
ਆਉ ਜਾਣਦੇ ਹਾਂ ਚੁਕੰਦਰ ਦੇ ਕੀ-ਕੀ ਫ਼ਾਇਦੇ ਹਨ
ਚੁਕੰਦਰ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਕਈ ਲੋਕ ਇਸ ਨੂੰ ਸਲਾਦ ਦੇ ਰੂਪ ਵਿਚ ਖਾਣਾ ਪਸੰਦ ਕਰਦੇ ਹਨ, ਜਦਕਿ ਕੱੁਝ ਲੋਕ ਚੁਕੰਦਰ ਦਾ ਜੂਸ ਪੀਂਦੇ ਹਨ ਜਾਂ ਇਸ ਨੂੰ ਸਬਜ਼ੀਆਂ ਵਿਚ ਮਿਲਾ ਕੇ ਖਾਂਦੇ ਹਨ। ਇਸ ਵਿਚ ਕਈ ਵਿਟਾਮਿਨ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਚੁਕੰਦਰ ਵਿਚ ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ, ਫ਼ਾਸਫ਼ੋਰਸ ਅਤੇ ਹੋਰ ਕਈ ਪੋਸ਼ਕ ਤੱਤ ਮਿਲ ਜਾਂਦੇ ਹਨ। ਇਸ ਦੀ ਵਰਤੋਂ ਨਾਲ ਇਮਿਊਨਿਟੀ ਤਾਂ ਵਧਦੀ ਹੀ ਹੈ, ਨਾਲ ਹੀ ਇਹ ਚਮੜੀ ਲਈ ਵੀ ਬਹੁਤ ਫ਼ਾਇਦੇਮੰਦ ਹੈ। ਆਉ ਜਾਣਦੇ ਹਾਂ ਚੁਕੰਦਰ ਦੇ ਕੀ-ਕੀ ਫ਼ਾਇਦੇ ਹਨ:
- ਚੁਕੰਦਰ ਵਿਚ ਆਇਰਨ ਭਰਪੂਰ ਮਾਤਰਾ ਵਿਚ ਮਿਲ ਜਾਂਦਾ ਹੈ ਜੋ ਸਰੀਰ ਵਿਚ ਖ਼ੂਨ ਵਧਾਉਣ ਲਈ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਜੇਕਰ ਤੁਹਾਨੂੰ ਅਨੀਮੀਆ ਦੀ ਸਮੱਸਿਆ ਹੈ ਤਾਂ ਤੁਸੀਂ ਚੁਕੰਦਰ ਨੂੰ ਡਾਈਟ ਵਿਚ ਸ਼ਾਮਲ ਕਰ ਸਕਦੇ ਹੋ।
- ਚੁਕੰਦਰ ਵਿਚ ਫ਼ਾਈਬਰ ਕਾਫ਼ੀ ਮਾਤਰਾ ਵਿਚ ਮਿਲ ਜਾਂਦਾ ਹੈ, ਜੋ ਪਾਚਨ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦਗਾਰ ਹੁੰਦਾ ਹੈ। ਜੇਕਰ ਤੁਹਾਨੂੰ ਕਬਜ਼ ਜਾਂ ਗੈਸ ਦੀ ਸਮੱਸਿਆ ਹੈ ਤਾਂ ਤੁਸੀਂ ਚੁਕੰਦਰ ਦਾ ਰਸ ਨਿਯਮਤ ਰੂਪ ਨਾਲ ਪੀ ਸਕਦੇ ਹੋ। ਇਹ ਭੋਜਨ ਨੂੰ ਪਚਾਉਣ ਵਿਚ ਮਦਦ ਕਰਦਾ ਹੈ।
- ਚੁਕੰਦਰ ਵਿਚ ਕਾਰਬੋਹਾਈਡ੍ਰੇਟ ਮਿਲ ਜਾਂਦਾ ਹੈ ਜਿਸ ਨਾਲ ਸਰੀਰ ਦਾ ਐਨਰਜੀ ਲੈਵਲ ਵਧਦਾ ਹੈ। ਇਸ ਲਈ ਚੁਕੰਦਰ ਨੂੰ ਧੋ ਕੇ ਉਸ ਦੇ ਟੁਕੜੇ ਕਰ ਲਉ ਅਤੇ ਇਸ ਨੂੰ ਪਾਣੀ ਵਿਚ ਉਬਾਲੋ, ਛਾਣ ਕੇ ਇਸ ਪਾਣੀ ਦਾ ਸੇਵਨ ਕਰੋ।
- ਚੁਕੰਦਰ ਵਿਚ ਮੌਜੂਦ ਫ਼ੋਲੇਟ ਅਤੇ ਫ਼ਾਈਬਰ ਚਮੜੀ ਲਈ ਫ਼ਾਇਦੇਮੰਦ ਹੁੰਦੇ ਹਨ। ਇਸ ਲਈ ਤੁਸੀਂ ਚੁਕੰਦਰ ਦਾ ਰਸ ਚਿਹਰੇ ’ਤੇ ਲਗਾ ਸਕਦੇ ਹੋ। ਇਹ ਮੁਹਾਸੇ ਦੂਰ ਕਰਨ ਵਿਚ ਮਦਦ ਕਰਦਾ ਹੈ।
- ਚੁਕੰਦਰ ਨੂੰ ਯਾਦ ਸ਼ਕਤੀ ਵਧਾਉਣ ਵਿਚ ਮਦਦਗਾਰ ਮੰਨਿਆ ਜਾਂਦਾ ਹੈ। ਇਸ ਵਿਚ ਮੌਜੂਦ ਕੋਲੀਨ ਯਾਦਦਾਸ਼ਤ ਵਧਾਉਣ ਵਿਚ ਮਦਦ ਕਰਦਾ ਹੈ। ਜੇਕਰ ਤੁਸੀਂ ਅਪਣਾ ਦਿਮਾਗ ਤੇਜ਼ ਕਰਨਾ ਚਾਹੁੰਦੇ ਹੋ ਤਾਂ ਚੁਕੰਦਰ ਨੂੰ ਅਪਣੀ ਡਾਈਟ ਦਾ ਹਿੱਸਾ ਬਣਾ ਸਕਦੇ ਹੋ।