
ਗੰਦਗੀ ਹੀ ਮੱਛਰਾਂ ਦੇ ਪੈਦਾ ਹੋਣ ਦਾ ਮੁੱਖ ਕਾਰਨ ਹੈ।
ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਸਾਡੇ ਆਲੇ-ਦੁਆਲੇ ਮੱਛਰ ਅਤੇ ਮੱਖੀਆਂ ਵੱਡੀ ਗਿਣਤੀ ਵਿਚ ਆਉਣ ਲਗਦੀਆਂ ਹਨ। ਮੌਸਮ ਵਿਚ ਲਗਾਤਾਰ ਤਬਦੀਲੀ ਕਾਰਨ ਮੱਛਰ ਪੈਦਾ ਹੋਣ ਲੱਗੇ ਹਨ। ਇਹ ਮੱਛਰ ਮਲੇਰੀਆ ਅਤੇ ਡੇਂਗੂ ਵਰਗੀਆਂ ਖ਼ਤਰਨਾਕ ਬੀਮਾਰੀਆਂ ਫੈਲਾਉਂਦੇ ਹਨ। ਅਜਿਹੇ ਵਿਚ ਸਾਡੇ ਲਈ ਇਨ੍ਹਾਂ ਮੱਛਰਾਂ ਤੋਂ ਸੁਰੱਖਿਅਤ ਰਹਿਣਾ ਜ਼ਰੂਰੀ ਹੈ। ਖ਼ਾਸ ਤੌਰ ’ਤੇ ਘਰ ਦੇ ਛੋਟੇ ਬੱਚਿਆਂ ਨੂੰ ਇਨ੍ਹਾਂ ਮੱਛਰਾਂ ਤੋਂ ਦੂਰ ਰਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਜੇਕਰ ਬੱਚਿਆਂ ਨੂੰ ਇਨ੍ਹਾਂ ਮੱਛਰਾਂ ਨੇ ਕੱਟ ਲਿਆ ਤਾਂ ਉਨ੍ਹਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਹੋ ਸਕਦੀ ਹੈ। ਆਉ ਅੱਜ ਅਸੀਂ ਤੁਹਾਨੂੰ ਦਸਦੇ ਹਾਂ ਕਿ ਤੁਸੀਂ ਅਪਣੇ ਬੱਚਿਆਂ ਨੂੰ ਮੱਛਰਾਂ ਤੋਂ ਬਚਾਉਣ ਲਈ ਕੀ ਕਰ ਸਕਦੇ ਹੋ।
-ਗੰਦਗੀ ਹੀ ਮੱਛਰਾਂ ਦੇ ਪੈਦਾ ਹੋਣ ਦਾ ਮੁੱਖ ਕਾਰਨ ਹੈ। ਇਸ ਲਈ ਜੇਕਰ ਤੁਹਾਡੇ ਘਰ ਦੇ ਆਲੇ-ਦੁਆਲੇ ਗੰਦਗੀ ਜਾਂ ਕੂੜੇ ਦਾ ਢੇਰ ਹੈ ਤਾਂ ਉਸ ਨੂੰ ਅੱਜ ਹੀ ਉੱਥੋਂ ਹਟਾ ਦਿਉ। ਅਪਣੇ ਘਰ ਨੂੰ ਮੱਛਰਾਂ ਤੋਂ ਮੁਕਤ ਬਣਾਉਣ ਲਈ ਅਪਣੇ ਘਰ ਦੇ ਆਲੇ-ਦੁਆਲੇ ਜਮ੍ਹਾਂ ਪਾਣੀ ਅਤੇ ਗੰਦਗੀ ਨੂੰ ਦੂਰ ਕਰੋ। ਵਿਗਿਆਨ ਨੇ ਇਹ ਵੀ ਸਾਬਤ ਕੀਤਾ ਹੈ ਕਿ ਨਿੰਮ ਮਨੁੱਖ ਲਈ ਬਹੁਤ ਫ਼ਾਇਦੇਮੰਦ ਹੈ। ਨਿੰਮ ਦੀ ਵਰਤੋਂ ਆਯੁਰਵੇਦ ਵਿਚ ਵੀ ਕੀਤੀ ਜਾਂਦੀ ਹੈ। ਪੂਰੇ ਸਰੀਰ ’ਤੇ ਨਿੰਮ ਦਾ ਤੇਲ ਲਗਾਉਣ ਨਾਲ ਮੱਛਰ ਤੁਹਾਡੇ ਆਲੇ-ਦੁਆਲੇ ਨਹੀਂ ਆਉਣਗੇ। ਨਾਲ ਹੀ, ਨਿੰਮ ਦੇ ਤੇਲ ਅਤੇ ਨਾਰੀਅਲ ਦੇ ਤੇਲ ਦਾ ਮਿਸ਼ਰਣ ਬਣਾ ਕੇ ਅਪਣੇ ਘਰ ਅੰਦਰ ਛਿੜਕਾਅ ਕਰਨ ਨਾਲ, ਮੱਛਰ ਤੁਹਾਡੇ ਘਰ ਦੇ ਅੰਦਰ ਨਹੀਂ ਆਉਣਗੇ।
-ਨਾਰੀਅਲ ਦੇ ਤੇਲ ਅਤੇ ਨਿੰਮ ਦੇ ਤੇਲ ਦੇ ਮਿਸ਼ਰਣ ਨਾਲ ਦੀਵਾ ਜਗਾਉਣ ਨਾਲ ਆਉਣ ਵਾਲੀ ਮਹਿਕ ਮੱਛਰਾਂ ਨੂੰ ਤੁਹਾਡੇ ਘਰ ਅਤੇ ਤੁਹਾਡੇ ਬੱਚਿਆਂ ਤੋਂ ਦੂਰ ਰੱਖੇਗੀ। ਇਹ ਇਕ ਐਂਟੀ ਬੈਕਟੀਰੀਅਲ, ਐਂਟੀ ਫ਼ੰਗਲ, ਐਂਟੀ ਵਾਇਰਲ ਮਿਸ਼ਰਣ ਹੈ ਜੋ ਮੱਛਰਾਂ ਨੂੰ ਤੁਹਾਡੇ ਸਰੀਰ ਤੋਂ ਦੂਰ ਰਖਦਾ ਹੈ। ਨਾਲ ਹੀ, ਤੁਸੀਂ ਮੱਛਰਾਂ ਤੋਂ ਦੂਰ ਰਹਿਣ ਲਈ ਲੈਵੇਂਡਰ ਦੇ ਖ਼ੁਸਬੂਦਾਰ ਫੁੱਲਾਂ ਦੀ ਵਰਤੋਂ ਕਰ ਸਕਦੇ ਹੋ। ਲਵੈਂਡਰ ਦੇ ਫੁੱਲਾਂ ਦੀ ਤਿੱਖੀ ਖ਼ੁਸ਼ਬੂ ਨਾਲ ਮੱਛਰ ਬੇਵੱਸ ਹੋ ਜਾਂਦੇ ਹਨ। ਤੁਸੀਂ ਰੂਮ ਫ਼ਰੈਸ਼ਨਰ ਦੇ ਤੌਰ ’ਤੇ ਲੈਵੇਂਡਰ ਫ਼ਲਾਵਰ ਤੇਲ ਦੀ ਵਰਤੋਂ ਕਰ ਸਕਦੇ ਹੋ।
- ਲੈਮਨ ਗ੍ਰਾਸ ਇਕ ਅਜਿਹਾ ਪੌਦਾ ਹੈ ਜੋ ਮੱਛਰਾਂ ਨੂੰ ਦੂਰ ਰਖਦਾ ਹੈ। ਲੈਮਨ ਗ੍ਰਾਸ ਦੀ ਵਰਤੋਂ ਲੈਮਨ ਟੀ ਦੇ ਰੂਪ ਵਿਚ ਕੀਤੀ ਜਾਂਦੀ ਹੈ ਪਰ ਜੇਕਰ ਤੁਹਾਡੇ ਘਰ ਦੇ ਘੜੇ ਜਾਂ ਲਾਅਨ ’ਚ ਲੈਮਨ ਗ੍ਰਾਸ ਲਗਾਇਆ ਜਾਵੇ ਤਾਂ ਇਸ ਦੀ ਗੰਧ ਤੁਹਾਡੇ ਘਰ ਦੇ ਆਲੇ-ਦੁਆਲੇ ਮੱਛਰ ਨੂੰ ਦੂਰ ਕਰੇਗੀ ਅਤੇ ਤੁਹਾਡੇ ਬੱਚੇ ਮੱਛਰਾਂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਰਹਿਣਗੇ।