Punjabi culture : ਛੋਟੀਆਂ ਘਰੇਲੂ ਵਸਤਾਂ ਨੇ ਪੰਜਾਬੀ ਸਭਿਆਚਾਰ ਦੀਆਂ ਸਿਖਰਾਂ ਛੂਹੀਆਂ
Published : Jun 9, 2024, 11:08 am IST
Updated : Jun 9, 2024, 11:30 am IST
SHARE ARTICLE
Small household items touched the heights of Punjabi culture
Small household items touched the heights of Punjabi culture

Punjabi culture: ਸਾਡੇ ਪੇਂਡੂ ਘਰਾਂ ਵਿਚ ਜੋ ਵੀ ਛੋਟੀਆਂ-ਛੋਟੀਆਂ ਲੋੜ ਅਨੁਸਾਰ ਚੀਜ਼ਾਂ ਸੰਭਾਲੀਆਂ ਹੁੰਦੀਆਂ ਹਨ

Small household items touched the heights of Punjabi culture: ਪੰਜਾਬੀ ਸਭਿਆਚਾਰ ਦੇ ਰੰਗ ਬੜੇ ਹੀ ਵੱਖਰੇ ਅਤੇ ਨਿਆਰੇ ਹਨ। ਭਾਵੇਂ ਹਰ ਕੌਮ ਨੂੰ ਅਪਣੇ-ਅਪਣੇ ਸਭਿਆਚਾਰ ਨਾਲ ਪਿਆਰ ਅਤੇ ਉਸ ਉੱਤੇ ਮਾਣ ਹੁੰਦਾ ਹੈ ਪਰ ਪੰਜਾਬੀ ਪੇਂਡੂ ਸਭਿਆਚਾਰ ਤਾਂ ਅਜਿਹੀ ਦਿੱਖ ਪੇਸ਼ ਕਰਦਾ ਹੈ ਕਿ ਉਹ ਦੁਨੀਆਂ ਭਰ ਦੇ ਸਭ ਵਿਲੱਖਣ ਸਭਿਆਚਾਰ ਨੂੰ ਮਾਤ ਪਾ ਦੇਂਦਾ ਹੈ। ਇਸ ਗੱਲ ਦਾ ਸਬੂਤ ਇਸ ਨਜ਼ਰੀਏ ਤੋਂ ਮਿਲਦਾ ਹੈ ਕਿ ਪੰਜਾਬੀ ਸਭਿਆਚਾਰ ਵਿਚ ਜਨਮ ਤੋਂ ਲੈ ਕੇ ਮਰਨ ਤਕ ਹਰ ਤਰ੍ਹਾਂ ਦੀਆਂ ਘਟਨਾਵਾਂ ਨੂੰ ਖ਼ੂਬ ਵਿਰਾਸਤੀ ਅਤੇ ਰੰਗੀਨ ਢੰਗ ਨਾਲ ਦਰਸਾਇਆ ਗਿਆ ਹੈ।

ਪੰਜਾਬੀ ਵਿਆਹਾਂ-ਸ਼ਾਦੀਆਂ, ਖ਼ੁਸ਼ੀਆਂ-ਗ਼ਮੀਆਂ ਦੇ ਮੌਕੇ, ਖੇਡ ਦੇ ਮੈਦਾਨ ਅਤੇ ਪੰਜਾਬੀ ਵਿਰਸੇ ਦੀਆਂ ਝਲਕੀਆਂ ਰਾਹੀਂ ਪੰਜਾਬੀ ਸਭਿਆਚਾਰ ਨੇ ਅੰਤਾਂ ਦੀ ਸ਼ੋਹਰਤ ਪ੍ਰਾਪਤ ਕੀਤੀ ਹੈ। ਇਸ ਸਭਿਆਚਾਰ ਦੀ ਅਹਿਮ ਗੱਲ ਅਤੇ ਵਿਲੱਖਣਤਾ ਇਸ ਗੱਲ ਵਿਚ ਵੀ ਹੈ ਕਿ ਇਸ ਨੇ ਘਰੇਲੂ ਛੋਟੀਆਂ-ਛੋਟੀਆਂ ਵਸਤਾਂ ਜਾਂ ਖੇਤੀ ਦੇ ਸੰਦਾ ਨੂੰ ਵੀ ਅਹਿਮ ਸਥਾਨ ਦਿਤਾ ਹੈ। ਸਾਡੇ ਪੇਂਡੂ ਘਰਾਂ ਵਿਚ ਜੋ ਵੀ ਛੋਟੀਆਂ-ਛੋਟੀਆਂ ਲੋੜ ਅਨੁਸਾਰ ਚੀਜ਼ਾਂ ਸੰਭਾਲੀਆਂ ਹੁੰਦੀਆਂ ਹਨ, ਪੰਜਾਬੀ ਸਭਿਆਚਾਰ ਨੇ ਉਨ੍ਹਾਂ ਦੀ ਮਹੱਤਤਾ ਨੂੰ ਸਿਖਰਾਂ ’ਤੇ ਪਹੁੰਚਾ ਦਿਤਾ ਹੈ। ਇਹੀ ਕਾਰਨ ਹੈ ਕਿ ਇਹ ਛੋਟੀਆਂ-ਛੋਟੀਆਂ ਘਰੇਲੂ ਵਸਤਾਂ ਭਾਵੇਂ ਬਹੁਤ ਮਹਿੰਗੀਆਂ ਜਾਂ ਵੱਡੀਆਂ ਨਹੀਂ ਹੁੰਦੀਆਂ ਪਰ ਉਨ੍ਹਾਂ ਨੇ ਪੰਜਾਬੀ ਸਭਿਆਚਾਰ ਦਾ ਰਸ ਜ਼ਰੂਰ ਅਪਣੀ ਸਭਿਆਚਾਰ ਦਿੱਖ ਨਾਲ ਚੂਸ ਲਿਆ ਹੈ ਅਤੇ ਘਰ ਪ੍ਰਵਾਰਾਂ ਵਿਚ ਅਪਣੀ ਅਹਿਮੀਅਤ ਭਰੀ ਥਾਂ ਦਾ ਅਹਿਸਾਸ ਕਰਵਾ ਦਿਤਾ ਹੈ। ਉਦਾਰਹਣ  ਵਜੋਂ ਹੱਲ, ਦਾਤੀ, ਜੁੱਤੀ, ਪੀੜ੍ਹੀ, ਮਧਾਣੀ, ਘੜਾ, ਟੋਕਰਾ ਅਤੇ ਰਸੋਈ ਵਿਚ ਪਿਆ ਗੜਵਾ, ਹਰ ਤਰ੍ਹਾਂ ਦੇ ਗੀਤ, ਲੋਕ ਬੋਲੀਆਂ, ਕਵਿਤਾਵਾਂ ਅਤੇ ਲੋਕ ਗੀਤਾਂ ਨੂੰ ਅਪਣੀ ਚੰਗੀ ਪਹਿਚਾਣ ਬਣਾ ਚੁੱਕੇ ਹਨ। ਅੱਜ ਅਸੀਂ, ਇਸ ਲੇਖ ਰਾਹੀਂ ਉਨ੍ਹਾਂ ਛੋਟੀਆਂ-ਛੋਟੀਆਂ ਘਰੇਲੂ ਵਸਤਾਂ ਜਾਂ ਖੇਤੀ ਸੰਦਾਂ ਦਾ ਜ਼ਿਕਰ ਜ਼ਰੂਰ ਕਰਾਂਗੇ ਜਿਨ੍ਹਾਂ ਸਾਡੇ ਪੰਜਾਬੀ ਸਭਿਆਚਾਰ ਨੂੰ ਚਾਰ ਚੰਨ ਹੀ ਨਹੀਂ ਲਗਾਏ ਸਗੋਂ ਕਿਸਾਨ, ਮਜ਼ਦੂਰ ਅਤੇ ਹਰ ਘਰ ਪ੍ਰਵਾਰ ਵਿਚ ਅਪਣੀ ਲੋਕਪਿ੍ਰਯਤਾ ਨੂੰ ਅਜ਼ਮਾਇਆ ਹੈ।

ਹਲ - ਜੇ ਅਸੀਂ ਧਨੀ ਰਾਮ ਚਾਤਿ੍ਰਕ ਦੀਆਂ ਕਵਿਤਾਵਾਂ ਦੀਆਂ ਕੁੱਝ ਪੰਗਤੀਆਂ ਦੀ ਗੱਲ ਕਰੀਏ ਤਾਂ ਪੰਜਾਬੀ ਸਭਿਆਚਾਰ ਵਿਚ ਹਲ ਦੀ ਮਹੱਤਤਾ ਅਪਣੇ ਆਪ ਹੀ ਪ੍ਰਸ਼ੰਸਾ ਪ੍ਰਾਪਤ ਕਰ ਲੈਂਦੀ ਹੈ। ਇਸ ਮਹਾਨ ਕਵੀ ਅਨੁਸਾਰ -
ਖੂਹਾਂ ਤੇ ਟਿਚ ਟਿਚ ਹੁੰਦੀ ਹੈ, 
ਖੇਤਾਂ ਵਿਚ ਹਲ ਪਏ ਵਗਦੇ ਨੇ ਭੱਤੇ ਛਾਹ ਵੇਲੇ ਢੁਕਦੇ ਨੇ, 
ਹਾਲੀ ਤੱਕ ਤੱਕ ਕੇ ਹਸਦੇ ਨੇ।
ਕਿੰਨੇ ਹੀ ਪੰਜਾਬੀ ਗੀਤਾਂ ਲੋਕ ਗੀਤਾਂ ਅਤੇ ਬੋਲੀਆਂ ਵਿਚ ਸਾਨੂੰ ਹਲ ਦੀ ਦਿੱਖ ਨਜ਼ਰ ਆਉਂਦੀ ਹੈ।

ਟੋਕਰਾ - ਤੂਤ ਦੀਆਂ ਛਟੀਆਂ ਤੋਂ ਬਣਿਆ ਟੋਕਰਾ ਭਾਵੇਂ ਇਕ ਆਮ ਜਹੀ ਵਸਤੂ ਹੁੰਦੀ ਹੈ ਪਰ ਕਿਸਾਨ ਅਤੇ ਮਜ਼ਦੂਰ ਦਾ ਮਿੱਤਰ ਬਣ ਕੇ ਉਸ ਨੇ ਵੀ ਪੰਜਾਬੀ ਸਭਿਆਚਾਰ ਵਿਚ ਅਪਣੀ ਅਮਿਟ ਛਾਪ ਛੱਡ ਦਿਤੀ ਹੈ।
ਆ ਵੇ ਨਾਜ਼ਰਾ ਜਾ ਵੇ ਨਾਜ਼ਰਾ,
ਬੋਤਾ ਬੰਨ੍ਹ ਦਰਵਾਜ਼ੇ,
ਬੋਤੇ ਤੇਰੇ ਨੂੰ ਭੌ ਦਾ ਟੋਕਰਾ, 
ਤੈਨੂੰ ਦੋ ਪ੍ਰਸ਼ਾਦੇ
ਗਿੱਧੇ ਵਿਚ ਨੱਚਦੀ ਦੀ 
ਧਮਕ ਸੁਣੇਂ ਦਰਵਾਜ਼ੇ।

ਘੜਾ - ਪੁਰਾਣੇ ਸਮਿਆਂ ਵਿਚ ਘਰਾਂ ਵਿਚ ਪਾਣੀ ਭਰਨ ਲਈ ਮਿੱਟੀ ਦੇ ਬਣੇ ਘੜੇ ਆਮ ਹੀ ਰੱਖੇ ਜਾਂਦੇ ਸਨ। ਭਾਵੇਂ ਅੱਜ ਅਸੀਂ ਅਪਣੇ ਘਰਾਂ ਵਿਚ ਫ਼ਰਿਜਾਂ ਤੋਂ ਠੰਢਾ ਪਾਣੀ ਪੀਣ ਦੇ ਆਦੀ ਹੋ ਚੁੱਕੇ ਹਾਂ ਪਰ ਕਦੇ ਸਮਾਂ ਸੀ ਜਦ ਇਹ ਘੜਾ ਹੀ ਪੂਰੇ ਪ੍ਰਵਾਰ ਦੀ ਪਿਆਸ ਬੁਝਾਉਂਦਾ ਸੀ। ਹਰ ਘਰ ਵਿਚ ਘੜੇ ਦੀ ਵਿਸ਼ੇਸ਼ ਮਹੱਤਤਾ ਹੁੰਦੀ ਸੀ। ਇਹੀ ਕਾਰਨ ਸੀ ਕਿ ਇਸ ਨੇ ਪੰਜਾਬੀ ਸਭਿਆਚਾਰ ਵਿਚ ਉਹ ਥਾਂ ਬਣਾਈ ਕਿ ਸਦੀਆਂ ਤੋਂ ਅਮਰ ਹੋ ਗਿਆ।  ਜਿਵੇਂ -
ਪਿੰਡਾਂ ਵਿਚੋਂ ਪਿੰਡ ਸੁਣੀਂਦਾ, 
ਪਿੰਡ ਸੁਣੀਂਦਾ ਮੋਗਾ, 
ਉਥੋਂ ਦਾ ਇਕ ਸਾਧ ਸੁਣੀਂਦਾ, 
ਬੜੀ ਸੁਣੀਂਦੀ ਸੋਭਾ। 
ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ,
ਪਿੱਛੋਂ ਮਾਰਦਾ ਗੋਡਾ,
ਲੱਕ ਉਹਦਾ ਪਤਲਾ ਜਿਹਾ, 
ਭਾਰ ਸਹਿਣ ਨਾ ਜੋਗਾ।

ਪੀੜ੍ਹੀ - ਪੁਰਾਣੇ ਸਮੇਂ ਵਿਚ ਲੋਕਾਂ ਦਾ ਕੁਰਸੀਆਂ ਉੱਤੇ ਬੈਠਣ ਦਾ ਰਿਵਾਜ ਬਹੁਤ ਘੱਟ ਸੀ। ਜੇ ਕਿਸੇ ਨੇ ਜ਼ਮੀਨ ਉੱਤੇ ਥੱਲੇ ਨਹੀਂ ਬੈਠਣਾ ਹੁੰਦਾ ਸੀ ਤਾਂ ਉਹ ਬੈਠਣ ਲਈ ਬਣੀ ਬਹੁਤ ਹੀ ਛੋਟੀ ਜਹੀ ਪੀੜ੍ਹੀ ਉੱਤੇ ਬੈਠ ਜਾਂਦਾ। ਔਰਤਾਂ ਖ਼ਾਸ ਕਰ ਕੇ ਪੀੜ੍ਹੀ ਉੱਤੇ ਬੈਠ ਕੇ ਹੀ ਚੌਂਕਾ-ਚੁੱਲ੍ਹਾ ਕਰਦੀਆਂ ਜਾਂ ਦੂਜੇ ਕੰਮ ਕਰਨ ਸਮੇਂ ਵੀ ਉਹ ਪੀੜ੍ਹੀ ਦਾ ਉਪਯੋਗ ਕਰਦੀਆਂ। ਲੱਕੜ ਦੀ ਚਾਰ ਪੈਰਾਂ ਵਾਲੀ ਛੋਟੀ ਜਹੀ ਪੀੜ੍ਹੀ ਸੂਤ ਦੀਆਂ ਡੋਰਾਂ ਨਾਲ ਬੁਣਤੀ ਕਰ ਕੇ ਬਣਾਈ ਜਾਂਦੀ ਸੀ ਜੋ ਖ਼ੂਬਸੂਰਤ ਵੀ ਹੁੰਦੀ ਸੀ ਅਤੇ ਆਰਾਮਦਾਇਕ ਵੀ। ਪਰ ਇਸ ਛੋਟੀ ਜਹੀ ਪੀੜ੍ਹੀ ਨੇ ਵੀ ਪੰਜਾਬੀ ਸਭਿਆਚਾਰ ਵਿਚ ਅਪਣਾ ਅਹਿਮ ਸਥਾਨ ਬਣਾਇਆ ਹੋਇਆ ਸੀ ਜਿਵੇਂ:-
ਨਵੀਂ ਬਹੂ ਮੁਕਲਾਵੇ ਆਈ,        ਬਹਿਗੀ ਪੀੜ੍ਹੀ ਤੇ ਆ ਕੇ,        ਬਈ ਪਿੰਡ ਦੀਆਂ ਕੁੜੀਆਂ ਚਾਵਾਂ ਲੱਥੀਆਂ,    ਆਈਆਂ ਹੁੰਮ-ਹੁੰਮਾ ਕੇ,
ਸੋਹਣੀ ਭਾਬੋ ਦਾ, ਦੇਖਣ ਘੁੰਡ ਚੁਕਾ ਕੇ।

ਮਧਾਣੀ - ਜਦੋਂ ਪੰਜਾਬ ਵਿਚ ਪਸ਼ੂ ਧਨ ਦੀ ਵਿਸ਼ੇਸ਼ਤਾ ਨੂੰ ਵਿਸ਼ੇਸ਼ ਤੌਰ ਤੇ ਮਹੱਤਤਾ ਦਿੱਤੀ ਜਾਂਦੀ ਸੀ ਤਾਂ ਪੰਜਾਬ ਵਿਚ ਦੁੱਧ-ਦਹੀਂ ਦੀਆਂ ਨਦੀਆਂ ਵਗਦੀਆਂ ਸਨ। ਦੁੱਧ-ਦਹੀਂ, ਮੱਖਣਾਂ ਦੇ ਪੇੜੇ ਹਰ ਘਰ ਦੀ ਖੁਰਾਕ ਹੁੰਦੀ ਸੀ। ਪਰ ਇਸ ਮੱਖਣ ਨੂੰ ਪ੍ਰਾਪਤ ਕਰਨ ਲਈ ਇਕ ਵਿਸ਼ੇਸ਼ ਵਸਤੂ ਮਧਾਣੀ ਦਾ ਰੋਲ ਅਹਿਮ ਹੁੰਦਾ ਸੀ। ਘਰਾਂ ਦੀਆਂ ਸੁਆਣੀਆਂ ਪਿੰਡਾਂ ਵਿਚ ਜਲਦੀ ਸਵੇਰੇ ਉੱਠ ਕੇ ਚਾਟੀਆਂ ਵਿਚ ਮਧਾਣੀਆਂ ਪਾਉਂਦੀਆਂ ਅਤੇ ਦੁੱਧ ਰਿੜਕਦੀਆਂ ਹੋਈਆਂ, ਥਾਲਾਂ ਦੇ ਥਾਲ ਮੱਖਣ ਕੱਢ ਲੈਂਦੀਆਂ ਜੋ ਲੱਸੀ ਨਾਲ ਸਾਰੇ ਪ੍ਰਵਾਰ ਨੂੰ ਨਾਸ਼ਤੇ ਵਿਚ ਵਰਤਾਇਆ ਜਾਂਦਾ। ਬਹੁਤ ਹੀ ਕਮਾਲ ਦੀ ਹੁੰਦੀ ਸੀ ਇਹ ਛੋਟੀ ਜਹੀ ਚੀਜ਼ ਮਧਾਣੀ ਜੋ ਘਰਾਂ ਦੇ ਨਿਆਣਿਆਂ ਨੂੰ ਦੁੱਧ-ਮੱਖਣਾ ਨਾਲ ਪਾਲਦੀ। ਇਸ ਦੀ ਇਸ ਸੇਵਾ ਨੂੰ ਮੁੱਖ ਰੱਖਦੇ ਹੋਏ ਪੰਜਾਬੀ ਸਭਿਆਚਾਰ ਨੇ ਵੀ ਇਸ ਨੂੰ ਖ਼ੂਬ ਮਾਨਤਾ ਬਖ਼ਸ਼ੀ ਅਤੇ ਖ਼ੁਸ਼ੀਆਂ ਦੇ ਮੌਕੇ ’ਤੇ ਮਧਾਣੀ ਨੂੰ ਯਾਦ ਕੀਤਾ ਜਾਂਦਾ-        ਮਧਾਣੀਆਂ, ਮਧਾਣੀਆਂ, ਮਧਾਣੀਆਂ
ਨੀ ਪੇਕੇ ਦੋਵੇਂ ਭੈਣਾਂ ਨੱਚਦੀਆਂ,        ਸਹੁਰੇ ਨੱਚੀਆਂ ਦਰਾਣੀਆਂ-ਜਠਾਣੀਆਂ।

ਗੜਵਾ - ਰਸੋਈ ਦੇ ਭਾਂਡਿਆਂ ਵਿਚ ਗੜਵਾ ਪ੍ਰਧਾਨ ਮੰਨਿਆ ਜਾਂਦਾ ਹੈ। ਘਰ ਪ੍ਰਵਾਰਾਂ ਵਿਚ ਗੜਵੇ ਦੀ ਲੋੜ ਬੜੀ ਆਮ ਰਹਿੰਦੀ ਹੈ। ਭਾਵੇਂ ਗੜਵਾ ਇਕ ਛੋਟਾ ਜਿਹਾ ਬਰਤਨ ਹੁੰਦਾ ਹੈ ਪਰ ਇਸ ਨੇ ਪੰਜਾਬੀ ਸਭਿਆਚਾਰ ਨੂੰ ਅਜਿਹੇ ਚਾਰ ਚੰਨ ਲਗਾਏ ਹਨ ਕਿ ਹਰ ਪੰਜਾਬੀ ਦੇ ਸਿਰ ਚੜ੍ਹ ਬੋਲਦਾ ਹੈ। ਪੰਜਾਬੀ ਗੀਤਾਂ ਅਤੇ ਬੋਲੀਆਂ ਦੀ ਸ਼ਾਨ ਬਣਿਆ ਰਿਹਾ ਹੈ ਇਹ ਪਿਆਰਾ ਗੜਵਾ ਜਿਵੇਂ -
ਜੇ ਮੁੰਡਿਆ ਵੇ ਮੈਨੂੰ ਨੱਚਦੀ ਵੇਖਣਾ,        ਗੜਵਾ ਲੈ ਦੇ ਚਾਂਦੀ ਦਾ,    
ਵੇ ਲੱਕ ਹਿੱਲੇ ਮਜਾਜਣ ਜਾਂਦੀ ਦਾ।
ਇਸ ਤਰ੍ਹਾਂ ਬਹੁਤ ਸਾਰੇ ਗੀਤਾਂ ਵਿਚ ਗੜਵੇ ਦਾ ਨਾਂ ਬੋਲਦਾ ਹੈ। 

ਦਾਤੀ - ਦਾਤੀ ਹਰ ਕਿਸਾਨੀ ਪ੍ਰਚਾਰ ਦੀ ਘਰੇਲੂ ਲੋੜ ਹੈ। ਪਸ਼ੂਆਂ ਲਈ ਚਾਰਾ ਵੱਢਣ ਅਤੇ ਖ਼ਾਸ ਕਰ ਕੇ ਹਾੜੀ ਦੇ ਦਿਨਾਂ ਵਿਚ ਕਣਕ ਦੀ ਕਟਾਈ ਸਮੇਂ ਤਾਂ ਦਾਤੀ ਦੀ ਬੜੀ ਅਹਿਮੀਅਤ ਹੁੰਦੀ ਹੈ। ਇਹੀ ਕਾਰਨ ਹੈ ਕਿ ਇਸ ਨੇ ਪੰਜਾਬੀ ਸਭਿਆਚਾਰ ਵਿਚ ਪੰਜਾਬੀਆਂ ਦਾ ਮਨ ਮੋਹ ਲਿਆ ਹੈ।    
ਮੇਰੀ ਦਾਤੀ ਨੂੰ ਘੁੰਗਰੂ ਲਵਾ ਦੇ,        ਹਾੜੀ ਵੱਢਾਂਗੀ, ਤੇਰੇ ਨਾਲ ਹਾਣੀਆਂ            ਜਾਂ
ਦੇਖ ਕਣਕਾਂ ਨੇ ਬਦਲਿਆ ਰੰਗ ਵੇ,        ਸੱਜਣਾ, ਰੱਖੀਂ ਅਪਣੇ ਸੰਗ ਵੇ,        ਦਾਤੀਆਂ, ਦੋ ਬਣਵਾ ਲਈਏ।
ਹਾੜੀ ਵੱਢੂਗੀ ਤੇਰੇ ਨਾਲ            ਕੋਠੀ ਦਾਣੇ ਪਾ ਲਈਏ।

ਜੁੱਤੀ - ਪੰਜਾਬ ਦੇ ਪੇਂਡੂ ਖੇਤਰ ਵਿਚ ਬਹੁਤ ਸਮਾਂ ਪਹਿਲਾਂ, ਲੋਕ ਅੱਜ ਵਾਂਗੂੰ ਸੂਟ-ਬੂਟ ਘੱਟ ਹੀ ਪਾਉਂਦੇ ਸਨ। ਦੇਸੀ ਜੁੱਤੀ ਪਾਉਣ ਦਾ ਬਹੁਤ ਰਿਵਾਜ਼ ਸੀ। ਪਿੰਡ ਵਿਚ ਹੀ ਬਣੀਆਂ ਹੋਈਆਂ ਜੁੱਤੀਆਂ ਹਰ ਮਨੁੱਖ ਦੀ ਪਹਿਲੀ ਪਸੰਦ ਹੁੰਦੀ ਸੀ ਜਿਸ ਕਾਰਨ ਪੰਜਾਬੀ ਗੀਤਾਂ ਅਤੇ ਬੋਲੀਆਂ ਵਿਚ ਪੰਜਾਬੀ ਜੁੱਤੀ ਦੀ ਖ਼ੂਬ ਚੜ੍ਹਤ ਸੀ-
ਨੀ ਝਾਵਾਂ ਝਾਵਾਂ ਝਾਵਾਂ        
ਜੁੱਤੀ ਮੇਰੀ ਮਖਮਲ ਦੀ, ਪੈਰ ਧੋ ਕੇ ਝਾਜਰਾਂ ਪਾਵਾਂ,
ਨੀ ਪੁੱਤ ਮੇਰੇ ਸਹੁਰੇ ਦਾ            ਲੱਗੀ ਲਾਮ ਤੇ ਲਿਖਾ ਲਿਆ ਨਾਵਾਂ    
ਏਸ ਜੁਆਨੀ ਨੂੰ ਕਿਹੜੇ ਖੂਹ ਵਿਚ ਪਾਵਾਂ।
ਜਾਂ
ਜੁੱਤੀ ਕਸੂਰੀ, ਪੈਰੀਂ ਨਾ ਪੂਰੀ,
ਹਾਏ ਰੱਬਾ ਵੇ, ਮੈਨੂੰ ਤੁਰਨਾ ਪਿਆ.........

ਪੱਖੀ - ਜਦੋਂ ਪਿੰਡਾਂ ਵਿਚ ਬਿਜਲੀ ਦਾ ਅਜੇ ਨਾਂ ਨਿਸ਼ਾਨ ਨਹੀਂ ਸੀ ਹੁੰਦਾ ਤਾਂ ਗਰਮੀਆਂ ਵਿਚ ਪੱਖੀ ਹੀ ਮਨੁੱਖ ਨੂੰ ਗਰਮੀ ਤੋਂ ਰਾਹਤ ਦੇਂਦੀ ਸੀ। ਖ਼ਾਸ ਕਰ ਕੇ ਮਹਿਮਾਨਾਂ ਲਈ ਇਹ ਇਕ ਤੋਹਫ਼ਾ ਹੁੰਦਾ ਸੀ। ਪੱਖੀ ਨੇ ਤਾਂ ਪੰਜਾਬੀ ਸਭਿਆਚਾਰ ਨੂੰ ਰੰਗੀਨ ਹੀ ਬਣਾ ਕੇ ਰੱਖ ਦਿਤਾ, ਤਾਂ ਹੀ ਤਾਂ ਕਿਹਾ ਜਾਂਦਾ ਸੀ -    
ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ,
ਪੱਖੀ ਦੀ ਝੱਲ ਮਾਰੇ, ਮੁੰਡਾ ਪਟਿਆਲੇ ਦਾ।
ਚਰਖੀ - ਚਰਖੇ ਅਤੇ ਚਰਖੀ ਦਾ ਤਾਂ ਪੰਜਾਬੀ ਸਭਿਆਚਾਰ ਵਿਚ ਅਹਿਮ ਸਥਾਨ ਰਿਹਾ ਹੈ। ਚਰਖਾ ਜਾਂ ਚਰਖੀ ਹਰ ਘਰ ਦੀ ਲੋੜ ਹੁੰਦੀ ਹੈ। ਵਿਆਹਾਂ, ਸ਼ਾਦੀਆਂ ਵਿਚ ਕੁੜੀਆਂ ਨੂੰ ਦਾਜ ਵਿਚ ਚਰਖੀ ਦੇਣ ਦਾ ਰਿਵਾਜ ਵੀ ਆਮ ਹੀ ਸੀ। ਤਾਂ ਹੀ ਇਸ ਨੇ ਪੰਜਾਬੀ ਸਭਿਆਚਾਰ ਨੂੰ ਵੀ ਰੰਗੀਨੀ ਦੇ ਦਿਤੀ।            
ਨੀ ਚਰਖੀ ਰੰਗੀਲੇ ਦਾਜ ਦੀ,
ਮੇਰੇ ਵੀਰ ਨੇ ਵਲੈਤੋਂ ਲਿਆਂਦੀ,
ਨੀ ਚਰਖੀ ਰੰਗੀਲੇ ਦਾਜ ਦੀ...

ਪੰਜਾਲੀ - ਬਲਦਾਂ ਦੇ ਗਲਾਂ ਵਿਚ ਪਾਈ ਪੰਜਾਲੀ, ਹਰ ਕਿਸਾਨ ਪ੍ਰਵਾਰ ਦੀ ਜ਼ਰੂਰਤ ਹੁੰਦੀ ਸੀ। ਬਲਦਾਂ ਨੂੰ ਮਿਲਾਪ ਵਿਚ ਰੱਖਣ ਲਈ ਇਸ ਦਾ ਵਿਸ਼ੇਸ਼ ਮਹੱਤਵ ਸੀ ਤੇ ਇਸ ਨੇ ਵੀ ਪੰਜਾਬੀ ਸਭਿਆਚਾਰ ਵਿਚ ਵਿਸ਼ੇਸ਼ ਸਥਾਨ ਬਣਾ ਲਿਆ ਸੀ। ਜਿਵੇਂ ਕਿ ਪੰਜਾਬੀ ਮੁਟਿਆਰ ਅਪਣੀ ਕਿਸੇ ਗੀਤਮਈ ਪੁਕਾਰ ਵਿਚ ਉਲਾਂਭਾ ਦੇਂਦੀ ਹੈ-
ਆਪ ਤਾਂ ਚੱਕਦੇ ਹੱਲ ਪੰਜਾਲੀ, 
ਮੈਨੂੰ ਚੁਕਾਉਂਦੇ ਬੀ ਵੇ
ਰੁੜ੍ਹ ਜਾਣੀ ਦਿਆ, ਮੈਂ  ਲੰਬੜਾਂ ਦੀ ਧੀ ਵੇ।
ਇਸੇ ਤਰ੍ਹਾਂ ਬਹੁਤ ਸਾਰੀਆਂ ਹੋਰ ਵੀ ਵਸਤਾਂ ਹਨ ਜੋ ਭਾਵੇਂ ਛੋਟੀਆਂ ਹਨ ਪਰ ਉਨ੍ਹਾਂ ਨੇ ਪੰਜਾਬੀ ਸਭਿਆਚਾਰ ਨੂੰ ਬਹੁਤ ਹੀ ਖ਼ੂਬਸੂਰਤੀ ਅਤੇ ਰੰਗੀਨੀ ਪ੍ਰਦਾਨ ਕੀਤੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬੀ ਸਭਿਆਚਾਰ, ਘਰ ਪ੍ਰਵਾਰਾਂ ਵਿਚ ਇਕ ਅਹਿਮ ਸਥਾਨ ਬਣਾ ਚੁਕਿਆ ਹੈ, ਭਾਵੇਂ ਸਮੇਂ ਦੇ ਨਾਲ-ਨਾਲ ਤਬਦੀਲੀ ਆਉਂਦੀ ਰਹਿੰਦੀ ਹੈ।

ਮਕਾਨ ਨੰ: 3098, 
ਸੈਕਟਰ-37ਡੀ, ਚੰਡੀਗੜ੍ਹ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement