
Household Tips: ਦੇਸੀ ਗੁੜ ਨਾਲ ਬਣੀਆਂ ਗਰਮਾ ਗਰਮ ਸੇਵੀਆਂ ਖਾਣ ਨਾਲ ਨਜ਼ਲਾ, ਜ਼ੁਕਾਮ ਤੇ ਸਰਦੀ ਤੋਂ ਬਚਿਆ ਜਾਣ ਦਾ ਘਰੇਲੂ ਨੁਸਖ਼ਾ ਹੈ।
Cultural association of jaggery News in punjabi: ਵਾਤਾਵਰਣ ਦੇ ਬਦਲਣ ਨਾਲ ਖਾਣੇ, ਖੇਤੀ ਦੇ ਕੰਮ ਅਤੇ ਫ਼ਸਲੀ ਚੱਕਰ ਵਿਚ ਬਦਲਾਅ ਆਉਣਾ ਕੁਦਰਤੀ ਹੈ । ਇਸ ਵਿਚ ਪੰਜਾਬੀ ਸਭਿਆਚਾਰ ਪੂਰੀ ਤਰ੍ਹਾਂ ਲੀਨ ਹੈ । ਗੰਨੇ ਦੀ ਆਮਦ ਸਦਕਾ ਘੁਲਾੜੀਆਂ ਦੇ ਗੁੜ ਨਾਲ ਖੇਤ ਤੇ ਤੌੜੀ ਵਿਚ ਰਿਝਦੇ ਸਾਗ ਦੀ ਖ਼ੁਸ਼ਬੂ ਨਾਲ ਘਰ ਮਹਿਕਣ ਲਗਦਾ ਹੈ । ਸਾਗ ਤਾਂ ਭਾਵੇਂ ਤੌੜੀ ਵਿਚੋਂ ਨਿਕਲ ਕੇ ਕੂਕਰਾਂ ਵਿਚ ਪਹੁੰਚ ਗਿਆ। ਪਰ ਗੁੜ ਬਣਾਉਣ ਦੇ ਵੱਡੇ ਅਕਾਰੀ ਕਾਰਜ ਕਰ ਕੇ ਅਪਣੀ ਦੇਸੀ ਹੋਂਦ ਬਚਾ ਰੱਖੀ। ਪੁਰਾਣੇ ਸਮੇਂ ਘਰ ਵਿਚ ਮਿੱਠੇ ਦੀ ਵਰਤੋਂ ਲਈ ਗੰਨੇ ਪੀੜ ਕੇ ਗੁੜ ਖ਼ੁਦ ਹੀ ਤਿਆਰ ਕੀਤਾ ਜਾਂਦਾ ਸੀ । ਆਮ ਹੀ ਬੱਚੇ ਗੁੜ ਖਾਣ ਦੀ ਲਾਲਸਾ ਨਾਲ ਘੁਲਾੜੀ ਤੇ ਪਹੁੰਚ ਜਾਂਦੇ। ਅਜਿਹੇ ਮੌਕੇ ਗੰਨੇ ਪੀੜਨ ਜਾਂ ਝੋਕਾ ਲਾਉਣ ਦਾ ਕੰਮ ਹਾਸਾ ਮਜ਼ਾਕ ਵਿਚ ਹੀ ਨਿਬੇੜ ਦਿੰਦੇ ਸਨ।
ਅਜੋਕੇ ਸਮੇਂ ਦੇ ਬੱਚੇ ਗੁੜ ਬਣਨ ਦੀ ਪ੍ਰਕਿਰਿਆ ਤਾਂ ਕੀ ਗੰਨਾ ਚੂਪਣ ਤੋਂ ਵੀ ਅਣਜਾਣ ਹਨ। ਪਰ ਇਸ ਦੀ ਪੇਂਡੂ ਸਭਿਆਚਾਰ ਨਾਲ ਸਦੀਵੀ ਗੂੜ੍ਹੀ ਸਾਂਝ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਪਹਿਲਾਂ ਲੋਕ ਵਿਆਹ ਸ਼ਾਦੀ ਤੇ ਬੱਚੇ ਦੇ ਜਨਮ ਸਮੇਂ ਪਿੰਡ ਵਿਚ ਗੁੜ ਹੀ ਵੰਡਦੇ ਸਨ। ਖ਼ਾਸ ਕਰ ਮੁੰਡੇ ਦੀ ਲੋਹੜੀ ਸਮੇਂ ਪਿੰਡ ਵਿਚ ਗੁੜ ਅਤੇ ਮੂੰਗਫਲੀ ਨੂੰ ਘਰ-ਘਰ ਵੰਡ ਕੇ ਖ਼ੁਸ਼ੀ ਮਨਾਈ ਜਾਂਦੀ ਸੀ। ਇਥੋਂ ਤਕ ਕਿ ਘਰ ਆਏ ਪ੍ਰਾਹੁਣਿਆਂ ਨੂੰ ਦੇਸੀ ਘਿਉ ਵਿਚ ਗੁੜ ਜਾਂ ਸ਼ੱਕਰ ਮਿਲਾ ਕੇ ਖਾਣੇ ਨਾਲ ਪਰੋਸਿਆ ਜਾਂਦਾ ਸੀ। ਖੇਤਾਂ ਵਿਚ ਕੰਮ ਕਰਦੇ ਸ਼ੀਰੀ ਪਾਲੀਆ ਨੂੰ ਖ਼ਾਸ ਕਰ ਹਾੜੀ-ਸਾਉਣੀ ਦੀ ਵਾਢੀ ਸਮੇਂ ਥਕੇਵਾ ਲਾਉਣ ਜਾਂ ਧੂੜ ਮਿੱਟੀ ਤੋਂ ਗਲੇ ਦੀ ਰਾਹਤ ਲਈ ਗੁੜ ਖਾਣ ਨੂੰ ਦਿੰਦੇ। ਸੁਆਣੀਆਂ ਭੜੋਲੀਆਂ ਵਿਚ ਸਾਲ ਭਰ ਦੇ ਮਿੱਠੇ ਲਈ ਗੁੜ ਸਟੋਰ ਕਰ ਲੈਂਦੀਆਂ ਸਨ। ਸਰਦੀਆਂ ਵਿਚ ਗੁੜ ਖਾਣਾ ਕਿਸੇ ਚਵਨਪਰਾਸ਼ ਤੋਂ ਘੱਟ ਨਹੀਂ । ਜਿਥੇ ਇਸ ਨਾਲ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ, ਉਥੇ ਹੀ ਖਾਣਾ ਹਜ਼ਮ ਕਰਨ ਵਿਚ ਮੱਦਦਗਾਰ ਹੈ ।
ਦੇਸੀ ਗੁੜ ਨਾਲ ਬਣੀਆਂ ਗਰਮਾ ਗਰਮ ਸੇਵੀਆਂ ਖਾਣ ਨਾਲ ਨਜ਼ਲਾ, ਜ਼ੁਕਾਮ ਤੇ ਸਰਦੀ ਤੋਂ ਬਚਿਆ ਜਾਣ ਦਾ ਘਰੇਲੂ ਨੁਸਖ਼ਾ ਹੈ। ਜਣੇਪੇ ਬਾਅਦ ਔਰਤ ਨੂੰ ਅਜਵਾਇਣ ਨਾਲ ਗੁੜ ਨਾਲ ਮਿਲਾ ਕੇ ਦੇਣਾ ਵੀ ਲਾਭਕਾਰੀ ਮੰਨਿਆ ਜਾਂਦਾ ਸੀ । ਪਹਿਲਾਂ ਵਾਂਗ ਅੱਜ ਦੇ ਬੱਚਿਆਂ ਵਿਚ ਮਿੱਠਾ ਖਾਣ ਦੀ ਉਹ ਲਲਕ ਨਹੀਂ ਕਿਉਂਕਿ ਮਾਪੇ ਉਨ੍ਹਾਂ ਨੂੰ ਅਸਾਨੀ ਨਾਲ ਟਾਫ਼ੀਆਂ, ਚੋਕਲੇਟ ਦਵਾ ਦਿੰਦੇ ਹਨ ਜਿਸ ਨਾਲ ਦੰਦ ਤਾਂ ਖ਼ਰਾਬ ਹੁੰਦੇ ਹੀ ਹਨ, ਸਿਹਤ ’ਤੇ ਵੀ ਬੁਰਾ ਅਸਰ ਪੈਂਦਾ ਹੈ। ਉਸ ਨਾਲੋਂ ਚੰਗਾ ਹੈ ਕਿ ਇਸ ਦੇਸੀ ਚਾਕਲੇਟ ਭਾਵ ਗੁੜ ਵਿਚ ਮੂੰਗਫਲੀ ਜਾਂ ਸੁੱਕੇ ਮੇਵੇ ਮਿਲਾ ਕੇ ਦਿਤੇ ਜਾਣ ਜੋ ਬੱਚਿਆਂ ਨੂੰ ਤਾਕਤਵਰ ਤੇ ਨਿਰੋਗ ਰੱਖੇਗਾ ਬਾਸ਼ਰਤੇ ਉਹ ਕੈਮੀਕਲ ਰਹਿਤ ਹੋਵੇ।
ਸਰਦੀਆਂ ਵਿਚ ਕੁੜੀਆਂ ਨੂੰ ਸਹੁਰੀ ਜਾਂਦੇ ਸਮੇਂ ਖੋਏ ਜਾਂ ਚੌਲਾਂ ਦੀਆਂ ਪਿੰਨੀਆਂ ਦੇ ਨਾਲ ਅਪਣੇ ਖੇਤਾਂ ਵਿਚੋਂ ਸਾਗ, ਗੰਨੇ ਤੇ ਗੁੜ ਲਿਜਾਣ ਦਾ ਵੀ ਰਿਵਾਜ ਪ੍ਰਚਲਤ ਸੀ। ਪਿੰਡ ਵਿਚ ਘੁਲਾੜੀ ਚਲਣ ਸਮੇਂ ਲੋਕੀ ਸਾਂਝ ਪੁਗਾਉਂਦੇ ਹੋਏ ਪਟਵਾਰੀ ਤੇ ਮਾਸਟਰਾਂ ਨੂੰ ਗੁੜ ਦੀ ਟਿੱਕੀ ਬਣਾ ਕੇ ਦਿੰਦੇ। ਅੱਜ ਦੇ ਵਪਾਰਕ ਯੁੱਗ ਵਿਚ ਸ਼ੁਧ ਗੁੜ ਮਿਲਣਾ ਵੀ ਇਕ ਕਲਪਨਾ ਹੀ ਹੈ। ਉਂਜ ਭਾਵੇਂ ਸੜਕਾਂ ਕਿਨਾਰੇ ਗੁੜ ਬਣਦਾ ਆਮ ਦੇਖ ਸਕਦੇ ਹਾਂ ਪਰ ਉਹ ਦਿਹਾੜੀਦਾਰ ਮਜ਼ਦੂਰਾਂ ਲਈ ਰੋਜ਼ੀ ਰੋਟੀ ਦਾ ਸਾਧਨ ਹੈ। ਉਥੇ ਨਾ ਤਾਂ ਦੋਸਤਾਂ ਦੀ ਆਢਾਣੀਆਂ ਬਹੁੜਦੀਆਂ ਹਨ ਨਾ ਹੀ ਕੋਈ ਚਾਚੇ ਤਾਏ ਮਜ਼ਾਕ ਕਰਦੇ ਨਜ਼ਰੀ ਆਉਂਦੇ ਹਨ।
ਪੰਜਾਬ ਦੇ ਵਿਰਸੇ ਵਿਚਲੀਆਂ ਅਜਿਹੀਆਂ ਵਸਤਾਂ ਬਾਰੇ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣਾ ਲਾਜ਼ਮੀ ਹੈ ਤਾਂ ਜੋ ਸਰਦੀਆਂ ਵਿਚਲੇ ਗੁੜ ਤੇ ਮੂੰਗਫਲੀ ਦੇ ਰਿਸ਼ਤੇ ਵਾਂਗ ਇਹ ਵੀ ਅਪਣੀ ਮਿੱਟੀ ਨਾਲ ਜੁੜੇ ਰਹਿਣ ।
-ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ, ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ, ਮੋਬਾਈਲ:7837490309