ਕਿਵੇਂ ਕਰੀਏ ਕਣਕ ਦੀ ਖੇਤੀ, ਪੜ੍ਹੋ ਬਿਜਾਈ ਤੋਂ ਕਟਾਈ ਦੀ ਪੂਰੀ ਜਾਣਕਾਰੀ
Published : Oct 28, 2022, 10:34 am IST
Updated : Oct 28, 2022, 10:35 am IST
SHARE ARTICLE
How to do wheat farming
How to do wheat farming

ਵਿਸ਼ਵ ਵਿੱਚ ਪੈਦਾ ਹੋਣ ਵਾਲੀ ਕਣਕ ਦੀ ਪੈਦਾਵਾਰ ਵਿੱਚ ਭਾਰਤ ਦਾ ਯੋਗਦਾਨ 8.7 ਫੀਸਦੀ ਹੈ।

 

ਭਾਰਤ ਵਿੱਚ 13% ਫਸਲੀ ਖੇਤਰਾਂ ਵਿੱਚ ਕਣਕ ਉਗਾਈ ਜਾਂਦੀ ਹੈ। ਝੋਨੇ ਤੋਂ ਬਾਅਦ ਕਣਕ ਭਾਰਤ ਦੀ ਸੱਭ ਤੋਂ ਮਹੱਤਵਪੂਰਨ ਅਨਾਜ ਦੀ ਫਸਲ ਹੈ ਅਤੇ ਭਾਰਤ ਦੇ ਉੱਤਰੀ ਅਤੇ ਉੱਤਰੀ ਪੱਛਮੀ ਪ੍ਰਦੇਸ਼ਾ ਦੇ ਲੱਖਾਂ ਲੋਕਾਂ ਦਾ ਮੁੱਖ ਭੋਜਨ ਹੈ। ਇਹ ਪ੍ਰੋਟੀਨ, ਵਿਟਾਮਿਨ ਅਤੇ ਕਾਰਬੋਹਾਈਡ੍ਰੇਟਸ ਦਾ ਸ੍ਰੋਤ ਹੈ ਅਤੇ ਸੰਤੁਲਿਤ ਭੋਜਨ ਪ੍ਰਦਾਨ ਕਰਦੀ ਹੈ। ਰੂਸ, ਅਮਰੀਕਾ ਅਤੇ ਚੀਨ ਤੋਂ ਬਾਅਦ ਭਾਰਤ ਦੁਨੀਆਂ ਦਾ ਚੌਥਾ ਸਭ ਤੋਂ ਵੱਡਾ ਕਣਕ ਉਤਪਾਦਕ ਹੈ। ਵਿਸ਼ਵ ਵਿੱਚ ਪੈਦਾ ਹੋਣ ਵਾਲੀ ਕਣਕ ਦੀ ਪੈਦਾਵਾਰ ਵਿੱਚ ਭਾਰਤ ਦਾ ਯੋਗਦਾਨ 8.7 ਫੀਸਦੀ ਹੈ।

ਮਿੱਟੀ
ਇਸ ਦੀ ਖੇਤੀ ਲਈ ਚੀਕਣੀ ਜਾਂ ਨਹਿਰੀ ਮਿੱਟੀ, ਜੋ ਕਿ ਸਹੀ ਮਾਤਰਾ ਵਿੱਚ ਪਾਣੀ ਸੋਖ ਸਕੇ, ਵਧੀਆ ਮੰਨੀ ਜਾਂਦੀ ਹੈ। ਭਾਰੀ ਮਿੱਟੀ ਵਾਲੇ ਸੁੱਕੇ ਖੇਤਰ, ਜਿਸ ਵਿੱਚ ਪਾਣੀ ਦੇ ਨਿਕਾਸ ਦਾ ਪੂਰਾ ਪ੍ਰਬੰਧ ਹੋਵੇ, ਇਸਦੀ ਖੇਤੀ ਲਈ ਵਧੀਆ ਮੰਨੀ ਜਾਂਦੀ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ
PBW 752: ਇਹ ਪਿਛੇਤੀ ਬਿਜਾਈ ਵਾਲੀ ਕਿਸਮ ਹੈ, ਜੋ ਕਿ ਸਿੰਚਿਤ ਖੇਤਰਾਂ ਲਈ ਅਨੁਕੂਲ ਹੈ। ਇਸਦੀ ਔਸਤਨ ਪੈਦਾਵਾਰ 19.2 ਕੁਇੰਟਲ ਪ੍ਰਤੀ ਏਕੜ ਹੈ।

PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ। ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ । ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ। ਇਹ ਕਿਸਮ ਜਲ ਜਮਾਵ, ਕਰਨਾਲ ਬੰਟ ਦੀ ਪ੍ਰਤਿਰੋਧੀ ਹੈ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ । ਇਸਦੀ  ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ।

WH 542: ਇਹ ਕਿਸਮ ਸਮੇਂ ਤੇ ਬਿਜਾਈ ਕਰਨ ਅਤੇ  ਸਿੰਚਿਤ ਖੇਤਰਾਂ  ਦੇ ਲਈੇ ਯੋਗ  ਹੈ।  ਇਹ ਧਾਰੀ ਜੰਗ, ਪੱਤਾ  ਜੰਗ ਅਤੇ ਕਰਨਾਲ ਬੰਟ ਦੀ ਪ੍ਰਤਿਰੋਧੀ ਹੈ। ਇਸਦੀ ਔਸਤ ਪੈਦਾਵਾਰ 20 ਕੁਇੰਟਲ ਪ੍ਰਤੀ ਏਕੜ ਹੈ।

PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ। ਇਹ ਇੱਕ ਮੱਧਰੀ  ਕਿਸਮ ਹੈ ਅਤੇ ਸਮੇਂ ਤੇ ਬੀਜਣ ਵਾਲੀ ਅਤੇ ਸਿੰਚਾਈ ਵਾਲੇ ਖੇਤਰਾਂ ਲਈ ਅਨੁਕੂਲ ਹੈ। ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ। ਇਸਦੇ ਦਾਣੇ ਮੋਟੇ, ਅਤੇ ਗਹਿਰੇ ਰੰਗ ਦੇ ਹੁੰਦੇ ਹਨ। ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ । ਇਸਦੀ  ਸਲਾਨਾ  ਔਸਤ ਝਾੜ  23 ਕੁਇੰਟਲ ਪ੍ਰਤੀ  ਏਕੜ ਹੈ।

PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤ ਝਾੜ  22.4 ਕੁਇੰਟਲ ਪ੍ਰਤੀ ਏਕੜ ਹੈ।

HD 2851: ਇਹ ਕਿਸਮ ਸਮੇਂ ਸਿਰ ਉਗਾਉਣ ਯੋਗ ਕਿਸਮ ਹੈ ਅਤੇ ਸਿੰਚਾਈ ਵਾਲੇ ਇਲਾਕਿਆਂ ਦੇ ਵਿੱਚ ਉਗਾਈ ਜਾਂਦੀ ਹੈ I ਇੱਹ ਕਿਸਮ 126-134 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ ਅਤੇ ਇਸ ਕਿਸਮ ਦਾ ਕੱਦ 80-90 ਸੈਂਟੀਮੀਟਰ ਹੈ।

WHD-912: ਇਹ ਕਿਸਮ  ਦੋਹਰੀ ਬੌਣੀ  ਕਿਸਮ ਹੈ ਜੋ ਬੇਕਰੀ ਦੇ ਉਦਯੋਗ ਵਿੱਚ ਵਰਤੀ ਜਾਂਦੀ ਹੈ । ਇਸ ਵਿੱਚ  ਪ੍ਰੋਟੀਨ ਦੀ ਮਤਾਰਾ 12%  ਹੁੰਦੀ ਹੈ।  ਇਹ  ਕਿਸਮ ਜੰਗ ਦੇ ਨਾਲ  ਕਰਨਾਲ ਬੰਟ ਦਾ ਵੀ ਮੁਕਾਬਲਾ ਕਰ ਸਕਦੀ ਹੈ। ਇਸਦਾ ਔਸਤ ਝਾੜ 21 ਕੁਇੰਟਲ ਪ੍ਰਤੀ ਏਕੜ ਹੈ।

HD 3043: ਇਸ ਦੀ ਔਸਤਨ ਪੈਦਾਵਾਰ 17.8 ਕੁਇੰਟਲ ਪ੍ਰਤੀ ਏਕੜ  ਹੈ । ਇਹ ਕਿਸਮ ਪੱਤਿਆਂ ਉੱਤੇ ਪੀਲੇ ਧੱਬੇ ਅਤੇ ਪੀਲੀਆਂ ਧਾਰੀਆਂ ਦੀ ਬਿਮਾਰੀ ਤੋਂ ਕਾਫੀ ਹੱਦ ਤੱਕ ਰਹਿਤ ਹੈ । ਇਸ ਕਿਸਮ ਤੋਂ ਵਧੀਆ ਕਿਸਮ ਦੇ ਬਰੈਡ ਦਾ ਨਿਰਮਾਣ ਕੀਤਾ ਜਾਂਦਾ ਹੈ।

WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ। ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ। ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ। ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ।

PBW 660: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬ ਰਾਜ ਦੇ ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿੱਚ ਕਣਕ ਦੀ ਪੈਦਾਵਾਰ ਵਧਾਉਣ ਲਈ ਇਸ ਦੀ ਕਾਢ ਕੀਤੀ ਗਈ ਹੈ। ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 100 ਸੈ.ਮੀ. ਤੱਕ ਹੁੰਦਾ ਹੈ। ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਅਤੇ ਇਸ ਤੋਂ ਵਧੀਆ ਕਿਸਮ ਦੀਆਂ ਰੋਟੀਆਂ ਬਣਦੀਆਂ ਹਨ। ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ। ਇਹ ਲਗਭਗ 162 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 17.1 ਕੁਇੰਟਲ ਪ੍ਰਤੀ ਏਕੜ ਹੈ।

PBW-502: ਇਸ ਕਿਸਮ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਇਹ ਸਮੇਂ-ਸਿਰ ਬੀਜਣ ਵੇਲੇ ਮੌਜੂਦਾ ਸਿੰਚਾਈ ਹਾਲਾਤਾਂ ਦੇ ਅਨੁਕੂਲ ਹੁੰਦੀ ਹੈ। ਇਹ ਪੱਤਿਆਂ ਉੱਤੇ ਪੈਣ ਵਾਲੇ ਧੱਬੇ ਅਤੇ ਧਾਰੀਆਂ ਤੋਂ ਰਹਿਤ ਹੁੰਦੀ ਹੈ।

HD 3086 (PusaGautam): ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ। ਵਧੀਆ ਕਿਸਮ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ।

HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ। ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ। ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਪੱਤਿਆਂ ਦੇ ਪੀਲੇ ਅਤੇ ਭੂਰੇਪਣ ਤੋਂ ਰਹਿਤ ਹੈ। ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ।

DBW17: ਇਸ ਦੇ ਬੂਟੇ ਦਾ  ਕੱਦ 95 ਸੈਂ:ਮੀ: ਹੁੰਦਾ  ਹੈ।  ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ । ਇਹ ਪੀਲੇ ਅਤੇ ਭੂਰੇਪਣ ਤੋਂ ਰਹਿਤ ਹੈ। ਇਹ 155 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦੀ ਔਸਤ ਪੈਦਾਵਾਰ 23 ਕੁਇੰਟਲ ਪ੍ਰਤੀ ਏਕੜ ਹੈ।

PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈ।

UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ। ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

TL 2908: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 153 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਲਗਭਗ ਸਾਰੀਆਂ ਮੁੱਖ ਬਿਮਾਰੀਆਂ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 113 ਸੈ.ਮੀ. ਹੁੰਦਾ ਹੈ।

PBW 175: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 165 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਕੁੰਗੀ ਅਤੇ ਕਰਨਾਲ ਬੰਟ ਰੋਗ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 110 ਸੈ.ਮੀ. ਹੁੰਦਾ ਹੈ।

PBW 527: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 160 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈ।

WHD 943: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 154 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 93 ਸੈ.ਮੀ. ਹੁੰਦਾ ਹੈ।

PDW 291: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ, ਕਾਂਗਿਆਰੀ ਅਤੇ ਪੱਤੇ ਦੀ ਕਾਂਗਿਆਰੀ ਆਦਿ ਰੋਗਾਂ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 83 ਸੈ.ਮੀ. ਹੁੰਦਾ ਹੈ।

PDW 233: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 150 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ, ਕਾਂਗਿਆਰੀ ਅਤੇ ਕਰਨਾਲ ਬੰਟ ਆਦਿ ਰੋਗਾਂ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 98 ਸੈ.ਮੀ. ਹੁੰਦਾ ਹੈ।

UP-2328: ਇਹ ਕਿਸਮ 130-135 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦੀਆਂ ਬੱਲੀਆਂ ਸਖ਼ਤ ਅਤੇ ਸ਼ਰਬਤੀ ਰੰਗ ਦੀਆਂ ਅਤੇ ਦਾਣੇ ਦਰਮਿਆਨੇ ਮੋਟੇ ਆਕਾਰ ਦੇ ਹੁੰਦੇ ਹਨ। ਇਹ ਸਿੰਚਿਤ ਖੇਤਰਾਂ ਲਈ ਅਨੁਕੂਲ ਕਿਸਮ ਹੈ। ਇਸਦਾ ਔਸਤਨ ਝਾੜ 20-22 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

PBW 590: ਇਹ ਪੰਜਾਬ ਦੇ ਸਾਰੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 128 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 80 ਸੈ.ਮੀ. ਹੁੰਦਾ ਹੈ।

PBW 509: ਉਪ-ਪਰਬਤੀ ਖੇਤਰਾਂ ਨੂੰ ਛੱਡ ਕੇ ਇਹ ਕਿਸਮ ਪੂਰੇ ਪੰਜਾਬ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 130 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 85 ਸੈ.ਮੀ. ਹੁੰਦਾ ਹੈ।

PBW 373: ਇਹ ਪੰਜਾਬ ਦੇ ਸਾਰੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 90 ਸੈ.ਮੀ. ਹੁੰਦਾ ਹੈ।

ਕਣਕ ਦੀਆਂ ਪਿਛੇਤੀਆ ਕਿਸਮਾਂ - HD-293, RAJ-3765, PBW-373, UP-2338, WH-306, 1025

ਖੇਤ ਦੀ ਤਿਆਰੀ
ਪਿਛਲੀ ਫ਼ਸਲ ਨੂੰ ਕੱਟਣ ਮਗਰੋਂ ਖੇਤ ਨੂੰ ਚੰਗੇ ਤਰੀਕੇ ਨਾਲ ਟਰੈਕਟਰ ਦੀ ਮਦਦ ਨਾਲ ਤਵੀਆਂ ਨਾਲ ਵਾਹਿਆ ਜਾਣਾ ਚਾਹੀਦਾ ਹੈ I ਬੀਜ ਬੀਜਣ ਲਈ ਜ਼ਮੀਨ ਪੱਧਰੀ ਕਰਨ ਲਈ ਇਸ ਨੂੰ ਟਰੈਕਟਰ ਨਾਲ ਸੁਹਾਗਾ ਮਾਰ ਕੇ ਖੇਤ ਨੂੰ ਵਾਹੁਣ ਤੋਂ ਬਾਅਦ ਦੋ-ਤਿੰਨ ਵਾਰੀ ਹਲ਼ ਨਾਲ ਵਾਹ ਕੇ ਪੱਧਰਾ ਕੀਤਾ ਜਾਣਾ ਚਾਹੀਦਾ ਹੈ I ਖੇਤ ਦੀ ਵਾਹੀ ਸ਼ਾਮ ਸਮੇਂ ਕੀਤੀ ਜਾਣੀ ਚਾਹੀਦੀ ਹੈ ਅਤੇ ਰੌਣੀ ਕੀਤੀ ਜਮੀਨ ਨੂੰ ਪੂਰੀ ਰਾਤ ਖੁੱਲ੍ਹਾ ਛੱਡ ਦੇਣਾ ਚਾਹੀਦਾ ਹੈ ਤਾਂ ਜੋ ਉਹ ਤਰੇਲ ਦੀਆਂ ਬੂੰਦਾਂ ਤੋਂ ਨਮੀ ਸੋਖ ਸਕੇ| 

ਬਿਜਾਈ ਦਾ ਸਮਾਂ
ਕਣਕ ਦੀ ਬਿਜਾਈ ਸਹੀ ਸਮੇਂ ’ਤੇ ਕਰਨੀ ਜਰੂਰੀ ਹੈ। ਪਿਛੇਤੀ ਬਿਜਾਈ ਦਾ ਫ਼ਸਲ ਦੀ ਪੈਦਾਵਾਰ ’ਤੇ ਬੁਰਾ ਅਸਰ ਪੈਂਦਾ ਹੈ। ਕਣਕ ਦੀ ਬਿਜਾਈ 25 ਅਕਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ।

ਫਾਸਲਾ
ਫ਼ਸਲ ਦੀ ਸਹੀ ਪੈਦਾਵਾਰ ਲਈ ਕਤਾਰਾਂ ਵਿੱਚ 20-22.5 ਸੈ.ਮੀ. ਦਾ ਫਾਸਲਾ ਹੋਣਾ ਜ਼ਰੂਰੀ ਹੈ ਪਛੇਤੀ ਬੀਜੀ ਗਈ ਫ਼ਸਲ ਵਿਚ ਕਤਾਰਾਂ ਵਿਚ 15-18 ਸੈ.ਮੀ. ਤੱਕ ਦਾ ਫਾਸਲਾ ਹੋਣਾ ਚਾਹੀਦਾ ਹੈ।

ਬੀਜ ਦੀ ਡੂੰਘਾਈ ਤੇ ਢੰਗ
ਬੀਜ ਦੀ ਡੂੰਘਾਈ 4-5 ਸੈਂ.ਮੀ. ਹੋਣੀ ਚਾਹੀਦੀ ਹੈ।
1. ਬਿਜਾਈ ਵਾਲੀ ਮਸ਼ੀਨ
2. ਛਿੱਟੇ ਨਾਲ ਬਿਜਾਈ ਕਰਨਾ
3. ਜੀਰੋ ਟਿਲੇਜ਼ ਡਰਿੱਲ
4. ਰੋਟਾਵੇਟਰ

ਬੀਜ ਦੀ ਮਾਤਰਾ ਤੇ ਸੋਧ
ਬੀਜ ਦੀ ਮਾਤਰਾ 45 ਕਿਲੋ ਪ੍ਰਤੀ  ਏਕੜ ਮਾਤਰਾ ਹੋਣੀ ਚਾਹੀਦੀ ਹੈ। ਬੀਜ ਸਾਫ ਅਤੇ  ਵਧੀਆ ਹੋਣੇ  ਚਾਹੀਦੇ ਹਨ। ਬੀਜ ਦੀ ਸੋਧ ਲਈ ਹੇਠ ਲਿਖੀਆਂ ਫੰਗਸਨਾਸ਼ੀ/ਕੀਟਨਾਸ਼ੀ ਦਵਾਈਆਂ ਵਿੱਚੋ ਕਿਸੇ ਇੱਕ ਦੀ ਵਰਤੋਂ ਕਰੋ:
ਫੰਗਸਨਾਸ਼ੀ/ਕੀਟਨਾਸ਼ੀ ਦਵਾਈ             ਮਾਤਰਾ(ਪ੍ਰਤੀ ਕਿਲੋਗ੍ਰਾਮ ਬੀਜ)
Raxil    2 gm
Thiram    2 gm
Vitavax    2 gm
Tebuconazole    2 gm

ਨਦੀਨਾਂ ਦੀ ਰੋਕਥਾਮ
ਰਸਾਇਣਾਂ ਨਾਲ ਨਦੀਨਾਂ ਦੀ ਰੋਕਥਾਮ: ਇਸ ਵਿੱਚ ਘੱਟ ਮਿਹਨਤ ਅਤੇ ਹੱਥੀਂ ਨਦੀਨਾਂ ਨੂੰ ਪੁੱਟਣ ਨਾਲ ਹੋਣ ਵਾਲੀ ਹਾਨੀ ਨਾ ਹੋਣ ਕਰਕੇ ਜ਼ਿਆਦਾਤਰ ਇਹ ਤਰੀਕਾ ਹੀ ਅਪਨਾਇਆ ਜਾਂਦਾ ਹੈ। ਨੁਕਸਾਨ ਤੋਂ ਬਚਣ ਲਈ ਇੱਕ ਏਕੜ ਪਿੱਛੇ ਪੈਂਡੀਮੈਥਾਲਿਨ 1 ਲੀਟਰ ਨੂੰ 200 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 3 ਦਿਨਾਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਛਿੜਕਾਅ ਕਰਨਾ ਚਾਹੀਦਾ ਹੈ। ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਲਈ 2,4-D 250 ਮਿ.ਲੀ. ਨੂੰ 150 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਯੋਗ ਕਰੋ।

ਸਿੰਚਾਈ
ਸਿੰਚਾਈ ਲਈ ਸਿਫਾਰਿਸ਼ ਕੀਤਾ ਗਿਆ ਸਮਾਂ ਹੇਠਾਂ ਦਿਖਾਇਆ ਗਿਆ ਹੈ :-
ਕੁੱਲ ਸਿੰਚਾਈ     ਬਿਜਾਈ ਤੋਂ ਬਾਅਦ ਸਿੰਚਾਈ (ਦਿਨਾਂ ਵਿੱਚ)
ਪਹਿਲੀ ਸਿੰਚਾਈ    20-25 ਦਿਨਾਂ ਬਾਅਦ
ਦੂਜੀ ਸਿੰਚਾਈ    40-45 ਦਿਨਾਂ ਬਾਅਦ
ਤੀਸਰੀ ਸਿੰਚਾਈ  60-65 ਦਿਨਾਂ ਬਾਅਦ
ਚੌਥੀ ਸਿੰਚਾਈ    80-85 ਦਿਨਾਂ ਬਾਅਦ
ਪੰਜਵੀ  ਸਿੰਚਾਈ    100-105 ਦਿਨਾਂ ਬਾਅਦ
ਛੇਂਵੀ ਸਿੰਚਾਈ    115-120 ਦਿਨਾਂ ਬਾਅਦ
 

ਸਿੰਚਾਈ ਦੀ ਸੰਖਿਆ ਹਮੇਸ਼ਾ ਮਿੱਟੀ ਦੀ ਕਿਸਮ, ਪਾਣੀ ਦੀ ਉਪਲੱਬਧਤਾ ਆਦਿ ਤੇ ਅਧਾਰਿਤ ਹੁੰਦੀ ਹੈ। ਸਹਾਇਕ ਜੜ੍ਹਾਂ ਬਣਨ ਅਤੇ ਬੱਲੀਆਂ ਨਿਕਲਣ ਸਮੇਂ ਨਮੀ ਦੀ ਕਮੀ ਨਾ ਹੋਣ ਦਿਓ। ਛੋਟੇ ਕੱਦ ਦੀਆਂ ਵਧੇਰੇ ਝਾੜ ਵਾਲੀਆਂ ਕਿਸਮਾਂ ਲਈ ਬਿਜਾਈ ਤੋਂ ਪਹਿਲਾਂ ਸਿੰਚਾਈ ਕਰੋ। ਭਾਰੀਆਂ ਮਿੱਟੀਆਂ ਲਈ 4-6, ਜਦਕਿ ਹਲਕੀਆਂ ਮਿੱਟੀਆਂ ਲਈ 6-8 ਸਿੰਚਾਈਆਂ ਜ਼ਰੂਰੀ ਹੁੰਦੀਆਂ ਹਨ। ਪਾਣੀ ਦੀ ਘੱਟ ਉਪਲੱਬਧਤਾ ਵਾਲੇ ਖੇਤਰਾਂ ਵਿੱਚ ਗੰਭੀਰ ਹਾਲਾਤਾਂ ਵਿੱਚ ਹੀ ਸਿੰਚਾਈ ਕਰੋ। ਜਦੋਂ ਪਾਣੀ ਇੱਕ ਵਾਰ ਦੀ ਸਿੰਚਾਈ ਲਈ ਹੀ ਉਪਲੱਬਧ ਹੋਵੇ ਤਾਂ ਸਹਾਇਕ ਜੜ੍ਹਾਂ ਬਣਨ ਸਮੇਂ ਸਿੰਚਾਈ ਕਰੋ।

ਜੇਕਰ ਦੋ ਸਿੰਚਾਈਆਂ ਲਈ ਪਾਣੀ ਉਪਲੱਬਧ ਹੋਵੇ ਤਾਂ ਫੁੱਲ ਬਣਨ ਸਮੇਂ ਅਤੇ ਸਹਾਇਕ ਜੜ੍ਹਾਂ ਬਣਨ ਦੇ ਸ਼ੁਰੂਆਤੀ ਸਮੇਂ ਤੇ ਸਿੰਚਾਈਆਂ ਕਰੋ। ਜੇਕਰ ਤਿੰਨ ਸਿੰਚਾਈਆਂ ਸੰਭਵ ਹੋਣ ਤਾਂ ਪਹਿਲੀ ਸਹਾਇਕ ਜੜ੍ਹਾਂ ਬਣਨ ਸਮੇਂ, ਦੂਜੀ ਜੋੜ(ਪੋਟੇ) ਬਣਨ ਸਮੇਂ ਅਤੇ ਤੀਜੀ ਦੁੱਧ ਦੇ ਦਾਣੇ ਬਣਨ ਸਮੇਂ ਸਿੰਚਾਈ ਕਰੋ। ਸਿੰਚਾਈ ਲਈ ਸਹਾਇਕ ਜੜ੍ਹਾਂ ਬਣਨ ਦਾ ਸਮਾਂ ਸਭ ਤੋਂ ਜ਼ਰੂਰੀ ਹੁੰਦਾ ਹੈ। ਇਹ ਦੇਖਿਆ ਗਿਆ ਹੈ ਕਿ ਸਹਾਇਕ ਜੜ੍ਹਾਂ ਬਣਨ ਦੇ ਦੀ ਪਹਿਲੀ ਸਿੰਚਾਈ ਤੋਂ ਲੈ ਕੇ ਹਰੇਕ ਹਫਤੇ ਦੀ ਦੇਰੀ ਨਾਲ ਫਸਲ ਦੇ ਝਾੜ ਵਿੱਚ 83-125 ਕਿਲੋ ਪ੍ਰਤੀ ਏਕੜ ਦੀ ਕਮੀ ਆਉਂਦੀ ਹੈ।

ਪਹਿਲੀ ਸਿੰਚਾਈ ਬਿਜਾਈ ਤੋਂ 20-25 ਦਿਨਾਂ ਬਾਅਦ ਕਰੋ। ਇਹ ਸਮਾਂ ਸਹਾਇਕ ਜੜ੍ਹਾਂ ਬਣਨ ਦਾ ਹੁੰਦਾ ਹੈ ਅਤੇ ਨਮੀ ਦੀ ਕਮੀ ਹੋਣ ਨਾਲ ਝਾੜ ਵਿੱਚ ਕਮੀ ਬਹੁਤ ਆਉਂਦੀ ਹੈ। ਸ਼ਾਖਾਂ ਬਣਨ ਸਮੇਂ ਬਿਜਾਈ ਤੋਂ 40-45 ਦਿਨ ਬਾਅਦ ਦੂਜੀ ਸਿੰਚਾਈ ਕਰੋ। ਤੀਜੀ ਸਿੰਚਾਈ ਜੋੜ(ਪੋਟੇ) ਬਣਨ ਸਮੇਂ ਬਿਜਾਈ ਤੋਂ 60-65 ਦਿਨਾਂ ਵਿੱਚ ਕਰੋ। ਫੁੱਲ ਬਣਨ ਸਮੇਂ (ਬਿਜਾਈ ਤੋਂ 80-85 ਦਿਨਾਂ ਵਿੱਚ) ਸਿੰਚਾਈ ਕਰੋ। ਪੰਜਵੀਂ ਸਿੰਚਾਈ ਦਾਣੇ ਪੱਕਣ ਸਮੇਂ (ਬਿਜਾਈ ਤੋਂ 100-105 ਦਿਨਾਂ ਵਿੱਚ) ਕਰੋ।

ਕੀੜੇ ਮਕੌੜੇ ਤੇ ਉਹਨਾਂ ਦੀ ਰੋਕਥਾਮ
ਚੇਪਾ: ਇਹ ਪਾਰਦਰਸ਼ੀ ਅਤੇ ਰਸ ਚੂਸਣ ਵਾਲੇ ਕੀੜੇ ਹੁੰਦੇ ਹਨ। ਜੇਕਰ ਇਹ ਬਹੁਤ ਜ਼ਿਆਦਾ ਮਾਤਰਾ ਵਿੱਚ ਹੋਣ ਤਾਂ ਪੱਤਿਆਂ ਵਿੱਚ ਪੀਲਾ-ਪਣ ਆ ਜਾਂਦਾ ਹੈ ਜਾਂ ਸਮੇਂ ਤੋਂ ਪਹਿਲਾਂ ਸੁੱਕ ਜਾਂਦੇ ਹਨ। ਆਮ ਤੌਰ ਤੇ ਇਹ ਅੱਧੀ ਜਨਵਰੀ ਤੋਂ ਬਾਅਦ ਫ਼ਸਲ ਦੇ ਪੱਕਣ ਤੱਕ ਦੇ ਸਮੇਂ ਦੌਰਾਨ ਹਮਲਾ ਕਰਦੇ ਹਨ। ਇਸ ਦੀ ਰੋਕਥਾਮ ਲਈ, ਕਰਾਇਸੋਪਰਲਾ ਪ੍ਰੀਡੇਟਰਜ਼, ਜੋ ਕਿ ਇੱਕ ਕੀੜੇ/ਸੁੰਡੀਆਂ ਖਾਣ ਵਾਲਾ ਕੀੜਾ ਹੈ, ਦੀ ਵਰਤੋਂ ਕਰਨੀ ਚਾਹੀਦੀ ਹੈ। 5-8 ਹਜ਼ਾਰ ਕੀੜੇ ਪ੍ਰਤੀ ਏਕੜ ਜਾਂ 50 ਮਿ.ਲੀ. ਪ੍ਰਤੀ ਲੀਟਰ ਨਿੰਮ ਦੇ ਘੋਲ ਦਾ ਉਪਯੋਗ ਕਰੋI ਬੱਦਲਵਾਹੀ ਦੌਰਾਨ ਚੇਪੇ ਦਾ ਹਮਲਾ ਸ਼ੁਰੂ ਹੁੰਦਾ ਹੈI ਥਾਇਆਮੈਥੋਕਸਮ@80 ਗ੍ਰਾਮ ਜਾਂ ਇਮੀਡਾਕਲੋਪ੍ਰਿਡ@40-60 ਮਿ.ਲੀ. ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਵਿਚ ਛਿੜਕਾਅ ਕਰੋ।

ਸਿਉਂਕ: ਸਿਉਂਕ ਵੱਲੋਂ ਫ਼ਸਲ ਦੀ ਵੱਖਰੇ-ਵੱਖਰੇ ਵਿਕਾਸ ਦੇ ਪੜਾਅ 'ਤੇ, ਬੀਜ ਪੁੰਗਰਨ ਤੋਂ ਲੈ ਕੇ ਪੱਕਣ ਤੱਕ ਹਮਲਾ ਕੀਤਾ ਜਾਂਦਾ ਹੈ। ਬੁਰੀ ਤਰ੍ਹਾਂ ਗ੍ਰਸਤ ਹੋਏ ਪੌਦਿਆਂ ਦੀਆਂ ਜੜ੍ਹਾਂ ਨੂੰ ਆਰਾਮ ਨਾਲ ਪੁੱਟਿਆ ਜਾ ਸਕਦਾ ਹੈ। ਜੇਕਰ ਅੱਧੀ ਜੜ੍ਹ ਖਰਾਬ ਹੋਵੇ ਤਾਂ ਬੂਟਾ ਪੀਲਾ ਪੈ ਜਾਂਦਾ ਹੈ। ਇਸ ਦੀ ਰੋਕਥਾਮ ਲਈ 1 ਲੀਟਰ ਕਲੋਰਪਾਇਰੀਫੋਸ 20 ਈ ਸੀ ਨੂੰ 20 ਕਿੱਲੋ ਮਿੱਟੀ ਵਿੱਚ ਮਿਲਾ ਕੇ ਪ੍ਰਤੀ ਏਕੜ ਵਿੱਚ ਸੁੱਟਣਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਇਸ ਦੀ ਹਲਕੀ ਸਿੰਚਾਈ ਕਰਨੀ ਚਾਹੀਦੀ ਹੈ।

ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ
ਕਾਂਗਿਆਰੀ: ਇਹ ਇੱਕ ਬੀਜ ਅਤੇ ਮਿੱਟੀ ਤੋਂ ਹੋਣ ਵਾਲੀ ਬਿਮਾਰੀ ਹੈ। ਹਵਾ ਨਾਲ ਇਸਦੀ ਲਾਗ ਜਿਆਦਾ ਫੈਲਦੀ ਹੈ। ਸਿੱਟਾ ਬਣਨ ਤੋਂ ਲੈ ਕੇ ਉਸ ਵਿਚ ਦਾਣਾ ਪੈਣ ਤੱਕ ਦੇ ਪੜਾਅ ਦੌਰਾਨ ਜੇਕਰ ਬੱਦਲਵਾਹੀ ਰਹਿੰਦੀ ਹੈ ਤਾਂ ਇਹ ਬਿਮਾਰੀ ਹੋਰ ਵੀ ਘਾਤਕ ਹੋ ਸਕਦੀ ਹੈ। ਇਸ ਬਿਮਾਰੀ ਦੀ ਰੋਕਥਾਮ ਲਈ 2.5 ਗ੍ਰਾਮ ਕਾਰਬੋਕਸਿਲ (ਵੀਟਾਵੈਕਸ 75 ਡਬਲਿਯੂ ਪੀ ਪ੍ਰਤੀ ਕਿਲੋਗ੍ਰਾਮ ਬੀਜ), 2.5 ਗ੍ਰਾਮ ਕਾਰਬੈਂਡਾਜ਼ਿਮ(ਬਵਿਸਟਨ 50 ਡਬਲਿਯੂ ਪੀ ਪ੍ਰਤੀ ਕਿਲੋਗ੍ਰਾਮ ਬੀਜ) 1.25 ਗ੍ਰਾਮ ਟੈਬੂਕੋਨਾਜ਼ੋਲ (ਰੈਕਸਿਲ 2 ਡੀ ਐਸ ਪ੍ਰਤੀ ਕਿਲੋਗ੍ਰਾਮ ਬੀਜ) ਪ੍ਰਯੋਗ ਕਰਨਾ ਚਾਹੀਦਾ ਹੈ। ਜੇਕਰ ਬੀਜਾਂ ਵਿੱਚ ਬੀਮਾਰੀ ਦੀ ਦਰ ਘੱਟ ਜਾਂ ਦਰਮਿਆਨੀ ਹੋਵੇ ਤਾਂ ਪ੍ਰਤੀ ਕਿਲੋ ਬੀਜ ਲਈ 4 ਗ੍ਰਾਮ ਟਰਾਈਕੋਡਰਮਾ ਵਿਰਾਈਡ ਦੀ ਸਿਫਾਰਿਸ਼ ਕੀਤੀ ਗਈ ਪ੍ਰਤੀ ਕਿਲੋ ਬੀਜ ਲਈ ਅਤੇ 1.25 ਗ੍ਰਾਮ ਕਾਰਬੋਕਸਿਲ (ਵੀਟਾਵੈਕਸ 75 ਡਬਲਿਯੂ ਪੀ) ਦੀ ਅੱਧੀ ਮਾਤਰਾ ਦਾ ਛਿੜਕਾਅ ਕਰਨਾ ਚਾਹੀਦਾ ਹੈ।

ਸਫੇਦ ਜੰਗ: ਇਸ ਬਿਮਾਰੀ ਦੌਰਾਨ ਪੱਤਿਆਂ, ਖੋਲ, ਤਣੇ ਅਤੇ ਫੁੱਲਾਂ ਵਾਲੇ ਹਿੱਸਿਆਂ ਤੇ ਸਲੇਟੀ ਚਿੱਟੇ ਰੰਗ ਦੇ ਪਾਊਡਰ ਵਾਂਗ ਧੱਬੇ ਦਿਖਣੇ ਸ਼ੁਰੂ ਹੋ ਜਾਂਦੇ ਹਨ। ਇਹ ਪਾਊਡਰ ਵਾਂਗ ਦਿਖਣ ਵਾਲੀ ਜੰਗ ਬਾਅਦ ਵਿਚ ਕਾਲੇ ਧੱਬਿਆਂ ਦਾ ਰੂਪ ਲੈ ਲੈਂਦੀ ਹੈ ਅਤੇ ਇਸ ਨਾਲ ਪੱਤੇ ਅਤੇ ਹੋਰ ਹਿੱਸੇ ਸੁੱਕਣੇ ਸ਼ੁਰੂ ਹੋ ਜਾਂਦੇ ਹਨ । ਜਦੋਂ ਇਸ ਬਿਮਾਰੀ ਦਾ ਹਮਲਾ ਸਾਹਮਣੇ ਆਏ ਤਾਂ ਫ਼ਸਲ ਤੇ 2 ਗ੍ਰਾਮ ਘੁਲਣਸ਼ੀਲ ਸਲਫਰ ਦਾ 1 ਲੀਟਰ ਪਾਣੀ ਵਿਚ ਘੋਲ ਤਿਆਰ ਕਰ ਕੇ ਜਾਂ 400 ਗ੍ਰਾਮ ਕਾਰਬੈਂਡਾਜ਼ਿਮ ਪ੍ਰਤੀ ਏਕੜ ਤੇ ਛਿੜਕਾਅ ਕਰਨਾ ਚਾਹੀਦਾ ਹੈ । ਗੰਭੀਰ ਹਾਲਾਤਾਂ ਵਿੱਚ 2 ਮਿ.ਲੀ. ਪ੍ਰੋਪੀਕੋਨਾਜ਼ੋਲ ਦਾ 1 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ।

ਭੂਰੀ ਕੁੰਗੀ: ਗਰਮ ਤਾਪਮਾਨ (15°-30° ਸੈਲਸੀਅਸ) ਅਤੇ ਨਮੀ ਵਾਲੇ ਹਾਲਾਤ ਇਸ ਦਾ ਕਾਰਨ ਬਣਦੇ ਹਨ। ਪੱਤਿਆਂ ਦੇ ਭੂਰੇ-ਪਣ ਦੇ ਲੱਛਣ ਦੀ ਪਛਾਣ ਪੱਤਿਆਂ ਉੱਤੇ ਲਾਲ-ਭੂਰੇ ਰੰਗ ਦੇ ਅੰਡਾਕਾਰ ਜਾਂ ਲੰਬਕਾਰ ਦਾਣਿਆਂ ਤੋਂ ਹੁੰਦੀ ਹੈ। ਜਦੋਂ ਖੁੱਲੀ ਮਾਤਰਾ ਵਿੱਚ ਨਮੀ ਮੌਜੂਦ ਹੋਵੇ ਅਤੇ ਤਾਪਮਾਨ 20° ਸੈਲਸੀਅਮ ਦੇ ਨੇੜੇ ਹੋਵੇ, ਤਾਂ ਇਹ ਬਿਮਾਰੀ ਬਹੁਤ ਛੇਤੀ ਵੱਧਦੀ ਹੈ। ਜੇਕਰ ਹਾਲਾਤ ਅਨੁਕੂਲ ਹੋਣ ਤਾਂ ਇਸ ਬਿਮਾਰੀ ਦੇ ਲੱਛਣ ਹਰ 10-14 ਦਿਨਾਂ ਬਾਅਦ ਦੋਬਾਰਾ ਪੈਦਾ ਹੋ ਸਕਦੇ ਹਨ।

ਇਸ ਬਿਮਾਰੀ ਦੀ ਰੋਕਥਾਮ ਲਈ ਵੱਖ-ਵੱਖ ਕਿਸਮ ਦੀਆਂ ਫਸਲਾਂ ਨੂੰ ਇੱਕ ਜ਼ਮੀਨ ਤੇ ਇਕੋ ਸਮੇਂ ਲਗਾਉਣ ਵਰਗੇ ਤਰੀਕੇ ਅਪਨਾਉਣੇ ਚਾਹੀਦੇ ਹਨ। ਨਾਈਟ੍ਰੋਜਨ ਦੀ ਜ਼ਿਆਦਾ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜ਼ਿਨੇਬ ਪ੍ਰਤੀ Z 78 400 ਗ੍ਰਾਮ ਏਕੜ ਦਾ ਛਿੜਕਾਅ ਜਾਂ 2 ਮਿ.ਲੀ. ਪ੍ਰੋਪੀਕੋਨਾਜ਼ੋਲ ਟਿਲਟ 25 ਈ ਸੀ ਦਾ 1 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ।

ਪੀਲੀਆਂ ਧਾਰੀਆਂ
ਪੀਲੀ ਧਾਰੀਦਾਰ ਕੁੰਗੀ: ਇਸ ਬਿਮਾਰੀ ਜੀਵਾਣੂਆਂ ਦੇ ਵਿਕਾਸ ਅਤੇ ਸੰਚਾਰ ਲਈ 8-13° ਸੈਲਸੀਅਸ ਤਾਪਮਾਨ ਅਨੁਕੂਲ ਹੁੰਦਾ ਹੈ ਅਤੇ ਇਨ੍ਹਾਂ ਦੇ ਵਧਣ-ਫੁੱਲਣ ਲਈ 12-15° ਸੈਲਸੀਅਸ ਤਾਪਮਾਨ ਪਾਣੀ ਤੋਂ ਬਿਨ੍ਹਾਂ ਅਨੁਕੂਲ ਹੁੰਦਾ ਹੈ। ਇਸ ਬਿਮਾਰੀ ਕਾਰਨ ਕਣਕ ਦੀ ਫ਼ਸਲ ਦੀ ਪੈਦਾਵਾਰ ਵਿੱਚ 5-30% ਤੱਕ ਕਮੀ ਆ ਸਕਦੀ ਹੈ। ਇਸ ਬਿਮਾਰੀ ਨਾਲ ਬਣੇ ਧੱਬਿਆਂ ਵਿੱਚ ਪੀਲੇ ਤੋਂ ਸੰਤਰੀ-ਪੀਲੇ ਰੰਗ ਦੇ ਵਿਛਾਣੂ ਹੁੰਦੇ ਹਨ, ਜੋ ਆਮ ਤੌਰ ਤੇ ਪੱਤਿਆਂ ਤੇ ਬਾਰੀਕ ਧਾਰੀਆਂ ਬਣਾਉਂਦੇ ਹਨ।

ਇਸ ਬਿਮਾਰੀ ਦੀ ਰੋਕਥਾਮ ਲਈ, ਕੁੰਗੀ ਦੀਆਂ ਰੋਧਕ ਕਿਸਮਾਂ ਵਰਤੋ। ਫਸਲੀ ਚੱਕਰ ਅਤੇ ਮਿਸ਼ਰਤ ਫਸਲਾਂ ਦੀ ਵਿਧੀ ਅਪਨਾਓ। ਨਾਈਟ੍ਰੋਜਨ ਦੀ ਜ਼ਿਆਦਾ ਵਰਤੋਂ ਤੋਂ ਨਾ ਕਰੋ। ਜਦੋਂ ਇਸ ਬਿਮਾਰੀ ਦੇ ਲੱਛਣ ਵਿਖਾਈ ਦੇਣ ਤਾਂ 5-10 ਕਿਲੋਗ੍ਰਾਮ ਸਲਫਰ ਦਾ ਛਿੱਟਾ ਪ੍ਰਤੀ ਏਕੜ ਜਾਂ 2 ਗ੍ਰਾਮ ਮੈਨਕੋਜ਼ਿਬ ਪ੍ਰਤੀ ਲੀਟਰ ਜਾਂ 2 ਮਿ.ਲੀ. ਪ੍ਰੋਪੀਕੋਨਾਜ਼ੋਲ (ਟਿਲਟ) 25 ਈ ਸੀ ਨੂੰ 1 ਲੀਟਰ ਪਾਣੀ ਵਿਚ ਮਿਲਾ ਕੇ ਛਿੜਕਾਅ ਕਰਨਾ ਚਾਹੀਦਾ ਹੈ।

ਕਰਨਾਲ ਬੰਟ: ਇਹ ਬੀਜ ਅਤੇ ਮਿੱਟੀ ਤੋਂ ਹੋਣ ਵਾਲੀ ਬਿਮਾਰੀ ਹੈ। ਇਸਦੀ ਸ਼ੁਰੂਆਤ ਬੱਲੀਆਂ ਬਣਨ ਸਮੇਂ ਹੁੰਦੀ ਹੈ। ਸਿੱਟਾ ਬਣਨ ਤੋਂ ਉਸ ਵਿਚ ਦਾਣਾ ਪੈਣ ਤੱਕ ਦੇ ਪੜਾਅ ਦੌਰਾਨ ਜੇਕਰ ਬੱਦਲਵਾਹੀ ਰਹਿੰਦੀ ਹੈ ਤਾਂ ਇਹ ਬਿਮਾਰੀ ਹੋਰ ਵੀ ਘਾਤਕ ਹੋ ਸਕਦੀ ਹੈ। ਜੇਕਰ ਉੱਤਰੀ ਭਾਰਤ ਦੇ ਪੱਧਰੇ ਖੇਤਰਾਂ(ਬਿਮਾਰੀ ਪ੍ਰਤੀ ਸੰਵੇਦਨਸ਼ਲ ਖੇਤਰ) ਵਿੱਚ ਫਰਵਰੀ ਮਹੀਨੇ ਦੌਰਾਨ ਮੀਂਹ ਪੈ ਜਾਵੇ ਤਾਂ ਇਸ ਬਿਮਾਰੀ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ।
ਇਸ ਬਿਮਾਰੀ ਦੀ ਰੋਕਥਾਮ ਲਈ ਰੋਧਕ ਕਿਸਮਾਂ ਦੀ ਵਰਤੋਂ ਕਰੋ। ਇਸ ਬਿਮਾਰੀ ਦੀ ਰੋਕਥਾਮ ਲਈ ਬੱਲੀਆਂ ਨਿਕਲਣ ਸਮੇਂ 2 ਮਿ.ਲੀ. ਪ੍ਰੋਪੀਕੋਨਾਜ਼ੋਲ(ਟਿਲਟ 25 ਈ ਸੀ) ਨੂੰ ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਛਿੜਕਾਅ ਕਰੋ।

ਫਸਲ ਦੀ ਕਟਾਈ
ਛੋਟੇ ਕੱਦ ਦੀ ਉੱਚ ਪੈਦਾਵਾਰ ਵਾਲੀਆਂ ਕਿਸਮਾਂ ਦੀ ਕਟਾਈ ਪੱਤਿਆਂ ਅਤੇ ਤਣੇ ਦੇ ਪੀਲੇ ਪੈਣ ਅਤੇ ਹਲਕਾ ਸੁੱਕਣ ਤੋਂ ਬਾਅਦ ਕੀਤੀ ਜਾਂਦੀ ਹੈ। ਹਾਨੀ ਤੋਂ ਬਚਣ ਲਈ ਫ਼ਸਲ ਦੀ ਕਟਾਈ ਇਸ ਦੇ ਪੱਕੇ ਹੋਏ ਬੂਟੇ ਦੇ ਸੁੱਕਣ ਤੋਂ ਪਹਿਲਾਂ ਕੀਤੀ ਜਾਣੀ ਚਾਹੀਦੀ ਹੈ। ਉਪਭੋਗਤਾ ਵੱਲੋਂ ਸਵੀਕਾਰਨ ਲਈ ਅਤੇ ਇਸ ਦੀ ਵਧੀਆ ਗੁਣਵੱਤਾ ਲਈ ਇਸ ਨੂੰ ਸਹੀ ਸਮੇਂ ਤੇ ਕੱਟਣਾ ਜ਼ਰੂਰੀ ਹੈ। ਜਦੋਂ ਦਾਣਿਆਂ ਵਿੱਚ 25-30% ਨਮੀ ਰਹਿ ਜਾਂਦੀ ਹੈ, ਤਾਂ ਇਹ ਇਸ ਨੂੰ ਕੱਟਣ ਦਾ ਸਹੀ ਸਮਾਂ ਹੁੰਦਾ ਹੈ। ਹੱਥ ਨਾਲ ਕਣਕ ਵੱਢਣ ਸਮੇਂ ਤੇਜ਼ਧਾਰ ਵਾਲੀ ਦਾਤੀ ਦਾ ਉਪਯੋਗ ਕਰਨਾ ਚਾਹੀਦਾ ਹੈ। ਕਟਾਈ ਲਈ ਕੰਬਾਇਨਾਂ ਵੀ ਉਪਲਬੱਧ ਹਨ, ਜਿਨ੍ਹਾਂ ਦੀ ਮਦਦ ਨਾਲ ਕਣਕ ਦੀ ਫ਼ਸਲ ਦੀ ਕਟਾਈ, ਦਾਣੇ ਕੱਢਣਾ ਅਤੇ ਛਣਾਈ ਇੱਕੋ ਵਾਰ ਹੀ ਕੀਤੀ ਜਾ ਸਕਦੀ ਹੈ।

ਕਟਾਈ ਤੋਂ ਬਾਅਦ
ਕੱਟਣ ਤੋਂ ਬਾਅਦ ਹੱਥੀਂ ਵਾਢੀ ਕਰਨ ਤੋਂ ਬਾਅਦ ਫ਼ਸਲ ਨੂੰ ਤਿੰਨ ਤੋਂ ਚਾਰ ਦਿਨਾਂ ਲਈ ਸੁਕਾਉਣਾ ਚਾਹੀਦਾ ਹੈ, ਤਾਂ ਜੋ ਦਾਣਿਆਂ ਵਿੱਚ ਨਮੀ 10-12% ਵਿੱਚ ਰਹਿ ਜਾਵੇ ਅਤੇ ਉਸ ਤੋਂ ਬਾਅਦ ਬਲਦਾਂ ਦੀ ਮਦਦ ਨਾਲ ਜਾਂ ਥਰੈਸ਼ਰ ਦੀ ਮਦਦ ਨਾਲ ਦਾਣੇ ਕੱਢਣੇ ਚਾਹੀਦੇ ਹਨ। ਸਿੱਧਾ ਧੁੱਪ ਵਿੱਚ ਸੁਕਾਉਣਾ ਜਾਂ ਬਹੁਤ ਜ਼ਿਆਦਾ ਸੁਕਾਉਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਅਤੇ ਦਾਣਿਆਂ ਨੂੰ ਸਾਫ਼-ਸੁਥਰੀਆਂ ਬੋਰੀਆਂ ਵਿੱਚ ਭਰਨਾ ਚਾਹੀਦਾ ਹੈ ਤਾਂ ਜੋ ਨੁਕਸਾਨ ਨੂੰ ਘਟਾਇਆ ਜਾ ਸਕੇ।

ਪੂਸਾ ਬਿਨ ਮਿੱਟੀ ਜਾਂ ਇੱਟਾ ਤੋਂ ਬਣਾਇਆ ਜਾਂਦਾ ਹੈ ਅਤੇ ਇਸ ਦੀਆਂ ਕੰਧਾਂ ਵਿੱਚ ਪੋਲੀਥੀਨ ਦੀ ਇੱਕ ਪਰਤ ਚੜਾਈ ਜਾਂਦੀ ਹੈ। ਜਦੋਂ ਕਿ ਬਾਂਸ ਦੇ ਡੰਡਿਆਂ ਦੇ ਆਲੇ-ਦੁਆਲੇ ਕੱਪੜਿਆਂ ਦੀ ਮਦਦ ਨਾਲ ਸਿਲੰਡਰ ਦੇ ਆਕਾਰ ਵਿਚ ਢਾਂਚਾ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਦਾ ਤਲ ਮੈਟਲ ਦੀ ਟਿਊਬ ਦੀ ਮਦਦ ਨਾਲ ਤਿਆਰ ਕੀਤਾ ਜਾਂਦਾ ਹੈ, ਇਸ ਨੂੰ ਹਪੂਰ ਟੇਕਾ ਕਿਹਾ ਜਾਂਦਾ ਹੈ, ਜਿਸ ਦੇ ਹੇਠਲੇ ਪਾਸੇ ਇੱਕ ਛੋਟਾ ਮੋਰਾ ਕੀਤਾ ਜਾਂਦਾ ਹੈ ਤਾਂ ਜੋ ਇਸ ਵਿੱਚੋਂ ਦਾਣਿਆਂ ਨੂੰ ਕੱਢਿਆ ਜਾ ਸਕੇ। ਵੱਢੇ ਪੱਧਰ ਤੇ ਦਾਣਿਆਂ ਦਾ ਭੰਡਾਰ ਸੀ.ਏ.ਪੀ.(ਕੈਪ) ਅਤੇ ਸਿਲੋਜ਼ ਵਿੱਚ ਕੀਤਾ ਜਾਂਦਾ ਹੈ।

ਭੰਡਾਰ ਦੌਰਾਨ ਅਲੱਗ-ਅਲੱਗ ਤਰ੍ਹਾਂ ਦੇ ਕੀੜਿਆਂ ਅਤੇ ਬਿਮਾਰੀਆਂ ਤੋਂ ਦੂਰ ਰੱਖਣ ਲਈ ਬੋਰੀਆਂ ਵਿੱਚ 1% ਮੈਲਾਥਿਆਨ ਘੋਲ ਰੋਗਾਣੂ ਨਾਸ਼ਕ ਵਰਤਿਆ ਜਾਣਾ ਚਾਹੀਦਾ ਹੈ। ਭੰਡਾਰ-ਘਰ ਨੂੰ ਚੰਗੀ ਤਰ੍ਹਾਂ ਸਾਫ ਕਰੋ, ਇਸ ਵਿਚ ਆ ਰਹੀਆਂ ਦਰਾਰਾਂ ਨੂੰ ਦੂਰ ਕਰੋ ਅਤੇ ਚੂਹੇ ਦੀਆਂ ਖੁੱਡਾਂ ਨੂੰ ਸੀਮੈਂਟ ਨਾਲ ਭਰ ਦਿਓ। ਦਾਣਿਆਂ ਨੂੰ ਭੰਡਾਰ ਕਰਨ ਤੋਂ ਪਹਿਲਾਂ ਭੰਡਾਰ-ਘਰ ਵਿੱਚ ਸਫੈਦੀ ਕਰਵਾਉਣੀ ਚਾਹੀਦੀ ਹੈ ਅਤੇ ਇਸ ਵਿੱਚ 100 ਵਰਗ ਮੀਟਰ ਦੇ ਘੇਰੇ ਵਿੱਚ 3 ਲੀਟਰ ਮੈਲਾਥਿਆਨ 50 ਈ ਸੀ ਦਾ ਛਿੜਕਾਅ ਕਰਨਾ ਚਾਹੀਦਾ ਹੈ। ਬੋਰੀਆਂ ਦੇ ਢੇਰ ਨੂੰ ਦੀਵਾਰ ਤੋਂ 50 ਸੈਂਟੀਮੀਟਰ ਦੀ ਦੂਰੀ ਤੇ ਰੱਖਣਾ ਚਾਹੀਦਾ ਹੈ ਅਤੇ ਢੇਰਾਂ ਵਿਚਕਾਰ ਕੁਝ ਵਿਰਲ ਦੇਣੀ ਚਾਹੀਦੀ ਹੈ ਅਤੇ ਨਾਲ ਹੀ ਬੋਰੀਆਂ ਅਤੇ ਛੱਤ ਵਿਚਕਾਰ ਵੀ ਕੁੱਝ ਫਾਸਲਾ ਹੋਣਾ ਚਾਹੀਦਾ ਹੈ।

SHARE ARTICLE

ਏਜੰਸੀ

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement