
ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਰੂਸ 'ਚ ਆਪਣੇ ਫੋਨ ਅਤੇ ਚਿਪ ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਹੈ।
ਨਵੀਂ ਦਿੱਲੀ: ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਰੂਸ 'ਚ ਆਪਣੇ ਫੋਨ ਅਤੇ ਚਿਪ ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਇਸ ਗੁੰਝਲਦਾਰ ਸਥਿਤੀ 'ਤੇ ਨਜ਼ਰ ਰੱਖੇਗੀ ਅਤੇ ਉਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ। ਦੱਖਣੀ ਕੋਰੀਆ ਦਾ ਸੈਮਸੰਗ ਰੂਸ ਵਿਚ ਸਭ ਤੋਂ ਵੱਧ ਵਿਕਣ ਵਾਲਾ ਸਮਾਰਟਫੋਨ ਬ੍ਰਾਂਡ ਹੈ। ਇਸ ਤੋਂ ਬਾਅਦ ਸਭ ਤੋਂ ਵੱਧ ਵਿਕਰੀ ਚੀਨ ਦੀ ਸ਼ਿਓਮੀ ਅਤੇ ਅਮਰੀਕਾ ਦੀ ਐਪਲ ਦੀ ਹੁੰਦੀ ਹੈ
ਕੰਪਨੀ ਨੇ ਨਾ ਸਿਰਫ ਰੂਸ ਵਿਚ ਆਪਣੇ ਸਮਾਨ ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਹੈ ਸਗੋਂ ਇਹ ਵੀ ਕਿਹਾ ਹੈ ਕਿ ਉਹ ਯੂਕਰੇਨ ਵਿਚ ਚੱਲ ਰਹੇ ਮਨੁੱਖੀ ਰਾਹਤ ਕਾਰਜਾਂ ਵਿਚ ਸਹਾਇਤਾ ਲਈ 6 ਮਿਲੀਅਨ ਡਾਲਰ ਦੀ ਮਦਦ ਕਰੇਗੀ। ਇਸ ਵਿਚ ਕਰਮਚਾਰੀਆਂ ਦੇ ਨਾਲ-ਨਾਲ ਇਲੈਕਟ੍ਰੋਨਿਕਸ ਤੋਂ ਇਕੱਠੇ ਕੀਤੇ ਪੈਸੇ ਵੀ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮਾਈਕ੍ਰੋਸਾਫਟ ਨੇ ਰੂਸ 'ਚ ਆਪਣੇ ਸਾਮਾਨ ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਸੀ।
ਹਰਮੇਸ, ਕੇਰਿੰਗ ਅਤੇ ਚੈਨਲ ਵਰਗੀਆਂ ਲਗਜ਼ਰੀ ਚੀਜ਼ਾਂ ਬਣਾਉਣ ਵਾਲੀਆਂ ਕਈ ਫਰਾਂਸੀਸੀ ਕੰਪਨੀਆਂ ਨੇ ਵੀ ਰੂਸ ਵਿਚ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਕਾਰਲਸਬਰਗ ਬੀਅਰ ਬਣਾਉਣ ਵਾਲੀ ਡੈਨਿਸ਼ ਕੰਪਨੀ ਨੇ ਵੀ ਰੂਸ ਨੂੰ ਨਿਰਯਾਤ ਰੋਕ ਦਿੱਤਾ ਹੈ।