ਸਦਾਬਹਾਰ ਗੀਤਾਂ ਦਾ ਗੀਤਕਾਰ ਨੰਦ ਲਾਲ ਨੂਰਪੁਰੀ
Published : Jun 7, 2020, 11:46 am IST
Updated : Jun 7, 2020, 11:46 am IST
SHARE ARTICLE
Nand Lal Noorpuri
Nand Lal Noorpuri

ਗੋਰੀ ਦੀਆਂ ਝਾਂਜਰਾਂ ਬੁਲੌਂਦੀਆਂ ਗਈਆਂ', 'ਪੈਰ ਧੋ ਕੇ ਝਾਂਜਰਾਂ ਪਾਉਂਦੀ', 'ਕੈਂਠੇ ਵਾਲਾ ਆ ਗਿਆ ਪ੍ਰਾਹੁਣਾ', 'ਮੈਨੂੰ ਦਿਉਰ ਦੇ ਵਿਆਹ ਵਿਚ ਨੱਚ ਲੈਣ ਦੇ'

ਗੋਰੀ ਦੀਆਂ ਝਾਂਜਰਾਂ ਬੁਲੌਂਦੀਆਂ ਗਈਆਂ', 'ਪੈਰ ਧੋ ਕੇ ਝਾਂਜਰਾਂ ਪਾਉਂਦੀ', 'ਕੈਂਠੇ ਵਾਲਾ ਆ ਗਿਆ ਪ੍ਰਾਹੁਣਾ', 'ਮੈਨੂੰ ਦਿਉਰ ਦੇ ਵਿਆਹ ਵਿਚ ਨੱਚ ਲੈਣ ਦੇ', 'ਘੁੰਡ ਕੱਢ ਲੈ ਪਤਲੀਏ ਨਾਰੇ', 'ਕੌਣ ਆਖੂ ਜ਼ੈਲਦਾਰਨੀ' ਆਦਿ ਛੇ ਦਰਜਨ ਸਦਾਬਹਾਰ ਗੀਤਾਂ ਦਾ ਗੀਤਕਾਰ ਨੰਦ ਲਾਲ ਨੂਰਪੁਰੀ ਅਪਣੇ ਸਮੇਂ ਦਾ ਸਿਰਕਢ ਕਵੀ ਸੀ। ਉਸ ਨੇ ਗੀਤਾਂ ਤੋਂ ਇਲਾਵਾ ਕਵਿਤਾਵਾਂ ਅਤੇ ਗ਼ਜ਼ਲਾਂ ਵੀ ਲਿਖੀਆਂ।

PhotoPhoto

ਲੋਕ ਗੀਤਾਂ ਜਿਹੇ ਗੀਤ ਲਿਖਣ ਵਾਲੇ ਇਸ ਕਵੀ ਦਾ ਜਨਮ 1906 ਵਿਚ ਪਿੰਡ ਨੂਰਪੁਰ, ਜ਼ਿਲ੍ਹਾ ਲਾਇਲਪੁਰ, ਪਾਕਿਸਤਾਨ ਵਿਚ ਪਿਤਾ ਬਿਸ਼ਨ ਸਿੰਘ ਅਤੇ ਮਾਤਾ ਹੁਕਮ ਦੇਈ ਦੇ ਘਰ ਹੋਇਆ। ਮੈਟ੍ਰਿਕ ਦੀ ਪ੍ਰੀਖਿਆ ਖ਼ਾਲਸਾ ਹਾਈ ਸਕੂਲ ਲਾਇਲਪੁਰ ਤੋਂ ਪਾਸ ਕਰਨ ਪਿੱਛੋਂ ਉਸ ਨੇ ਖ਼ਾਲਸਾ ਕਾਲਜ ਵਿਖੇ ਦਾਖ਼ਲਾ ਲੈ ਲਿਆ।
ਇਹ ਸਮਾਂ ਰਾਜਸੀ ਉਥਲ-ਪੁਥਲ ਦਾ ਸਮਾਂ ਸੀ।

PhotoPhoto

ਨਾ-ਮਿਲਵਰਤਣ ਲਹਿਰ, ਅਕਾਲੀ ਲਹਿਰ, ਪ੍ਰਗਤੀਵਾਦੀ ਲਹਿਰ ਆਦਿ ਦੇ ਨਾਲ-ਨਾਲ ਕਾਮਾਗਾਟਾ ਮਾਰੂ, ਬਜਬਜ ਘਾਟ ਅਤੇ ਜਲਿਆਂਵਾਲਾ ਬਾਗ਼ ਦੇ ਸਾਕੇ ਵਾਪਰ ਰਹੇ ਸਨ। ਦੇਸ਼ਭਗਤੀ ਅਤੇ ਕਵੀ-ਦਰਬਾਰਾਂ ਦੇ ਇਸ ਯੁੱਗ ਵਿਚ ਸ਼ਰਫ਼, ਹਮਦਮ, ਦਾਮਨ, ਤੀਰ ਵਰਗੇ ਸ਼ਾਇਰ ਵੀ ਹੀਰਾ ਸਿੰਘ ਦਰਦ ਅਤੇ ਗੁਰਮੁਖ ਸਿੰਘ ਮੁਸਾਫ਼ਿਰ ਵਰਗੇ ਰਾਜਸੀ ਕਵੀਆਂ ਦੀ ਸ਼੍ਰੇਣੀ ਵਿਚ ਆ ਸ਼ਾਮਲ ਹੋਏ। ਮੌਲਾ ਬਖ਼ਸ਼ ਕੁਸ਼ਤਾ ਅਤੇ ਧਨੀ ਰਾਮ ਚਾਤ੍ਰਿਕ ਜਿਹੇ ਉਸਤਾਦ ਕਵੀਆਂ ਦੇ ਪ੍ਰਭਾਵ ਹੇਠ ਨੰਦ ਲਾਲ ਨੂਰਪੁਰੀ ਵੀ ਇਨ੍ਹਾਂ ਲਹਿਰਾਂ ਤੋਂ ਅਭਿੱਜ ਨਾ ਰਹਿ ਸਕਿਆ।

PhotoPhoto

ਕਵੀ-ਦਰਬਾਰਾਂ ਵਿਚ ਹਿੱਸਾ ਲੈਣ ਕਰ ਕੇ ਉਹਦੀ ਪੜ੍ਹਾਈ ਵਿਚੇ ਹੀ ਛੁੱਟ ਗਈ। ਰੋਜ਼ੀ-ਰੋਟੀ ਦੀ ਤਲਾਸ਼ ਹਿਤ ਪਹਿਲਾਂ ਉਹ ਸਕੂਲ ਮਾਸਟਰ ਲਗਿਆ ਅਤੇ ਫਿਰ ਬੀਕਾਨੇਰ ਵਿਖੇ ਛੋਟਾ ਥਾਣੇਦਾਰ ਨਿਯੁਕਤ ਹੋ ਗਿਆ। ਪਰ ਨੂਰਪੁਰੀ ਕਿਸੇ ਵੀ ਬੰਧਨ ਵਿਚ ਬੱਝ ਕੇ ਰਹਿਣ ਨੂੰ ਤਿਆਰ ਨਹੀਂ ਸੀ। ਇਹੋ ਜਿਹੇ ਸਮੇਂ ਹੀ ਉਹ ਨੇ ਲਿਖਿਆ ਸੀ:
ਏਥੋਂ ਉਡ ਜਾ ਭੋਲਿਆ ਪੰਛੀਆ,
ਵੇ ਤੂੰ ਅਪਣੀ ਜਾਨ ਬਚਾ।
ਏਥੇ ਘਰ ਘਰ ਫਾਹੀਆਂ ਗੱਡੀਆਂ,
ਵੇ ਤੂੰ ਛੁਰੀਆਂ ਹੇਠ ਨਾ ਆ।

PhotoPhoto

ਬੀਕਾਨੇਰ ਵਿਖੇ ਹੀ ਸੁਮਿੱਤਰਾ ਦੇਵੀ ਨਾਲ ਨੰਦ ਲਾਲ ਨੂਰਪੁਰੀ ਦਾ ਵਿਆਹ ਹੋ ਗਿਆ, ਜਿਸ ਦੀ ਕੁੱਖੋਂ ਛੇ ਲੜਕੀਆਂ ਅਤੇ ਦੋ ਲੜਕੇ (ਸਤਿਨਾਮ ਤੇ ਸਤਿਕਰਤਾਰ) ਪੈਦਾ ਹੋਏ। ਨੂਰਪੁਰੀ ਆਪ ਭਾਵੇਂ ਕੇਸਾਧਾਰੀ ਨਹੀਂ ਸੀ, ਪਰ ਉਸ ਦੀ ਪਤਨੀ ਨੇ ਪਿੱਛੋਂ ਅੰਮ੍ਰਿਤ ਵੀ ਛਕ ਲਿਆ ਸੀ। ਨੂਰਪੁਰੀ ਦੇ ਮਨ ਵਿਚ ਗੁਰੂ-ਘਰ ਲਈ ਅਥਾਹ ਸ਼ਰਧਾ ਸੀ। ਉਸ ਦੇ ਲਿਖੇ ਧਾਰਮਕ ਜਜ਼ਬੇ ਵਾਲੇ ਗੀਤ 'ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ', 'ਵਸਦੇ ਅਨੰਦਪੁਰ ਨੂੰ ਛੱਡ ਚੱਲਿਆ ਕਲਗੀਆਂ ਵਾਲਾ', 'ਅੱਧੀ ਰਾਤੀਂ ਮਾਂ ਗੁਜਰੀ ਬੈਠੀ ਘੋੜੀ ਚੰਨਾਂ ਦੀਆਂ ਗਾਵੇ' ਆਦਿ ਰਾਹੀਂ ਉਸ ਦਾ ਧਾਰਮਕ ਜਜ਼ਬਾ ਪ੍ਰਗਟ ਹੁੰਦਾ ਹੈ।

PhotoPhoto

1940 ਵਿਚ ਉਹ ਬੀਕਾਨੇਰ ਤੋਂ ਪੰਜਾਬ ਆ ਗਿਆ। ਇਨ੍ਹਾਂ ਦਿਨਾਂ ਵਿਚ ਹੀ ਸ਼ੋਰੀ ਫ਼ਿਲਮ ਕੰਪਨੀ ਦੀ ਮੰਗ ਉੱਤੇ ਉਸ ਨੇ  ਪੰਜਾਬੀ ਫ਼ਿਲਮ 'ਮੰਗਤੀ' ਦੇ ਗੀਤ ਲਿਖੇ, ਜਿਸ ਨਾਲ ਬਤੌਰ ਗੀਤਕਾਰ ਉਸ ਦੀ ਥਾਂ-ਥਾਂ ਮੰਗ ਵਧਣ ਲੱਗੀ। ਇਸੇ ਪ੍ਰਕਾਰ 'ਗੀਤ ਬਹਾਰਾਂ ਦੇ' ਅਤੇ 'ਵਲਾਇਤ ਪਾਸ' ਫ਼ਿਲਮਾਂ ਦੇ ਗੀਤ ਵੀ ਖ਼ੂਬ ਮਕਬੂਲ ਹੋਏ। ਨੂਰਪੁਰੀ ਨੇ ਮਿਰਜ਼ਾ-ਸਾਹਿਬਾਂ 'ਤੇ ਇਕ ਓਪੇਰਾ ਵੀ ਲਿਖਿਆ। ਕੋਲੰਬੀਆ ਰਿਕਾਰਡਿੰਗ ਕੰਪਨੀ ਆਦਿ ਲਈ ਵੀ ਉਸ ਨੇ ਬਹੁਤ ਹਿੱਟ ਗਾਣੇ ਲਿਖੇ, ਜਿਹੜੇ ਕਾਫ਼ੀ ਚਰਚਿਤ ਹੋਏ।

PhotoPhoto

ਦੇਸ਼ ਵੰਡ ਪਿੱਛੋਂ ਕਾਫ਼ੀ ਉਥਲ-ਪੁਥਲ ਹੋਈ ਤੇ ਉਸ ਨੇ ਭਾਸ਼ਾ ਵਿਭਾਗ ਵਿਚ ਨੌਕਰੀ ਕਰ ਲਈ। ਪਰ ਇੱਥੇ ਵੀ ਉਹ ਦੋ-ਢਾਈ ਸਾਲਾਂ ਤੋਂ ਵਧੇਰੇ ਨਾ ਟਿਕ ਸਕਿਆ। ਮਾਡਲ ਹਾਊਸ ਕਾਲੋਨੀ ਜਲੰਧਰ ਵਿਖੇ ਰਿਹਾਇਸ਼ ਕਰਨ ਪਿੱਛੋਂ ਉਹ ਕਵੀ-ਦਰਬਾਰਾਂ ਅਤੇ ਰੇਡੀਉ ਪ੍ਰੋਗਰਾਮਾਂ ਨਾਲ ਅਪਣੀ ਜ਼ਿੰਦਗੀ ਬਤੀਤ ਕਰਨ ਲੱਗਾ। ਪੰਜਾਬ ਸਰਕਾਰ ਵਲੋਂ 75 ਰੁਪਏ ਪ੍ਰਤੀ ਮਹੀਨਾ ਵੀ ਮਿਲਦੇ ਰਹੇ। ਪਰ ਵੱਡੇ ਪ੍ਰਵਾਰ ਦਾ ਇੰਨੀ ਕੁ ਆਮਦਨ ਨਾਲ ਗੁਜ਼ਾਰਾ ਹੋਣਾ ਮੁਸ਼ਕਲ ਸੀ। ਉਸ ਦੇ ਗੀਤਾਂ ਅਤੇ ਗ਼ਜ਼ਲਾਂ ਵਿਚ ਨਿਰਾਸ਼ਾ ਦਾ ਰੰਗ ਨਜ਼ਰ ਆਉਣ ਲੱਗਾ।

PhotoPhoto

ਬੜਾ ਜ਼ਿੰਦਗੀ ਦਾ ਮੈਂ ਸਤਾਇਆ ਹੋਇਆ ਹਾਂ।
ਕਿ ਤੰਗ ਏਸ ਜ਼ਿੰਦਗੀ ਤੋਂ ਆਇਆ ਹੋਇਆ ਹਾਂ।

---
ਬਿਨਾਂ ਕਫ਼ਨ ਦੇ ਲੈ ਚੱਲੋ ਯਾਰੋ ਮੈਨੂੰ।
ਕਿ ਲੁਕ ਕੇ ਗਿਆ ਆਖੂ ਸੰਸਾਰ ਮੈਨੂੰ।

PhotoPhoto

ਤੰਗੀਆਂ-ਤੁਰਸ਼ੀਆਂ ਦੇ ਬਾਵਜੂਦ ਨੂਰਪੁਰੀ ਨੇ ਹਾਲਾਤ ਨਾਲ ਸਮਝੌਤਾ ਨਹੀਂ ਕੀਤਾ। ਪਰ ਹੌਲੀ-ਹੌਲੀ ਉਸ ਦੇ ਮਨ ਵਿਚ ਆਤਮਹੱਤਿਆ ਦੇ ਵਿਚਾਰ ਬਣਦੇ ਗਏ। ਅੰਤ 13 ਮਈ 1966 ਨੂੰ ਰਾਤ ਵੇਲੇ ਅਪਣੇ ਘਰ ਦੇ ਨੇੜੇ ਇਕ ਖੂਹ ਵਿਚ ਛਾਲ ਮਾਰ ਕੇ ਉਸ ਨੇ ਇਸ ਦੁਖ ਭਰੀ ਜ਼ਿੰਦਗੀ ਤੋਂ ਛੁਟਕਾਰਾ ਪਾ ਲਿਆ। ਕਰੀਬ 60 ਸਾਲ ਦੀ ਉਮਰ ਵਿਚ ਇਸ ਰਾਂਗਲੇ ਕਵੀ ਨੇ ਸਵਾ ਕੁ ਸੌ ਕਾਵਿ-ਵਨਗੀਆਂ ਪੰਜਾਬੀ ਸਾਹਿਤ ਨੂੰ ਪ੍ਰਦਾਨ ਕੀਤੀਆਂ ਜਿਨ੍ਹਾਂ ਵਿਚ ਕਵਿਤਾਵਾਂ, ਗੀਤ ਤੇ ਗ਼ਜ਼ਲਾਂ ਸ਼ਾਮਲ ਹਨ। ਇਨ੍ਹਾਂ ਵਿਚ ਗੀਤਾਂ ਦੀ ਗਿਣਤੀ ਸੱਭ ਤੋਂ ਵਧੀਕ, ਯਾਨੀਕਿ 71 ਹੈ। ਕਵਿਤਾਵਾਂ 25 ਅਤੇ ਸੱਭ ਤੋਂ ਘੱਟ ਗ਼ਜ਼ਲਾਂ, ਯਾਨੀ 12 ਹਨ।

Punjabi University Punjabi University

ਉਸ ਦੀ ਸਮੁੱਚੀ ਰਚਨਾ ਨੂੰ ਇਕ ਸੁਚੱਜੀ ਤਰਤੀਬ ਵਿਚ ਪੰਜਾਬੀ ਯੂਨੀਵਰਸਟੀ ਪਟਿਆਲਾ ਵਲੋਂ ਪ੍ਰੋਫ਼ੈਸਰ ਮੋਹਨ ਸਿੰਘ ਦੀ ਸੰਪਾਦਨਾ ਹੇਠ 1969 ਵਿਚ 'ਨੰਦ ਲਾਲ ਨੂਰਪੁਰੀ ਕਾਵਿ-ਸੰਗ੍ਰਹਿ' ਨਾਂ ਹੇਠ ਛਾਪਿਆ ਗਿਆ ਸੀ। ਇਸ ਪੁਸਤਕ ਦੀ 11 ਸਫ਼ਿਆਂ ਦੀ ਲੰਮੀ ਭੂਮਿਕਾ ਵਿਚ ਪ੍ਰੋ. ਮੋਹਨ ਸਿੰਘ ਨੇ ਨੂਰਪੁਰੀ-ਕਾਵਿ ਦੇ ਵਿਭਿੰਨ ਪਹਿਲੂਆਂ ਨੂੰ ਬੜੀ ਬਾਰੀਕੀ ਨਾਲ ਵਿਉਂਤਬੱਧ ਕੀਤਾ ਹੈ।

PhotoPhoto

ਨੰਦ ਲਾਲ ਨੂਰਪੁਰੀ ਦੀਆਂ ਅੱਡ-ਅੱਡ ਪ੍ਰਕਾਸ਼ਤ ਪੁਸਤਕਾਂ ਵਿਚ 'ਨੂਰੀ ਪਰੀਆਂ', 'ਵੰਗਾਂ', 'ਜਿਊਂਦਾ ਪੰਜਾਬ', 'ਨੂਰਪੁਰੀ ਦੇ ਗੀਤ', 'ਸੁਗਾਤ' ਸ਼ਾਮਲ ਹਨ। ਇਨ੍ਹਾਂ 'ਚੋਂ ਆਖਰੀ ਪੁਸਤਕ 'ਸੁਗਾਤ' ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ਪਹਿਲਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਨੂਰਪੁਰੀ ਦੀਆਂ ਕਵਿਤਾਵਾਂ ਦੇ ਵਿਸ਼ੇ ਵਿਕੋਲਿਤਰੇ ਹਨ, ਜਿਨ੍ਹਾਂ  ਵਿਚ ਇਤਿਹਾਸਕ, ਅਧਿਆਤਮਕ, ਰੋਮਾਂਚਿਕ, ਪੰਜਾਬੀ ਜਨ- ਜੀਵਨ, ਰਹਿਣੀ-ਬਹਿਣੀ ਦਾ ਰੰਗ ਨਜ਼ਰ ਆਉਂਦਾ ਹੈ।

PhotoPhoto

1925 ਵਿਚ ਉਸ ਨੇ ਸੱਭ ਤੋਂ ਪਹਿਲਾ ਗੀਤ 'ਮੈਂ ਵਤਨ ਦਾ ਸ਼ਹੀਦ' ਲਿਖਿਆ, ਜੋ ਦੇਸ਼-ਪਿਆਰ ਦੀ ਭਾਵਨਾ ਨਾਲ ਓਤਪ੍ਰੋਤ ਹੈ। ਨੂਰਪੁਰੀ ਲਿਖਦਾ ਹੈ ਕਿ 'ਗੀਤ ਲਿਖਣਾ ਕਵਿਤਾ ਲਿਖਣ ਨਾਲੋਂ ਔਖਾ ਹੈ। ਜਿਸ ਦੇਸ਼ ਦੇ ਗੀਤ ਜਿਊਂਦੇ ਹਨ, ਉਹ ਦੇਸ਼ ਸਦਾ ਜਿਊਂਦਾ ਰਹਿੰਦਾ ਹੈ। ਮੈਂ ਕੋਸ਼ਿਸ਼ ਕਰਦਾ ਰਿਹਾ ਹਾਂ ਕਿ ਅਪਣੇ ਗੀਤਾਂ ਰਾਹੀਂ ਲੋਕਾਂ ਨੂੰ ਕੁੱਝ ਦੇ ਸਕਾਂ, ਅਪਣੇ ਗੀਤਾਂ ਰਾਹੀਂ ਕੌਮ ਤੇ ਦੇਸ਼ ਦੀ ਖ਼ਿਦਮਤ ਕਰ ਸਕਾਂ।''

PhotoPhoto

ਉਸ ਨੇ ਕੇਵਲ ਰੋਮਾਂਟਿਕ ਜਾਂ ਚੁਲਬੁਲੇ ਗੀਤ ਹੀ ਨਹੀਂ ਲਿਖੇ, ਸਗੋਂ ਦੇਸ਼-ਭਗਤੀ, ਸਮਾਜਕ ਚੇਤਨਤਾ ਅਤੇ ਧਾਰਮਕ ਰੰਗਣ ਵਾਲੇ ਗੀਤਾਂ ਦੀ ਰਚਨਾ ਵੀ ਕੀਤੀ ਹੈ। ਬਹੁਤੇ ਗੀਤਾਂ ਲਈ ਉਸ ਨੇ ਲੋਕ-ਧਾਰਨਾ ਨੂੰ ਹੀ ਵਰਤਿਆ ਹੈ ਅਤੇ ਕਈ ਗੀਤਾਂ ਵਿਚੋਂ ਲੋਕਗੀਤਾਂ ਵਰਗਾ ਅਨੰਦ ਮਿਲਦਾ ਹੈ।
ਨੂਰਪੁਰੀ ਰਚਿਤ ਕਾਵਿ ਵਿਚੋਂ ਕੁੱਝ ਚੋਣਵੀਆਂ ਵਨਗੀਆਂ ਪਾਠਕਾਂ ਦੀ ਰੁਚੀ ਹਿੱਤ ਪੇਸ਼ ਹਨ:

ਚੱਲ ਜੀਆ ਘਰ ਆਪਣੇ ਚੱਲੀਏ,
ਨਾ ਕਰ ਮੱਲਾ ਅੜੀਆਂ।
ਇਹ ਪਰਦੇਸ, ਦੇਸ਼ ਨਹੀਂ ਸਾਡਾ,
ਏਥੇ ਗੁੰਝਲਾਂ ਬੜੀਆਂ।
ਪੀਂਘਾਂ ਪਈਆਂ ਪਿੱਪਲਾਂ ਨਾਲ,
ਕੁੜੀਆਂ ਲੱਦੀਆਂ ਸੋਨੇ ਨਾਲ।
ਸੋਨਾ ਸੋਭੇ ਰੂਪ ਨਾਲ।
ਨਾ ਦੇ ਇਹ ਸਵਰਗਾਂ ਦਾ ਲਾਰਾ,
ਸਾਨੂੰ ਸਾਡਾ ਕੁਫ਼ਰ ਪਿਆਰਾ।
ਮੰਦਰ ਦੀਆਂ ਦਹਿਲੀਜ਼ਾਂ ਲੰਘ ਕੇ,
ਮੈਂ ਕੀ ਮੱਥੇ ਟੇਕਾਂ।

ਸੰਪਰਕ : 94176-92015
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement