ਇਤਿਹਾਸਕਾਰ ਅਲ ਬਰੂਨੀ ਨੇ ਇਸ ਮੰਦਰ ਦਾ ਮਹੱਤਵ ਪੂਰਨ ਤੀਰਥ ਸਥਾਨ ਦੇ ਤੌਰ ’ਤੇ ਵਰਨਣ ਕੀਤਾ।
25 ਜੁਲਾਈ 2022 ਨੂੰ ਕਾਰਗਿਲ ਵਿਜੈ ਦਿਵਸ ਮਨਾਇਆ ਗਿਆ। ਉਥੇ ਬੋਲਦੇ ਹੋਏ ਸਾਡੇ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਦਸਿਆ ਕਿ ‘‘ਅਸੀਂ ਪਾਕਿਸਤਾਨ ਆਜ਼ਾਦ ਕਸ਼ਮੀਰ ਨੂੰ ਅਪਣਾ ਹਿੱਸਾ ਮੰਨਦੇ ਹਾਂ। ਇਹ ਕਿਵੇਂ ਹੋ ਸਕਦਾ ਹੈ ਕਿ ਬਾਬਾ ਅਮਰਨਾਥ ਗੁਫ਼ਾ ਸਾਡੇ ਕੋਲ ਹੋਵੇ ਤੇ ਮਾਤਾ ਸ਼ਾਰਦਾ ਦੇਵੀ ਪੀਠ, ਸਾਡੀ ਧਰੋਹਰ, ਪਾਕਿਸਤਾਨ ਆਜ਼ਾਦ ਕਸ਼ਮੀਰ ਦੇ ਕਬਜ਼ੇ ਵਿਚ ਹੋਵੇ? ਇਹ ਭਾਰਤੀ ਸੰਸਦ ਵਿਚ ਵੀ ਪਾਸ ਹੋ ਚੁਕਿਆ ਹੈ ਕਿ ਸ਼ਾਰਦਾ ਸ਼ਕਤੀਪੀਠ ਭਾਰਤ ਦੀ ਧਰੋਹਰ ਹੈ। ਸ਼ਾਰਦਾ ਸ਼ਕਤੀਪੀਠ ਭਾਰਤ ਦੀਆਂ ਅਠਾਰਾਂ ਸ਼ਕਤੀਪੀਠਾਂ ਵਿਚੋਂ ਇਕ ਹੈ। ਇਸ ਨੂੰ ਮਾਂ ਸਰਸਵਤੀ ਦਾ ਸਥਾਨ ਮੰਨਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਮਾਤਾ ਸਤੀ ਦਾ ਸੱਜਾ ਹੱਥ ਇਥੇ ਆ ਕੇ ਡਿਗਿਆ ਸੀ। ਕਸ਼ਮੀਰੀ ਪੰਡਤਾਂ ਦੁਆਰਾ ਪੂਜੇ ਜਾਂਦੇ ਤਿੰਨਾਂ ਤੀਰਥਾਂ ਮਾਰਤੰਡ ਸੂਰਯਾ ਮੰਦਰ, ਬਾਬਾ ਅਮਰਨਾਥ ਗੁਫ਼ਾ ਤੇ ਸ਼ਾਰਦਾ ਸ਼ਕਤੀਪੀਠ ਇਨ੍ਹਾਂ ਵਿਚੋਂ ਇਕ ਹੈ। ਅਠਵੀਂ ਸਦੀ ਤੋਂ ਲੈ ਕੇ ਗਿਆਰਵੀਂ ਸਦੀ ਤਕ ਇਹ ਵਿਖਿਆਤ ਤੀਰਥ ਸਥਾਨ ਸੀ। ਬੰਗਾਲ ਤਕ ਤੋਂ ਸ਼ਰਧਾਲੂ ਇਸ ਦੀ ਪੂਜਾ ਲਈ ਆਉਂਦੇ ਸਨ। ਇਤਿਹਾਸਕਾਰ ਅਲ ਬਰੂਨੀ ਨੇ ਇਸ ਮੰਦਰ ਦਾ ਮਹੱਤਵ ਪੂਰਨ ਤੀਰਥ ਸਥਾਨ ਦੇ ਤੌਰ ’ਤੇ ਵਰਨਣ ਕੀਤਾ।
ਇਹ ਪਾਕਿਸਤਾਨ ਆਜ਼ਾਦ ਕਸ਼ਮੀਰ ਦੀ ਕਥਿਤ ਰਾਜਧਾਨੀ ਮੁਜ਼ੱਫ਼ਰਾਬਾਦ ਤੋਂ 150 ਕਿਲੋਮੀਟਰ ’ਤੇ ਸ੍ਰੀਨਗਰ ਤੋਂ 130 ਕਿਲੋਮੀਟਰ ਦੀ ਦੂਰੀ ’ਤੇ ਹੈ। ਕੰਟਰੋਲ ਲਾਈਨ ਤੋਂ ਕੇਵਲ 10 ਕਿਲੋਮੀਟਰ ਪਾਕਿਸਤਾਨ ਆਜ਼ਾਦ ਕਸ਼ਮੀਰ ਵਾਲੇ ਪਾਸੇ ਸ਼ਾਰਦਾ ਪਿੰਡ ਵਿਚ ਹੈ ਜਿਹੜਾ ਹਰਮੁਖ ਘਾਟੀ ਵਿਚ ਨੀਲਮ ਨਦੀ ਦੇ ਕਿਨਾਰੇ ਹੈ। ਇਸ ਦੀ ਸ਼ੁਰੂਆਤ ਤੇ ਉਤਪਤੀ ਵਾਰੇ ਅਨਿਸ਼ਚਿਤਤਾ ਹੈ। ਇਹ ਸ਼ਕਤੀ ਪੀਠ ਮੰਦਰ ਤੇ ਯੂਨੀਵਰਸਟੀ ਦੋਵੇਂ ਹੋ ਸਕਦੇ ਹਨ। ਇਸ ਮੰਦਰ ਨੂੰ ਕਿਸੇ ਸਮੇਂ ਵੈਦਿਕ ਕੰਮਾਂ, ਗ੍ਰੰਥਾਂ ਦਾ ਵਿਸ਼ਲੇਸ਼ਣ, ਟਿਪਣੀਆਂ ਦੀ ਉੱਚ ਸਿਖਿਆ ਦਾ ਪ੍ਰਮੁੱਖ ਕੇਂਦਰਾਂ ਵਿਚ ਇਕ ਮੰਨਿਆ ਜਾਂਦਾ ਸੀ। ਇਸ ਦੇ ਇਰਦ ਗਿਰਦ ਇਕ ਸ਼ਾਰਦਾ ਯੂਨੀਵਰਸਟੀ ਨਾਂ ਦੀ ਸੰਸਥਾ ਫੈਲੀ ਹੋਈ ਸੀ। ਇਸ ਦੇ ਖੰਡਹਰ ਅੱਜ ਵੀ ਮੌਜੂਦ ਹਨ। ਇਹ ਯੂਨੀਵਰਸਟੀ ਨਾਲੰਦਾ ਤੇ ਤਕਸ਼ਿਲਾ ਯੂਨੀਵਰਸਟੀ ਦੇ ਬਰਾਬਰ ਦੀ ਸੀ। ਇਹ ਯੂਨੀਵਰਸਟੀ ਮੁੱਖ ਤੌਰ ਤੇ ਬਹੁਤ ਵਿਸ਼ਾਲ ਲਾਇਬ੍ਰੇਰੀ ਕਰ ਕੇ ਜਾਣੀ ਜਾਂਦੀ ਹੈ। ਇਸ ਦੀਆਂ ਕਹਾਣੀਆਂ ’ਚੋਂ ਪਤਾ ਲਗਦਾ ਹੈ ਕਿ ਸਕਾਲਰ ਦੂਰ ਦੂਰ ਤੋਂ ਲੰਮਾ ਪੈਂਡਾ ਤੈਅ ਕਰ ਕੇ ਇਥੇ ਕਿਤਾਬਾਂ ਪੜ੍ਹਨ ਆਉਂਦੇ ਸਨ। ਇਸ ਦੀ ਲਿੱਪੀ ਸ਼ਾਰਦਾ ਸੀ ਜਿਸ ਨੇ ਇਸ ਨੂੰ ਉਤਰੀ ਭਾਰਤ ਵਿਚ ਬੇਹੱਦ ਮਸ਼ਹੂਰ ਕੀਤਾ। ਇਸੇ ਕਰ ਕੇ ਇਸ ਦਾ ਨਾਮ ਸ਼ਾਰਦਾ ਪਿਆ।
ਸ਼ਾਰਦਾ ਸ਼ਕਤੀਪੀਠ ਨੇ ਕਸ਼ਮੀਰੀ ਪੰਡਤਾਂ ਦੀ ਧਾਰਮਕ ਸੰਸਕਿ੍ਰਤੀ ਵਿਚ ਇਤਿਹਾਸਕ ਭੂਮਿਕਾ ਨਿਭਾਈ ਹੈ। ਇਸ ਸ਼ਕਤੀਪੀਠ ਨੂੰ ਮੰਨਣ ਵਾਲੇ ਕਸ਼ਮੀਰੀ ਬ੍ਰਾਹਮਣ ਕੋਈ ਆਮ ਬ੍ਰਾਹਮਣ ਨਹੀਂ ਸਨ। ਇਹ ਸਥਾਨ ਕਸ਼ਮੀਰ ਵਿਚ ਹਿੰਦੂ ਦੇਵੀ ਦੇਵਤਿਆਂ ਨੂੰ ਮੰਨਣ ਵਾਲਾ ਤੇ ਸਮਰਪਤ ਸੱਭ ਤੋਂ ਪੁਰਾਣਾ ਸਥਾਨ ਮੰਨਿਆ ਜਾਂਦਾ ਹੈ। ਹਾਲਾਂਕਿ ਉਸ ਤੋਂ ਬਾਅਦ ਮਾਤਾ ਵੈਸ਼ਣੋ ਦੇਵੀ ਤੇ ਖੀਰ ਭਵਾਨੀ ਸਥਾਨ ਪੂਜਣਯੋਗ ਸਥਾਨਾਂ ਵਿਚ ਸ਼ਾਮਲ ਹਨ। ਸ਼ਾਰਦਾ ਸ਼ਕਤੀਪੀਠ ਨਾਲ ਜੁੜੇ ਕਸ਼ਮੀਰੀ ਪੰਡਤਾਂ ਦੀ ਸਿਖਿਆ ਤੇ ਗਿਆਨ ਵਿਚ ਬਹੁਤ ਵਾਧਾ ਹੋਇਆ। ਕਸ਼ਮੀਰੀ ਪੰਡਤਾਂ ਨੇ ਦਸਿਆ ਕਿ ਸ਼ਾਰਦਾ ਸ਼ਕਤੀਪੀਠ ਵਿਚ ਪੂਜਣ ਵਾਲੀ ਦੇਵੀ ਦੇ ਤਿੰਨ ਰੂਪ ਹਨ। ਸ਼ਾਰਦਾ ਦੇਵੀ (ਸਿਖਿਆ ਦੇਣ ਵਾਲੀ), ਸਰਸਵਤੀ (ਗਿਆਨ ਦੇਣ ਵਾਲੀ ਦੇਵੀ), ਵਾਗ ਦੇਵੀ (ਬੋਲੀ ਦੀ ਦੇਵੀ, ਜੋ ਬੋਲਣ ਲਈ ਸ਼ਕਤੀ ਪ੍ਰਦਾਨ ਕਰਦੀ ਹੈ)। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਲਈ ਅਪਣਾ ਸੀਸ ਦੇ ਦਿਤਾ ਸੀ। ਵੈਸੇ ਕਿਸੇ ਨੇ ਕਦੇ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਕਸ਼ਮੀਰੀ ਪੰਡਤ ਕੌਣ ਸਨ ਜਿਨ੍ਹਾਂ ਨੂੰ ਇਕ ਜ਼ਾਲਮ ਸੁਲਤਾਨ ਮੁਸਲਮਾਨ ਬਣਾਉਣਾ ਚਾਹੁੰਦਾ ਸੀ, ਜਿਨ੍ਹਾਂ ਦੀ ਰਾਖੀ ਕਰਦੇ ਹੋਏ ਸ੍ਰੀ ਗੁਰੂ ਤੇਗ਼ ਬਹਾਦਰ ਜੀ ਸ਼ਹੀਦ ਹੋ ਗਏ। ਅਸਲ ਵਿਚ ਉਹ ਪੰਡਤ ਇਕ ਸ਼ਰ੍ਹਾ ਨਾਲ ਜੁੜੇ ਹੋਏ ਪੜ੍ਹੇ ਲਿਖੇ ਲੋਕ ਸਨ। ਉਸੇ ਸ਼ਰ੍ਹਾ ਨੂੰ ਸ਼ਾਰਦਾ ਪੀਠ ਨਾਲ ਜੋੜਿਆ ਜਾਂਦਾ ਹੈ ਹਾਲਾਂਕਿ ਸ਼ਾਰਦਾ ਸ਼ਕਤੀਪੀਠ ਬਹੁਤ ਪ੍ਰਾਚੀਨ ਧਰੋਹਰ ਹੈ। ਛੇਵੀਂ ਸਦੀ ਤੋਂ ਲੈ ਕੇ ਗਿਆਰ੍ਹਵੀਂ ਸਦੀ ਤਕ ਇਸ ਦੀ ਮਹਾਨਤਾ ਬਣੀ ਰਹੀ।
ਚੌਧਵੀਂ ਸਦੀ ਦੇ ਮਾਧਵੀਆ ਸ਼ੰਕਰਾ ਵਿਜਿਯਮ ਵਿਚ ਦਰਜ ਹੈ ਕਿ ਆਦਿ ਸ਼ੰਕਰਾਚਾਰੀਆ ਅਠਵੀਂ ਸਦੀ ਦੇ ਪਹਿਲੇ ਅੱਧ ਦਰਮਿਆਨ ਸ਼ਾਰਦਾ ਸ਼ਕਤੀਪੀਠ ਗਏ ਸਨ। ਸ਼ਾਰਦਾ ਮੰਦਰ ਦੇ ਚਾਰ ਦਰਵਾਜ਼ੇ ਸਨ, ਉਨ੍ਹਾਂ ਨੂੰ ਸਿੰਘਾਸਨ ਵੀ ਕਿਹਾ ਗਿਆ ਹੈ। ਪੁਰਵ, ਉੱਤਰ ਤੇ ਪਛਮੀ ਦਰਵਾਜ਼ੇ ਖੁੱਲ੍ਹੇ ਸਨ ਕਿਉਂਕਿ ਆਦਿ ਸ਼ੰਕਰਾਚਾਰੀਆ ਦੱਖਣ ਤੋਂ ਆਏ ਸਨ, ਇਸ ਲਈ ਉਨ੍ਹਾਂ ਨੂੰ ਦੱਖਣ ਦਾ ਦਰਵਾਜ਼ਾ ਖੋਲ੍ਹਣ ਲਈ ਕਿਹਾ ਗਿਆ। ਉਨ੍ਹਾਂ ਦੀ ਵਿਦਵਤਾ ਤੇ ਬੋਧੀ, ਜੈਮਿਨੀ ਤੇ ਦਿਗੰਬਰ ਜੈਨ ਸੰਤਾਂ ਵਲੋਂ ਸ਼ੰਕਾ ਕੀਤਾ ਗਈ ਪਰ ਆਦਿ ਸ਼ੰਕਰਾਚਾਰੀਆ ਨੇ ਅਪਣੀ ਵਿਦਵਤਾ ਦੇ ਫ਼ਲਸਫ਼ੇ ਨਾਲ ਉਨ੍ਹਾਂ ਸੰਤਾਂ ਨੂੰ ਸੰਤੁਸ਼ਟ ਕਰ ਦਿਤਾ ਤੇ ਦਖਣੀ ਦਰਵਾਜ਼ਾ ਖੋਲ੍ਹਣ ਵਿਚ ਸਫ਼ਲ ਹੋ ਗਏ। ਕਰਨਾਟਕ ਸੰਗੀਤ ਵਿਚ ਸਰਸਵਤੀ ਦਾ ਬਹੁਤ ਨਾਂ ਹੈ। ਉਸ ਦਾ ਇਕ ਗੀਤ,
“ਕਸ਼ਮੀਰਾ ਵਿਹਾਰ, ਵਾਰ ਸ਼ਾਰਦਾ
ਜੋ ਕਸ਼ਮੀਰ ਵਿਚ ਵਸਦਾ ਹੈ ਸ਼ਾਰਦਾ।’’
ਦਖਣੀ ਭਾਰਤੀ ਬ੍ਰਾਹਮਣ ਪ੍ਰੰਪਰਾ ਅਨੁਸਾਰ ਸ਼ਾਰਦਾ ਪੀਠ ਵਲ ਮੂੰਹ ਕਰ ਕੇ ਮੱਥਾ ਟੇਕਦੇ ਹਨ ਤੇ ਯੱਗਯੋਪਵੀਤ ਰਸਮ ਸਮੇਂ ਸ਼ਕਤੀਪੀਠ ਕਸ਼ਮੀਰ ਵਲ ਸੱਤ ਕਦਮ ਚੱਲਣ ਦਾ ਰਿਵਾਜ ਅੱਜ ਵੀ ਹੈ। ਸਰਸਵਤੀ ਦਾ ਸਤੋਤ੍ਰ ਇਸ ਤਰ੍ਹਾਂ ਗਾਉਂਦੇ ਹਨ : ‘‘ਨਮਸਤੇ ਸ਼ਾਰਦਾ ਦੇਵੀ ਕਸ਼ਮੀਰਾ ਮੰਡਲਾ ਵਾਸਿਨੀ।’’ ਅਰਥਾਤ ਮੈਂ ਕਸ਼ਮੀਰ ਮੰਡਲ ਵਿਚ ਰਹਿਣ ਵਾਲੀ ਸ਼ਾਰਦਾ ਦੇਵੀ ਨੂੰ ਨਮਸਕਾਰ ਕਰਦਾ ਹਾਂ। ਪਰ ਉਸ ਤੋਂ ਬਾਅਦ ਮੁਗ਼ਲਾਂ ਦੇ ਆਗਮਨ ਨਾਲ ਪ੍ਰਭਾਵ ਘਟਦਾ ਗਿਆ। ਅੰਤ ਵਿਚ ਮੁਗ਼ਲ ਜਰਨੈਲ ਸਿਕੰਦਰ ਬੁਤਸ਼ਿਕਨ ਨੇ ਸ਼ਾਰਦਾ ਸ਼ਕਤੀਪੀਠ ਨੂੰ ਬਹੁਤ ਨੁਕਸਾਨ ਪਹੁੰਚਾਇਆ ਤੇ ਲੱਗਭਗ ਇਸ ਦੀ ਪਛਾਣ ਹੀ ਖ਼ਤਮ ਕਰ ਦਿਤੀ।
ਸੁਰਿੰਦਰ ਸ਼ਰਮਾ ਨਾਗਰਾ
ਮੋ. 9878646595