
ਚੰਡੀਗੜ੍ਹ, 9 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ): ਸਿਲਕ ਫੈਬ ਪ੍ਰਦਰਸ਼ਨੀ ਹੱਥਖੱਡੀ ਦੇ ਵਿਕਾਸ ਕਮਿਸ਼ਨਰ, ਮਨਿਸਟਰੀ ਆਫ਼ ਟੈਕਸਟਾਈਲ ਅਤੇ ਭਾਰਤ ਦੀ ਸਰਕਾਰ ਵਲੋਂ ਨੈਸ਼ਨਲ ਹੈਂਡਲੂਮ ਡਿਵੈਲਪਮੈਂਟ ਦੇ ਜ਼ਰੀਏ ਹੱਥ ਖੱਡੀ ਦੀ ਬੁਣਾਈ ਨੂੰ ਮਾਰਕੀਟ ਵਿਚ ਅਪਣੇ ਉਤਪਾਦਾਂ ਨੂੰ ਉਪਭੋਗਤਾਵਾਂ ਤਕ ਪਹੁੰਚਾਉਣ ਦੀ ਇਕ ਪਹਿਲ ਹੈ। ਇਸ ਪ੍ਰਦਰਸ਼ਨੀ ਵਿਚ ਦੇਸ਼ ਭਰ ਤੋਂ ਹੱਥਕਰਗਾ ਨਾਲ ਸਬੰਧਤ ਕਾਰੀਗਰ ਤੇ ਵਪਾਰੀ ਹਿੱਸਾ ਲੈਣਗੇ। ਇਸ ਸਾਲ ਇਸ ਨੂੰ 22 ਅਕਤੂਬਰ ਤੋਂ 4 ਨਵੰਬਰ ਤਕ ਆਯੋਜਤ ਕੀਤਾ ਜਾਵੇਗਾ। ਉਪਭੋਗਤਾ ਇਸ ਪ੍ਰਦਰਸ਼ਨੀ ਵਿਚੋਂ ਵੱਖ-ਵੱਖ ਤਰ੍ਹਾਂ ਦੇ ਸਿਲਕ ਦੇ ਉਤਪਾਦ ਜਿਵੇਂ ਕਿ ਪੁਚਹਮਪਲੀ, ਪੈਤਹਨੀ, ਕਾਂਜੀਵਰਮ, ਬਨਾਰਸੀ, ਜਮਦਾਨੀ, ਬਾਲੁਚਰੀ ਅਤੇ ਇਕਟ ਆਦਿ ਖ਼ਰੀਦ ਸਕਦੇ ਹਨ। ਇਹ ਪ੍ਰਦਰਸ਼ਨੀ ਹਿਮਾਚਲ ਭਵਨ, ਸੈਕਟਰ 28 ਬੀ, ਮਾਧਿਯਆ ਮਾਰਗ ਚੰਡੀਗੜ੍ਹ ਵਿਖੇ ਕਰਵਾਈ ਜਾਵੇਗੀ।
ਇਸ ਪ੍ਰਦਰਸ਼ਨੀ ਦੇ ਪ੍ਰਬੰਧਕਾਂ ਨੇ ਦਸਿਆ ਕਿ ਭਾਵੇਂ ਪਿਛਲੇ ਸਾਲ ਨੋਟਬੰਦੀ ਕਾਰਨ ਇਸ ਪ੍ਰਦਰਸ਼ਨੀ ਨੂੰ ਕਈ ਦਿਨ ਗ੍ਰਹਿਣ ਲੱਗਾ ਰਿਹਾ ਪਰ ਫਿਰ ਵੀ ਇਸ ਵਾਰ ਸਾਰੇ ਵਪਾਰੀ ਪੂਰੇ ਉਤਸ਼ਾਹ ਨਾਲ ਇਸ ਪ੍ਰਦਰਸ਼ਨੀ ਵਿਚ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨੀ ਸਬੰਧੀ ਵੱਖ-ਵੱਖ ਢੰਗਾਂ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਕਿ ਵੱਧ ਤੋਂ ਵੱਧ ਗਾਹਕਾਂ ਨੂੰ ਪ੍ਰਦਰਸ਼ਨੀ ਵਲ ਖਿਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇੰਜ ਲਗਦਾ ਹੈ ਕਿ ਲੋਕ ਵਿਦੇਸ਼ੀ ਕਪੜੇ ਪਾ ਪਾ ਕੇ ਅੱਕ ਗਏ ਹਨ ਇਸ ਲਈ ਹਰ ਸਾਲ ਲੋਕਾਂ ਦਾ ਵੱਧ ਚੜ੍ਹ ਕੇ ਮੇਲੇ 'ਚ ਹਿੱਸਾ ਲੈਣਾ ਇਹੀ ਦਰਸਾਉਂਦਾ ਹੈ ਕਿ ਲੋਕ ਹੱਥ ਖੱਡੀ ਦੇ ਬਣੇ ਕਪੜਿਆਂ ਪ੍ਰਤੀ ਕਾਫ਼ੀ ਲਗਾਅ ਰਖਦੇ ਹਨ। ਪ੍ਰਬੰਧਕਾਂ ਨੇ ਮਨਿਸਟਰੀ ਆਫ਼ ਟੈਕਸਟਾਈਲ ਦਾ ਧਨਵਾਦ ਵੀ ਕੀਤਾ।