
ਟਵਿਟਰ ਖਰੀਦਣ ਤੋਂ ਕੁਝ ਦਿਨ ਬਾਅਦ ਹੀ ਐਲਨ ਮਸਕ ਨੇ ਵੱਡਾ ਐਲਾਨ ਕੀਤਾ ਹੈ।
ਨਵੀਂ ਦਿੱਲੀ: ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਦੀ ਹੋ ਗਈ ਹੈ। ਦੁਨੀਆ ਵਿਚ ਟਵਿਟਰ ਦੇ ਕਰੋੜਾਂ ਉਪਭੋਗਤਾ ਹਨ। ਟਵਿਟਰ ਦੀ ਕਮਾਨ ਸੰਭਾਲਣ ਤੋਂ ਬਾਅਦ ਐਲਨ ਮਸਕ ਲਗਾਤਾਰ ਚਰਚਾ ਵਿਚ ਹਨ ਅਤੇ ਉਹ ਟਵਿਟਰ ’ਤੇ ਲਗਾਤਾਰ ਸਰਗਰਮ ਰਹਿੰਦੇ ਹਨ। ਟਵਿਟਰ ਖਰੀਦਣ ਤੋਂ ਕੁਝ ਦਿਨ ਬਾਅਦ ਹੀ ਐਲਨ ਮਸਕ ਨੇ ਵੱਡਾ ਐਲਾਨ ਕੀਤਾ ਹੈ।
ਇਸ ਕਾਰਨ ਭਵਿੱਖ ਵਿਚ ਟਵਿੱਟਰ ਦੀ ਵਰਤੋਂ ਕਰਨ ਲਈ ਪੈਸੇ ਦਾ ਭੁਗਤਾਨ ਕਰਨ ਦੀ ਸੰਭਾਵਨਾ ਹੈ। ਐਲਨ ਮਸਕ ਨੇ ਕਿਹਾ ਹੈ ਕਿ ਵਪਾਰਕ ਅਤੇ ਸਰਕਾਰੀ ਉਪਭੋਗਤਾਵਾਂ ਨੂੰ ਇਸ ਲਈ ਕੁਝ ਕੀਮਤ ਚੁਕਾਉਣੀ ਪੈ ਸਕਦੀ ਹੈ। ਮਸਕ ਨੇ ਕਿਹਾ ਹੈ ਕਿ ਇਹ ਪਲੇਟਫਾਰਮ ਆਮ ਉਪਭੋਗਤਾਵਾਂ ਲਈ ਹਮੇਸ਼ਾ ਮੁਫ਼ਤ ਰਹੇਗਾ।ਐਲਨ ਮਸਕ ਨੇ ਟਵੀਟ ਕੀਤਾ, “ਟਵਿਟਰ ਹਮੇਸ਼ਾ ਆਮ ਯੂਜ਼ਰ ਲਈ ਮੁਫ਼ਤ ਰਹੇਗਾ ਪਰ ਵਪਾਰਕ ਅਤੇ ਸਰਕਾਰੀ ਯੂਜ਼ਰਜ਼ ਨੂੰ ਇਸ ਦੇ ਲਈ ਛੋਟੀ ਜਿਹੀ ਕੀਮਤ ਅਦਾ ਕਰਨੀ ਪੈ ਸਕਦੀ ਹੈ”।
ਐਲਨ ਮਸਕ ਪਹਿਲਾਂ ਹੀ ਟਵਿਟਰ 'ਚ ਬਦਲਾਅ ਬਾਰੇ ਸੰਕੇਤ ਦੇ ਚੁੱਕੇ ਹਨ। ਉਹਨਾਂ ਨੇ ਟਵਿਟਰ 'ਚ ਐਡਿਟ ਬਟਨ ਦੇਣ ਦਾ ਵੀ ਜ਼ਿਕਰ ਕੀਤਾ। ਉਹ ਟਵਿਟਰ ਦਾ ਪ੍ਰਬੰਧਨ ਵੀ ਬਦਲ ਸਕਦੇ ਹਨ। ਐਲਨ ਮਸਕ ਲੰਬੇ ਸਮੇਂ ਤੋਂ ਟਵਿਟਰ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਉਹਨਾਂ ਦੀ ਗੱਲ ਨਹੀਂ ਬਣ ਸਕੀ। ਕੁਝ ਵਿਵਾਦਾਂ ਤੋਂ ਬਾਅਦ 25 ਅਪ੍ਰੈਲ ਨੂੰ ਐਲਨ ਮਸਕ ਅਤੇ ਟਵਿਟਰ ਵਿਚਕਾਰ ਇਕ ਸੌਦਾ ਹੋਇਆ ਅਤੇ ਉਹਨਾਂ ਟਵਿੱਟਰ ਨੂੰ ਖਰੀਦ ਲਿਆ। ਉਹਨਾਂ ਨੇ ਟਵਿਟਰ ਨੂੰ 44 ਬਿਲੀਅਨ ਡਾਲਰ ਵਿਚ ਖਰੀਦਿਆ ਹੈ।