
ਸਿਲਵਰ ਸਾਡੇ ਅੰਦਰ ਜ਼ਹਿਰ ਪੈਦਾ ਕਰ ਰਿਹੈ : ਮਲਹੋਤਰਾ
ਜੰਡਿਆਲਾ ਗੁਰੂ (ਪੱਤਰ ਪ੍ਰੇਰਕ): ਜੰਡਿਆਲਾ ਗੁਰੂ ਏਸ਼ੀਆ ਦੀ ਇਕ ਪ੍ਰਸਿੱਧ ਮੰਡੀ ਹੈ ਜਿਥੇ ਹੱਥ ਨਾਲ ਪਿੱਤਲ, ਤਾਂਬਾ, ਕਾਂਸੀ ਆਦਿ ਦੇ ਬਰਤਨ ਤਿਆਰ ਕੀਤੇ ਜਾਂਦੇ ਹਨ। ਦਸਿਆ ਜਾਂਦਾ ਹੈ ਕਿ ਅੱਜ ਤੋਂ ਕਰੀਬ 25-30 ਸਾਲ ਪਹਿਲਾਂ ਇਸ ਮੰਡੀ ਵਿਚ ਲਾਈਨਾਂ ਵਿਚ ਲੱਗ ਕੇ ਵਪਾਰੀਆਂ ਨੂੰ ਹੋਲ ਸੇਲ ਬਰਤਨਾਂ ਦੀਆਂ ਦੁਕਾਨਾਂ ਤੋਂ ਮਾਲ ਮਿਲਦਾ ਸੀ ਅਤੇ ਪੰਜਾਬ ਤੋਂ ਇਲਾਵਾ ਵੱਖ ਵੱਖ ਦੇਸ਼ਾਂ ਜਿਵੇਂ ਰਾਜਸਥਾਨ, ਦਿੱਲੀ, ਜੰਮੂ, ਬੰਬੇ, ਹਿਮਾਚਲ, ਹਰਿਆਣਾ ਆਦਿ ਦੇਸ਼ਾਂ ਵਿਦੇਸ਼ਾਂ ਵਿਚ ਮਾਲ ਜਾਂਦਾ ਸੀ।
Copper Utensils
ਕਸੇਰਾ ਯੂਨੀਅਨ (ਹੋਲ ਸੇਲ ਬਰਤਨ) ਦੇ ਲੰਮਾ ਸਮਾਂ ਪ੍ਰਧਾਨ ਰਹੇ ਸਵ: ਸ. ਅਜੀਤ ਸਿੰਘ ਮਲਹੋਤਰਾ ਦੀ ਗੱਦੀ ’ਤੇ ਬਿਰਾਜਮਾਨ ਉਨ੍ਹਾਂ ਦੇ ਸਪੁੱਤਰ ਸਮਾਜ ਸੇਵੀ ਸ. ਵਰਿੰਦਰ ਸਿੰਘ ਮਲਹੋਤਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਕਲੀ ਕੀਤੇ ਪਿੱਤਲ ਅਤੇ ਤਾਂਬੇ ਦੇ ਬਰਤਨਾਂ ਵਿਚ ਸਬਜ਼ੀ ਬਣਾਉਣਾ ਸਰੀਰ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਹੈ ਕਿਉਂਕਿ ਜੋ ਕਲੀ ਇਨ੍ਹਾਂ ਬਰਤਨਾਂ ਨੂੰ ਕੀਤੀ ਜਾਂਦੀ ਹੈ ਉਹ ਦਰਦ ਦੀਆਂ ਦਵਾਈਆਂ ਵਿਚ ਵੀ ਉਪਯੋਗ ਕੀਤੀ ਜਾਂਦੀ ਹੈ ਅਤੇ ਜਦ ਅਸੀਂ ਕਲੀ ਕੀਤੇ ਭਾਂਡੇ ਵਿਚ ਕੋਈ ਵੀ ਸਬਜ਼ੀ ਬਣਾਉਂਦੇ ਹਾਂ ਤਾਂ ਇਹ ਕਲੀ ਘੁਲ ਕੇ ਸਾਡੇ ਸਰੀਰ ਅੰਦਰ ਜਾਂਦੀ ਹੈ ਜੋ ਕਿ ਸਰੀਰ ਲਈ ਲਾਭਦਾਇਕ ਹੈ।
copper
ਇਸ ਲਈ ਹੀ ਕਰੀਬ 25-30 ਸਾਲ ਪਹਿਲਾਂ ਪੰਜਾਬ ਹੱਟੇ ਕੱਟੇ ਪ੍ਰਵਾਰਾਂ ਨਾਲ ਮਸ਼ਹੂਰ ਸੀ ਪਰ ਜਦੋਂ ਦਾ ਸਿਲਵਰ ਦਾ ਕੂਕਰ ਚਲਿਆ ਸਾਰਿਆਂ ਨੇ ਦੇਖੋ ਦੇਖੀ ਉਸ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿਤਾ ਜੋ ਕਿ ਸਾਡੀ ਸਿਹਤ ਲਈ ਨੁਕਸਾਨਦਾਇਕ ਸਿੱਧ ਹੋਇਆ ਅਤੇ ਅੱਜ ਫਿਰ ਸਾਰੇ ਪੰਜਾਬੀ ਵਾਪਸ ਪਿੱਤਲ, ਤਾਂਬੇ ਦੇ ਬਰਤਨਾਂ ਵਲ ਵਾਪਸੀ ਪਾ ਰਹੇ ਹਨ। ਜਿਵੇਂ ਚਾਹ ਵਾਲਾ, ਤੜਕਾ ਲਗਾਉਣ ਵਾਲਾ, ਵੱਖ ਵੱਖ ਤਰ੍ਹਾਂ ਦੇ ਪਤੀਲੇ ਸਬਜ਼ੀ ਬਣਾਉਣ ਲਈ, ਵਿਸ਼ੇਸ਼ ਤੌਰ ’ਤੇ ਕੂਕਰਾਂ ਦੇ ਸ਼ੌਕੀਨਾਂ ਲਈ ਹੁਣ ਪਿੱਤਲ ਔਰ ਤਾਂਬੇ ਦੇ ਕੂਕਰ ਵੀ ਤਿਆਰ ਹੋ ਚੁੱਕੇ ਹਨ। ਵਰਿੰਦਰ ਮਲਹੋਤਰਾ ਨੇ ਦਸਿਆ ਕਿ ਕਾਂਸੀ ਦੇ ਬਰਤਨਾਂ ਵਿਚ ਰੋਟੀ ਖਾਣਾ ਫ਼ਾਇਦੇਮੰਦ ਹੈ ਤੇ ਇਸ ਦੀ ਅੱਗ ਤੇ ਵਰਤੋਂ ਨਾਮਾਤਰ ਹੁੰਦੀ ਹੈ।
copper
ਉਨ੍ਹਾਂ ਦਸਿਆ ਕਿ ਤਾਂਬੇ ਦੇ ਬਰਤਨ ਵਿਚ ਕਰੀਬ 4 ਘੰਟੇ ਰਖਿਆ ਪਾਣੀ ਸ਼ੁਧ ਮੰਨਿਆ ਜਾਂਦਾ ਹੈ। ਇਸੇ ਕਰ ਕੇ ਹਿੰਦੂ ਭਾਈਚਾਰਾ ਵੀ ਜ਼ਿਆਦਾਤਰ ਸ਼ਿਵ ਮਹਾਰਾਜ ਦੀ ਪੂਜਾ ਦੌਰਾਨ ਤਾਂਬੇ ਦੀ ਗੜਵੀ ਵਿਚ ਪਾਣੀ ਦਾ ਇਸਤੇਮਾਲ ਕਰਦੇ ਹਨ ਕਿਉਂਕਿ ਦੇਵੀ ਦੇਵਤਿਆਂ ਨੇ ਵੀ ਇਸ ਨੂੰ ਸ਼ੁਧ ਮੰਨਿਆ ਹੈ। ਮਲਹੋਤਰਾ ਨੇ ਦਸਿਆ ਕਿ ਪੰਜਾਬ ਵਿਚ ਸਿਰਫ਼ ਇਕ ਰੂਲਿੰਗ ਮਸ਼ੀਨ ਜੰਡਿਆਲਾ ਗੁਰੂ ਵਿਚ ਹੀ ਰਹਿ ਗਈ ਹੈ ਜਿਸ ਨਾਲ ਹੁਣ ਗਿਣਤੀ ਦੇ ਮਜ਼ਦੂਰ ਹੱਥ ਨਾਲ ਬਰਤਨ ਤਿਆਰ ਕਰ ਕੇ ਰੋਟੀ ਖਾ ਰਹੇ ਹਨ। ਸਰਕਾਰਾਂ ਨੇ ਇਸ ਮੰਡੀ ਨੂੰ ਕੀ ਦਿਤਾ ਇਸ ਸਬੰਧੀ ਮਲਹੋਤਰਾ ਨੇ ਕਿਹਾ ਕਿ ਨਾ ਹੀ ਪੁਛੋ ਐਵੇਂ ਕੰਧਾਂ ਨੂੰ ਠੋਕਰਾਂ ਮਾਰਨ ਵਾਲੀ ਗੱਲ ਹੈ।
Copper
ਵੱਡੇ ਵੱਡੇ ਗੁਰਦਵਾਰਾ ਸਾਹਿਬ ਵਿਸ਼ੇਸ਼ ਤੌਰ ’ਤੇ ਸ਼੍ਰੋਮਣੀ ਕਮੇਟੀ ਨਾਲ ਸਬੰਧਤ ਗੁਰਦੁਆਰਾ ਸਾਹਿਬ ਵਿਚੋਂ ਸਾਰੇ ਸਿਲਵਰ ਦੇ ਪਤੀਲੇ ਖ਼ਤਮ ਕਰ ਕੇ ਫਿਰ ਵਾਪਸ ਤਾਂਬੇ ਦੇ ਵੱਡੇ ਵੱਡੇ ਪਤੀਲੇ ਅਤੇ ਦੇਗਾਂ ਬਣਾਈਆਂ ਜਾ ਰਹੀਆਂ ਹਨ। ਭਾਵੇਂ ਕਿ ਲੰਗਰ ਸਾਰੇ ਸਵਾਦਿਸ਼ਟ ਹੁੰਦੇ ਹਨ ਪਰ ਤਾਂਬੇ ਦੀ ਦੇਗ ਵਿਚ ਬਣਿਆ ਲੰਗਰ ਅਲੱਗ ਹੀ ਸਵਾਦ ਦਿੰਦਾ ਹੈ ਅਤੇ ਸਰੀਰ ਲਈ ਵੀ ਲਾਭਦਾਇਕ ਹੁੰਦਾ ਹੈ। ਹੁਣ ਤਾਂ ਸਕੂਲ, ਕਾਲਜ, ਦਫ਼ਤਰਾਂ ਆਦਿ ਲਈ ਤਾਂਬੇ ਦੀਆਂ ਬੋਤਲਾਂ ਵੀ ਆ ਚੁੱਕੀਆਂ ਹਨ। ਅਖ਼ੀਰਲੇ ਸ਼ਬਦਾਂ ਵਿਚ ਮਲਹੋਤਰਾ ਨੇ ਕਿਹਾ ਕਿ ਸਿੱਧੀ ਜਿਹੀ ਗੱਲ ਹੈ ਜੇਕਰ ਪੰਜਾਬ ਨੂੰ ਨਸ਼ਾ ਬਰਬਾਦ ਕਰ ਰਿਹਾ ਹੈ ਤਾਂ ਅੱਗ ਦੀ ਅੰਗੀਠੀ ਉਪਰ ਸਿਲਵਰ ਦਾ ਬਰਤਨ ਵੀ ਸਾਨੂੰ ਜ਼ਹਿਰ ਦੇ ਰਿਹਾ ਹੈ।