ਕਾਨੂੰਨਾਂ ਤੇ ਟੂਲਾਂ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ, ਇਸ ਯੋਜਨਾ ਨੂੰ 2026 'ਚ ਲਾਗੂ ਕਰਨ ਦੀ ਉਮੀਦ ਹੈ
ਮੈਡ੍ਰਿਡ : ਸਪੇਨ ਦੀ ਸਰਕਾਰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਅਕਾਊਂਟ ਬਣਾਉਣ ਦੀ ਘੱਟੋ-ਘੱਟ ਕਾਨੂੰਨੀ ਉਮਰ 16 ਸਾਲ ਕਰਨ ’ਤੇ ਵਿਚਾਰ ਕਰ ਰਹੀ ਹੈ। ਇਸ ਕਾਨੂੰਨ ਤਹਿਤ, 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਾਤਾ-ਪਿਤਾ ਦੀ ਸਹਿਮਤੀ ਤੋਂ ਬਿਨਾਂ ਸੋਸ਼ਲ ਮੀਡੀਆ ਅਕਾਉਂਟ ਖੋਲ੍ਹਣ ਦੀ ਇਜਾਜ਼ਤ ਨਹੀਂ ਹੋਵੇਗੀ।
ਸਪੇਨ ਦੇ ਡਿਜੀਟਲ ਟਰਾਂਸਫ਼ਾਰਮੇਸ਼ਨ ਤੇ ਸਿਵਲ ਸਰਵਿਸ ਮੰਤਰਾਲੇ ਦੁਆਰਾ ਦਿਤੀ ਗਈ ਜਾਣਕਾਰੀ ਅਨੁਸਾਰ ਇਸ ਕਦਮ ਦਾ ਮੁੱਖ ਉਦੇਸ਼ ਬੱਚਿਆਂ ਨੂੰ ਆਨਲਾਈਨ ਸੁਰੱਖਿਆ ਪ੍ਰਦਾਨ ਕਰਨਾ ਹੈ। ਸਰਕਾਰ ਇਕ ਅਜਿਹਾ ਬਿੱਲ ਲਿਆਉਣ ’ਤੇ ਵਿਚਾਰ ਕਰ ਰਹੀ ਹੈ ਜੋ ‘ਡਿਜੀਟਲ ਏਜ ਆਫ਼ ਮੈਜੋਰਿਟੀ’ ਨੂੰ 14 ਤੋਂ ਵਧਾ ਕੇ 16 ਕਰ ਦੇਵੇਗਾ।
ਡਿਜੀਟਲ ਟਰਾਂਸਫ਼ਾਰਮੇਸ਼ਨ ਮੰਤਰੀ ਆਸਕਰ ਲੋਪੇਜ਼ ਨੇ ਐਲਾਨ ਕੀਤਾ ਹੈ ਕਿ ਸਪੇਨ ਉਮਰ ਪ੍ਰਮਾਣਿਕਤਾ ਤਕਨੀਕ (ਏ.ਆਈ. ਦੀ ਵਰਤੋਂ ਕਰਦਿਆਂ) ਦਾ ਇਸਤੇਮਾਲ ਸ਼ੁਰੂ ਕਰਨ ਵਾਲੇ ਪਹਿਲੇ ਯੂਰਪੀਅਨ ਯੂਨੀਅਨ (ਈਯੂ) ਦੇਸ਼ਾਂ ’ਚੋਂ ਇਕ ਬਣ ਗਿਆ ਹੈ। ਇਸ ਦੇਸ਼ ਦੇ ਪਾਇਲਟ ਪ੍ਰੋਜੈਕਟ ਦੀ ਯੂਰਪੀ ਕਮਿਸ਼ਨ ਅਤੇ ਤਿੰਨ ਹੋਰ ਦੇਸ਼ਾਂ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਕਾਨੂੰਨਾਂ ਤੇ ਟੂਲਾਂ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ, ਇਸ ਯੋਜਨਾ ਨੂੰ 2026 ’ਚ ਲਾਗੂ ਕਰਨ ਦੀ ਉਮੀਦ ਹੈ। (ਏਜੰਸੀ)
