
ਸਿਰਫ਼ ਭਾਰਤ ਵਿਚ ਹੀ ਨਹੀਂ, ਸਗੋਂ ਯੂਏਈ, ਸ੍ਰੀਲੰਕਾ, ਨੇਪਾਲ ਅਤੇ ਪਾਕਿਸਤਾਨ ਵਿਚ ਵੀ ਹੈ ਨੈੱਟਵਰਕ
ਮੁੰਬਈ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ ਮਾਮਲੇ ਵਿਚ ਅਭਿਨੇਤਾ ਰਣਬੀਰ ਕਪੂਰ ਨੂੰ ਸੰਮਨ ਭੇਜਿਆ ਹੈ, ਜਿਸ ਤੋਂ ਬਾਅਦ ਇਸ ਕੰਪਨੀ ਨੂੰ ਲੈ ਕੇ ਚਰਚਾ ਹੈ। ਇਸ ਕੰਪਨੀ 'ਤੇ ਮਨੀ ਲਾਂਡਰਿੰਗ ਦਾ ਦੋਸ਼ ਹੈ। ਇਸ ਮਾਮਲੇ 'ਚ ਰਣਬੀਰ ਤੋਂ ਇਲਾਵਾ ਸ਼ਰਧਾ ਕਪੂਰ, ਹਿਨਾ ਖਾਨ, ਕਪਿਲ ਸ਼ਰਮਾ ਅਤੇ ਹੁਮਾ ਕੁਰੈਸ਼ੀ ਨੂੰ ਵੀ ਸੰਮਨ ਭੇਜਿਆ ਗਿਆ ਹੈ। ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ ਅਸਲ ਵਿਚ ਕੀ ਹੈ, ਅਤੇ ਇਸ ਦੇ ਪ੍ਰਮੋਟਰ ਕੌਣ ਹਨ? ਛੱਤੀਸਗੜ੍ਹ ਵਿਚ ਇਕ ਜੂਸ ਅਤੇ ਟਾਇਰ ਦੀ ਦੁਕਾਨ ਦਾ ਮਾਲਕ ਇਕ ਵੱਡੇ ਸੱਟੇਬਾਜ਼ੀ ਰੈਕੇਟ ਦਾ ਸਰਗਨਾ ਕਿਵੇਂ ਬਣਿਆ? ਇਸ ਬਾਰੇ ਵਿਸਥਾਰ ਵਿਚ ਜਾਣਦੇ ਹਾਂ।
ਅਪਣੇ ਵਿਆਹ ਨੂੰ ਲੈ ਕੇ ਸੁਰਖੀਆਂ ਵਿਚ ਆਇਆ ਸੀ ਸੌਰਭ ਚੰਦਰਾਕਰ
ਕਾਲੇ ਧਨ ਦੇ ਮਾਸਟਰਮਾਈਂਡ ਸੌਰਭ ਚੰਦਰਾਕਰ ਅਤੇ ਰਵੀ ਉੱਪਲ ਆਨਲਾਈਨ ਸੱਟੇਬਾਜ਼ੀ ਦੀ ਸ਼ੱਕੀ ਦੁਨੀਆ ਦੇ ਦੋ ਵੱਡੇ ਨਾਂਅ ਹਨ। ਉਨ੍ਹਾਂ ਦਾ ਨੈੱਟਵਰਕ ਸਿਰਫ਼ ਭਾਰਤ ਵਿਚ ਹੀ ਨਹੀਂ, ਸਗੋਂ ਯੂਏਈ, ਸ੍ਰੀਲੰਕਾ, ਨੇਪਾਲ ਅਤੇ ਪਾਕਿਸਤਾਨ ਵਿਚ ਵੀ ਹੈ। ਈਡੀ ਮਨੀ ਲਾਂਡਰਿੰਗ ਮਾਮਲੇ ਵਿਚ ਦੋਵਾਂ ਦੀ ਭਾਲ ਕਰ ਰਹੀ ਹੈ। ਉਨ੍ਹਾਂ ਵਿਰੁਧ ਗੈਰ-ਜ਼ਮਾਨਤੀ ਵਾਰੰਟ ਅਤੇ ਲੁੱਕਆਊਟ ਸਰਕੂਲਰ ਜਾਰੀ ਕੀਤੇ ਗਏ ਹਨ। ਸੌਰਭ ਚੰਦਰਾਕਰ ਹਾਲ ਹੀ ਵਿਚ ਅਪਣੇ ਵਿਆਹ ਨੂੰ ਲੈ ਕੇ ਸੁਰਖੀਆਂ ਵਿਚ ਆਏ ਸਨ। ਦੁਬਈ 'ਚ ਹੋਏ ਇਸ ਵਿਆਹ 'ਚ ਚੰਦਰਕਰ ਨੇ ਪਾਣੀ ਵਾਂਗ ਪੈਸਾ ਖਰਚ ਕੀਤਾ। ਇਸ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਵੀ ਸ਼ਿਰਕਤ ਕੀਤੀ। ਇਸ ਵਿਆਹ 'ਤੇ ਲਗਭਗ 200 ਕਰੋੜ ਰੁਪਏ ਦਾ ਖਰਚਾ ਆਇਆ ਸੀ। ਵਿਆਹ ਦਾ ਇਕ ਵੀਡੀਉ ਭਾਰਤੀ ਏਜੰਸੀਆਂ ਦੇ ਹੱਥ ਲੱਗ ਗਿਆ ਹੈ। ਏਜੰਸੀ ਦੇ ਸੂਤਰਾਂ ਨੇ ਕਿਹਾ ਕਿ ਪਲੇਟਫਾਰਮ ਵਿਰੁਧ ਮਨੀ ਲਾਂਡਰਿੰਗ ਮਾਮਲੇ 'ਚ ਕੁੱਝ ਮਸ਼ਹੂਰ ਹਸਤੀਆਂ ਨੂੰ ਗਵਾਹ ਵਜੋਂ ਤਲਬ ਕੀਤੇ ਜਾਣ ਦੀ ਸੰਭਾਵਨਾ ਹੈ।
ਰੋਜ਼ਾਨਾ ਕਰ ਰਹੇ ਘੱਟੋ-ਘੱਟ 200 ਕਰੋੜ ਰੁਪਏ ਕਮਾਈ
ਦੋਵੇਂ ਮੁਲਜ਼ਮ ਛੱਤੀਸਗੜ੍ਹ ਦੇ ਭਿਲਾਈ ਦੇ ਰਹਿਣ ਵਾਲੇ ਹਨ। ਹੈਰਾਨੀ ਦੀ ਗੱਲ ਹੈ ਕਿ ਕੁੱਝ ਸਾਲ ਪਹਿਲਾਂ ਤਕ ਸੌਰਭ ਚੰਦਰਾਕਰ ਭਿਲਾਈ ਦੇ ਨਹਿਰੂ ਨਗਰ 'ਚ ਜੂਸ ਦੀ ਦੁਕਾਨ ਚਲਾਉਂਦਾ ਸੀ, ਜਦਕਿ ਰਵੀ ਉੱਪਲ ਦੀ ਟਾਇਰਾਂ ਦੀ ਦੁਕਾਨ ਸੀ। ਜਾਂਚਕਰਤਾਵਾਂ ਨੇ ਪਾਇਆ ਕਿ ਦੋਵੇਂ ਜੂਆ ਖੇਡਣ ਦੇ ਆਦੀ ਸਨ। ਇਸ ਤੋਂ ਬਾਅਦ ਜੋ ਵੀ ਬਚਤ ਸੀ, ਉਹ ਦੋਵੇਂ ਲੈ ਕੇ ਦੁਬਈ ਚਲੇ ਗਏ। ਇਥੇ ਉਨ੍ਹਾਂ ਦੀ ਮੁਲਾਕਾਤ ਇਕ ਸ਼ੇਖ ਅਤੇ ਇਕ ਪਾਕਿਸਤਾਨੀ ਨਾਗਰਿਕ ਨਾਲ ਹੋਈ, ਜਿਨ੍ਹਾਂ ਨੇ ਉਸ ਨੂੰ ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ ਵਿਚ ਸ਼ਾਮਲ ਕੀਤਾ ਅਤੇ ਸਾਰਿਆਂ ਨੇ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿਤਾ। ਜਲਦੀ ਹੀ, ਸੌਰਭ ਚੰਦਰਾਕਰ ਅਤੇ ਰਵੀ ਉੱਪਲ ਨੇ ਸੱਟੇਬਾਜ਼ੀ ਦੀ ਦੁਨੀਆ ਵਿਚ ਅਪਣਾ ਨਾਂਅ ਬਣਾ ਲਿਆ। ਈਡੀ ਨੇ ਕਿਹਾ ਕਿ ਦੋਵਾਂ ਵਿਅਕਤੀਆਂ ਨੇ ਆਨਲਾਈਨ ਸੱਟੇਬਾਜ਼ੀ ਲਈ ਭਾਰਤ ਵਿਚ ਲਗਭਗ 4,000 ਪੈਨਲ ਆਪਰੇਟਰਾਂ ਦਾ ਇਕ ਨੈਟਵਰਕ ਸਥਾਪਤ ਕੀਤਾ। ਹਰੇਕ ਪੈਨਲ ਆਪਰੇਟਰ ਕੋਲ 200 ਗਾਹਕ ਹੁੰਦੇ ਹਨ ਜੋ ਸੱਟਾ ਲਗਾਉਂਦੇ ਹਨ। ਇਸ ਰਾਹੀਂ ਦੋਵੇਂ ਰੋਜ਼ਾਨਾ ਘੱਟੋ-ਘੱਟ 200 ਕਰੋੜ ਰੁਪਏ ਕਮਾ ਰਹੇ ਸਨ। ਸੌਰਭ ਚੰਦਰਾਕਰ ਨੇ 14 ਬਾਲੀਵੁੱਡ ਹਸਤੀਆਂ ਨੂੰ ਵਿਆਹ 'ਚ ਪਰਫਾਰਮ ਕਰਨ ਲਈ ਬੁਲਾਇਆ ਸੀ ਅਤੇ ਹੁਣ ਸਾਰੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਰਾਡਾਰ 'ਤੇ ਹਨ।
ਐਪ ਵਿਚ ਅੰਡਰਵਰਲਡ ਦਾ ਪੈਸਾ ਸ਼ਾਮਲ ਹੋਣ ਦਾ ਵੀ ਸ਼ੱਕ
ਵਿਆਹ ਲਈ ਮੁੰਬਈ ਤੋਂ ਵੈਡਿੰਗ ਪਲੈਨਰ, ਡਾਂਸਰ ਅਤੇ ਡੈਕੋਰੇਟਰ ਨੂੰ ਬੁਲਾਇਆ ਗਿਆ ਸੀ। ਹੁਣ ਦਸਿਆ ਜਾ ਰਿਹਾ ਹੈ ਕਿ ਇਹ ਸਾਰਾ ਭੁਗਤਾਨ ਨਕਦੀ 'ਚ ਕੀਤਾ ਗਿਆ ਸੀ। ਈਡੀ ਨੇ ਇਸ ਦੇ ਡਿਜੀਟਲ ਸਬੂਤ ਇਕੱਠੇ ਕੀਤੇ ਹਨ। ਉਨ੍ਹਾਂ ਮੁਤਾਬਕ ਹਵਾਲਾ ਰਾਹੀਂ ਯੋਗੇਸ਼ ਪੋਪਟ ਦੀ ਮੈਸਰਜ਼ ਆਰ-1 ਈਵੈਂਟਸ ਪ੍ਰਾਈਵੇਟ ਲਿਮਟਿਡ ਦੇ ਨਾਂਅ 'ਤੇ ਇਕ ਈਵੈਂਟ ਮੈਨੇਜਮੈਂਟ ਕੰਪਨੀ ਨੂੰ 112 ਕਰੋੜ ਰੁਪਏ ਟਰਾਂਸਫਰ ਕੀਤੇ ਗਏ ਸਨ। ਹੋਟਲ ਬੁਕਿੰਗ ਲਈ 42 ਕਰੋੜ ਰੁਪਏ ਦਾ ਨਕਦ ਭੁਗਤਾਨ ਕੀਤਾ ਗਿਆ ਸੀ। ਮਹਾਦੇਵ ਗੇਮਿੰਗ ਐਪ ਦੇ ਪ੍ਰਮੋਟਰ ਇਸ ਨੂੰ ਗੇਮਿੰਗ ਐਪ ਕਹਿੰਦੇ ਹਨ ਪਰ ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਇਸ ਐਪ ਰਾਹੀਂ ਸੱਟੇਬਾਜ਼ੀ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ। ਦਸਿਆ ਜਾ ਰਿਹਾ ਹੈ ਕਿ ਕਈ ਪ੍ਰਭਾਵਸ਼ਾਲੀ ਲੋਕਾਂ ਨੇ ਇਸ 'ਚ ਅਪਣਾ ਪੈਸਾ ਲਗਾਇਆ ਹੈ। ਇਸ ਐਪ ਵਿਚ ਅੰਡਰਵਰਲਡ ਦਾ ਪੈਸਾ ਸ਼ਾਮਲ ਹੋਣ ਦਾ ਵੀ ਸ਼ੱਕ ਹੈ।
ਦੇਸ਼ 'ਚ ਕਰੀਬ 4 ਹਜ਼ਾਰ ਪੈਨਲ ਆਪਰੇਟਰਾਂ ਦਾ ਨੈੱਟਵਰਕ
ਈਡੀ ਮੁਤਾਬਕ ਆਨਲਾਈਨ ਸੱਟੇਬਾਜ਼ੀ ਐਪ ਰਾਹੀਂ ਦੋਵਾਂ ਨੇ ਦੇਸ਼ 'ਚ ਕਰੀਬ 4 ਹਜ਼ਾਰ ਪੈਨਲ ਆਪਰੇਟਰਾਂ ਦਾ ਨੈੱਟਵਰਕ ਬਣਾਇਆ ਹੈ। ਹਰੇਕ ਪੈਨਲ ਆਪਰੇਟਰ ਕੋਲ 200 ਗਾਹਕ ਹੁੰਦੇ ਹਨ ਜੋ ਸੱਟਾ ਲਗਾਉਂਦੇ ਹਨ। ਦਸਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੋਵੇਂ ਰੋਜ਼ਾਨਾ 200 ਕਰੋੜ ਰੁਪਏ ਕਮਾ ਰਹੇ ਹਨ। ਇਸ ਕਾਲੇ ਧਨ ਨਾਲ ਉਸ ਨੇ ਸੰਯੁਕਤ ਅਰਬ ਅਮੀਰਾਤ ਵਿਚ ਅਪਣਾ ਸਾਮਰਾਜ ਕਾਇਮ ਕਰ ਲਿਆ ਹੈ। ਪਿਛਲੇ ਮਹੀਨੇ ਈਡੀ ਨੇ ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ ਮਾਮਲੇ 'ਚ ਮੁੰਬਈ, ਕੋਲਕਾਤਾ ਅਤੇ ਭੋਪਾਲ 'ਚ 39 ਥਾਵਾਂ 'ਤੇ ਛਾਪੇਮਾਰੀ ਕਰਕੇ 417 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ। ਸੌਰਭ ਚੰਦਰਾਕਰ ਅਤੇ ਰਵੀ ਉੱਪਲ ਵਿਦੇਸ਼ਾਂ 'ਚ ਲੁਕੇ ਹੋਏ ਹਨ।