ਹਾਰੇ ਵਿਚ ਕੜ੍ਹਿਆ ਕਾੜ੍ਹਨੀ ਵਾਲਾ ਦੁੱਧ ਵੀ ਹੁੰਦਾ ਸੀ ਸੰਤੁਲਿਤ ਖ਼ੁਰਾਕ
Published : Mar 16, 2021, 3:58 pm IST
Updated : Mar 16, 2021, 3:58 pm IST
SHARE ARTICLE
MILK
MILK

ਚਾਹ ਉਨ੍ਹਾਂ ਸਮਿਆਂ ਵਿਚ ਕਿਸੇ ਟਾਂਵੇ ਟਾਂਵੇ ਘਰ ਹੀ ਬਣਦੀ ਸੀ

ਜੇਕਰ ਹੁਣ ਤੋਂ ਤਿੰਨ ਚਾਰ ਕੁ ਦਹਾਕੇ ਪਹਿਲਾਂ ਦੀ ਗੱਲ ਕਰੀਏ ਉਦੋਂ ਪਿੰਡਾਂ ਵਿਚ ਹਰ ਘਰ ਹੀ ਪਸ਼ੂ ਰੱਖ ਕੇ ਪਾਲਣ ਦਾ ਸ਼ੌਕ ਰਖਦਾ ਸੀ, ਕਿਸੇ ਬਿਜ਼ਨਸ ਕਰ ਕੇ ਨਹੀਂ ਜਿਵੇਂ ਕਿ ਅਜੋਕੇ ਸਮੇਂ ਵਿਚ ਇਹ ਕਾਰਜ ਬਿਜ਼ਨਸ/ਵਪਾਰ ਬਣ ਚੁਕਿਆ ਹੈ। ਨਹੀਂ ਇਸ ਤਰ੍ਹਾਂ ਬਿਲਕੁਲ ਨਹੀਂ ਸੀ, ਹਰ ਘਰ ਦੁਧਾਰੂ ਪਸ਼ੂ ਸਿਰਫ਼ ਤੇ ਸਿਰਫ਼ ਘਰੇ ਦੁੱਧ ਪੀਣ ਲਈ ਅਤੇ ਲੱਸੀ ਮੱਖਣ ਲਈ ਹੀ ਡੰਗਰ ਰਖਦੇ ਸਨ। ਹੱਲ ਵਾਹੀ ਲਈ ਬਲਦ ਜਾਂ ਊਠ ਰੱਖਣ ਦਾ ਰਿਵਾਜ ਵੀ ਸਿਖਰਾਂ ’ਤੇ ਹੁੰਦਾ ਸੀ।ਸਾਰੇ ਘਰ ਦੇ ਆਪੋ-ਅਪਣੇ ਹਿੱਸੇ ਦਾ ਕੰਮ ਅਪਣੇ ਹੱਥੀਂ ਕਰਿਆ ਕਰਦੇ ਸਨ। ਬੀਬੀਆਂ ਭੈਣਾਂ ਨੇ ਪਸ਼ੂ ਡੰਗਰ ਸਾਂਭਣੇ ਤੇ ਵੀਰਾਂ ਨੇ ਖੇਤਾਂ ਦਾ ਸਾਰਾ ਕੰਮ ਧੰਦਾ ਸੰਭਾਲਣਾ। ਜਦੋਂ ਵੀ ਹਾਲੀਆਂ ਨੇ ਖੇਤਾਂ ਵਿਚੋਂ ਘਰ ਆਉਣਾ ਤਾਂ ਆਉਣ ਸਾਰ ਹੀ ਕਾੜ੍ਹਨੀ ਵਾਲੇ ਦੁੱਧ ਦਾ ਕੰਗਣੀ ਵਾਲਾ ਪਿੱਤਲ ਦਾ ਗਲਾਸ ਭਰ ਕੇ ਪੀਣ ਲਈ ਅੱਗੇ ਕਰ ਦੇਣਾ ਤੇ ਨਾਲ ਹੀ ਗੁੜ ਦਾ ਡਲਾ ਫੜਾ ਦੇਣਾ। ਚਾਹ ਉਨ੍ਹਾਂ ਸਮਿਆਂ ਵਿਚ ਕਿਸੇ ਟਾਂਵੇ ਟਾਂਵੇ ਘਰ ਹੀ ਬਣਦੀ ਸੀ।

ਸਵੇਰੇ ਉਠ ਕੇ ਜਦੋਂ ਵੀਰਾਂ ਨੇ ਖੇਤਾਂ ਨੂੰ ਜਾਣ ਦੀ ਤਿਆਰੀ ਕਰਨੀ ਉਦੋਂ ਤੋਂ ਹੀ ਘਰੇਲੂ ਬੀਬੀਆਂ ਨੇ ਧਾਰਾਂ ਕਢਣੀਆਂ, ਪੱਠੇ ਪਾਉਣੇ, ਗੋਹਾ ਕੂੜਾ ਹੱਥੀਂ ਚੁਕਣਾ। ਸਿਆਲ ਹੋਣਾ ਤਾਂ ਪਸ਼ੂਆਂ ਥੱਲੇ ਸੁਕ ਪਾਉਣੀ। ਜੇ ਗਰਮੀ ਦਾ ਮਹੀਨਾ ਹੋਣਾ ਤਾਂ ਮੱਛਰ ਤੋਂ ਬਚਾਉਣ ਲਈ ਧੂਣੀ ਕਰਨੀ ਤਾਕਿ ਪਸ਼ੂਆਂ ਨੂੰ ਮੱਛਰ ਨਾ ਕੱਟੇ। ਮੱਝਾਂ ਅਤੇ ਗਾਈਆਂ ਦੋਵੇਂ ਹੀ ਰਖਦੇ ਸਨ ਕਈ ਕਈ ਘਰ ਤੇ ਕਈ ਘਰ ਇਕੱਲੀਆਂ ਮੱਝਾਂ ਹੀ ਰੱਖਣ ਨੂੰ ਪਹਿਲ ਦਿਆ ਕਰਦੇ ਸਨ। ਧਾਰਾਂ ਕੱਢ ਕੇ ਬੀਬੀਆਂ ਭੈਣਾਂ ਨੇ ਹਾਰੇ ਵਿਚ ਦੁੱਧ ਕੜ੍ਹਨਾ ਧਰ ਦੇਣਾ ਜੋ ਸ਼ਾਮ ਤਕ ਕੜ੍ਹ ਕੜ੍ਹ ਕੇ ਲਾਲ ਹੋ ਜਾਂਦਾ ਸੀ। ਕਈ ਘਰ ਤਾਂ ਸ਼ਾਮ ਨੂੰ ਮੱਝਾਂ ਗਾਂਵਾਂ ਦੀਆਂ ਧਾਰਾਂ ਕੱਢ ਕੇ ਕੱਚਾ ਤੇ ਪੱਕਾ ਮਤਲਬ ਕਾੜ੍ਹਨੀ ਵਾਲਾ ਦੁੱਧ ਅਤੇ ਤਾਜ਼ਾ ਚੋਇਆ ਦੁੱਧ ਰਲਾ ਕੇ ਪੀਂਦੇ ਸਨ ਤੇ ਕਈ ਘਰ ਸਿਰਫ਼ ਕੱਚਾ ਹੀ ਪੀਆ ਕਰਦੇ ਸਨ। ਰੋਟੀ ਤੋਂ ਬਾਅਦ ਸਾਰੇ ਹੀ ਪ੍ਰਵਾਰ ਦੇ ਜੀਆਂ ਨੂੰ ਹਿੱਸੇ ਆਉਂਦਾ ਦੁੱਧ ਮਿਲਦਾ ਸੀ। 

MILKMILK

ਪੜ੍ਹਨ ਗਏ ਬੱਚਿਆਂ ਨੂੰ ਵੀ ਆਉਣ ਸਾਰ ਹੀ ਕਾੜ੍ਹਨੀ ਵਾਲੇ ਦੁੱਧ ਦਾ ਗਲਾਸ ਦਿਤਾ ਜਾਂਦਾ ਰਿਹਾ ਹੈ ਤੇ ਨਾਲ ਹੀ ਗੁੜ ਸਾਰੇ ਖ਼ੁਸ਼ੀ ਨਾਲ ਪੀਂਦੇ ਰਹੇ ਹਨ। ਉਨ੍ਹਾਂ ਸਮਿਆਂ ਵਿਚ ਸਿਹਤ ਪੱਖੋਂ ਪੰਜਾਬ ਵਾਸੀ ਸੱਭ ਤੋਂ ਅੱਗੇ ਭਾਵ ਬਹੁਤ ਵਧੀਆ ਜੁੱਸੇ ਵਾਲੇ ਹੋਇਆ ਕਰਦੇ ਸਨ। ਉਨ੍ਹਾਂ ਸਮਿਆਂ ਵਿਚ ਪਿੰਡਾਂ ’ਚ ਜ਼ਿਆਦਾਤਰ ਡਾਕਟਰ ਨਹੀਂ ਸਨ ਹੋਇਆ ਕਰਦੇ। ਵੈਦ ਹੀ ਜ਼ਿਆਦਾ ਹੁੰਦੇ ਸਨ ਜੋ ਕਈ ਵਾਰ ਕਿਸੇ ਬੀਮਾਰ ਬੱਚੇ ਜਾਂ ਵੱਡੇ ਨੂੰ ਦਵਾਈ ਦੀਆਂ ਪੁੜੀਆਂ ਵੀ ਕਾੜ੍ਹਨੀ ਦੇ ਦੁੱਧ ਨਾਲ ਹੀ ਦੇਣ ਲਈ ਪ੍ਰੇਰਦੇ ਸਨ। ਕਾੜ੍ਹਨੀ ਦੇ ਦੁੱਧ ਉਪਰੋਂ ਮਲਾਈ ਪਾਸੇ ਕਰ ਕੇ ਤੇ ਥੋੜ੍ਹੀ ਜਿਹੀ ਤਰੌਟ ਭਾਵ ਥਿੰਦਾ ਪਨ ਪਾਸੇ ਕਰ ਕੇ ਦਵਾਈ ਦੇਣ ਨਾਲ ਸਰੀਰ ਜਿਥੇ ਤੰਦਰੁਸਤ ਹੋ ਜਾਇਆ ਕਰਦਾ ਸੀ ਉਥੇ ਕੈਸਟਰੋਲ ਵਗ਼ੈਰਾ ਵੀ ਕਦੇ ਨਹੀਂ ਸੀ ਵਧਦਾ। ਵੈਸੇ ਕੈਸਟਰੋਲ ਤਾਂ ਨਵੇਂ ਜ਼ਮਾਨੇ ਦਾ ਹੀ ਸ਼ਬਦ ਹੈ। ਉਦੋਂ ਚਰਬੀ ਨਹੀਂ ਵਧਦੀ ਕਿਹਾ ਜਾਂਦਾ ਰਿਹਾ ਹੈ। ਪੱਕੇ ਭਾਵ ਕਾੜ੍ਹਨੀ ਵਾਲਾ ਦੁੱਧ ਪੀਣ ਦੇ ਹੋਰ ਵੀ ਬਹੁਤ ਫ਼ਾਇਦੇ ਹੋਇਆ ਕਰਦੇ ਸਨ।

ਹਲਕਾ ਕਰ ਕੇ ਇਹ ਪਚ ਵੀ ਜਲਦੀ ਜਾਂਦਾ ਸੀ। ਇਸੇ ਤਰ੍ਹਾਂ ਕੱਚਾ ਤੇ ਪੱਕਾ ਦੁੱਧ ਰਲਾ ਕੇ ਰੋਟੀ ਨਾਲ ਵੀ ਘੁੱਟੋ ਬਾਟੀ ਪੀ ਲਈਦਾ ਸੀ। ਕਦੇ ਕਦੇ ਦੋ ਲੱਤਾਂ ਵਾਲੇ ਬਿੱਲੇ ਵੀ ਦੁੱਧ ਨੂੰ ਰਗੜਾ ਲਾ ਜਾਂਦੇ ਸਨ। ਮਤਲਬ ਕਈ ਵਾਰ ਮੇਰੇ ਵਰਗੇ ਨੇ ਸਕੂਲੋਂ ਆ ਕੇ ਸਿੱਧਾ ਹੀ ਮੂੰਹ ਹੱਥ ਧੋਣ ਤੋਂ ਬਿਨਾਂ ਹੀ ਕਾੜ੍ਹਨੀ ਵਿਚੋਂ ਸਣੇ ਮਲਾਈ ਗਲਾਸ ਭਰ ਕੇ ਪੀ ਕੇ ਮੂੰਹ ਨੂੰ ਸਾਫ਼ ਕਰ ਲੈਣਾ ਤੇ ਫਿਰ ਮੰਨੀਦਾ ਵੀ ਨਹੀਂ ਸੀ ਕਿ ਮੈਂ ਪੀਤਾ ਹੈ। ਹਾਂ ਸੱਚ ਗੁੜ ਦਾ ਡਲਾ ਤਾਂ ਦਰੀ ਦੇ ਝੋਲੇ ਵਿਚ ਹੀ ਰੱਖੀ ਦਾ ਸੀ ਕੋਈ ਮਤਲਬ ਹੀ ਨਹੀਂ ਸੀ ਕਿਸੇ ਨੂੰ ਪਤਾ ਵੀ ਲੱਗ ਜਾਵੇ। ਅਜਿਹੀ ਹੋਇਆ ਕਰਦੀ ਸੀ ਹੱਥ ਦੀ ਸਫ਼ਾਈ। ਉਸੇ ਨੂੰ ਹੀ ਕਹੀਦਾ ਸੀ ਕਿ ਦੋ ਲੱਤਾਂ ਵਾਲਾ ਬਿੱਲਾ ਪੀ ਗਿਆ ਹੋਵੇਗਾ। ਸੋ ਗੱਲ ਤਾਂ ਸਮੇਂ ਸਮੇਂ ਦੀ ਹੁੰਦੀ ਹੈ। ਇਹ ਸਾਰੇ ਸਮੇਂ ਦਾਸ ਨੇ ਵੇਖੇ ਵੀ ਨੇ ਤੇ ਬਿੱਲਾ ਬਣ ਕੇ ਦੁੱਧ ਵੀ ਪੀਂਦੇ ਰਹੇ ਹਾਂ।

person madeperson 

ਕੱਚੀਆਂ ਕੰਧਾਂ ਹੁੰਦੀਆਂ ਸਨ। ਉਨ੍ਹਾਂ ਵਿਚ ਹੀ ਹਾਰੇ ਬਣੇ ਹੁੰਦੇ ਸਨ ਪਰ ਉਸ ਨੂੰ ਬਣਾਉਂਦੀਆਂ ਸਨ ਸਿਆਣੀਆਂ ਸਵਾਣੀਆਂ ਹੀ। ਹਰ ਬੀਬੀ ਭੈਣ ਨੂੰ ਇਹ ਹਾਰੇ ਨਹੀਂ ਸੀ ਬਣਾਉਣੇ ਆਉਂਦੇ। ਅਜੋਕੇ ਸਮਿਆਂ ਵਿਚ ਸਾਡੇ ਵਿਰਸੇ ਤੇ ਅਤੀਤ ਨੂੰ ਅਸੀਂ ਭੁਲਦੇ ਜਾ ਰਹੇ ਹਾਂ ਕਿਉਂਕਿ ਘਰਾਂ ਵਿਚ ਪਸ਼ੂਆਂ ਦੇ ਝੰਜਟ ਤੋਂ ਅਸੀਂ ਡਰਦੇ ਹਾਂ ਤੇ ਮੁੱਲ ਦਾ ਦੁੱਧ ਲੈ ਕੇ ਚਾਹ ਬਣਾਉਣ ਤੇ ਪੀਣ ਲਈ ਵਰਤਦੇ ਹਾਂ। ਕੀ ਸਾਨੂੰ ਅਪਣੇ ਘਰ ਦੇ ਦੁੱਧ ਜਿਹਾ ਉਹ ਮੁੱਲ ਦਾ ਦੁੱਧ ਮਿਲਦਾ ਹੋਵੇਗਾ? ਇਹ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਹੁਣ ਤਾਂ ਲੱਸੀ ਦੇ ਵੀ ਪੈਕਟ ਆ ਰਹੇ ਹਨ ਅਤੇ ਅਸੀਂ ਖ਼ੁਸ਼ੀ ਖ਼ਸ਼ੀ ਉਹ ਵਰਤ ਵੀ ਰਹੇ ਹਾਂ। ਅਬਲਾ ਸਬਲਾ ਖਾਣ ਪੀਣ ਨਾਲ ਅਸੀਂ ਅਪਣੀ ਸਿਹਤ ਨਾਲ ਖਿਲਵਾੜ ਤਾਂ ਕਰਦੇ ਹੀ ਹਾਂ ਸਗੋਂ ਬੇ ਫ਼ਾਇਦਾ ਗੋਗੜਾਂ ਵਧਾ ਰਹੇ ਹਾਂ ਅਤੇ ਡਾਕਟਰਾਂ ਦੇ ਘਰ ਵੀ ਭਰ ਰਹੇ ਹਾਂ।

ਹੱਥੀਂ ਕੰਮ ਕਰਨ ਤੋਂ ਕੰਨੀ ਕਤਰਾਉਣ ਲੱਗ ਪਏ ਹਾਂ, ਹੁਕਮ ਚਲਾਉਂਦੇ ਹਾਂ। ਪਰ ਜੋ ਪੌਸ਼ਟਿਕ ਭੋਜਨ ਦੁੱਧ ਦਹੀਂ ਲੱਸੀ ਪੁਰਾਤਨ ਸਮਿਆਂ ਵਿਚ ਸਨ ਅੱਜ ਅਸੀਂ ਉਸ ਤੋਂ ਵਿਰਵਾ ਹੋ ਗਏ ਹਾਂ, ਭਾਵ ਤਰਸ ਰਹੇ ਹਾਂ। ਉਹ ਗੱਲ ਵਖਰੀ ਹੈ ਕੋਈ ਮੰਨੇ ਭਾਵੇਂ ਨਾ ਮੰਨੇ ਇਹ ਹਕੀਕੀ ਗੱਲਾਂ ਨੇ। ਕੋਈ ਵੱਡੀ ਗੱਲ ਨਹੀਂ ਜੇਕਰ ਚਾਹੀਏ ਤਾਂ ਹੁਣ ਵੀ ਇਕ ਇਕ ਦੁਧਾਰੂ ਪਸ਼ੂ ਆਪਾਂ ਘਰਾਂ ਵਿਚ ਰੱਖ ਸਕਦੇ ਹਾਂ, ਪਰ ਕੰਮ ਹੱਥੀਂ ਕੌਣ ਕਰੇ? ਇਥੇ ਆ ਕੇ ਹੀ ਅਸੀ ਮਾਰ ਖਾ ਜਾਂਦੇ ਹਾਂ। ਸਮੇਂ ਨਾਲ ਬਦਲਣਾ ਹਰ ਇਨਸਾਨ ਲਈ ਬਿਲਕੁਲ ਜ਼ਰੂਰੀ ਹੈ,ਪਰ ਅਪਣੀ ਸਿਹਤ ਦਾ ਖ਼ਿਆਲ ਤਾਂ ਖ਼ੁਦ ਆਪਾਂ ਆਪ ਹੀ ਰੱਖਣਾ ਹੈ ਇਹ ਕਿਸੇ ਤੀਜੇ ਨੇ ਆ ਕੇ ਨਹੀਂ ਰਖਣਾ। ਡੁੱਲ੍ਹੇ ਬੇਰਾਂ ਦਾ ਹਾਲੇ ਵੀ ਕੁੱਝ ਨਹੀਂ ਵਿਗਾੜਿਆ ਕੋਸ਼ਿਸ਼ ਕਰੇ ਇਨਸਾਨ ਤਾਂ ਮਦਦ ਕਰਦੈ ਭਗਵਾਨ।

(ਜਸਵੀਰ ਸਰਮਾਂ ਦੱਦਾਹੂਰ, ਸ੍ਰੀ ਮੁਕਤਸਰ ਸਾਹਿਬ
95691-49556 )   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement