
ਤਿਉਹਾਰਾਂ ਨੂੰ ਪੂਰੀ ਤਰ੍ਹਾਂ ਮਾਣਨ ਲਈ ਇਸ ਤਰ੍ਹਾਂ ਕਰੋ ਘਰ ਦੀ ਸਜਾਵਟ
ਤਿਉਹਾਰਾਂ ਦੇ ਮੌਸਮ ਨੇ ਦਸਤਕ ਦੇ ਦਿਤੀ ਹੈ। ਤਿਉਹਾਰਾਂ ਨੂੰ ਪੂਰੀ ਤਰ੍ਹਾਂ ਮਾਣਨ ਲਈ ਘਰ ਦੀ ਸਜਾਵਟ ਬਹੁਤ ਜ਼ਰੂਰੀ ਹੈ। ਤਿਉਹਾਰਾਂ ਲਈ ਘਰ ਨੂੰ ਤਿਆਰ ਕਰਨ ਦੀ ਕਾਰਵਾਈ ਸਾਫ਼-ਸਫ਼ਾਈ ਤੋਂ ਸ਼ੁਰੂ ਹੋ ਕੇ ਖ਼ਰੀਦਦਾਰੀ ਤਕ ਚਲਦੀ ਹੈ ਜਿਸ 'ਚ ਰੰਗ, ਰੌਸ਼ਨੀਆਂ ਅਤੇ ਸਜਾਵਟੀ ਸਮਾਨ ਸ਼ਾਮਲ ਹੁੰਦਾ ਹੈ।
home decoration
ਫ਼ਾਲਤੂ ਸਮਾਨ ਨੂੰ ਕਹੋ ਅਲਵਿਦਾ: ਤਿਉਹਾਰਾਂ ਦਾ ਸਮਾਂ ਘਰ ਵਿਚੋਂ ਫ਼ਾਲਤੂ ਸਮਾਨ ਕੱਢਣ ਲਈ ਸੱਭ ਤੋਂ ਵਧੀਆ ਸਮਾਂ ਹੁੰਦਾ ਹੈ। ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਉਹ ਸਮਾਨ ਜੋ ਤੁਸੀਂ ਪਿਛਲੇ ਦੋ ਸਾਲਾਂ ਤੋਂ ਨਹੀਂ ਵਰਤਿਆ, ਉਸ ਨੂੰ ਘਰ ਵਿਚੋਂ ਬਾਹਰ ਕੱਢ ਦੇਣ 'ਚ ਹੀ ਸਿਆਣਪ ਹੈ। ਘਰ ਦੀ ਸਫ਼ਾਈ ਦੌਰਾਨ ਅਜਿਹੇ ਖੂੰਜਿਆਂ ਵਲ ਵੀ ਧਿਆਨ ਦਿਉ ਜਿੱਥੇ ਤੁਸੀਂ ਆਮ ਤੌਰ 'ਤੇ ਸਫ਼ਾਈ ਨਹੀਂ ਕਰਦੇ।
home decoration for festival
ਚਮਕਦਾਰ ਕੰਧਾਂ: ਕੰਧਾਂ ਤੁਹਾਡੇ ਘਰ ਦੀ ਦਿੱਖ 'ਚ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ। ਪੇਂਟ ਦੀਆਂ ਪੇਪੜੀਆਂ, ਦਰਾੜਾਂ ਅਤੇ ਪੀਲੀਆਂ ਪੈ ਰਹੀਆਂ ਕੰਧਾਂ ਨਾਲ ਤੁਹਾਡਾ ਘਰ ਥਕਿਆ ਥਕਿਆ ਲਗਦਾ ਹੈ। ਤਿਉਹਾਰਾਂ ਮੌਕੇ ਸਿਰਫ਼ ਪੇਂਟ ਕਰਨ ਨਾਲ ਤੁਹਾਡਾ ਘਰ ਨਵਾਂ ਨਕੋਰ ਦਿਸਣ ਲੱਗ ਪਵੇਗਾ। ਜੇਕਰ ਤੁਸੀਂ ਵੱਡੀ ਤਬਦੀਲੀ ਲਿਆਉਣੀ ਚਾਹੁੰਦੇ ਹੋ ਤਾਂ ਵੱਖੋ-ਵੱਖ ਪ੍ਰਕਾਰ ਦੇ ਵਾਲਪੇਪਰ ਵਰਤ ਸਕਦੇ ਹੋ।
Home decoration
ਸਜਾਵਟ: ਸਿਰਫ਼ ਕੁੱਝ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਹੀ ਤੁਸੀਂ ਘਰ ਨੂੰ ਨਵੀਂ ਦਿੱਖ ਦੇ ਸਕਦੇ ਹੋ, ਜਿਵੇਂ ਸਰਹਾਣੇ ਦੇ ਗਲਾਫ਼, ਘਸੇ ਕਾਲੀਨ ਅਤੇ ਫਿੱਕੇ ਪੈ ਚੁੱਕੇ ਪਰਦੇ ਬਦਲ ਕੇ। ਘਰ ਦੀਆਂ ਅਜਿਹੀਆਂ ਸਜਾਵਟ ਵਾਲੀਆਂ ਚੀਜ਼ਾਂ ਨੂੰ ਲੰਮੇ ਸਮੇਂ ਤਕ ਨਾ ਬਦਲਣ ਨਾਲ ਘਰ ਬੁਝਿਆ ਬੁਝਿਆ ਲਗਦਾ ਹੈ। ਨਵੇਂ ਪਰਦੇ, ਕਾਲੀਨ ਅਤੇ ਸਰਹਾਣੇ ਦੇ ਗਲਾਫ਼ ਬਦਲ ਕੇ ਤੁਸੀਂ ਘਰ ਨੂੰ ਮੁੜ ਸੁਰਜੀਤ ਕਰ ਸਕਦੇ ਹੋ। ਫਿੱਕੇ ਅਤੇ ਚਿੱਟੇ ਰੰਗਾਂ ਦੀ ਥਾਂ ਗੂੜ੍ਹੇ ਅਤੇ ਵੰਨ-ਸੁਵੰਨੇ ਰੰਗਾਂ ਦੀ ਚੋਣ ਕਰੋ।
home decoration for festival
ਰੌਸ਼ਨੀਆਂ: ਰੌਸ਼ਨੀਆਂ ਤੋਂ ਬਗ਼ੈਰ ਤਿਉਹਾਰਾਂ ਦਾ ਮਜ਼ਾ ਹੀ ਨਹੀਂ ਆਉਂਦਾ। ਜਗਮਗਾਉਂਦੇ ਬਲਬ ਜਾਦੂਮਈ ਅਹਿਸਾਸ ਪੈਦਾ ਕਰਦੇ ਹਨ। ਬਹੁਤ ਭੜਕਾਊ ਰੌਸ਼ਨੀਆਂ ਦੀ ਥਾਂ ਰਵਾਇਤੀ ਚਿੱਟੀਆਂ ਜਾਂ ਪੀਲੀਆਂ ਲੜੀਆਂ ਦਾ ਪ੍ਰਯੋਗ ਕਰੋ। ਇਸ ਤੋਂ ਇਲਾਵਾ ਤੁਸੀਂ ਕਾਗ਼ਜ਼ ਦੇ ਗ਼ੁਬਾਰੇ ਅਤੇ ਓਰੀਗਾਮੀ ਬਣਾ ਕੇ ਵੀ ਬਲਬ ਨਾਲ ਸਜਾ ਸਕਦੇ ਹੋ। ਸਜਾਵਟੀ ਦੀਵੇ ਅਤੇ ਮੋਮਬੱਤੀਆਂ ਘਰ ਨੂੰ ਮਨਮੋਹਣਾ ਬਣਾ ਦੇਂਦੀਆਂ ਹਨ।
Home Decoration
ਆਖ਼ਰੀ ਹੱਲਾ: ਘਰ ਦੀ ਸਜਾਵਟ 'ਚ ਆਖ਼ਰੀ ਹੱਲੇ ਵਜੋਂ ਤੁਸੀਂ ਦਰਵਾਜ਼ਿਆਂ ਅੱਗੇ ਕਾਰਪੇਟ ਵਿਛਾ ਸਕਦੇ ਹੋ ਅਤੇ ਰੰਗੋਲੀ ਡਿਜ਼ਾਈਨ ਬਣਾ ਸਕਦੇ ਹੋ। ਹਾਲਾਂਕਿ ਘਰ ਦੀ ਸਜਾਵਟ 'ਚ ਪਲਾਸਟਿਕ ਦਾ ਸਮਾਨ ਵਰਤਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੇ ਹਨ।