
Health News: ਘੜੇ ਦਾ ਪਾਣੀ ਪੀਣ ਨਾਲ ਪਾਚਣ ਪ੍ਰਕਿਰਿਆ ਦਰੁਸਤ ਰਹਿੰਦੀ ਹੈ।
Clay pots are boon for human health News: ਸਖ਼ਤ ਗਰਮੀ ਅਤੇ ਤੇਜ਼ ਧੁੱਪ ਕਾਰਨ ਜ਼ਿਆਦਾਤਰ ਘਰਾਂ ਵਿਚ ਫ਼ਰਿਜ ਦਾ ਪਾਣੀ ਪੀਣ ਲਈ ਵਰਤਿਆ ਜਾ ਰਿਹਾ ਹੈ, ਜਦਕਿ ਜ਼ਿਆਦਾ ਠੰਡਾ ਪਾਣੀ ਕਈ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਅਜਿਹੇ ਵਿਚ ਪਿਆਸ ਬੁਝਾਉਣ ਲਈ ਘੜੇ ਦਾ ਠੰਡਾ ਪਾਣੀ ਪੀਣਾ ਚਾਹੀਦਾ ਹੈ। ਠੰਡਾ ਹੋਣ ਦੇ ਨਾਲ-ਨਾਲ ਇਹ ਪਿਆਸ ਵੀ ਬੁਝਾਉਂਦਾ ਹੈ, ਜਦਕਿ ਇਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਦੂਰ ਰਖਦਾ ਹੈ। ਗਰਮੀਆਂ ਦੇ ਮੌਸਮ ਵਿਚ ਘੜੇ ਦਾ ਪਾਣੀ ਪੀਣ ਦੇ ਬਹੁਤ ਸਾਰੇ ਫ਼ਾਇਦੇ ਹਨ।
ਭਾਵੇਂ ਜ਼ਮਾਨਾ ਬਹੁਤ ਤਰੱਕੀ ਕਰ ਗਿਆ ਹੈ ਪਰ ਫਿਰ ਵੀ ਕੁੱਝ ਚੀਜ਼ਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਮਿੱਟੀ ਦੇ ਘੜੇ ਗਰਮੀਆਂ ਦੇ ਦਿਨਾਂ ’ਚ ਅੱਜ ਵੀ ਘਰਾਂ ਦਾ ਸ਼ਿੰਗਾਰ ਬਣਦੇ ਹਨ, ਕਿਉਂਕਿ ਇਨ੍ਹਾਂ ’ਚ ਪਾਣੀ ਕੁਦਰਤੀ ਤੌਰ ’ਤੇ ਠੰਢਾ ਰਹਿੰਦਾ ਹੈ। ਘੜੇ ਦੇ ਪਾਣੀ ’ਚੋਂ ਆਉਂਦੀ ਮਿੱਟੀ ਦੀ ਖ਼ੁਸ਼ਬੋ ਮਨ ਨੂੰ ਵਖਰਾ ਹੀ ਆਨੰਦ ਦਿੰਦੀ ਹੈ। ਹੁਣ ਤਾਂ ਡਾਕਟਰ ਵੀ ਪਾਣੀ ਮਿੱਟੀ ਦੇ ਘੜੇ ਦਾ ਹੀ ਪੀਣ ਦੀ ਸਲਾਹ ਦਿੰਦੇ ਹਨ, ਕਿਉਂਕਿ ਘੜੇ ਵਿਚ ਪਾਣੀ ਉਂਨਾ ਹੀ ਠੰਢਾ ਹੁੰਦਾ ਹੈ, ਜਿੰਨਾ ਸਾਡੇ ਸਰੀਰ ਅਤੇ ਗਲੇ ਲਈ ਵਧੀਆ ਹੁੰਦਾ ਹੈ, ਨਾ ਤਾਂ ਜ਼ਿਆਦਾ ਠੰਢਾ ਤੇ ਨਾ ਜ਼ਿਆਦਾ ਗਰਮ। ਇਹੀ ਕਾਰਨ ਹੈ, ਜਿਸ ਕਾਰਨ ਅਸੀਂ ਘੜੇ ਦਾ ਪਾਣੀ ਪੀਣ ਨਾਲ ਬਿਮਾਰ ਨਹੀ ਹੁੰਦੇ, ਸਗੋਂ ਤੰਦਰੁਸਤ ਅਰਥਾਤ ਊਰਜਾ ਮਹਿਸੂਸ ਕਰਦੇ ਹਾਂ।
ਕਈ ਬਿਮਾਰੀਆਂ ਨੂੰ ਦੂਰ ਕਰਨ ਦੀ ਹੁੰਦੀ ਹੈ ਸਮਰੱਥਾ : ਘੜੇ ਦੇ ਪਾਣੀ ’ਚ ਪੇਟ ਦੀਆਂ ਕਈ ਬਿਮਾਰੀਆਂ ਦੂਰ ਕਰਨ ਦੀ ਸਮਰੱਥਾ ਹੁੰਦੀ ਹੈ। ਘੜੇ ਦਾ ਪਾਣੀ ਪੀਣ ਨਾਲ ਪਾਚਣ ਪ੍ਰਕਿਰਿਆ ਦਰੁਸਤ ਰਹਿੰਦੀ ਹੈ। ਘੜੇ ਦੇ ਪਾਣੀ ਦਾ ਤਾਪਮਾਨ ਠੀਕ ਹੁੰਦਾ ਹੈ, ਜਿਸ ਨਾਲ ਖੰਘ-ਜੁਕਾਮ ਦੂਰ ਰਹਿੰਦਾ ਹੈ। ਘੜੇ ਦੇ ਪਾਣੀ ਨਾਲ ਕੈਂਸਰ ਵਰਗੀ ਬੀਮਾਰੀ ਦਾ ਖ਼ਤਰਾ ਘੱਟ ਜਾਂਦਾ ਹੈ। ਇਸ ਦੇ ਪਾਣੀ ਨਾਲ ਸਰੀਰ ਦਾ ਪੀ.ਐਚ. ਬੈਲੰਸ ਰਹਿੰਦਾ ਹੈ, ਜਿਸ ਕਰ ਕੇ ਸਰੀਰ ਕਈ ਦਿੱਕਤਾਂ ਤੋਂ ਬਚਿਆ ਰਹਿੰਦਾ ਹੈ। ਗਰਮੀਆਂ ਵਿਚ ਦਮੇ ਦੇ ਮਰੀਜ਼ਾਂ ਲਈ ਘੜੇ ਦਾ ਪਾਣੀ ਫ਼ਾਇਦੇਮੰਦ ਹੁੰਦਾ ਹੈ।
ਇਹ ਵੀ ਪੜ੍ਹੋ: Haj Pilgrims News: ਸਾਊਦੀ ਅਰਬ 'ਚ ਗਰਮੀ ਦਾ ਕਹਿਰ ਜਾਰੀ, ਹੁਣ ਤੱਕ 1300 ਤੋਂ ਵੱਧ ਹਜ ਯਾਤਰੀਆਂ ਦੀ ਗਈ ਜਾਨ
ਘੜੇ ਦਾ ਪਾਣੀ ਡਾਇਰੀਆ ਅਤੇ ਪੀਲੀਏ ਵਰਗੀਆਂ ਬਿਮਾਰੀਆਂ ਨੂੰ ਜਨਮ ਦੇਣ ਵਾਲੇ ਕੀਟਾਣੂਆਂ ਨੂੰ ਖ਼ਤਮ ਕਰ ਦਿੰਦਾ ਹੈ। ਘੜੇ ਦਾ ਪਾਣੀ ਕੁਦਰਤੀ ਤੌਰ ’ਤੇ ਠੰਢਾ ਹੁੰਦਾ ਹੈ, ਜਿਸ ਕਰਕੇ ਸਰੀਰ ’ਚ ਸੋਜ ਤੇ ਦਰਦ ਦੀ ਸਮੱਸਿਆ ਨਹੀਂ ਹੁੰਦੀ। ਘੜੇ ਦਾ ਪਾਣੀ ਪੀਣ ਨਾਲ ਕਬਜ਼ ਨਹੀਂ ਹੁੰਦੀ। ਆਯੁਰਵੈਦ ਵਿਚ ਦਿਲਚਸਪੀ ਰੱਖਣ ਵਾਲੇ ਮਾਹਰਾਂ ਮੁਤਾਬਕ ਮਿੱਟੀ ਨਾਲ ਬਣੇ ਘੜੇ ਦਾ ਪਾਣੀ ਬੇਹੱਦ ਲਾਭਦਾਇਕ ਮੰਨਿਆ ਜਾਂਦਾ ਹੈ। ਜ਼ਮੀਨ ’ਚ ਬਹੁਤ ਸਾਰੇ ਵਿਟਾਮਿਨ ਅਤੇ ਖਣਿਜ ਪਦਾਰਥ ਮਿਲਦੇ ਹਨ, ਜਿਸ ਕਾਰਨ ਮਿੱਟੀ ਨਾਲ ਬਣੇ ਘੜੇ ਦੇ ਪਾਣੀ ਨੂੰ ਪੀਣ ਨਾਲ ਸਿਹਤ ਨੂੰ ਫ਼ਾਇਦੇ ਮਿਲਦੇ ਹਨ।
ਆਸਾਨੀ ਨਾਲ ਮਿਲ ਜਾਂਦੇ ਹਨ ਮਿੱਟੀ ਦੇ ਘੜੇ : ਗਰਮੀਆਂ ਵਿਚ ਖ਼ਾਸ ਕਰ ਕੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ, ਕਿਉਂਕਿ ਇਸ ’ਚ ਪਾਣੀ ਬਹੁਤ ਠੰਢਾ ਰਹਿੰਦਾ ਹੈ। ਮਿੱਟੀ ਦੇ ਇਹ ਘੜੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਲਗਭਗ 100 ਰੁਪਏ ਦੀ ਕੀਮਤ ਵਿਚ ਆਮ ਮਿਲ ਜਾਂਦੇ ਹਨ, ਹੁਣ ਤਾਂ ਘੜੇ ਹੋਰ ਵੀ ਸੋਹਣੇ ਬਣਾ ਦਿਤੇ ਗਏ ਹਨ, ਵਾਟਰ ਕੂਲਰ ਵਾਂਗੂ ਘੜਿਆਂ ਦੇ ਟੂਟੀਆਂ ਲਾ ਦਿਤੀਆਂ ਗਈਆਂ ਹਨ ਤੇ ਪਾਣੀ ਪੀਣਾ ਹੋਰ ਵੀ ਸੋਖਾ ਹੋ ਗਿਆ ਹੈ। ਘੜੇ ਬਣਾਉਣ ਦਾ ਕੰਮ ਘੁਮਿਆਰ ਬਰਾਦਰੀ ਨਾਲ ਸਬੰਧਤ ਲੋਕ ਕਰਦੇ ਹਨ ਪਰ ਹੁਣ ਤਾਂ ਇਸ ਬਰਾਦਰੀ ਨਾਲ ਸਬੰਧਤ ਲੋਕਾਂ ’ਚੋਂ ਬਹੁਤੇ ਇਹ ਧੰਦਾ ਬਿਲਕੁਲ ਛੱਡ ਚੁੱਕੇ ਹਨ।
ਇਹ ਵੀ ਪੜ੍ਹੋ: India News: ਦੇਸ਼ ਦੇ ਮੱਥੇ 'ਤੇ ਕਲੰਕ ਹਨ ਬਲਾਤਕਾਰ, ਰਾਜਧਾਨੀ ਦਿੱਲੀ ਅੰਦਰ ਸਾਲ 2021 ਦੌਰਾਨ ਦਰਜ ਕੀਤੇ ਗਏ 2076 ਮਾਮਲੇ
ਧਰਤੀ ਕਈ ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ : ਧਰਤੀ ਕਈ ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਹੈ ਅਤੇ ਮਿੱਟੀ ਦੇ ਬਰਤਨ ਵਿਚ ਉਹੀ ਗੁਣ ਹਨ, ਜੋ ਧਰਤੀ ਵਿਚ ਪਾਏ ਜਾਂਦੇ ਹਨ। ਸਾਡੇ ਪੁਰਖਿਆਂ ਨੂੰ ਮਿੱਟੀ ਦੇ ਭਾਂਡਿਆਂ ਵਿਚ ਪਾਈਆਂ ਜਾਂਦੀਆਂ ਵਿਸ਼ੇਸ਼ਤਾਵਾਂ ਬਾਰੇ ਪਤਾ ਸੀ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਮਿੱਟੀ ਦੇ ਬਰਤਨ ਅਪਣਾਏ। ਹੁਣ ਵੀ ਕੁਝ ਪਰਿਵਾਰ ਇਸ ਰਵਾਇਤ ਦਾ ਪਾਲਣ ਕਰਦੇ ਹਨ ਅਤੇ ਫਰਿਜ ਦੀ ਬਜਾਏ ਮਿੱਟੀ ਦੇ ਬਰਤਨ ਵਿਚ ਪਾਣੀ ਰਖਣਾ ਅਤੇ ਉਸੇ ਤਰ੍ਹਾਂ ਪੀਣਾ ਪਸੰਦ ਕਰਦੇ ਹਨ। ਇਹ ਇਸ ਲਈ ਹੈ, ਕਿਉਂਕਿ ਇਨ੍ਹਾਂ ਬਰਤਨਾਂ ਵਿਚ ਕੁਦਰਤੀ ਅਤੇ ਸਿਹਤਮੰਦ ਗੁਣ ਹੁੰਦੇ ਹਨ। ਮਿੱਟੀ ਕੁਦਰਤ ਵਿੱਚ ਖਾਰੀ ਹੈ, ਇਸ ਲਈ ਇਹ ਸਰੀਰ ਵਿੱਚ ਸੰਤੁਲਨ ਬਣਾਈ ਰੱਖਣ ਵਿੱਚ ਸਹਾਇਤਾ ਕਰਦੀ ਹੈ। ਇਹ ਇਸ ਲਈ ਹੈ, ਕਿਉਂਕਿ ਮਨੁੱਖ ਦਾ ਸਰੀਰ ਕੁਦਰਤ ਵਿੱਚ ਤੇਜਾਬੀ ਹੋਣ ਲਈ ਜਾਣਿਆ ਜਾਂਦਾ ਹੈ। ਖਾਰੀ ਮਿੱਟੀ ਫਿਰ ਤੇਜਾਬੀ ਪਾਣੀ ਨਾਲ ਪ੍ਰਤੀਕਿ੍ਰਆ ਕਰਦੀ ਹੈ। ਇਸ ਲਈ ਸਹੀ ਸੰਤੁਲਨ ਬਣ ਜਾਂਦਾ ਹੈ। ਇਸ ਲਈ ਪੀਣਯੋਗ ਪਾਣੀ ਪੀਣ ਨਾਲ ਐਸਿਡਿਟੀ ਅਤੇ ਪੇਟ ਦੇ ਦਰਦ ਤੋਂ ਰਾਹਤ ਮਿਲਦੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਘੜੇ ਦੀ ਥਾਂ ਪਲਾਸਟਿਕ ਅਤੇ ਸਟੀਲ ਦੀਆਂ ਬੋਤਲਾਂ ਨੇ ਲੈ ਲਈ : ਸਿਹਤ ਨੂੰ ਬਿਹਤਰ ਰੱਖਣ ਲਈ ਪਾਣੀ ਪੀਣਾ ਬਹੁਤ ਜਰੂਰੀ ਹੈ। ਕੁਝ ਲੋਕ ਪਲਾਸਟਿਕ ਦੀ ਬੋਤਲ ਤੋਂ ਪਾਣੀ ਪੀਣਾ ਪਸੰਦ ਕਰਦੇ ਹਨ ਅਤੇ ਕੁਝ ਸਟੀਲ ਦੀ ਬੋਤਲ ਵਰਤਦੇ ਹਨ। ਕਈਆਂ ਨੂੰ ਤਾਂਬੇ ਦੇ ਭਾਂਡੇ ਚੰਗੇ ਲੱਗਦੇ ਹਨ, ਜਦਕਿ ਕੁਝ ਲੋਕਾਂ ਨੂੰ ਮਿੱਟੀ ਦੇ ਘੜੇ ’ਚੋਂ ਪਾਣੀ ਪੀਣਾ ਚੰਗਾ ਲੱਗਦਾ ਹੈ। ਪਹਿਲਾਂ ਜ਼ਿਆਦਾਤਰ ਲੋਕ ਤਾਂਬੇ ਜਾਂ ਮਿੱਟੀ ਦੇ ਭਾਂਡਿਆਂ ਵਿਚ ਪਾਣੀ ਪੀਣ ਨੂੰ ਪਹਿਲ ਦਿੰਦੇ ਸਨ। ਅੱਜ-ਕੱਲ੍ਹ ਇਨ੍ਹਾਂ ਦੀ ਵਰਤੋਂ ਘੱਟ ਹੀ ਦੇਖਣ ਨੂੰ ਮਿਲਦੀ ਹੈ। ਹੁਣ ਕੁਝ ਲੋਕ ਹੀ ਘੜੇ ਦਾ ਪਾਣੀ ਪੀਂਦੇ ਹਨ। ਕਿਉਂਕਿ ਹੁਣ ਘੜੇ ਦੀ ਥਾਂ ਪਲਾਸਟਿਕ ਅਤੇ ਸਟੀਲ ਦੀਆਂ ਬੋਤਲਾਂ ਨੇ ਲੈ ਲਈ ਹੈ।
ਮਿੱਟੀ ਦੇ ਘੜੇ ਦਾ ਪਾਣੀ ਦਿੰਦਾ ਹੈ ਕੁਦਰਤੀ ਠੰਢਕ : ਮਿੱਟੀ ਦੇ ਘੜੇ ਵਿਚ ਪਾਣੀ ਰੱਖਣ ਨਾਲ ਪਾਣੀ ਹਮੇਸ਼ਾ ਠੰਢਾ ਰਹਿੰਦਾ ਹੈ। ਗਰਮੀਆਂ ਦੇ ਮੌਸਮ ਵਿਚ ਘੜੇ ਦਾ ਪਾਣੀ ਪੀਣ ਨਾਲ ਸਰੀਰ ਦਾ ਤਾਪਮਾਨ ਕੰਟਰੋਲ ਵਿਚ ਰਹਿੰਦਾ ਹੈ ਅਤੇ ਮਿਹਦੇ ਦੀ ਗਰਮੀ ਤੋਂ ਵੀ ਬਚਿਆ ਜਾ ਸਕਦਾ ਹੈ। ਮਿੱਟੀ ਦੇ ਘੜੇ ਵਿਚ ਰੱਖੇ ਪਾਣੀ ਦਾ ਇਕ ਵਖਰਾ ਹੀ ਸੁਆਦ ਹੁੰਦਾ ਹੈ। ਘੜੇ ਦੀ ਪੋਰਸ ਪ੍ਰਕਿਰਤੀ ਪਾਣੀ ’ਚੋਂ ਅਸ਼ੁਧੀਆਂ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਫਿਲਟਰ ਕਰਦੀ ਹੈ। ਇਹੀ ਕਾਰਨ ਹੈ ਕਿ ਘੜੇ ਦਾ ਪਾਣੀ ਬਹੁਤ ਸਾਫ਼ ਅਤੇ ਸ਼ੁਧ ਹੁੰਦਾ ਹੈ। ਮਿੱਟੀ ਦੇ ਭਾਂਡੇ ਰਸਾਇਣ ਮੁਕਤ ਹੁੰਦੇ ਹਨ, ਇਸ ਲਈ ਇਹ ਸਿਹਤ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ।
-ਗੁਰਿੰਦਰ ਸਿੰਘ (ਕੋਟਕਪੂਰਾ)
(For more Punjabi news apart from Clay pots are boon for human health News, stay tuned to Rozana Spokesman)