ਕਿਸਾਨਾਂ ਲਈ ਬੇਹੱਦ ਖ਼ਾਸ ਜਾਣਕਾਰੀ, ਕਣਕ ‘ਚ ਖੁਰਾਕੀ ਤੱਤਾਂ ਦਾ ਪ੍ਰਬੰਧ
Published : Dec 24, 2019, 1:33 pm IST
Updated : Dec 24, 2019, 1:33 pm IST
SHARE ARTICLE
Punjab Kissan
Punjab Kissan

ਕਣਕ ਹਾੜੀ ਰੁੱਤ ਦੀ ਮੁੱਖ ਫ਼ਸਲ ਹੈ। ਕਣਕ ਦੀ ਫ਼ਸਲ ਨੂੰ ਠੰਡੇ ਜਲਵਾਯੂ ਦੀ ਲੋੜ ਹੁੰਦੀ ਹੈ...

ਚੰਡੀਗੜ੍ਹ: ਕਣਕ ਹਾੜੀ ਰੁੱਤ ਦੀ ਮੁੱਖ ਫ਼ਸਲ ਹੈ। ਕਣਕ ਦੀ ਫ਼ਸਲ ਨੂੰ ਠੰਡੇ ਜਲਵਾਯੂ ਦੀ ਲੋੜ ਹੁੰਦੀ ਹੈ। ਵਧੇਰੇ ਤਾਪਮਾਨ ਫ਼ਸਲ ਦੀ ਬੂਝਾ ਮਾਰਨ ਦੀ ਸਮਰਥਾ ਘਟਾ ਦਿੰਦਾ ਹੈ। ਪੱਕਣ ਸਮੇਂ ਵੱਧ ਤਾਪਮਾਨ ਹੋਣ ਕਾਰਨ ਫ਼ਸਲ ਸਮੇਂ ਤੋਂ ਪਹਿਲਾਂ ਪੱਕ ਜਾਂਦੀ ਹੈ ਤੇ ਦਾਣਿਆਂ ਦਾ ਭਾਰ ਵੀ ਘੱਟ ਜਾਂਦਾ ਹੈ ਜਿਸ ਕਰਕੇ ਪੈਦਾਵਾਰ ਘੱਟ ਜਾਂਦੀ ਹੈ। ਜ਼ਮੀਨ ਦੀ ਪਰਖ ਬਾਅਦ ਹੀ ਖਾਦਾਂ ਦੀ ਉਚਿਤ ਵਰਤੋਂ ਸੰਭਵ ਹੈ। ਫ਼ਸਲ ਵਿਚ ਖ਼ੁਰਾਕੀ ਤੱਤਾਂ ਦੀ ਪੂਰਤੀ ਸਹੀ ਸਰੋਤ, ਸਹੀ ਮਾਤਰਾ, ਸਹੀ ਸਮੇਂ ਤੇ ਸਹੀ ਥਾਂ 'ਤੇ ਕਰਨੀ ਬਹੁਤ ਜ਼ਰੂਰੀ ਹੈ।

ਖਾਦ ਸੰਬੰਧੀ ਜਾਣਕਾਰੀ

ਕਣਕ ਦੀ ਫ਼ਸਲ 'ਚ ਨਾਈਟ੍ਰੋਜਨ ਤੱਤ (50 ਕਿੱਲੋ ਪ੍ਰਤੀ ਏਕੜ) ਲਈ ਯੂਰੀਆ ਖਾਦ 110 ਕਿੱਲੋ ਪ੍ਰਤੀ ਏਕੜ, ਫਾਸਫੋਰਸ ਤੱਤ (25 ਕਿੱਲੋ ਪ੍ਰਤੀ ਏਕੜ) ਵਾਸਤੇ ਡੀਏਪੀ 55 ਕਿੱਲੋ ਪ੍ਰਤੀ ਏਕੜ ਜਾਂ ਸੁਪਰ-ਫਾਸਫੇਟ 155 ਕਿੱਲੋ ਪ੍ਰਤੀ ਏਕੜ ਅਤੇ ਪੋਟਾਸ਼ ਤੱਤ (12 ਕਿੱਲੋ ਪ੍ਰਤੀ ਏਕੜ) ਲਈ ਮਿਊਰੇਟ ਆਫ ਪੋਟਾਸ਼ 20 ਕਿੱਲੋ ਪ੍ਰਤੀ ਏਕੜ ਪਾਓ। ਗੁਰਦਾਸਪੁਰ, ਹੁਸ਼ਿਆਰਪੁਰ, ਰੋਪੜ ਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ 'ਚ 24 ਕਿੱਲੋ ਪੋਟਾਸ਼ (40 ਕਿੱਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਪਾਓ। ਜੇ 55 ਕਿੱਲੋ ਡੀਏਪੀ ਜਾਂ 125 ਕਿੱਲੋ ਨਾਈਟ੍ਰੋਫਾਸਫੇਟ ਪਾਈ ਹੋਵੇ ਤਾਂ ਕ੍ਰਮਵਾਰ 20 ਕਿੱਲੋ ਜਾਂ 50 ਕਿੱਲੋ ਯੂਰੀਆ ਪ੍ਰਤੀ ਏਕੜ ਬਿਜਾਈ ਵੇਲੇ ਘਟਾ ਦਿਓ।

WheatWheat

ਅੱਧੀ ਨਾਈਟ੍ਰੋਜਨ, ਸਾਰੀ ਫ਼ਾਸਫ਼ੋਰਸ ਤੇ ਪੋਟਾਸ਼ ਬਿਜਾਈ ਵੇਲੇ ਪੋਰ ਦਿਓ ਤੇ ਬਾਕੀ ਅੱਧੀ ਨਾਈਟ੍ਰੋਜਨ ਪਹਿਲੇ ਪਾਣੀ ਵੇਲੇ ਛੱਟੇ ਨਾਲ ਪਾਓ। ਜੇ ਕਣਕ ਨੂੰ ਨਾਈਟ੍ਰੋਜਨ ਯੂਰੀਆ ਖਾਦ ਰਾਹੀਂ ਦੇਣੀ ਹੋਵੇ ਤਾਂ ਯੂਰੀਆ ਦੀ ਅੱਧੀ ਮਿਕਦਾਰ ਰੌਣੀ ਤੋਂ ਪਹਿਲਾਂ ਜਾਂ ਆਖ਼ਰੀ ਵਾਹੀ ਸਮੇਂ ਪਾਓ ਤੇ ਦੂਸਰੀ ਕਿਸ਼ਤ ਪਹਿਲਾ ਪਾਣੀ ਲਗਾਉਣ ਤੋਂ 7 ਦਿਨ ਪਹਿਲਾਂ ਜਾਂ 5 ਦਿਨ ਪਿੱਛੋਂ ਛੱਟੇ ਨਾਲ ਪਾਓ। ਹਲਕੀਆਂ ਜ਼ਮੀਨਾਂ 'ਚ ਅੱਧੀ ਨਾਈਟ੍ਰੋਜਨ ਬਿਜਾਈ ਸਮੇਂ, ਚੌਥਾ ਹਿੱਸਾ ਨਾਈਟ੍ਰੋਜਨ ਪਹਿਲੇ ਪਾਣੀ ਤੋਂ ਬਾਅਦ ਤੇ ਬਾਕੀ ਚੌਥਾ ਹਿੱਸਾ ਨਾਈਟ੍ਰੋਜਨ ਖਾਦ ਦੂਸਰੇ ਪਾਣੀ ਤੋਂ ਤੁਰੰਤ ਬਾਅਦ ਪਾਓ।

WheatWheat

ਨਾਈਟ੍ਰੋਜਨ ਦੀ ਪੂਰਤੀ ਲਈ ਨਿੰਮ ਲਿਪਤ ਯੂਰੀਆ ਦੀ ਵਰਤੋਂ ਕਰੋ। ਕਲਰਾਠੀ ਜ਼ਮੀਨ 'ਚ ਫ਼ਸਲ ਨੂੰ ਸਿਫ਼ਾਰਸ਼ ਕੀਤੀ ਮਾਤਰਾ ਨਾਲੋਂ 25 ਫ਼ੀਸਦੀ ਜ਼ਿਆਦਾ ਨਾਈਟ੍ਰੋਜਨ ਪਾਓ। ਅੱਧ ਦਸੰਬਰ ਤੋਂ ਬਾਅਦ ਬੀਜੀ ਗਈ ਕਣਕ ਨੂੰ ਠੀਕ ਸਮੇਂ ਤੇ ਬੀਜੀ ਗਈ ਕਣਕ ਨਾਲੋਂ 25 ਫ਼ੀਸਦੀ ਨਾਈਟ੍ਰੋਜਨ ਘੱਟ ਪਾਓ। ਵੱਧ ਪਾਣੀ ਲੱਗਣ ਕਰਕੇ ਭਾਰੀਆਂ ਜ਼ਮੀਨਾਂ 'ਚ ਪਾਣੀ ਜ਼ੀਰਨ ਦੀ ਸਮਰਥਾ ਘੱਟ ਹੋਣ ਕਰਕੇ ਫ਼ਸਲ ਪੀਲੀ ਹੋਣ ਦੀ ਸੂਰਤ ਵਿਚ ਵੱਤਰ ਆਉਣ 'ਤੇ 3 ਕਿੱਲੋ ਯੂਰੀਆ ਨੂੰ 100 ਲੀਟਰ ਪਾਣੀ 'ਚ ਘੋਲ ਕੇ ਛਿੜਕਾਅ ਕਰੋ। ਦੋ-ਪਾਸਾ ਛਿੜਕਾਅ ਕਰੋ ਤੇ 300 ਲੀਟਰ ਘੋਲ ਪ੍ਰਤੀ ਏਕੜ ਵਰਤੋ।

WheatWheat

ਸਾਉਣੀ ਦੀਆਂ ਫ਼ਸਲਾਂ ਦੇ ਮੁਕਾਬਲੇ, ਕਣਕ, ਫਾਸਫੋਰਸ ਖਾਦ ਨੂੰ ਵਧੇਰੇ ਮੰਨਦੀ ਹੈ ਇਸ ਲਈ ਫਾਸਫੋਰਸ ਵਾਲੀ ਖਾਦ ਕਣਕ ਨੂੰ ਪਾਓ ਤੇ ਕਣਕ ਪਿੱਛੋਂ ਬੀਜੀ ਜਾਣ ਵਾਲੀ ਸਾਉਣੀ ਦੀ ਫ਼ਸਲ ਨੂੰ ਫਾਸਫੋਰਸ ਖਾਦ ਪਾਉਣ ਦੀ ਲੋੜ ਨਹੀਂ। ਜੇ ਡੀਏਪੀ ਤੇ ਸੁਪਰਫਾਸਫੇਟ ਨਾ ਉਪਲਬਧ ਹੋਣ ਤਾਂ ਕਣਕ ਨੂੰ ਹੰਗਾਮੀ ਹਾਲਾਤ ਵਿਚ ਗੰਧਕੀ ਫਾਸਫੇਟ ਜਾਂ ਅਮੋਨੀਅਮ ਫਾਸਫੇਟ ਖਾਦ (60 ਕਿੱਲੋ ਪ੍ਰਤੀ ਏਕੜ) ਫਾਸਫੋਰਸ ਦੇ ਬਦਲਵੇਂ ਰੂਪ 'ਚ ਪਾਇਆ ਜਾ ਸਕਦਾ ਹੈ।

ਮੈਂਗਨੀਜ਼ ਦੀ ਘਾਟ

ਮੈਂਗਨੀਜ਼ ਦੀ ਘਾਟ ਆਮ ਤੌਰ ਤੇ ਝੋਨਾ-ਕਣਕ ਫ਼ਸਲੀ ਚੱਕਰ ਵਾਲੀਆਂ ਰੇਤਲੀਆਂ ਜ਼ਮੀਨਾਂ 'ਚ ਜ਼ਿਆਦਾ ਆਉਂਦੀ ਹੈ। ਇਸ ਦੀ ਘਾਟ ਨਾਲ ਬੂਟੇ ਦੇ ਵਿਚਕਾਰਲੇ ਪੱਤਿਆਂ ਦੀਆਂ ਨਾੜੀਆਂ ਦੇ ਦਰਮਿਆਨ ਹਲਕੇ ਪੀਲੇ-ਸਲੇਟੀ ਰੰਗ ਤੋਂ ਗੁਲਾਬੀ-ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ। ਇਹ ਧੱਬੇ ਪੱਤਿਆਂ ਦੇ ਮੁੱਢ ਵਾਲੇ ਹਿੱਸੇ 'ਚ ਜ਼ਿਆਦਾ ਹੁੰਦੇ ਹਨ। ਬਾਅਦ 'ਚ ਇਹ ਧੱਬੇ ਨਾੜੀਆਂ ਵਿਚਕਾਰ ਇਕੱਠੇ ਹੋ ਕੇ ਲੰਬੀ ਧਾਰੀ ਦਾ ਰੂਪ ਲੈ ਲੈਂਦੇ ਹਨ। ਬਹੁਤ ਜ਼ਿਆਦਾ ਘਾਟ ਕਾਰਨ ਬੂਟੇ ਸੁੱਕ ਜਾਂਦੇ ਹਨ। ਸਿੱਟੇ ਨਿੱਕਲਣ ਸਮੇਂ ਘਾਟ ਦੀਆਂ ਨਿਸ਼ਾਨੀਆਂ ਟੀਸੀ ਦੇ ਪੱਤੇ 'ਤੇ ਵਿਖਾਈ ਦਿੰਦੀਆਂ ਹਨ।

ਮੈਂਗਨੀਜ਼ ਦੀ ਘਾਟ ਵਾਲੀਆਂ ਜ਼ਮੀਨਾਂ 'ਚ ਇਕ ਕਿੱਲੋ ਮੈਂਗਨੀਜ਼ ਸਲਫੇਟ 200 ਲੀਟਰ ਪਾਣੀ 'ਚ ਘੋਲ ਕੇ ਇਕ ਛਿੜਕਾਅ ਪਹਿਲੇ ਪਾਣੀ ਤੋਂ 2-4 ਦਿਨ ਪਹਿਲਾਂ ਤੇ 3 ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਨਾਲ ਧੁੱਪ ਵਾਲੇ ਦਿਨਾਂ 'ਚ ਕਰੋ। ਰੇਤਲੀਆਂ ਜ਼ਮੀਨਾਂ ਵਿਚ ਵਡਾਣਕ ਕਿਸਮਾਂ ਨਾ ਬੀਜੋ ਕਿਉਂਕਿ ਇਨ੍ਹਾਂ ਵਿਚ ਮੈਂਗਨੀਜ਼ ਦੀ ਘਾਟ ਜ਼ਿਆਦਾ ਆਉਂਦੀ ਹੈ। ਮੈਂਗਨੀਜ਼ ਸਲਫੇਟ ਦੀ ਸਿਰਫ਼ ਸਪਰੇਅ ਹੀ ਕਰੋ, ਇਸ ਨੂੰ ਜ਼ਮੀਨ ਵਿਚ ਨਾ ਪਾਓ।

ਜ਼ਿੰਕ ਦੀ ਪੂਰਤੀ

ਜੇ ਸਾਉਣੀ ਦੀ ਫ਼ਸਲ ਨੂੰ ਸਿਫ਼ਾਰਸ਼ ਕੀਤੀ ਜ਼ਿੰਕ ਸਲਫੇਟ ਦੀ ਮਾਤਰਾ ਪਾਈ ਗਈ ਹੋਵੇ ਤਾਂ ਉਸ ਜ਼ਮੀਨ 'ਚ ਬੀਜੀ ਕਣਕ ਨੂੰ ਜ਼ਿੰਕ ਪਾਉਣ ਦੀ ਲੋੜ ਨਹੀਂ। ਕਣਕ ਦੀ ਫ਼ਸਲ 'ਚ ਜ਼ਿੰਕ ਦੀ ਘਾਟ ਨਾਲ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ ਤੇ ਬੂਟੇ ਝਾੜੀ ਵਰਗੇ ਬਣ ਜਾਂਦੇ ਹਨ। ਪੱਤੇ ਲੱਕ ਵਿਚਕਾਰੋਂ ਪੀਲੇ ਪੈ ਜਾਂਦੇ ਹਨ ਤੇ ਬਾਅਦ 'ਚ ਟੁੱਟ ਕੇ ਲਮਕ ਜਾਂਦੇ ਹਨ। ਘਾਟ ਵਾਲੀਆਂ ਜ਼ਮੀਨਾਂ 'ਚ ਬਿਜਾਈ ਸਮੇਂ 25 ਕਿੱਲੋ ਜ਼ਿੰਕ ਸਲਫੇਟ (21 ਫ਼ੀਸਦੀ ਜ਼ਿੰਕ) ਪ੍ਰਤੀ ਏਕੜ ਜ਼ਮੀਨ ਵਿਚ ਛੱਟੇ ਨਾਲ ਪਾਓ। ਇਹ 2-3 ਸਾਲ ਲਈ ਕਾਫ਼ੀ ਹੈ। ਜ਼ਿੰਕ ਦੀ ਘਾਟ ਫ਼ਸਲ ਉੱਤੇ ਜ਼ਿੰਕ ਸਲਫੇਟ (0.5 ਫ਼ੀਸਦੀ) ਦੀ ਸਪਰੇਅ ਕਰਨ ਨਾਲ ਵੀ ਪੂਰੀ ਕੀਤੀ ਜਾ ਸਕਦੀ ਹੈ।

ਇਕ ਏਕੜ ਲਈ ਇਕ ਕਿੱਲੋ ਜ਼ਿੰਕ ਸਲਫੇਟ ਤੇ ਅੱਧਾ ਕਿੱਲੋ ਅਣਬੁਝਿਆ ਚੂਨਾ 200 ਲੀਟਰ ਪਾਣੀ 'ਚ ਘੋਲ ਕੇ 15 ਦਿਨਾਂ ਦੇ ਫ਼ਰਕ 'ਤੇ 2-3 ਛਿੜਕਾਅ ਕਰੋ। ਫ਼ਸਲ ਉੱਪਰ 0.5 ਫ਼ੀਸਦੀ ਜ਼ਿੰਕ ਸਲਫੇਟ ਦੇ ਇਕ ਜਾਂ ਦੋ ਸਪਰੇਅ (ਸਿੱਟੇ ਨਿਕਲਣ ਸਮੇਂ ਤੋਂ ਦਾਣੇ ਬਣਨੇ ਸ਼ੁਰੂ ਹੋਣ ਤਕ) ਸ਼ਾਮ ਦੇ ਸਮੇਂ ਕਰਨ ਨਾਲ ਦਾਣਿਆਂ 'ਚ ਜ਼ਿੰਕ ਦੀ ਮਾਤਰਾ ਤੇ ਕਣਕ ਦੀ ਪੌਸ਼ਟਿਕਤਾ ਵੱਧਦੀ ਹੈ।

ਗੰਧਕ ਦੀ ਘਾਟ ਤੇ ਪੂਰਤੀ

ਗੰਧਕ ਦੀ ਘਾਟ ਰੇਤਲੀਆਂ ਜ਼ਮੀਨਾਂ 'ਚ ਜ਼ਿਆਦਾ ਆਉਂਦੀ ਹੈ। ਜਦੋਂ ਕਣਕ ਦੇ ਵਾਧੇ ਦੇ ਮੁੱਢਲੇ ਸਮੇਂ ਸਰਦੀਆਂ ਦੀ ਵਰਖਾ ਲੰਬੇ ਸਮੇਂ ਤਕ ਜਾਰੀ ਰਹੇ ਤਾਂ ਇਹ ਘਾਟ ਹੋਰ ਵੱਧ ਜਾਂਦੀ ਹੈ। ਗੰਧਕ ਦੀ ਘਾਟ ਕਾਰਨ ਬੂਟੇ ਦੇ ਨਵੇਂ ਪੱਤਿਆਂ ਦਾ ਰੰਗ ਨੋਕ ਨੂੰ ਛੱਡ ਕੇ ਹਲਕਾ ਪੀਲਾ ਪੈ ਜਾਂਦਾ ਹੈ ਜਦਕਿ ਹੇਠਲੇ ਪੱਤੇ ਲੰਬੇ ਸਮੇਂ ਤਕ ਹਰੇ ਰਹਿੰਦੇ ਹਨ। ਨਾਈਟ੍ਰੋਜਨ ਦੀ ਘਾਟ ਨਾਲੋਂ ਇਸ ਘਾਟ ਦਾ ਇਹ ਫ਼ਰਕ ਹੈ ਕਿ ਨਾਈਟ੍ਰੋਜਨ ਦੀ ਘਾਟ ਹੇਠਲੇ ਪੱਤਿਆਂ ਦੇ ਪੀਲੇ ਹੋਣ ਤੋਂ ਸ਼ੁਰੂ ਹੁੰਦੀ ਹੈ।

ਜਿੱਥੇ ਫਾਸਫੋਰਸ ਤੱਤ ਸਿੰਗਲ ਸੁਪਰਫਾਸਫੇਟ ਦੇ ਤੌਰ 'ਤੇ ਨਾ ਪਾਇਆ ਹੋਵੇ, ਉੱਥੇ 100 ਕਿੱਲੋ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਪਹਿਲਾਂ ਪਾ ਦਿਓ ਤਾਂ ਕਿ ਫ਼ਸਲ ਨੂੰ ਗੰਧਕ ਦੀ ਪੂਰਤੀ ਕੀਤੀ ਜਾ ਸਕੇ। ਜੇਕਰ ਜਿਪਸਮ ਦੀ ਸਿਫ਼ਾਰਸ਼ ਕੀਤੀ ਮਾਤਰਾ ਮੂੰਗਫਲੀ ਦੀ ਫ਼ਸਲ ਨੂੰ ਪਾਈ ਹੋਵੇ ਤਾਂ ਸਿਰਫ਼ 50 ਕਿੱਲੋ ਜਿਪਸਮ ਪ੍ਰਤੀ ਏਕੜ ਪਾਓ। ਜੇਕਰ ਗੰਧਕ ਦੀ ਘਾਟ ਜਾਪੇ ਤਾਂ ਖੜ੍ਹੀ ਫ਼ਸਲ ਵਿਚ ਜਿਪਸਮ ਦੀ ਵਰਤੋਂ ਕੀਤੀ ਜਾ ਸਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement