
ਔਰਤਾਂ ਨੂੰ ਮੌਸਮੀ ਤਣਾਅ ਹੋਣ ਦਾ ਖ਼ਤਰਾ ਮਰਦਾਂ ਤੋਂ ਚਾਰ ਗੁਣਾਂ ਜ਼ਿਆਦਾ ਹੁੰਦਾ
ਦਿਨ ਠੰਢੇ ਹੋਣ ਨਾਲ ਅਤੇ ਸੂਰਜ ਛੇਤੀ ਛੁਪਣ ਨਾਲ ਤੁਸੀਂ ਵੇਖੋਗੇ ਕਿ ਤੁਹਾਡਾ ਮਿਜ਼ਾਜ ਵੀ ਤਬਦੀਲ ਹੋਣ ਲਗਦਾ ਹੈ। ਤੁਹਾਡੇ ’ਚ ਪਹਿਲਾਂ ਵਾਲੀ ਊਰਜਾ ਖ਼ਤਮ ਹੋ ਗਈ ਲਗਦੀ ਹੈ ਅਤੇ ਤੁਸੀ ਸਾਰਾ ਦਿਨ ਘਰ ਅੰਦਰ ਰਹਿਣਾ ਚਾਹੁੰਦੇ ਹੋ। ਜੇਕਰ ਅਕਸਰ ਸਰਦੀਆਂ ਦੀ ਸ਼ੁਰੂਆਤ ’ਚ ਅਜਿਹਾ ਹੁੰਦਾ ਹੈ ਤਾਂ ਤੁਹਾਨੂੰ ਮੌਸਮੀ ਤਣਾਅ ਹੋ ਸਕਦਾ ਹੈ ਜੋ ਮੌਸਮ ਦੇ ਆਉਣ ਨਾਲ ਆਉਂਦਾ ਅਤੇ ਜਾਂਦਾ ਰਹਿੰਦਾ ਹੈ।
ਮੌਸਮੀ ਤਣਾਅ ਲੋਕਾਂ ਨੂੰ ਹਰ ਸਾਲ ਦੇ ਇਕੋ ਸਮੇਂ ’ਤੇ ਹੁੰਦਾ ਹੈ। ਅਕਸਰ ਇਹ ਸਰਦ ਮੌਸਮ ਦੀ ਸ਼ੁਰੂਆਤ ’ਚ ਹੁੰਦਾ ਹੈ। ਹਾਲਾਂਕਿ ਇਹ ਗਰਮੀਆਂ ਦੀ ਸ਼ੁਰੂਆਤ ’ਚ ਵੀ ਹੋ ਸਕਦਾ ਹੈ। ਥਕਾਵਟ, ਬੋਰੀਅਤ, ਤਣਾਅ, ਬੇਦਿਲੀ, ਸਮਾਜਕ ਤੌਰ ’ਤੇ ਟੁਟਣਾ ਅਤੇ ਭਾਰ ਵਧਣਾ ਇਸ ਦੇ ਲੱਛਣ ਹੋ ਸਕਦੇ ਹਨ। ਬਹੁਤ ਜ਼ਿਆਦਾ ਜਾਂ ਘੱਟ ਨੀਂਦ ਆਉਣਾ, ਹਿੰਸਕ ਵਤੀਰਾ ਵੀ ਇਸ ਦੇ ਲੱਛਣਾਂ ’ਚ ਸ਼ਾਮਲ ਹਨ।
ਔਰਤਾਂ ਨੂੰ ਮੌਸਮੀ ਤਣਾਅ ਹੋਣ ਦਾ ਖ਼ਤਰਾ ਮਰਦਾਂ ਤੋਂ ਚਾਰ ਗੁਣਾਂ ਜ਼ਿਆਦਾ ਹੁੰਦਾ ਹੈ। ਧਰਤੀ ਦੇ ਉੱਤਰੀ ਜਾਂ ਦਖਣੀ ਧਰੁਵ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਇਹ ਤਣਾਅ ਜ਼ਿਆਦਾ ਹੁੰਦਾ ਹੈ। ਇਸ ਤੋਂ ਇਲਾਵਾ ਮੌਸਮੀ ਤਣਾਅ ਦੇ ਮਰੀਜ਼ਾਂ ਦੇ ਬੱਚਿਆਂ ਨੂੰ ਵੀ ਇਹ ਤਣਾਅ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਅਜਿਹੇ ਤਣਾਅ ਦੇ ਮਰੀਜ਼ ਵੱਡੀ ਉਮਰ ਦੇ ਬਾਲਗ਼ਾਂ ਤੋਂ ਜ਼ਿਆਦਾ ਛੋਟੀ ਉਮਰ ਦੇ ਬਾਲਗ਼ ਹੁੰਦੇ ਹਨ।
ਮੌਸਮੀ ਤਣਾਅ ਦੇ ਇਲਾਜ ਦੇ ਕਈ ਤਰੀਕੇ ਹੋ ਸਕਦੇ ਹਨ। ਸਵੇਰੇ ਉੱਠਣ ਤੋਂ ਕੁੱਝ ਘੰਟਿਆਂ ਬਾਅਦ ਰੋਜ਼ ਸੈਰ ਜ਼ਰੂਰ ਕਰੋ ਕਿਉਂਕਿ ਕਸਰਤ ਕਰਨ ਨਾਲ ਸਰੀਰ ’ਚ ਇੰਡੋਰਫ਼ਿਨ ਰਸਾਇਣ ਪੈਦਾ ਹੁੰਦਾ ਹੈ ਜੋ ਕਿ ਸਰੀਰ ’ਚ ਖ਼ੁਸ਼ੀ ਦੀ ਭਾਵਨਾ ਭਰਦਾ ਹੈ। ਅਪਣੇ ਦਫ਼ਤਰ ਜਾਂ ਘਰ ’ਚ ਕਾਫ਼ੀ ਮਾਤਰਾ ਵਿਚ ਧੁੱਪ ਦਾ ਹੋਣਾ ਯਕੀਨੀ ਬਣਾਉ। ਸਰਦ, ਮੀਂਹ ਵਾਲੇ ਅਤੇ ਬੱਦਲਵਾਈ ਵਾਲੇ ਮੌਸਮ ’ਚ ਸਮਾਜਕ ਤੌਰ ’ਤੇ ਸਰਗਰਮ ਰਹੋ। ਜੇਕਰ ਹੋ ਸਕੇ ਤਾਂ ਛੁੱਟੀ ਲੈ ਕੇ ਕਿਸੇ ਧੁੱਪ ਵਾਲੀ ਥਾਂ ਤੇ ਜਾ ਆਉ।