ਵਿਸ਼ਵ ਪ੍ਰਸਿਧ ਹੈ ਐਡਮਿੰਟਨ (ਕੈਨੇਡਾ) ਦੀ ਖ਼ੂਬਸੂਰਤੀ 
Published : Aug 15, 2022, 8:47 pm IST
Updated : Aug 15, 2022, 8:47 pm IST
SHARE ARTICLE
Beauty of Edmonton (Canada)
Beauty of Edmonton (Canada)

ਐਡਮਿੰਟਨ ਇਕ ਖ਼ੂਬਸੂਰਤ ਮਾਨਵੀ ਕਦਰਾਂ ਕੀਮਤਾਂ ਵਾਲਾ ਆਧੁਨਕ ਸਹੂਲਤਾਂ ਨਾਲ ਮਾਲਾ-ਮਾਲ ਵਿਸ਼ਵ-ਪ੍ਰਸਿੱਧ ਸ਼ਹਿਰ ਹੈ

ਐਡਮਿੰਟਨ ਇਕ ਖ਼ੂਬਸੂਰਤ ਮਾਨਵੀ ਕਦਰਾਂ ਕੀਮਤਾਂ ਵਾਲਾ ਆਧੁਨਕ ਸਹੂਲਤਾਂ ਨਾਲ ਮਾਲਾ-ਮਾਲ ਵਿਸ਼ਵ-ਪ੍ਰਸਿੱਧ ਸ਼ਹਿਰ ਹੈ, ਜਿਥੇ ਇਨਸਾਨੀਅਤ ਦੀਆਂ ਕਦਰਾਂ-ਕੀਮਤਾਂ ਬਹੁਤ ਪਿਆਰੀਆਂ, ਦੁਲਾਰੀਆਂ, ਸਤਿਕਾਰੀਆਂ, ਨਿਘਾਰੀਆਂ ਬਲਕਿ ਸਾਰੀਆਂ ਦੀਆਂ ਸਾਰੀਆਂ ਹੀ ਹਨ। ਕੈਨੇਡਾ ਦੇ ਕਾਨੂੰਨ ਇਨਸਾਨੀਅਤ ਦੀ ਖ਼ੁਸ਼ਬੂ ਵਿਚ ਭਿੱਜੇ ਹੋਏ ਹਨ। ਇਥੇ ਮਨੁੱਖ ਨੂੰ ਮਨੁੱਖ ਬਹੁਤ ਤੇ ਦਿਲੋਂ ਪਿਆਰ ਕਰਦੇ ਹਨ। ਹਰ ਚੀਜ਼ ਕਾਨੂੰਨ ਦੀ ਸੂਈ ਦੇ ਨੱਕੇ ’ਚ ਪਿਰੋ ਕੇ ਰੱਖੀ ਹੋਈ ਹੈ। ਅਨੇਕਾਂ ਦੇਸ਼ਾਂ ਦੇ ਲੋਕ ਇਥੇ ਰਹਿੰਦੇ ਹਨ।

ਮੈਂ ਸੱਭ ਤੋਂ ਪਹਿਲਾਂ ਗੱਲ ਕਰਾਂਗਾ ਐਡਮਿੰਟਨ ਸ਼ਹਿਰ ਦੀ। ਹਵਾਈ ਜਹਾਜ਼ ਰਾਹੀਂ ਐਡਮਿੰਟਨ ਦਾ ਦਿੱਲੀ ਤੋਂ ਲਗਭਗ 16 ਘੰਟਿਆਂ ਦਾ ਸਫ਼ਰ ਹੈ। ਦਿੱਲੀ ਤੋਂ ਐਬਸਟਰਡਮ ਵਿਖੇ ਜਾਣ ਲਈ 8 ਘੰਟੇ ਲਗਾਤਾਰ ਜਹਾਜ਼ ਵਿਚ ਰਹਿਣਾ ਪੈਂਦਾ ਹੈ ਤੇ ਇਥੇ ਲਗਭਗ ਚਾਰ ਘੰਟਿਆਂ ਦਾ ਸਟੇਅ (ਠਹਿਰਾਉ) ਹੈ। ਫਿਰ ਐਬਸਟਰਡਮ ਤੋਂ ਫਲਾਈਟ ਬਦਲ ਕੇ ਐਡਮਿੰਟਨ ਲਈ 8 ਘੰਟੇ ਲਗਾਤਾਰ ਜਹਾਜ਼ ਵਿਚ ਸਫ਼ਰ ਕਰਨਾ ਪੈਂਦਾ ਹੈ। ਐਡਮਿੰਟਨ ਹਵਾਈ ਜਹਾਜ਼ ਰਾਹੀਂ ਜਾਣ ਲਈ ਹੋਰ ਦੇਸ਼ਾਂ ਵਿਚੋਂ ਵੀ ਜਾਇਆ ਜਾਂਦਾ ਹੈ। 

Beauty of Edmonton (Canada)Beauty of Edmonton (Canada)

ਆਧੁਨਿਕਤਾ ਵਿਚ ਝਿਲਮਿਲਾਉਂਦਾ ਸੁੰਦਰ ਐਡਮਿੰਟਨ ਸ਼ਹਿਰ: ਐਡਮਿੰਟਨ ਐਲਬਰਟਾ ਦੀ ਰਾਜਧਾਨੀ ਹੈ। ਐਡਮਿੰਟਨ ਕੈਨੇਡਾ ਦਾ ਖ਼ੂਬਸੂਰਤ ਅਤੇ ਕੁਦਰਤੀ ਸਰੋਤਾਂ ਨਾਲ ਮਾਲਾ ਮਾਲ ਸ਼ਹਿਰ ਹੈ। ਮਨੁੱਖੀ ਅਤੇ ਕੁਦਰਤੀ ਸਹੂਲਤਾਂ ਦੀ ਜੰਨਤ। ਐਡਮਿੰਟਨ ਸਸਕੈਚਵਿਨ ਨਦੀ ਅਤੇ ਇਸ ਦੀ ਖ਼ੂਬਸੂਰਤ ਵੈਲੀ ਕਰ ਕੇ ਪ੍ਰਸਿੱਧ ਹੈ। ਇਹ ਤਿਉਹਾਰਾਂ ਅਤੇ ਰਲੇ ਮਿਲੇ ਸਭਿਆਚਾਰ ਦਾ ਕੇਂਦਰ ਹੈ।

Beauty of Edmonton (Canada)Beauty of Edmonton (Canada)

ਇਥੋਂ ਦੀ ਗ੍ਰੇ ਹਾਊਸ ਬੱਸ ਲਾਈਨ ਨਾਰਥ ਅਫ਼ਰੀਕਾ ਤਕ ਦੀਆਂ ਸੇਵਾਵਾਂ ਦਿੰਦੀ ਹੈ। ਸਾਰੇ ਸ਼ਹਿਰ ਵਿਚ ਰੇਲਵੇ ਸਹੂਲਤ ਹੈ। ਦੋ ਮੁੱਖ ਹਾਈਵੇਜ਼ ਹਨ ਜੋ ਐਡਮਿੰਟਨ ਨੂੰ ਜਾਂਦੇ ਹਨ ਜਿਨ੍ਹਾਂ ਵਿਚ ਇਕ ਯੈਲੋ ਹੈੱਡ ਹਾਈਵੇ ਅਤੇ ਹਾਈਵੇ ਟੂ। ਇਥੋਂ ਦਾ ਮੌਸਮ ਗਰਮੀਆਂ ਵਿਚ ਕੁੱਝ-ਕੁੱਝ ਗੁਨਗੁਨਾ ਤੇ ਠੰਢਾ ਰਹਿੰਦਾ ਹੈ। ਕਈ ਵਾਰ ਤੇਜ਼ ਹਵਾ ਜਾਂ ਅਚਾਨਕ ਬਾਰਸ਼ ਹੋਣ ਕਰ ਕੇ ਗਰਮੀਆਂ ਵਿਚ ਵੀ ਸਰਦੀਆਂ ਵਰਗਾ ਮਾਹੌਲ ਬਣ ਜਾਂਦਾ ਹੈ। ਇਥੋਂ ਦਾ ਮੌਸਮ ਇਕਰਾਰ, ਇਨਕਾਰ ਅਪਣੇ ਮਿਜਾਜ਼ ਬਦਲਦਾ ਰਹਿੰਦਾ ਹੈ।

ਚਮਕਦੇ ਸੂਰਜ ਅਤੇ ਠੰਢ ਦੇ ਮੌਸਮ ਵਿਚ ਇਥੇ ਚਾਰ ਤਰ੍ਹਾਂ ਦੇ ਮੌਸਮ ਪਾਏ ਜਾਂਦੇ ਹਨ। ਸਰਦੀਆਂ ਵਿਚ ਬਹੁਤ ਠੰਢ ਹੁੰਦੀ ਹੈ ਅਤੇ ਖ਼ੂਬ ਬਰਫ਼ ਪੈਂਦੀ ਹੈ। ਐਡਮਿੰਟਨ, ਟੋਰਾਂਟੋ, ਮਾਨਟਰੀਲ, ਵੈਨਕੁਵਰ ਅਤੇ ਓਟਾਵਾ ਤੋਂ ਬਾਅਦ ਕੈਨੇਡਾ ਵਿਚ ਪੰਜਵਾਂ ਵੱਡਾ ਮਹਨਗਰੀ ਖੇਤਰ ਹੈ। ਐਡਮਿੰਟਨ ਸਮੁੰਦਰੀ ਸਤਹਾ ਤੋਂ ਲਗਭਗ 668 ਮੀਟਰ ਉੱਚਾ ਹੈ।

ਕਈ ਸੌ ਸਾਲ ਪਹਿਲਾਂ ਐਡਮਿੰਟਨ ਇਕ ਜੰਗਲੀ ਇਲਾਕਾ ਹੁੰਦਾ ਸੀ। 1793 ਵਿਚ ਕੁੱਝ ਕੰਪਨੀਆਂ ਨੇ 32 ਕਿਲੋਮੀਟਰ ਨੂੰ ਤਰੱਕੀ ਦਿਤੀ। ਸਸਕੈਚਵਿਨ ਨਦੀ ਨੂੰ 1821 ਵਿਚ ਦਰੁਸਤ ਕੀਤਾ ਗਿਆ। ਐਡਮਿੰਟਨ ਕੰਪਨੀਆਂ ਦੇ ਜ਼ਰੀਏ ਵਪਾਰਕ ਕੇਂਦਰ ਬਣ ਗਿਆ। ਲਗਭਗ ਅੱਧੀ ਸਦੀ ਪਹਿਲਾਂ ਇਥੇ ਘਰ ਬਣਨੇ ਸ਼ੁਰੂ ਹੋਏ ਤੇ ਕਾਰੋਬਾਰ ਸ਼ੁਰੂ ਹੋਇਆ ਸੀ।

Edmonton Edmonton

ਐਡਮਿੰਟਨ ਦੇ ਨਾਰਥ ਏਰੀਏ ਵਿਚ 1890 ਦੇ ਕਰੀਬ ਕਲੋਨਡਿਕ ਵਿਖੇ ਕਈ ਸੌ ਸੋਨੇ ਦੀਆਂ ਖਾਨਾਂ ਪਾਈਆਂ ਗਈਆਂ। ਸੰਨ 1900 ਦੇ ਕਰੀਬ ਇਥੇ ਵਸੋਂ ਵਧਣ ਲੱਗੀ। ਲਗਭਗ 1871 ਵਿਚ ਘਰ ਬਣਨੇ ਸ਼ੁਰੂ ਹੋਏ। 1892 ਵਿਚ ਪ੍ਰਸ਼ਾਸਨਿਕ ਸ਼ਹਿਰ ਬਣਿਆ। ਟਾਊਂਨ ਹਾਲ, ਜੇਲ੍ਹ, ਪੁਲਿਸ ਸਟੇਸ਼ਨ। 1904 ਵਿਚ ਇਸ ਦੀ ਆਬਦੀ 8350 ਦੇ ਕਰੀਬ ਸੀ। ਇਹ ਇਕ ਘੋਸ਼ਿਤ ਕੀਤਾ ਸ਼ਹਿਰ ਸੀ। ਫਿਰ ਇਥੇ ਕਮਿਸ਼ਨਰ ਅਤੇ ਕੌਂਸਿਲ ਬਣੇ। 1905 ਵਿਚ ਐਲਬਰਟਾ ਦੀ ਕੈਪੀਟਲ ਸਿਟੀ ਬਣੀ। 1906 ਵਿਚ ਇਸ ਨੂੰ ਕਾਨੂੰਨੀ ਤੌਰ ’ਤੇ ਐਲਬਰਟਾ ਦੀ ਰਾਜਧਾਨੀ ਘੋਸ਼ਿਤ ਕੀਤਾ ਗਿਆ।

ਮਿਊਂਸਿਪਲ ਕਮੇਟੀ ਦਾ ਸਿਟੀ ਹਾਲ 1957 ਵਿਚ ਬਣਿਆ। ਪਹਿਲੀ ਪੁਲਿਸ ਭਰਤੀ 1892 ਵਿਚ ਹੋਈ ਅਤੇ 1908 ਵਿਚ ਰੇਲਵੇ ਟਰੈਕ ਹੋਂਦ ਵਿਚ ਆਇਆ। ਦੂਸਰੀ ਜੰਗ ਦੌਰਾਨ ਰੋਇਕ ਕੈਨੇਡੀਅਨ ਏਅਰ ਫੋਰਸ (R316) 1944 ਵਿਚ ਬਣੀ, ਜਿਸ ਵਿਚ ਲਗਭਗ 418 ਵਿਅਕਤੀ ਭਰਤੀ ਕੀਤੇ ਗਏ। ਐਡਮਿੰਟਨ ਆਰਟਸ ਕਲਾਵਾਂ ਵਿਚ ਬਹੁਤ ਅਮੀਰ ਹੈ। ਐਡਮਿੰਟਨ ਆਰਟ ਗੈਲਰੀ ਜੋ ਸੱਭ ਤੋਂ ਪੁਰਾਣੀ ਪਬਲਿਕ ਆਰਟ ਗੈਲਰੀ ਹੈ, 1924 ਵਿਚ ਖੋਲ੍ਹੀ ਗਈ। ਇੰਟਰਨੈਸ਼ਨਲ ਪੇਂਟਿੰਗ, ਫ਼ੋਟੋਗ੍ਰਾਫ਼ੀ ਆਦਿ ਵਿਚ ਇਸ ਦਾ ਨਾਂ ਹੈ।

ਐਡਮਿੰਟਨ ਵਿਚ ਕਲਾਸੀਕਲ ਮਿਊਜ਼ਿਕ, ਉਪੇਰਾ, ਨਾਟਕ ਆਦਿ ਰੰਗਮੰਚ ਕਿਰਿਆਵਾਂ ਪ੍ਰਸਿਧ ਹਨ। ਇਥੋਂ ਦੇ ਲੋਕ ਪੜ੍ਹਨਾ-ਲਿਖਣਾ ਜ਼ਿਆਦਾ ਪਸੰਦ ਕਰਦੇ ਹਨ। ਕਲੋਡਿਨ ਡੇਅ ਹਰ ਸਾਲ ਜੁਲਾਈ ਮਹੀਨੇ ਮਨਾਇਆ ਜਾਂਦਾ ਤੇ ਲਗਭਗ 50 ਹੋਰ ਮਹੱਤਵਪੂਰਨ ਤਿਉਹਾਰ ਮਨਾਏ ਜਾਂਦੇ ਹਨ। ਇਸ ਸਮੇਂ ਲੋਕ ਘੋੜ ਸਵਾਰੀ ਅਤੇ ਵੱਖ-ਵੱਖ ਖੇਡਾਂ ਤੇ ਖੇਡ ਕਿਰਿਆਵਾਂ ਦਾ ਭਰਪੂਰ ਆਨੰਦ ਲੈਂਦੇ ਹਨ।

Edmonton Edmonton

ਗਰਮੀਆਂ ਵਿਚ ਐਡਮਿੰਟਨ ਫੋਲਕ ਮਿਊਜ਼ਿਕ ਅਤੇ ਹੋਰ ਕਈ ਤਿਉਹਾਰ ਮਨਾਏ ਜਾਂਦੇ ਹਨ। ਜੁਲਾਈ ਮਹੀਨੇ ਵਿਚ ਐਡਮਿੰਟਨ ਇੰਟਰਨੈਸ਼ਨਲ ਪਰਫ਼ਾਰਮੈਂਸ ਫੈਸਟੀਵਲ ਮਨਾਏ ਜਾਂਦੇ ਹਨ। ਇਸ ਤੋਂ ਇਲਾਵਾ ਜੁਲਾਈ ਮਹੀਨੇ ਵਿਚ ਹੀ ਥੀਏਟਰ ਰੰਗਮੰਚ ਮੇਲੇ ਦੌਰਾਨ ਲਗਭਗ 1000 ਨਾਟਕ ਖੇਡਿਆ ਜਾਂਦਾ ਹੈ। ਹਰ ਸਾਲ ਅਗੱਸਤ ਮਹੀਨੇ ਕੈਰੀਬੀਨ ਆਰਟਸ ਫੈਸਟੀਵਲ ਤੇ ਹੋਰ ਕਈ ਮਹੱਤਵਪੂਰਨ ਤਿਉਹਾਰ ਮਨਾਏ ਜਾਂਦੇ ਹਨ। ਹੋਟਲਾਂ ਵਿਚ ਹਰ ਪ੍ਰਕਾਰ ਦਾ ਖਾਣਾ ਮਿਲਦਾ ਹੈ। ਦੇਸ਼-ਵਿਦੇਸ਼ ਦੇ ਸਾਰੇ ਵਿਅੰਜਨ, ਪਦਾਰਥ, ਮਿਸ਼ਠਾਨ, ਸ਼ਾਕਾਹਾਰੀ, ਮਾਸਾਹਾਰੀ ਆਦਿ ਮਿਲਦੇ ਹਨ।

ਇਥੇ ਅਮਰੀਕੀ ਕਾਰੀਗਰਾਂ ਨੇ ਅਲਾਸਕਾ ਹਾਈਵੇਅ ਤਿਆਰ ਕੀਤਾ, ਪਰ ਐਡਮਿੰਟਨ ਵਿਚ ਅਸਲੀ ਤੇਜ਼ੀ ਫ਼ਰਵਰੀ 1947 ਵਿਚ ਸ਼ੁਰੂ ਹੋਈ, ਜਦੋਂ ਸ਼ਹਿਰ ਤੋਂ ਲਗਭਗ 50 ਕਿਲੋਮੀਟਰ ਦੂਰ ਦੱਖਣ-ਪੱਛਮ ਵਾਲੇ ਪਾਸੇ ਸਥਿਤ ਲੈੱਡਵੇਕ ਵਿਖੇ ਤੇਲ ਦੇ ਭੰਡਾਰ ਲੱਭੇ ਗਏ। ਜਿਉਂ-ਜਿਉਂ ਤੇਲ ਨੂੰ ਲੱਭਣ ਲਈ ਡਰਿੰਲਿੰਗ ਆਪਰੇਸ਼ਨ ਚਲਾਏ ਗਏ, ਤਿਉਂ-ਤਿਉਂ ਤੇਲ ਦੇ ਨਵੇਂ ਭੰਡਾਰਾਂ ਦਾ ਪਤਾ ਲਗਦਾ ਗਿਆ ਤੇ ਹਜ਼ਾਰਾਂ ਦੀ ਤਦਾਦ ਵਿਚ ਲੋਕ ਇਸ ਖੇਤਰ ਵੱਲ ਆਉਣੇ ਸ਼ੁਰੂ ਹੋ ਗਏ। ਅਜੇ ਤੇਲ ਦੇ ਹੋਰ ਵੀ ਕਈ ਭੰਡਾਰ ਖੋਜੇ ਜਾ ਰਹੇ ਹਨ। ਇਥੇ ਬਹੁਤ ਸਾਰੇ ਪੈਟਰੋਲੀਅਮ, ਫ਼ੂਡ ਪ੍ਰੋਸੈਸਿੰਗ ਅਤੇ ਪਲਾਸਟਿਕ ਅਤੇ ਤੇਲ ਉਦਯੋਗ ਸਥਾਪਤ ਹਨ। ਇਥੇ ਬਹੁਤ ਸਾਰੇ ਰਿਸਰਚ ਸੈਂਟਰ ਹਨ ਜਿਨ੍ਹਾਂ ਨੂੰ ਟੈਕਨਾਲੋਜੀ, ਦਵਾਈਆਂ ਅਤੇ ਤੇਲ ਦੇ ਖੇਤਰਾਂ ਵਿਚ ਮੁਹਾਰਤ ਹਾਸਲ ਹੈ। 1947 ਵਿਚ ਦੋ ਦਰਜਨ ਦੇ ਕਰੀਬ ਟਰਾਂਜਿਟ ਸੈਂਟਰ, 100 ਟਰਾਲੀ ਬੱਸਾਂ ਅਤੇ 127 ਕਿਲੋਮੀਟਰ ਟਰਾਲੀ ਬੱਸ ਮਾਰਗ ਸ਼ੁਰੂ ਹੋਏ।

ਐਡਮਿੰਟਨ ਖ਼ੂਬਸੂਰਤ ਸ਼ਹਿਰ ਵਿਚ ਵਧੀਆਂ ਵਿਦਿਅਕ ਅਦਾਰੇ ਤੇ ਮਹੱਤਵਪੂਰਨ ਖੋਜ ਕੇਂਦਰ ਹਨ। ਐਲਬਰਟਾ ਯੂਨੀਵਰਸਿਟੀ ਵਿਚ ਲਗਭਗ 30,000 ਵਿਦਿਆਰਥੀ ਪੜ੍ਹਦੇ ਹਨ। ਇਥੇ ਹੋਰ ਵੀ ਕਈ ਮਹੱਤਵਪੂਰਨ ਕਾਲਜ ਹਨ। ਐਡਮਿੰਟਨ ਵਿਚ ਚਾਰ-ਚੁਫ਼ੇਰੇ ਹਰਿਆਲੀ ਹੀ ਹਰਿਆਲੀ ਨਜ਼ਰ ਆਉਂਦੀ ਹੈ। ਨਹਿਰ ਵੈਲੀ ਦੇ ਇਰਦ-ਗਿਰਦ ਹਰਿਆਲੀ ਹੀ ਹਰਿਆਲੀ ਨਜ਼ਰ ਆਉਂਦੀ ਹੈ। ਲਗਭਗ ਦੋ ਲੱਖ ਲੋਕ ਹਰ ਸਾਲ ਇਸ ਦੇ ਰਸਤਿਆਂ ’ਚੋਂ ਲੰਘਦੇ ਹਨ।

Beauty of Edmonton (Canada)Beauty of Edmonton (Canada)

ਐਡਮਿੰਟਨ ਵਿਚ ਦੋ ਨੈਸ਼ਨਲ ਪਾਰਕ ਤੇ ਇਕ ਪਬਲਿਕ ਗੋਲਫ਼ ਕੋਰਸਿਸ ਵੀ ਹੈ। ਇਸ ਦੇ ਨਜ਼ਦੀਕ ਪੈਂਦੇ ਪ੍ਰਸਿੱਧ ਸਥਾਨ ਜਸਪਰ ਅਤੇ ਐਲਕ ਆਇਲੈਂਡ ਵਿਚ ਲਗਭਗ 9 ਖ਼ੂਬਸੂਰਤ ਪਾਰਕ ਹਨ। ਇਸ ਦੇ ਆਸ ਪਾਸ ਅਨੇਕਾਂ ਹੀ ਖ਼ੂਬਸੂਰਤ ਸਥਾਨ ਜਿਵੇਂ ਕਿ ਕੈਨਮੌਰ, ਗਲੈਕਸੀ ਲੈਂਡ, ਡਲੂਕ (ਤੇਲ ਫ਼ੈਕਟਰੀਆਂ), ਜਸਪਰ, ਸੁੰਦਰ ਝੀਲਾਂ ਲੇਕ ਲੂਈ, ਵੇਲ ਮਾਊਂਟ, ਰੈੱਡ ਡੀਅਰ, ਕੈਲਗਰੀ, ਬੈਂਫ, ਗਲੇਸ਼ੀਅਰ ਅਤੇ ਹੋਰ ਅਨੇਕਾਂ ਸਥਾਨ ਹਨ।

ਐਡਮਿੰਟਨ ਵਿਚ ਸੁੱਖ-ਸੁਵਿਧਾ ਲਈ ਅਨੇਕਾਂ ਦੈਹਿਕ, ਭੌਤਿਕ, ਸਮਾਜਕ ਅਤੇ ਵਿਚਾਰਕ ਆਜ਼ਾਦੀ ਦੀ ਕਾਨੂੰਨੀ ਪ੍ਰਕਿਰਿਆ ਦਾ ਪ੍ਰਚਲਨ ਹੈ ਤੇ ਇਥੇ ਬੇਈਮਾਨੀ ਬਿਲਕੁਲ ਨਹੀਂ। ਕਾਨੂੰਨ ਖ਼ੁਸ਼ੀ ਦਾ ਜ਼ਰੀਆ ਹੈ। ਉਚੀਆਂ ਇਮਾਰਤਾਂ, ਕਾਲੀ ਮਿੱਟੀ ਗੋਰੇ ਲੋਕ ਅਤੇ ਸੁੰਦਰ ਬਾਗ਼। ਇਥੇ ਔਰਤਾਂ ਨੂੰ ਬੇਹੱਦ ਆਜ਼ਾਦੀ ਹੈ। ਇਥੋਂ ਦੀਆਂ ਔਰਤਾਂ ਹੈਵੀ ਟਰੱਕ ਡਰਾਈਵਿੰਗ ਤੋਂ ਲੈ ਕੇ ਹਰ ਤਰ੍ਹਾਂ ਦਾ ਜਹਾਜ਼ ਚਲਾਉਣ ਵਿਚ ਨਿਪੁੰਨ ਹਨ। ਹਰ ਖੇਤਰ ਵਿਚ ਔਰਤਾਂ ਨੇ ਤਰੱਕੀ ਦੇ ਝੰਡੇ ਗੱਡੇ ਹਨ।  ਹਰ ਕਾਰਜ ਵਿਧੀ ਸਰਕਾਰ ਦੀ ਨਜ਼ਰ ਵਿਚ ਹੁੰਦੀ ਹੈ।

Beauty of Edmonton (Canada)Beauty of Edmonton (Canada)

ਸਫ਼ਾਈ ਦੀ ਪਾਰਦਰਸ਼ਤਾ ਵਾਤਾਵਰਣ ਨੂੰ ਜਿਥੇ ਸ਼ੁੱਧ ਬਣਾਉਂਦੀ ਹੈ, ਉਥੇ ਸਿਹਤਵਰਧਕ ਵੀ ਹੈ। ਸੜਕਾਂ ਉਪਰ ਪੁਲਿਸ ਘੱਟ ਨਜ਼ਰ ਆਉਂਦੀ ਹੈ ਕਿਉਂਕਿ ਇਥੇ ਇੰਟਰਨੈੱਟ ਨਾਲ ਜੁੜਿਆ ਸਿਸਟਮ ਹੈ। ਹਰ ਇਕ ਬੰਦਾ ਖ਼ੁਸ਼ੀ ਖ਼ੁਸ਼ੀ ਟੈਕਸ ਦਿੰਦਾ ਹੈ। ਇਥੇ ਆਵਾਜ਼ ਤੇ ਹਵਾ ਪ੍ਰਦੂਸ਼ਣ ਨਹੀਂ। ਕੋਈ ਵੀ ਵਿਅਕਤੀ ਕੁਤਾਹੀ ਨਹੀਂ ਕਰ ਸਕਦਾ। ਜੇਕਰ ਕੋਈ ਕਰਾਇਮ ਕਰਦਾ ਵੀ ਹੈ ਤਾਂ ਦੋਸ਼ੀ ਚੁਟਕੀ ਨਾਲ ਫੜ ਲਏ ਜਾਂਦੇ ਹਨ। ਔਰਤ ਨੂੰ ਰੱਬ ਤੋਂ ਜ਼ਿਆਦਾ ਪਿਆਰ, ਸਹੂਲਤਾਂ ਤੇ ਆਜ਼ਾਦੀ ਦਿਤੀ ਗਈ ਹੈ। ਅਹੁਦਿਆਂ ਵਿਚ ਅਹੰਕਾਰ ਤੇ ਪਹਿਚਾਣ ਦੀ ਜ਼ਰੂਰਤ ਹੀ ਨਹੀਂ ਸਮਝੀ ਜਾਂਦੀ, ਕੇਵਲ ਆਚਾਰ ਤੇ ਵਿਚਾਰ ਸੰਪਦਾ ’ਤੇ ਇਨਸਾਨੀਅਤ ਦੀ ਮੋਹਰ ਲਗਦੀ ਹੈ। ਸਿੱਖਿਆ, ਮੈਡੀਕਲ ਅਤੇ ਬੱਚਿਆਂ ਬਜ਼ੁਰਗਾਂ ਦੀਆਂ ਸਹੂਲਤਾਂ ਅਤੇ ਖ਼ਰਚੇ ਮੁਫ਼ਤ ਹਨ। ਹਰ ਮੁਹੱਲੇ ਵਿਚ ਵੱਡੀ ਲਾਇਬ੍ਰੇਰੀ, ਜਿੰਮ ਅਤੇ ਮਨੋਰੰਜਨ ਪਾਰਕ ਹਨ।

ਇਥੋਂ ਦੇ ਲੋਕ ਮਨੋਰੰਜਨ ਅਤੇ ਕਿਤਾਬਾਂ ਪੜ੍ਹਨ ਦੇ ਬਹੁਤ ਸ਼ੌਕੀਨ ਹਨ। ਬੱਚਿਆਂ ਦੇ ਬੌਧਿਕ ਸਤਰ ਅਤੇ ਮਨੋਰੰਜਨ ਲਈ ਕਿਤਾਬਾਂ ਪੜ੍ਹਨ ਦੇ ਮੁਕਾਬਲੇ ਅਤੇ ਹੋਰ ਕਈ ਤਰ੍ਹਾਂ ਦੇ ਲਘੂ ਮੁਕਾਬਲਿਆਂ ਵਿਚ ਬੱਚਿਆਂ ਨੂੰ ਇਨਾਮ ਦਿਤੇ ਜਾਂਦੇ ਹਨ। ਸਕੂਲਾਂ ਕਾਲਜਾਂ ਦੀਆਂ ਇਮਾਰਤਾਂ ਸਭ ਤੋਂ ਖ਼ੂਬਸੂਰਤ ਤੇ ਸੁਵਿਧਾਪੂਰਕ ਹਨ।
ਐਡਮਿੰਟਨ ਵਿਖੇ ਰਾਤ ਨੂੰ ਸਸਕੈਚਵਿਨ ਨਹਿਰ ਵਿਚ ਇਕ ਦੋ ਮੰਜ਼ਿਲਾ ਮਨੋਰੰਜਕ ਸ਼ਿਪ ਚਲਦਾ ਹੈ ਜਿਸ ਵਿਚ ਹੋਟਲ ਤੇ ਹੋਰ ਸਹੂਲਤਾਂ ਹਨ। ਇਹ ਸ਼ਿੱਪ ਕਈ ਘੰਟੇ ਨਹਿਰ ਦੇ ਆਲੇ ਦੁਆਲੇ ਰੌਸ਼ਨੀਆਂ ਵਿਚ ਜਗਮਗਾਉਂਦਾ ਸਾਰੇ ਐਡਮਿੰਟਨ ਸ਼ਹਿਰ ਦੇ ਰਮਣੀਕ ਦਰਸ਼ਨ ਕਰਵਾਉਂਦਾ ਹੈ।

- ਮੋਬਾਈਲ : 98156-25409
ਬਲਵਿੰਦਰ ‘ਬਾਲਮ’

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement