
ਵਟਸਐਪ ਨੇ ਸੋਮਵਾਰ ਨੂੰ 'ਮੈਸੇਜ ਯੂਅਰਸੈਲ' ਨਾਂਅ ਦਾ ਨਵਾਂ ਫੀਚਰ ਲਾਂਚ ਕਰਨ ਦਾ ਐਲਾਨ ਕੀਤਾ ਹੈ।
ਨਵੀਂ ਦਿੱਲੀ: ਚੈਟਿੰਗ ਪਲੇਟਫਾਰਮ ਵਟਸਐਪ ਭਾਰਤ 'ਚ ਇਕ ਨਵਾਂ ਫੀਚਰ ਲਿਆਉਣ ਵਾਲਾ ਹੈ, ਜਿਸ 'ਚ ਵਟਸਐਪ ਯੂਜ਼ਰ ਪਲੇਟਫਾਰਮ 'ਤੇ ਆਪਣੇ ਆਪ ਨੂੰ ਮੈਸੇਜ ਭੇਜ ਸਕਣਗੇ। ਇਸ ਫੀਚਰ ਦੀ ਵਰਤੋਂ ਤੁਸੀਂ ਨਿੱਜੀ ਡਾਇਰੀ ਦੀ ਤਰ੍ਹਾਂ ਕਰ ਸਕੋਗੇ। ਵਟਸਐਪ ਨੇ ਸੋਮਵਾਰ ਨੂੰ 'ਮੈਸੇਜ ਯੂਅਰਸੈਲ' ਨਾਂਅ ਦਾ ਨਵਾਂ ਫੀਚਰ ਲਾਂਚ ਕਰਨ ਦਾ ਐਲਾਨ ਕੀਤਾ ਹੈ।
ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਇਹ ਫੀਚਰ ਆਪਣੇ ਆਪ ਨੂੰ ਮਹੱਤਵਪੂਰਨ ਨੋਟਸ, ਰੀਮਾਈਂਡਰ ਅਤੇ ਅਪਡੇਟ ਭੇਜਣ ਲਈ ਕਾਫੀ ਫਾਇਦੇਮੰਦ ਹੋਣ ਵਾਲਾ ਹੈ, ਜਿਸ 'ਚ ਤੁਸੀਂ ਖੁਦ ਨਾਲ ਚੈਟ ਕਰ ਸਕੋਗੇ। ਇਸ Message Yourself ਫੀਚਰ ਜ਼ਰੀਏ ਯੂਜ਼ਰ ਆਪਣੀ ਟੂ-ਡੂ ਲਿਸਟ, ਸ਼ਾਪਿੰਗ ਲਿਸਟ, ਨੋਟਸ ਆਦਿ ਨੂੰ ਸੁਰੱਖਿਅਤ ਰੱਖ ਸਕਦੇ ਹਨ।
'ਮੈਸੇਜ ਯੂਅਰਸੇਲਫ' ਫੀਚਰ ਦੀ ਵਰਤੋਂ ਕਰਨ ਲਈ ਤੁਸੀਂ ਆਪਣੀ ਵਟਸਐਪ ਐਪਲੀਕੇਸ਼ਨ ਨੂੰ ਖੋਲ੍ਹ ਸਕਦੇ ਹੋ। ਇਕ ਨਵੀਂ ਚੈਟ ਬਣਾਓ, ਫਿਰ ਆਪਣੀ ਸੰਪਰਕ ਸੂਚੀ ਦੇ ਸਿਖਰ 'ਤੇ ਕਲਿੱਕ ਕਰੋ ਅਤੇ ਸੁਨੇਹਾ ਭੇਜਣਾ ਸ਼ੁਰੂ ਕਰੋ। ਇਹ ਨਵੀਂ ਵਿਸ਼ੇਸ਼ਤਾ ਐਂਡਰਾਇਡ ਅਤੇ ਆਈਫੋਨ 'ਤੇ ਉਪਲਬਧ ਹੋਵੇਗੀ ਅਤੇ ਆਉਣ ਵਾਲੇ ਹਫ਼ਤਿਆਂ ਵਿਚ ਸਾਰੇ ਉਪਭੋਗਤਾਵਾਂ ਲਈ ਰੋਲ ਆਊਟ ਹੋ ਜਾਵੇਗੀ।
ਇਸ ਮਹੀਨੇ ਦੇ ਸ਼ੁਰੂ ਵਿਚ ਮੈਟਾ ਦੇ ਸੰਸਥਾਪਕ ਅਤੇ ਸੀਈਓ ਮਾਰਕ ਜ਼ੁਕਰਬਰਗ ਨੇ ਵਟਸਐਪ 'ਤੇ ਕਈ ਨਵੇਂ ਫੀਚਰ ਲਾਂਚ ਕੀਤੇ ਸਨ। ਇਸ ਵਿਚ 32 ਲੋਕਾਂ ਤੱਕ ਵੀਡੀਓ ਕਾਲਿੰਗ, ਇਨ-ਚੈਟ ਪੋਲ, ਅਤੇ ਗਰੁੱਪ ਸੀਮਾ ਨੂੰ 1024 ਲੋਕਾਂ ਤੱਕ ਵਧਾਉਣਾ ਸ਼ਾਮਲ ਹੈ। ਇਸ ਦੇ ਨਾਲ ਹੀ ਵਟਸਐਪ ਨੇ ਕਮਿਊਨਿਟੀਜ਼ ਆਨ ਵਟਸਐਪ ਨਾਂਅ ਦਾ ਨਵਾਂ ਫੀਚਰ ਲਾਂਚ ਕੀਤਾ ਹੈ।