
“ਪੰਜਾਬ ਸਰਕਾਰ ਸੂਬੇ ਦੀ ਕਿਸਾਨੀ ਦੀ ਭਲਾਈ ਲਈ ਵਚਨਬੱਧ ਹੈ ਕਿਉਂ ਜੋ ਇਹ ਖੇਤਰ ਸੂਬੇ ਦੇ ਸਹਿਕਾਰੀ...
ਚੰਡੀਗੜ੍ਹ (ਸਸਸ) : “ਪੰਜਾਬ ਸਰਕਾਰ ਸੂਬੇ ਦੀ ਕਿਸਾਨੀ ਦੀ ਭਲਾਈ ਲਈ ਵਚਨਬੱਧ ਹੈ ਕਿਉਂ ਜੋ ਇਹ ਖੇਤਰ ਸੂਬੇ ਦੇ ਸਹਿਕਾਰੀ ਖੇਤਰ ਦੀ ਰੀੜ੍ਹ ਦੀ ਹੱਡੀ ਹੈ ਅਤੇ ਇਸ ਵਿਚ ਸੂਬੇ ਦੇ ਪੇਂਡੂ ਅਰਥਚਾਰੇ ਦਾ ਮੁਹਾਂਦਰਾ ਬਦਲਣ ਦੀ ਅਪਾਰ ਸਮਰੱਥਾ ਹੈ।” ਇਹ ਵਿਚਾਰ ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇੱਥੇ ਸ਼ੂਗਰਫੈੱਡ ਦੇ ਉੱਚ ਅਧਿਕਾਰੀਆਂ ਨਾਲ ਇਕ ਮੀਟਿੰਗ ਦੌਰਾਨ ਪ੍ਰਗਟ ਕੀਤੇ।
ਸ. ਰੰਧਾਵਾ ਨੇ ਅੱਗੇ ਕਿਹਾ ਕਿ ਸੂਬੇ ਦੇ ਗੰਨਾ ਕਿਸਾਨਾਂ ਵੱਲ ਅਪਣੀ ਪ੍ਰਤੀਬੱਧਤਾ ਵਜੋਂ ਅੱਜ ਉਹਨਾਂ ਦੇ ਬਕਾਏ 25 ਕਰੋੜ ਰੁਪਏ ਦੀ ਰਕਮ ਜਾਰੀ ਕਰ ਦਿਤੀ ਗਈ ਹੈ। ਹੋਰ ਵੇਰਵੇ ਦਿੰਦੇ ਹੋਏ ਉਨ੍ਹਾਂ ਕਿਹਾ ਕਿ 2017-18 ਦੇ ਗੰਨਾ ਪਿੜਾਈ ਸੀਜ਼ਨ ਦੀ ਹੁਣ ਤੱਕ ਬਕਾਇਆ 692.71 ਕਰੋੜ ਰੁਪਏ ਦੀ ਰਕਮ 'ਚੋਂ 500 ਕਰੋੜ ਰੁਪਏ ਜਾਰੀ ਹੋ ਚੁੱਕੇ ਹਨ ਅਤੇ ਬਾਕੀ ਰਹਿੰਦੀ 192 ਕਰੋੜ ਦੀ ਰਕਮ ਵੀ ਜਲਦ ਹੀ ਜਾਰੀ ਕਰ ਦਿਤੀ ਜਾਵੇਗੀ
ਕਿਉਂ ਜੋ ਕਿਸਾਨਾਂ ਦੀ ਭਲਾਈ ਨੂੰ ਸਰਕਾਰ ਹਮੇਸ਼ਾਂ ਹੀ ਤਰਜੀਹ ਦਿੰਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ, ਸਹਿਕਾਰਤਾ, ਸ੍ਰੀ ਵਿਸ਼ਵਜੀਤ ਖੰਨਾ, ਰਜਿਸਟਰਾਰ ਸਹਿਕਾਰੀ ਸੁਸਾਇਟੀਆਂ, ਪੰਜਾਬ, ਸ੍ਰੀ ਵਿਕਾਸ ਗਰਗ, ਜਨਰਲ ਮੈਨੇਜਰ, ਸ਼ੂਗਰਫੈੱਡ ਸ੍ਰੀ ਹਰਬਖਸ਼ ਸਿੰਘ ਅਤੇ ਮੁੱਖ ਇੰਜੀਨੀਅਰ, ਸ਼ੂਗਰਫੈੱਡ, ਸ੍ਰੀ ਕਮਲਜੀਤ ਸਿੰਘ ਵੀ ਹਾਜ਼ਰ ਸਨ।