
ਹਰ ਰਾਤ ਸੌਣ ਤੋਂ ਪਹਿਲਾਂ ਪ੍ਰਭਾਵਤ ਥਾਂ ’ਤੇ ਨਾਰੀਅਲ ਦਾ ਤੇਲ ਲਗਾਓ।
ਠੰਢ ਦੇ ਸ਼ੁਰੂ ਹੋਣ ਨਾਲ ਹੀ ਚਮੜੀ ਵਿਚ ਖ਼ੁਸ਼ਕੀ ਹੋਣ ਕਾਰਨ ਅੱਡੀਆਂ ਵਿਚ ਤਰੇੜਾਂ ਆਉਣਾ ਆਮ ਗੱਲ ਹੈ। ਹੌਲੀ-ਹੌਲੀ ਉਨ੍ਹਾਂ ਵਿਚ ਦਰਦ ਅਤੇ ਜਲਨ ਦੀ ਸਮੱਸਿਆ ਵੀ ਸ਼ੁਰੂ ਹੋ ਜਾਂਦੀ ਹੈ ਜਿਸ ਕਾਰਨ ਉਨ੍ਹਾਂ ਦਾ ਤੁਰਨਾ-ਫਿਰਨਾ ਮੁਸ਼ਕਲ ਹੋ ਜਾਂਦਾ ਹੈ। ਹਾਲਾਂਕਿ ਜੇਕਰ ਕੁੱਝ ਸਾਧਾਰਣ ਉਪਾਅ ਕੀਤੇ ਜਾਣ ਤਾਂ ਫੱਟ ਗਈਆਂ ਅੱਡੀਆਂ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।
ਹਰ ਰਾਤ ਸੌਣ ਤੋਂ ਪਹਿਲਾਂ ਪ੍ਰਭਾਵਤ ਥਾਂ ’ਤੇ ਨਾਰੀਅਲ ਦਾ ਤੇਲ ਲਗਾਓ। ਤੁਸੀਂ ਚਾਹੋ ਤਾਂ ਇਸ ਨੂੰ ਥੋੜ੍ਹਾ ਗਰਮ ਕਰ ਕੇ ਵੀ ਲਗਾ ਸਕਦੇ ਹੋ। ਫਟੇ ਹੋਏ ਗਿੱਟਿਆਂ ’ਤੇ ਇਸ ਦੀ ਮਾਲਿਸ਼ ਕਰਨ ਨਾਲ ਆਰਾਮ ਮਿਲੇਗਾ। ਨਾਲ ਹੀ ਸੌਂਦੇ ਸਮੇਂ ਜੁਰਾਬਾਂ ਪਾਉਣਾ ਨਾ ਭੁੱਲੋ। ਸਵੇਰੇ ਸੱਭ ਤੋਂ ਪਹਿਲਾਂ ਅਪਣੇ ਪੈਰਾਂ ਨੂੰ ਪਾਣੀ ਨਾਲ ਧੋਵੋ। ਇਸ ਉਪਾਅ ਨੂੰ ਲਗਾਤਾਰ 10 ਦਿਨਾਂ ਤਕ ਅਪਣਾਉਣ ਨਾਲ ਅੱਡੀਆਂ ਕੋਮਲ ਹੋ ਸਕਦੀਆਂ ਹਨ। ਐਵੋਕਾਡੋ ਵਿਚ ਵਿਟਾਮਿਨ ਈ ਮੌਜੂਦ ਹੁੰਦਾ ਹੈ। ਦਸਣਯੋਗ ਹੈ ਕਿ ਇਸ ਦੀ ਕਮੀ ਨਾਲ ਲੋਕਾਂ ਦੀ ਅੱਡੀ ਫਟਣ ਲਗਦੀ ਹੈ।
ਇਸ ਤੋਂ ਇਲਾਵਾ ਇਸ ਵਿਚ ਓਮੇਗਾ ਫ਼ੈਟੀ ਐਸਿਡ ਅਤੇ ਵਿਟਾਮਿਨ ਏ ਵੀ ਮਿਲ ਜਾਂਦਾ ਹੈ। ਇਸ ਨਾਲ ਹੀ ਇਸ ਵਿਚ ਸੱਟ ਨੂੰ ਜਲਦੀ ਠੀਕ ਕਰਨ ਦੇ ਗੁਣ ਵੀ ਮੌਜੂਦ ਹਨ। ਜਦੋਂ ਕਿ ਕੇਲਾ ਚਮੜੀ ਨੂੰ ਨਮੀ ਦੇਣ ਦਾ ਕੰਮ ਕਰਦਾ ਹੈ। ਇਸ ਮਾਸਕ ਨੂੰ ਬਣਾਉਣ ਲਈ ਇਕ ਕੇਲੇ ਅਤੇ ਐਵੋਕਾਡੋ ਨੂੰ ਮਿਲਾਉ। ਇਸ ਮਿਸ਼ਰਣ ਨੂੰ ਅੱਡੀਆਂ ’ਤੇ ਲਗਾਉ। ਇਸ ਨੂੰ 15 ਤੋਂ 20 ਮਿੰਟ ਤਕ ਲੱਗਾ ਰਹਿਣ ਦਿਉ। ਫਿਰ ਕੋਸੇ ਪਾਣੀ ਨਾਲ ਪੈਰਾਂ ਨੂੰ ਧੋ ਲਉ।
ਸੀਆ ਬਟਰ ਫ਼ੈਟ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਵਿਚ ਬਹੁਤ ਸਾਰੇ ਵਿਟਾਮਿਨ ਹੁੰਦੇ ਹਨ ਜੋ ਚਮੜੀ ਨੂੰ ਨਰਮ ਕਰਨ ਲਈ ਸੱਭ ਤੋਂ ਵਧੀਆ ਪ੍ਰੋਡਕਟ ਬਣਾਉਂਦੇ ਹਨ। ਇਹ ਸਾਰੀਆਂ ਵਿਸ਼ੇਸ਼ਤਾਵਾਂ ਇਸ ਨੂੰ ਫਟੀ ਹੋਈ ਅੱਡੀ ਦੀ ਮੁਰੰਮਤ ਕਰਨ ਲਈ ਇਕ ਵਧੀਆ ਤਰੀਕਾ ਹੈ। ਤੁਹਾਨੂੰ ਸਿਰਫ਼ ਅਪਣੇ ਪੈਰਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਅਤੇ ਸ਼ੁਧ ਮੱਖਣ ਲਗਾ ਕੇ ਅਤੇ ਇਸ ’ਤੇ ਜੁਰਾਬਾਂ ਪਾ ਕੇ ਸੌਣਾ ਹੈ। ਕੁੱਝ ਹੀ ਦਿਨਾਂ ਵਿਚ ਫ਼ਰਕ ਤੁਹਾਡੇ ਸਾਹਮਣੇ ਹੋਵੇਗਾ।
ਸ਼ਹਿਦ ਨੂੰ ਇਕ ਚੰਗਾ ਮਾਇਸਚਰਾਈਜ਼ਰ ਮੰਨਿਆ ਜਾਂਦਾ ਹੈ। ਇਹ ਪੈਰਾਂ ਨੂੰ ਨਰਮ ਬਣਾਉਂਦਾ ਹੈ ਅਤੇ ਉਨ੍ਹਾਂ ਨੂੰ ਹਾਈਡਰੇਟ ਰਖਦਾ ਹੈ। ਇਸ ਨਾਲ ਹੀ ਇਹ ਪੈਰਾਂ ਨੂੰ ਪੋਸ਼ਣ ਦੇਣ ਦੇ ਵੀ ਸਮਰੱਥ ਹੈ। ਸੱਭ ਤੋਂ ਪਹਿਲਾਂ ਅੱਧਾ ਕੱਪ ਪਾਣੀ ਵਿਚ ਸ਼ਹਿਦ ਮਿਲਾ ਕੇ ਪੈਰਾਂ ਨੂੰ ਕੁੱਝ ਦੇਰ ਲਈ ਇਸ ਵਿਚ ਰੱਖੋ। ਲਗਭਗ 20 ਮਿੰਟ ਇਸ ਤਰ੍ਹਾਂ ਰੱਖਣ ਤੋਂ ਬਾਅਦ, ਨਰਮ ਰੁਮਾਲ ਜਾਂ ਤੌਲੀਏ ਨਾਲ ਪੈਰਾਂ ਨੂੰ ਪੂੰਝੋ। ਬਸ ਇਨ੍ਹਾਂ ਸਾਰੇ ਨੁਸਖ਼ਿਆਂ ਨਾਲ ਤੁਸੀਂ ਇਸ ਠੰਢ ਵਿਚ ਸੁਕੀਆਂ ਤੇ ਫਟ ਗਈਆਂ ਅੱਡੀਆਂ ਤੋਂ ਛੁਟਕਾਰਾ ਪਾ ਸਕਦੇ ਹੋ।