ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਦੇ ਦੇਸ਼ਾਂ ਨੂੰ ਮਜਬੂਰੀ ਵਿਚ ਲੌਕਡਾਊਨ ਲਾਗੂ ਕਰਨਾ ਪਿਆ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਦੇ ਦੇਸ਼ਾਂ ਨੂੰ ਮਜਬੂਰੀ ਵਿਚ ਲੌਕਡਾਊਨ ਲਾਗੂ ਕਰਨਾ ਪਿਆ ਹੈ। ਇਸ ਕੜੀ ਵਿਚ ਇੰਟਰਨੈਸ਼ਨਲ ਹਵਾਈ ਕੰਪਨੀਆਂ ਤੇ ਟੂਰਿਜ਼ਮ ਸੈਕਟਰ ਨੂੰ ਵੀ ਵੱਡਾ ਘਾਟਾ ਪਿਆ ਹੈ। ਹਾਲਾਂਕਿ ਹੁਣ ਇਸ ਵਿਚੋਂ ਨਿਕਲਣ ਦਾ ਸਮਾਂ ਆ ਗਿਆ ਹੈ। ਇਹੀ ਕਾਰਨ ਹੈ ਕਿ ਕਈ ਦੇਸ਼ਾਂ ਨੇ ਵਿਦੇਸ਼ੀ ਯਾਤਰੀਆਂ ਲਈ ਸਰਹੱਦਾਂ ਤੋਂ ਪਾਬੰਦੀ ਵੀ ਹਟਾ ਦਿੱਤੀ ਹੈ ਜਾਂ ਹਟਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਕਰੋਸ਼ੀਆ - ਇਸ ਛੋਟੇ ਅਤੇ ਬਹੁਤ ਹੀ ਖੂਬਸੂਰਤ ਦੇਸ਼ ਨੇ ਸਰਹੱਦ ਤੋਂ ਯਾਤਰੀਆਂ ਲਈ ਲਾਗੂ ਲੌਕਡਾਊਨ ਪਾਬੰਦੀ ਨੂੰ ਹਟਾ ਦਿੱਤਾ ਹੈ। ਇਹ 1 ਜੂਨ ਤੋਂ ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ਦੇ ਯਾਤਰੀਆਂ ਲਈ ਖੋਲ੍ਹਿਆ ਗਿਆ ਹੈ।
ਸਾਈਪ੍ਰਸ - ਸਾਈਪ੍ਰਸ ਵੀ ਵਿਦੇਸ਼ੀ ਸੈਲਾਨੀਆਂ ਦਾ ਸਵਾਗਤ ਕਰ ਰਿਹਾ ਹੈ। ਇਸ ਸਮੇਂ ਸਿਰਫ ਚੌਣਗੇ ਦੇਸ਼ਾਂ ਦੇ ਲੋਕ ਇੱਥੇ ਜਾਣ ਦੇ ਯੋਗ ਹੋਣਗੇ। ਆਉਣ ਵਾਲੇ ਸਮੇਂ ਵਿਚ ਬਹੁਤ ਸਾਰੇ ਹੋਰ ਦੇਸ਼ਾਂ ਨੂੰ ਸਾਈਪ੍ਰਸ ਜਾਣ ਦਾ ਮੌਕਾ ਮਿਲ ਸਕਦਾ ਹੈ। ਸਾਈਪ੍ਰਸ ਦੀ ਸਰਕਾਰ ਨੇ ਇਥੇ ਸੈਲਾਨੀਆਂ ਲਈ ਕਈ ਵਿਸ਼ੇਸ਼ ਆਫਰ ਵੀ ਲਾਂਚ ਕੀਤੇ ਹਨ।
ਫਰਾਂਸ - ਫਰਾਂਸ ਦੇ ਪ੍ਰਧਾਨ ਮੰਤਰੀ ਐਡੌਰਡ ਫਿਲਿਪ ਨੇ ਆਪਣੇ ਟਵਿਟਰ ਅਕਾਊਂਟ ਰਾਹੀਂ ਜਾਣਕਾਰੀ ਦਿੱਤੀ ਕਿ ਅੰਤਰਰਾਸ਼ਟਰੀ ਸੈਰ-ਸਪਾਟਾ ਸੇਵਾਵਾਂ ਦੇਸ਼ ਵਿਚ 15 ਜੂਨ ਤੋਂ ਮੁੜ ਸ਼ੁਰੂ ਹੋਣਗੀਆਂ। ਸ਼ੁਰੂਆਤ ਵਿਚ ਫਰਾਂਸ ਸਿਰਫ ਯੂਰਪੀਅਨ ਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਦਾ ਸਵਾਗਤ ਕਰੇਗਾ।
ਜਰਮਨੀ: ਜਰਮਨੀ ਦੀ ਸਰਕਾਰ ਨੇ 15 ਜੂਨ ਤੋਂ ਅੰਤਰਰਾਸ਼ਟਰੀ ਸੈਰ-ਸਪਾਟਾ ਸੇਵਾਵਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ, ਜਿਸ ਵਿਚ ਹਾਲੇ ਸਿਰਫ 31 ਦੇਸ਼ ਸ਼ਾਮਲ ਹਨ। ਸਰਕਾਰ ਦਾ ਕਹਿਣਾ ਹੈ ਕਿ ਜੇਕਰ ਦੇਸ਼ ਵਿਚ ਅਚਾਨਕ ਕੋਰੋਨਾ ਸੰਕਰਮਣ ਦੀ ਗਿਣਤੀ ਵਧ ਜਾਂਦੀ ਹੈ ਤਾਂ ਫ਼ੈਸਲਾ ਬਦਲਿਆ ਜਾ ਸਕਦਾ ਹੈ।
ਗ੍ਰੀਸ- ਗ੍ਰੀਸ ਸੈਲਾਨੀਆਂ ਵਿਚ ਇਕ ਬਹੁਤ ਮਸ਼ਹੂਰ ਦੇਸ਼ ਹੈ। ਗ੍ਰੀਸ ਦੀ ਸਰਕਾਰ 15 ਜੂਨ ਤੋਂ ਆਪਣੀਆਂ ਸੈਰ ਸਪਾਟਾ ਸੇਵਾਵਾਂ ਅਰੰਭ ਕਰਨ ਜਾ ਰਹੀ ਹੈ, ਜਿਸ ਵਿਚ ਇਸ ਸਮੇਂ 29 ਦੇਸ਼ਾਂ ਦੇ ਨਾਮ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਇਕ ਜਾਂ ਦੋ ਹਫਤੇ ਵੱਖਰਾ ਰਹਿਣਾ ਪਵੇਗਾ।
ਆਈਸਲੈਂਡ - ਆਈਸਲੈਂਡ ਦੀ ਪ੍ਰਧਾਨ ਮੰਤਰੀ ਕੈਟਰੀਨ ਜੈਕਬਸਡੋਟਾਇਰ ਵੀ 15 ਜੂਨ ਤੋਂ ਆਪਣੇ ਦੇਸ਼ ਵਿਚ ਸੈਰ-ਸਪਾਟਾ ਸੇਵਾਵਾਂ ਸ਼ੁਰੂ ਕਰਨ ਬਾਰੇ ਵਿਚਾਰ ਕਰ ਰਹੀ ਹੈ। ਇਥੇ ਆਉਣ ਵਾਲੇ ਯਾਤਰੀਆਂ ਦੀ ਹਵਾਈ ਅੱਡੇ 'ਤੇ ਪਹਿਲਾਂ ਡਾਕਟਰੀ ਜਾਂਚ ਹੋਵੇਗੀ. ਜਦੋਂ ਰਿਪੋਰਟ ਨਕਾਰਾਤਮਕ ਆਉਂਦੀ ਹੈ ਤਾਂ ਤੁਸੀਂ ਘੁੰਮਣ ਲਈ ਸੁਤੰਤਰ ਹੋਵੋਗੇ, ਪਰ ਜੇ ਤੁਸੀਂ ਸਕਾਰਾਤਮਕ ਹੋ ਤਾਂ ਤੁਹਾਨੂੰ 14 ਦਿਨਾਂ ਲਈ ਆਈਸੋਲੇਸ਼ਨ ਵਿਚ ਰਹਿਣਾ ਪੈ ਸਕਦਾ ਹੈ।
ਇਟਲੀ- ਇਟਲੀ ਜੋ ਕਿਸੇ ਸਮੇਂ ਕੋਰੋਨਾ ਵਾਇਰਸ ਦਾ ਹੌਟਸਪਾਟ ਸੀ, ਉੱਥੇ ਇਸ ਸਮੇਂ ਹਾਲਾਤ ਕਾਬੂ ਵਿਚ ਹਨ। ਇੱਥੇ ਸੈਰ ਸਪਾਟਾ ਸੇਵਾਵਾਂ 3 ਜੂਨ ਤੋਂ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਜਮੈਕਾ - ਜਮੈਕਾ, ਜੋ ਕਿ ਆਪਣੇ ਸ਼ਾਨਦਾਰ ਬੀਚੈਜ਼ ਲਈ ਮਸ਼ਹੂਰ ਹੈ, 15 ਜੂਨ ਤੋਂ ਖੁੱਲਣ ਦੀ ਤਿਆਰੀ ਵਿਚ ਹੈ। ਖ਼ਾਸ ਗੱਲ ਇਹ ਹੈ ਕਿ ਜਮੈਕਾ ਇਸ ਦੁਨੀਆ ਦੇ ਕਿਸੇ ਵੀ ਦੇਸ਼ ਦੇ ਸੈਲਾਨੀਆਂ ਦਾ ਸਵਾਗਤ ਕਰਨ ਲਈ ਤਿਆਰ ਹੈ।