
ਪੁਰਾਣੇ ਸਮਿਆਂ ਵਿਚ ਪੇਂਡੂ ਔਰਤਾਂ ਵਿਚ ਅਜਿਹੀਆਂ ਕਲਾਵਾਂ ਨੂੰ ਪ੍ਰਦਰਸ਼ਿਤ ਕਰਨ ਦਾ ਬਹੁਤ ਚਾਅ ਹੁੰਦਾ ਸੀ।
ਤ੍ਰਿੰਜਣ ਤਾਂ ਔਰਤਾਂ ਦੇ ਮਨ ਭਾਉਂਦੇ ਸਥਾਨਾਂ ਦੇ ਤੌਰ ਉਤੇ ਵਿਕਸਤ ਹੋਏ ਹਨ, ਜਿਥੇ ਇਕੱਠੀਆਂ ਬੈਠ ਪਿੰਡਾਂ ਦੀਆਂ ਔਰਤਾਂ, ਅਪਣੀ ਕਲਾ ਦਾ ਪ੍ਰਦਰਸ਼ਨ ਕਰਦੀਆਂ ਜਾਂ ਨਵੀਂ ਕਲਾ ਸਿਖਣ ਦਾ ਯਤਨ ਕਰਦੀਆਂ। ਇਨ੍ਹਾਂ ਤ੍ਰਿੰਜਣਾਂ ਵਿਚ ਬੈਠ ਉਹ ਕਢਾਈ-ਬੁਣਾਈ ਦੇ ਨਵੇਂ-ਨਵੇਂ ਨਮੂਨੇ ਸਿਖਦੀਆਂ, ਚਰਖਿਆਂ ਤੇ ਪੂਣੀਆਂ ਪਾ ਸੂਤ ਕੱਤ-ਕੱਤ ਕੇ ਘਰ ਦੀ ਵਰਤੋਂ ਦੀਆਂ ਕਈਆਂ ਵਸਤਾਂ ਤਿਆਰ ਕਰਦੀਆਂ ਅਤੇ ਨਾਲ ਹੀ ਅਪਣੇ ਮਨਾਂ ਵਿਚ ਉਠਦੇ ਕਲਾ ਰੂਪੀ ਹੁਨਰ ਨੂੰ ਉਜਾਗਰ ਕਰਦੀਆਂ।
Embroidery
ਇਨ੍ਹਾਂ ਤ੍ਰਿ੍ਰ੍ਰੰਜਣਾਂ ਵਿਚ ਬੈਠ ਕੇ ਪਿੰਡ ਦੀਆਂ ਮੁਟਿਆਰਾਂ ਜਿਥੇ ਅਪਣੀ ਕਲਾ ਦੇ ਜੌਹਰ ਵਿਖਾਉਂਦੀਆਂ, ਉਥੇ ਅਪਣੇ ਹੁਨਰ ਦੀ ਧਾਕ ਵੀ ਬਿਠਾਉਂਦੀਆਂ, ਜਿਨ੍ਹਾਂ ਨੂੰ ਦੇਖ ਹਰ ਕੋਈ ਇਹ ਜ਼ਰੂਰੀ ਜਾਣਨਾ ਚਾਹੁੰਦਾ ਕਿ ਕਲਾ ਮੂਰਤੀਆਂ ਕਿਸ ਮੁਟਿਆਰ ਨੇ ਤਿਆਰ ਕੀਤੀਆਂ ਹਨ। ਜਦੋਂ ਕੋਈ ਕਿਸੇ ਕਲਾ ਨਿਪੁੰਨ ਔਰਤ ਦੀ ਕਲਾ ਨੂੰ ਵੇਖ ਕੇ ਉਸ ਦੀ ਤਾਰੀਫ਼ ਕਰਦਾ ਤਾਂ ਉਸ ਔਰਤ ਦਾ ਕੁੱਝ ਹੋਰ ਨਵਾਂ ਕਰਨ ਨੂੰ ਮਨ ਕਰਦਾ।
Punjabi Girls
ਇਹੀ ਕਾਰਨ ਸੀ ਕਿ ਪੰਜਾਬ ਵਿਚ ਪਿੰਡਾਂ ਦੀਆਂ ਔਰਤਾਂ ਅਪਣੇ ਘਰਾਂ ਵਿਚ ਭਾਂਡੇ ਰੱਖਣ ਲਈ ਪੀੜ੍ਹੇ ਬਣਾ ਕੇ ਉਨ੍ਹਾਂ ਉਪਰ ਖ਼ੂਬ ਰੰਗਦਾਰ ਵੇਲ-ਬੂਟੀਆਂ ਪਾਉਂਦੀਆਂ। ਇਨ੍ਹਾਂ ਸੱਭ ਕੁੱਝ ਦੇ ਨਾਲ ਨਾਲ ਬੜਾ ਮਹੱਤਵਪੂਰਨ ਹੁੰਦਾ ਸੀ, ਸੂਤ ਤੋਂ ਮੰਜੇ ਬੁਣਨਾ ਤੇ ਉਨ੍ਹਾਂ ਨੂੰ ਵੀ ਵੇਲ-ਬੂਟੀਆਂ ਨਾਲ ਸਜਾਉਣਾ। ਭਾਵੇਂ ਇਹ ਕੰਮ ਥੋੜਾ ਮੁਸ਼ਕਿਲ ਹੁੰਦਾ ਸੀ ਕਿਉਂਕਿ ਇਸ ਲਈ ਸੂਤ ਤਿਆਰ ਕਰਨਾ ਤੇ ਫਿਰ ਮਨ ਚਾਹੇ ਰੰਗਾਂ ਵਿਚ ਰੰਗਣਾ ਤੇ ਫਿਰ ਅਪਣੀ ਕਲਾ ਰਾਹੀਂ ਮੰਜੇ ਬੁਣ ਉਨ੍ਹਾਂ ਨੂੰ ਸਜ਼ਾਵਟੀ ਦਿਖ ਦੇਣਾ ਹੁੰਦਾ ਸੀ।
Embroidery
ਇਹ ਕੰਮ ਬੁੱਧੀ, ਡੁੰਘੀ ਸੋਚ-ਵਿਚਾਰ, ਮਿਹਨਤ ਤੇ ਕਾਫ਼ੀ ਸਮੇਂ ਦੀ ਮੰਗ ਕਰਦਾ ਸੀ। ਇਸ ਲਈ ਖ਼ਾਸ ਖ਼ਾਸ ਔਰਤਾਂ ਹੀ ਇਸ ਕੰਮ ਵਿਚ ਦਿਲਚਸਪੀ ਲੈਂਦੀਆਂ ਤੇ ਕਈ ਵਾਰ ਤਾਂ ਕਈ-ਕਈ ਔਰਤਾਂ ਮਿਲ ਕੇ ਇਸ ਕੰਮ ਨੂੰ ਨੇਪਰੇ ਚਾੜ੍ਹਦੀਆਂ। ਇਸ ਕੰਮ ਨੂੰ ਸਿੱਖਣ ਲਈ ਵੀ ਧੀਰਜਤਾ ਦੀ ਲੋੜ ਹੁੰਦੀ ਸੀ। ਪੁਰਾਣੇ ਸਮਿਆਂ ਵਿਚ ਪੇਂਡੂ ਔਰਤਾਂ ਵਿਚ ਅਜਿਹੀਆਂ ਕਲਾਵਾਂ ਨੂੰ ਪ੍ਰਦਰਸ਼ਿਤ ਕਰਨ ਦਾ ਬਹੁਤ ਚਾਅ ਹੁੰਦਾ ਸੀ।
Phulkari
ਪਰ ਸਮੇਂ ਦੇ ਨਾਲ-ਨਾਲ ਇਹ ਰੁਝਾਨ ਖ਼ਤਮ ਹੁੰਦਾ ਗਿਆ ਤੇ ਮਸ਼ੀਨੀ ਯੁੱਗ ਦੇ ਆਉਣ ਨਾਲ ਪਿੰਡਾਂ ਵਿਚ ਵੀ ਰੈਡੀਮੇਟ ਕਢਾਈ-ਬੁਣਾਈ ਵਾਲਾ ਲੋੜੀਂਦਾ ਸਮਾਨ ਮਿਲਣ ਲਗਿਆ ਜਿਸ ਕਾਰਨ ਔਰਤ ਵਿਚ ਮਿਹਨਤ ਕਰਨ ਦੀ ਦਿਲਚਸਪੀ ਘਟਦੀ ਚਲੀ ਗਈ। ਪਿੰਡਾਂ ਵਿਚ ਤ੍ਰਿੰਜਣ ਤੇ ਮੁਟਿਆਰਾਂ ਦਾ ਇਕੱਠਿਆਂ ਬੈਠਣਾ ਖ਼ਤਮ ਹੋਣ ਦੇ ਕਿਨਾਰੇ ਆ ਗਿਆ। ਦਰੀਆਂ, ਸਰਾਣੇ, ਪੱਖੀਆਂ, ਫੁਲਕਾਰੀਆਂ ਕੱਢਣ ਤੇ ਰੰਗਦਾਰ ਮੰਜੇ ਬੁਣਨ ਦੀ ਪ੍ਰਕਿਰਿਆ ਖ਼ਤਮ ਹੋਣ ਕਿਨਾਰੇ ਹੀ ਆ ਗਈਆਂ।
Phulkari
ਵਿਆਹਾਂ ਵਿਚ ਦਾਜ ਵਿਖਾਉਣ ਦੀ ਰਸਮ ਖ਼ਤਮ ਹੋ ਗਈ ਜਿਸ ਕਾਰਨ ਮੁਟਿਆਰਾਂ ਨੂੰ ਅਪਣੀ ਕਲਾ ਦੀ ਪ੍ਰਦਰਸ਼ਨੀ ਕਰਨ ਦਾ ਮੌਕਾ ਖ਼ਤਮ ਹੋ ਗਿਆ। ਦੂਜੇ ਸੱਭ ਲੜਕੀਆਂ ਦੇ ਸਕੂਲਾਂ-ਕਾਲਜਾਂ ਵਿਚ ਪੜ੍ਹਨ ਜਾਣ ਕਰ ਕੇ ਸਮੇਂ ਦੀ ਕਮੀ ਨੇ ਵੀ ਮੁਟਿਆਰਾਂ ਦੇ ਹੁਨਰ ਸਿਖਣ ਤੇ ਕਢਾਈ ਦੇ ਸ਼ਾਨਦਾਰ ਕੰਮ ਕਰਨ ਦੀ ਕਲਾ ਨੂੰ ਸੱਟ ਮਾਰੀ।
Phulkari
ਪਿਛਲੇ ਦਿਨੀਂ ਲੁਧਿਆਣਾ ਜ਼ਿਲ੍ਹੇ ਦੇ ਇਕ ਪਿੰਡ ਗੁਜਰਵਾਲ ਵਿਖੇ ਕੁੱਝ ਔਰਤਾਂ ਵਲੋਂ ਬੁਣੇ ਹੋਏ ਦੇਸੀ ਸੂਤ ਦੇ ਰੰਗਦਾਰ ਫੁੱਲਾਂ ਵਾਲੇ ਮੰਜੇ ਵੇਖਣ ਦਾ ਮੌਕਾ ਮਿਲਿਆ ਤਾਂ ਜਿਨ੍ਹਾਂ ਵਿਅਕਤੀਆਂ ਨੇ ਵੀ ਇਨ੍ਹਾਂ ਮੰਜ਼ਿਆਂ ਨੂੰ ਵੇਖਿਆ ਤਾਂ ਉਹ ਬਣਾਉਣ ਵਾਲੀਆਂ ਔਰਤਾਂ ਦੀ ਕਲਾ ਤੋਂ ਬਹੁਤ ਪ੍ਰਭਾਵਤ ਹੋਏ। ਕੁੱਝ ਔਰਤਾਂ ਨੇ ਦਸਿਆ ਕਿ ਇਹ ਕੰਮ ਹੁਣ ਕੇਵਲ ਸ਼ੌਕ ਦਾ ਹੀ ਰਹਿ ਗਿਆ ਹੈ ਕਿਉਂਕਿ ਦੇਸੀ ਸੂਤ ਨਾ ਮਿਲਣ ਕਾਰਨ ਇਹ ਮੰਜੇ ਬੁਣਨਾ ਬਹੁਤ ਹੀ ਮਹਿੰਗਾ ਪੈਂਦਾ ਹੈ।
Phulkaries
ਦੂਜੇ ਇਸ ਕੰਮ ਵਿਚ ਬਹੁਤ ਮਿਹਨਤ ਕਰਨੀ ਪੈਂਦੀ ਹੈ ਅਤੇ ਸੂਤ ਨੂੰ ਕਈ ਰੰਗਾਂ ਵਿਚ ਰੰਗਣਾ ਪੈਂਦਾ ਹੈ ਅਤੇ ਇਸ ਲਈ ਵੀ ਸੋਹਣੇ ਪੱਕੇ ਰੰਗਾਂ ਦੀ ਚੋਣ ਕਰਨੀ ਪੈਂਦੀ ਹੈ। ਮੰਜਿਆਂ ਦੀ ਬੁਣਤੀ ਦਾ ਕੰਮ ਵੀ ਨਿਗਾਹ ਲਗਾਉਣ ਵਾਲਾ ਹੁੰਦਾ ਹੈ ਤੇ ਠੀਕ ਫੁੱਲ-ਬੂਟੀਆਂ ਨੂੰ ਬਣਤਰ ਦੇਣ ਲਈ, ਕਈ ਵਾਰ ਉਧੇੜਨ-ਬੁਣਨ ਦਾ ਕੰਮ ਕਰਨ ਲਈ ਯਤਨ ਕਰਨੇ ਪੈਂਦੇ ਹਨ।
ਕਈ ਵਾਰ ਤਾਂ ਕਈ-ਕਈ ਦਿਮਾਗ਼ ਇਸ ਦੀ ਰੂਪ ਰੇਖਾ ਲਈ ਕੰਮ ਕਰਦੇ ਹਨ। ਬਣਾਏ ਜਾਣ ਵਾਲੇ ਨਮੂਨਿਆਂ ਨੂੰ ਕਈ ਵਾਰ ਤਾਂ ਵਾਰ-ਵਾਰ ਕਾਗ਼ਜ਼ ਪਰ ਉਲੀਕਣਾ ਪੈਂਦਾ ਹੈ ਤੇ ਵੱਖ-ਵੱਖ ਰੰਗਾਂ ਦੀ ਚੋਣ ਕਰਨੀ ਪੈਂਦੀ ਹੈ। ਕਈ ਸਿਆਣੀਆਂ ਔਰਤਾਂ ਦੇ ਤਜਰਬਿਆਂ ਦੀ ਸਲਾਹ ਲੈਣੀ ਪੈਂਦੀ ਹੈ। ਮਿਹਨਤ ਤੇ ਕਲਾਤਮਕ ਗੁਣ ਮਿਲ ਕੇ ਹੀ ਕਿਸੇ ਨਵੀਂ ਬਣਤਰ ਦੀ ਸਿਰਜਣਾ ਕਰਦੇ ਹਨ।
Punjabi Culture
ਪਰ ਇਕ ਗੱਲ ਜ਼ਰੂਰ ਹੈ ਕਿ ਜਿਸ ਤਰ੍ਹਾਂ ਪ੍ਰਮਾਤਮਾ ਇਹ ਰੰਗ-ਰੰਗੀਲੀ ਦੁਨੀਆਂ ਅਤੇ ਕੁਦਰਤ ਵਿਚ ਅਨੇਕਾਂ ਪ੍ਰਕਾਰ ਦੇ ਰੰਗਦਾਰ ਫੁੱਲਾਂ-ਬੂਟਿਆਂ ਤੇ ਪ੍ਰਕਿਰਤੀ ਦੀ ਸੁੰਦਰਤਾ ਨੂੰ ਬਣਾ ਕੇ, ਫਿਰ ਉਸ ਨੂੰ ਵੇਖ-ਵੇਖ ਖ਼ੁਸ਼ ਹੁੰਦਾ ਹੈ, ਉਸ ਤਰ੍ਹਾਂ ਜਦੋਂ ਕਿਸੇ ਔਰਤ ਦੀ ਕਲਾ ਇਕ ਨਵੀਂ ਬਣਤਰ ਦਾ ਰੂਪ ਧਾਰ ਲੈਂਦੀ ਹੈ ਤਾਂ ਉਸ ਬਣਤਰ ਨੂੰ ਵੇਖ-ਵੇਖ ਉਸ ਕਲਾਮਤੀ ਦਾ ਧਰਤੀ ਉਤੇ ਪੈਰ ਨਹੀਂ ਟਿਕਦਾ ਤੇ ਉਸ ਨੂੰ ਅਥਾਹ ਖ਼ੁਸ਼ੀ ਹੁੰਦੀ ਹੈ।
ਇਸੇ ਤਰ੍ਹਾਂ ਇਨ੍ਹਾਂ ਮੰਜਿਆਂ ਦੀ ਨਿਰਮਾਤਾਂ ਨੂੰ ਇਨ੍ਹਾਂ ਦੇ ਅੰਤਿਮ ਰੂਪ ਵਿਚ ਵੇਖ ਕੇ ਜਿਥੇ ਅਨੰਤ ਖ਼ੁਸ਼ੀ ਮਿਲਦੀ ਹੋਵੇਗੀ ਉਥੇ ਹੀ ਇਹ ਗੱਲ ਵੀ ਜੱਗ-ਜ਼ਾਹਰ ਹੋ ਗਈ ਹੈ ਕਿ ਅੱਜ ਵੀ ਪੰਜਾਬ ਦੇ ਪਿੰਡਾਂ ਵਿਚ ਔਰਤਾਂ ਵਿਚ ਕਲਾਤਮਕ ਹੁਨਰ ਜੀਵਤ ਹੈ ਜਿਸ ਲਈ ਕੋਈ ਵੀ ਪੰਜਾਬੀ ਅਪਣੇ ਪੁਰਾਣੇ ਸੱਭਿਆਚਾਰ, ਕਲਾ, ਗਿਆਨ ਤੇ ਸਮਾਜਕ ਮਿਲਾਪ ਪਰ ਮਾਣ ਕਰ ਸਕਦਾ ਹੈ।
ਸੰਪਰਕ : 98764-52223
ਬਹਾਦਰ ਸਿੰਘ ਗੋਸਲ