਿਚ ਸਿਰੇ ਵਾਲੇ ਪੱਤਿਆਂ ਦਾ ਰੰਗ ਪੀਲਾ ਪੈ ਜਾਂਦਾ ਹੈ ਤੇ ਸਾਰੇ ਪੱਤੇ ਮੁਰਝਾਅ ਜਾਂਦੇ ਹਨ। ਗੰਨਿਆਂ ਦਾ ਗੁੱਦਾ ਅੰਦਰੋਂ ਲਾਲ ਹੋ ਜਾਂਦਾ ਹੈ ਤੇ ਚੌੜੇ ਪਾਸੇ ਵੱਲ ਲੰਬੂਤਰੇ ਚਿੱਟੇ ਧੱਬੇ ਇਸ ਨੂੰ ਕੱਟਦੇ ਨਜ਼ਰ ਆਉਂਦੇ ਹਨ। ਚੀਰੇ ਹੋਏ ਗੰਨਿਆਂ 'ਚੋਂ ਸ਼ਰਾਬ ਵਰਗੀ ਬੂ ਆਉਂਦੀ ਹੈ।

ਰੋਕਥਾਮ: ਬੀਜ ਰੋਗ-ਰਹਿਤ ਫ਼ਸਲ ਵਿੱਚੋਂ ਲਵੋ। ਰੋਗ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ, ਸੀਓਪੀਬੀ-92, ਸੀਓ-118, ਸੀਓਜੇ-85, ਸੀਓਪੀਬੀ-93, ਸੀਓਪੀਬੀ-94, ਸੀਓਪੀਬੀ-91, ਸੀਓ-238 ਤੇ ਸੀਓਜੇ-88 ਦੀ ਬਿਜਾਈ ਕਰੋ। ਬਿਮਾਰੀ ਵਾਲੇ ਖੇਤਾਂ 'ਚ ਇਕ ਸਾਲ ਫ਼ਸਲੀ ਚੱਕਰ ਬਦਲੋ। ਰੋਗੀ ਫ਼ਸਲ ਨੂੰ ਅਗੇਤੀ ਪੀੜ ਲਵੋ। ਖੇਤ ਨੂੰ ਛੇਤੀ ਤੋਂ ਛੇਤੀ ਵਾਹ ਕੇ ਮੁੱਢ ਨਸ਼ਟ ਕਰ ਦੇਵੋ। ਰੋਗੀ ਗੰਨਿਆਂ ਵਾਲਾ ਸਾਰਾ ਬੂਝਾ ਮੁੱਢੋਂ ਪੁੱਟ ਕੇ ਡੂੰਘਾ ਦਬਾਅ ਦੇਵੋ।

ਮੁਰਝਾਉਣਾ: ਇਹ ਬਿਮਾਰੀ ਜੁਲਾਈ ਤੋਂ ਫ਼ਸਲ ਪੱਕਣ ਤਕ ਰਹਿੰਦੀ ਹੈ। ਬਿਮਾਰੀ ਵਾਲੇ ਗੰਨੇ ਦੇ ਪੱਤੇ ਪੀਲੇ ਪੈ ਕੇ ਬਾਅਦ 'ਚ ਸੁੱਕ ਜਾਂਦੇ ਹਨ। ਗੰਨੇ ਦੇ ਗੁੱਦੇ ਦਾ ਰੰਗ ਭੱਦਾ ਲਾਲ ਹੋ ਜਾਂਦਾ ਹੈ। ਗੁੱਦੇ ਦਾ ਰੰਗ ਗੰਢ ਦੇ ਨੇੜਿਓਂ ਜਿਆਦਾ ਗੂੜ੍ਹਾ ਤੇ ਵਿਚਕਾਰੋਂ ਘੱਟ ਲਾਲ ਹੁੰਦਾ ਹੈ। ਬਿਮਾਰੀ ਵਾਲਾ ਗੰਨਾ ਪੋਲਾ ਅਤੇ ਹੌਲਾ ਹੋ ਜਾਂਦਾ ਹੈ।

ਰੋਕਥਾਮ : ਇਸ ਰੋਗ ਦੀ ਰੋਕਥਾਮ ਲਈ ਰੱਤਾ ਰੋਗ ਵਾਲੇ ਉਪਾਅ ਕਰੋ। ਇਸ ਬਿਮਾਰੀ ਨੂੰ ਫੈਲਾਉਣ ਵਾਲੀ ਉੱਲੀ ਲੰਬੇ ਸਮੇਂ ਤਕ ਖੇਤ 'ਚ ਪਈ ਰਹਿੰਦੀ ਹੈ। ਇਸ ਲਈ ਅਜਿਹੇ ਖੇਤਾਂ 'ਚ ਤਿੰਨ ਸਾਲ ਲਈ ਗੰਨਾ ਨਾ ਬੀਜੋ।

ਕਾਂਗਿਆਰੀ: ਇਹ ਬਿਮਾਰੀ ਸਾਰਾ ਸਾਲ ਰਹਿੰਦੀ ਹੈ ਪਰ ਇਸ ਦਾ ਹਮਲਾ ਮਈ ਤੋਂ ਜੁਲਾਈ ਤੇ ਫਿਰ ਅਕਤੂਬਰ-ਨਵੰਬਰ 'ਚ ਜ਼ਿਆਦਾ ਹੁੰਦਾ ਹੈ। ਮੋਢੇ ਗੰਨੇ ਦੀ ਫ਼ਸਲ 'ਚ ਇਹ ਬਿਮਾਰੀ ਜ਼ਿਆਦਾ ਹੁੰਦੀ ਹੈ। ਬਿਮਾਰੀ ਵਾਲੇ ਗੰਨਿਆਂ ਦੀ ਮੁੱਖ ਸ਼ਾਖ ਛਾਂਗੇ ਵਰਗੀ ਬਣ ਜਾਂਦੀ ਹੈ, ਜਿਸ ਉਪਰ ਕਾਲਾ ਧੂੜੇਦਾਰ ਮਾਦਾ ਲੱਗਾ ਹੁੰਦਾ ਹੈ।

ਰੋਕਥਾਮ: ਨਰੋਆ ਬੀਜ ਵਰਤੋ। ਪ੍ਰਭਾਵਿਤ ਸ਼ਾਖਾਵਾਂ ਨੂੰ ਖਿੱਚ ਕੇ ਮੋਟੇ ਕੱਪੜੇ ਦੇ ਝੋਲੇ 'ਚ ਪਾ ਕੇ ਕੱਟ ਲਵੋ, ਫਿਰ ਸਾਰੇ ਬੂਟੇ ਨੂੰ ਮੁੱਢੋਂ ਪੁੱਟ ਕੇ ਮਿੱਟੀ 'ਚ ਡੂੰਘਾ ਦਬਾ ਦੇਵੋ। ਇਸ ਬਿਮਾਰੀ ਵਾਲੀ ਫ਼ਸਲ ਦੀ ਮੁੱਢੀ ਨਾ ਰੱਖੋ।

ਤਣੇ ਦਾ ਗੜੂਆਂ: ਇਹ ਕੀੜਾ ਸਾਰਾ ਸਾਲ ਸਰਗਰਮ ਰਹਿੰਦਾ ਹੈ। ਇਸ ਦੀਆਂ ਸੁੰਡੀਆਂ ਸਰਦੀਆਂ ਵਿਚ ਨਵੇਂ ਪੜਸੂਇਆਂ ਜਾਂ ਮੁੱਢਾਂ 'ਚ ਰਹਿੰਦੀਆਂ ਹਨ। ਇਨ੍ਹਾਂ ਦਾ ਹਮਲਾ ਅਪ੍ਰੈਲ, ਮਈ ਤੇ ਜੂਨ ਵਿਚ ਕੁਝ ਘੱਟ ਹੁੰਦਾ ਹੈ ਪਰ ਜੁਲਾਈ 'ਚ ਵੱਧ ਜਾਂਦਾ ਹੈ। ਅਕਤੂਬਰ-ਨਵੰਬਰ ਵਿਚ ਇਹ ਸਭ ਤੋਂ ਵੱਧ ਸਰਗਰਮ ਹੁੰਦਾ ਹੈ। ਇਸ ਕੀੜੇ ਦੀਆਂ ਬਾਹਰੀ ਨਿਸ਼ਾਨੀਆਂ ਨਹੀਂ ਹਨ। ਇਸ ਕੀੜੇ ਦੀਆਂ ਤਣੇ ਵਿਚ ਵੜਨ ਤੇ ਨਿਕਲਣ ਵਾਲੀਆਂ ਮੋਰੀਆਂ ਕੇਵਲ ਗੰਨੇ ਨੂੰ ਛਿੱਲ ਕੇ ਹੀ ਵੇਖੀਆਂ ਜਾ ਸਕਦੀਆਂ ਹਨ। ਇਕ ਸੁੰਡੀ ਕਈ ਵਾਰ ਤਿੰਨ ਗੰਢਾਂ ਦਾ ਨੁਕਸਾਨ ਕਰਦੀ ਹੈ ਅਤੇ ਗੰਨੇ ਉੱਪਰ ਕਈ ਥਾਵਾਂ 'ਤੇ ਹਮਲਾ ਕਰਦੀ ਹੈ। ਗੰਭੀਰ ਹਮਲੇ ਦਾ ਗੰਨੇ ਦੇ ਝਾੜ ਅਤੇ ਮਿਠਾਸ ਉੱਪਰ ਮਾੜਾ ਅਸਰ ਪੈਂਦਾ ਹੈ।

ਰੋਕਥਾਮ : ਹਮਲੇ ਵਾਲੇ ਖੇਤ 'ਚੋਂ ਬੀਜ ਨਾ ਲਵੋ। 40 ਟਰਾਈਕੋਕਾਰਡ ਦੇ (52.5 ਸੈਂਟੀਮੀਟਰ) ਜਿਸ ਉੱਪਰ 7 ਦਿਨ ਪਹਿਲਾਂ ਟਰਾਈਕੋਗਰਾਮਾ ਕਿਲੋਨਸ ਰਾਹੀਂ ਪਰਜੀਵੀ ਕਿਰਿਆ ਕੀਤੀ ਹੋਵੇ, ਗੰਨੇ ਦੇ ਪੱਤਿਆਂ ਦੇ ਹੇਠਲੇ ਪਾਸੇ ਜੁਲਾਈ ਤੋਂ ਅਕਤੂਬਰ ਦੌਰਾਨ 10 ਦਿਨ ਦੇ ਫ਼ਰਕ ਨਾਲ ਨੱਥੀ ਕਰੋ। ਹਰ ਟੁਕੜੇ 'ਤੇ 500 ਪਰਜੀਵੀ ਕਿਰਿਆ ਵਾਲੇ ਆਂਡੇ ਲੱਗੇ ਹੋਣੇ ਚਾਹੀਦੇ ਹਨ ਤੇ ਇਹ ਟੁਕੜੇ ਇਕ ਏਕੜ ਵਿਚ 40 ਥਾਵਾਂ 'ਤੇ ਨੱਥੀ ਕਰੋ। ਆਮ ਹਾਲਾਤ ਵਿਚ ਇਹ ਕਿਰਿਆ 10-12 ਵਾਰ ਦੁਹਰਾਓ। ਫ਼ਸਲ ਕੱਟਣ ਵੇਲੇ ਸਾਰੇ ਪੜਸੂਏਂ ਵੀ ਕੱਟ ਦੇਵੋ। ਇਸ ਕੀੜੇ ਦੀ ਮਾਰ ਵਾਲੀ ਫ਼ਸਲ ਦਾ ਮੂਢਾ ਨਾ ਰੱਖੋ।

ਗੰਨੇ ਦੇ ਕੀੜੇ-ਮਕੌੜੇ: ਬਹੁਤ ਸਾਰੇ ਕੀੜੇ-ਮਕੌੜੇ ਗੰਨੇ ਦੀ ਫ਼ਸਲ ਉੱਪਰ ਹਮਲਾ ਕਰਦੇ ਹਨ। ਇਨ੍ਹਾਂ ਕੀੜਿਆਂ ਦੇ ਹਮਲੇ ਨਾਲ ਉਤਪਾਦਨ ਪ੍ਰਭਾਵਿਤ ਹੋਣ ਦੇ ਨਾਲ-ਨਾਲ ਗੰਨੇ ਦਾ ਮਿਠਾਸ ਵਾਲੇ ਤੱਤਾਂ ਉੱਪਰ ਵੀ ਮਾੜਾ ਅਸਰ ਪੈਂਦਾ ਹੈ।

ਸਿਉਂਕ: ਸਿਉਂਕ ਦਾ ਹਮਲਾ ਅਪ੍ਰੈਲ ਤੋਂ ਜੂਨ ਵਿਚ ਹੁੰਦਾ ਹੈ। ਇਹ ਪਾਣੀ ਦੀ ਕਮੀ ਤੇ ਰੇਤਲੀਆਂ ਜ਼ਮੀਨਾਂ 'ਚ ਜ਼ਿਆਦਾ ਹੁੰਦਾ ਹੈ। ਇਸ ਦਾ ਹਮਲਾ ਬਿਜਾਈ ਦੇ ਨਾਲ ਹੀ ਸ਼ੁਰੂ ਹੋ ਜਾਂਦਾ ਹੈ। ਇਹ ਜੰਮ ਰਹੇ ਬੂਟਿਆਂ ਦਾ ਵਧੇਰੇ ਨੁਕਸਾਨ ਕਰਦੀ ਹੈ ਤੇ ਛੋਟੇ ਬੂਟਿਆਂ ਨੂੰ ਵੀ ਸੁਕਾ ਦਿੰਦੀ ਹੈ।

ਰੋਕਥਾਮ : ਸਿਰਫ ਗਲੀ-ਸੜੀ ਰੂੜੀ ਦੀ ਵਰਤੋਂ ਕਰੋ। ਖੇਤ 'ਚੋਂ ਖੋਰੀ ਤੇ ਘਾਹ ਕੱਢ ਦੇਵੋ। 45 ਮਿਲੀਲਿਟਰ ਇਮਿਡਾਗੋਲਡ 17.8 ਐੱਸਐੱਲ (ਇਮਿਡਾਕਲੋਪਰਿਡ) ਨੂੰ 400 ਲੀਟਰ ਪਾਣੀ 'ਚ ਘੋਲ ਕੇ ਫ਼ੁਹਾਰੇ ਨਾਲ ਗੰਨੇ ਦੀਆਂ ਕਤਾਰਾਂ ਦੇ ਨਾਲ ਫ਼ਸਲ ਦਾ ਜੰਮ ਪੂਰਾ ਹੋਣ ਤੋਂ ਬਾਅਦ ਪਾਓ।

ਕਮਾਦ ਦਾ ਘੋੜਾ: ਇਹ ਕੀੜਾ ਅਪ੍ਰੈਲ-ਮਈ 'ਚ ਪਹਿਲੀ ਵਾਰ ਨਜ਼ਰ ਆਉਂਦਾ ਹੈ ਅਤੇ ਅਗਸਤ-ਸਤੰਬਰ ਵਿਚ ਗੰਭੀਰ ਹਮਲਾ ਕਰਦਾ ਹੈ। ਹਮਲੇ ਵਾਲੇ ਬੂਟੇ ਦੇ ਪੱਤੇ ਪੀਲੇ ਪੈ ਜਾਂਦੇ ਹਨ, ਜਿਸ ਕਾਰਨ ਝਾੜ ਅਤੇ ਗੰਨੇ ਦੀ ਮਿਠਾਸ ਬਹੁਤ ਘੱਟ ਜਾਂਦੀ ਹੈ।

ਰੋਕਥਾਮ: ਇਸ ਦੀ ਰੋਕਥਾਮ ਲਈ 600 ਮਿਲੀਲਿਟਰ ਡਰਸਬਾਨ 20 ਈਸੀ (ਕਲੋਰਪਾਈਰੀਫਾਸ) ਪ੍ਰਤੀ ਏਕੜ ਦੇ ਹਿਸਾਬ ਨਾਲ 400 ਲੀਟਰ ਪਾਣੀ 'ਚ ਘੋਲ ਕੇ ਹੱਥ ਵਾਲੇ ਸਪਰੇਅ ਪੰਪ ਨਾਲ ਛਿੜਕਾਅ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement