ਮੇਰੇ ਖ਼ਿਆਲ ਅੰਦਰ ਉਹ ਸ਼ਾਇਰ ਸ਼ਾਇਰ ਹੁੰਦੈ, ਖੰਡ ਨੂੰ ਖੰਡ ਜੋ ਜ਼ਹਿਰ ਨੂੰ ਜ਼ਹਿਰ ਆਖੇ,
ਮੇਰੇ ਖ਼ਿਆਲ ਅੰਦਰ ਉਹ ਸ਼ਾਇਰ ਸ਼ਾਇਰ ਹੁੰਦੈ,
ਖੰਡ ਨੂੰ ਖੰਡ ਜੋ ਜ਼ਹਿਰ ਨੂੰ ਜ਼ਹਿਰ ਆਖੇ,
ਜੋ ਕੁੱਝ ਹੁੰਦਾ ਏ ਹੋਵੇ ਨਾ ਡਰੇ ਹਰਗਿਜ਼,
ਰਹਿਮ ਨੂੰ ਰਹਿਮ ਜੋ ਕਹਿਰ ਨੂੰ ਕਹਿਰ ਆਖੇ।
ਉਪਰੋਕਤ ਸਤਰਾਂ ਨੂੰ ਅਪਣੇ ਆਖ਼ਰੀ ਸਾਹਾਂ ਤਕ ਨਿਭਾਉਣ ਵਾਲਾ ਸਾਂਝੇ ਪੰਜਾਬ ਦੀ ਪੰਜਾਬੀਅਤ ਦਾ ਅਲੰਬਰਦਾਰ ਚਿਰਾਗ਼ ਦੀਨ ਪੰਜਾਬੀ ਜ਼ੁਬਾਨ ਦਾ ਮਸ਼ਹੂਰ ਸ਼ਾਇਰ ਅਤੇ ਰਹੱਸਵਾਦੀ ਕਵੀ ਸੀ। ਚਿਰਾਗ਼ ਦੀਨ ਨਾਂ ਦਾ ਇਹ ਸ਼ਖ਼ਸ ਪੂਰੀ ਦੁਨੀਆਂ ਵਿਚ ਪੰਜਾਬੀ ਬੋਲੀ ਦੇ ਇਕ ਦਲੇਰ ਪੁੱਤ ਉਸਤਾਦ ਦਾਮਨ ਦੇ ਤੌਰ ’ਤੇ ਅਪਣੀ ਕਲਮ ਰਾਹੀਂ ਚਰਚਾ ਵਿਚ ਆਇਆ ਤੇ ਇਸੇ ਕਲਮ ਦੀ ਪਹਿਚਾਣ ਸਦਕਾ ਉਸਤਾਦ ਦਾਮਨ ਦਾ ਨਾਂ ਰਹਿੰਦੀ ਦੁਨੀਆਂ ਤਕ ਸਾਂਝੇ ਪੰਜਾਬ ਦੇ ਲੋਕ ਕਵੀ ਵਜੋਂ ਹਮੇਸ਼ਾ ਸਤਿਕਾਰਿਆ ਜਾਂਦਾ ਰਹੇਗਾ।
ਚਿਰਾਗ਼ ਦੀਨ ਦਾ ਜਨਮ 4 ਸਤੰਬਰ 1911 ਨੂੰ ਕਰੀਮ ਬੀਬੀ ਦੀ ਕੁੱਖੋਂ ਮੀਆਂ ਮੀਰ ਬਖ਼ਸ਼ ਦੇ ਘਰ ਇਕ ਗ਼ਰੀਬ ਪ੍ਰਵਾਰ ਵਿਚ ਹੋਇਆ। ਅੰਮੀ ਨੇ ਲੋਕਾਂ ਦੇ ਘਰਾਂ ਵਿਚ ਭਾਂਡੇ ਮਾਂਜ ਕੇ ਘਰ ਦਾ ਗੁਜ਼ਾਰਾ ਕੀਤਾ। ਘਰ ਦੇ ਹਾਲਾਤ ਨੂੰ ਸਮਝਦਿਆਂ ਪਿਤਾ ਨਾਲ ਦਰਜੀ ਦੇ ਕੰਮ ਵਿਚ ਅਪਣਾ ਸਾਥ ਦਿਤਾ। ਕੰਮ ਕਰਦਿਆਂ ਲੋਕਾਂ ਦੀ ਮੰਗ ’ਤੇ ਨਵੇਂ ਫ਼ੈਸ਼ਨ ਦੇ ਪੈਂਟ-ਕੋਟ ਆਦਿ ਸਿਉਂ ਕੇ ਦੇਣੇ ਪਰ ਖ਼ੁਦ ਹਮੇਸ਼ਾ ਸ਼ੁਧ ਪੰਜਾਬੀ ਪਹਿਰਾਵਾ ਕੁੜਤਾ-ਚਾਦਰਾ, ਸਿਰ ’ਤੇ ਪਰਨਾ ਅਤੇ ਮੋਢੇ ਚਾਦਰਾ ਰਖਿਆ।
ਦਾਮਨ ਨਾਂ ਕਵਿਤਾ ਵਿਚ ਉਸ ਨਾਲ ਜੁੜਿਆ ਤੇ ਉਸਤਾਦ ਉਸ ਦੀ ਲੇਖਣੀ ਨੂੰ ਸਤਿਕਾਰ ਵਜੋਂ ਲੋਕਾਈ ਵਲੋਂ ਦਿਤਾ ਗਿਆ। ਚਿਰਾਗ਼ ਦੀਨ ਨੇ ਦਸਵੀਂ ਤਕ ਦੀ ਪੜ੍ਹਾਈ ਦੇਵ ਸਮਾਜ ਸਕੂਲ ਤੋਂ ਕੀਤੀ। ਉਸਤਾਦ ਦਾਮਨ ਉਰਦੂ, ਹਿੰਦੀ, ਅੰਗਰੇਜ਼ੀ, ਸੰਸਕ੍ਰਿਤ, ਫ਼ਾਰਸੀ ਅਤੇ ਬੰਗਾਲੀ ਤੋਂ ਇਲਾਵਾ ਥੋੜ੍ਹੀ ਬਹੁਤੀ ਪਸ਼ਤੋ ਵੀ ਜਾਣਦੇ ਸਨ। ਬਹੁ ਭਾਸ਼ਾਈ ਜਾਣਕਾਰ ਹੋਣ ਦੇ ਬਾਵਜੂਦ ਵੀ ਪੰਜਾਬੀ ਭਾਸ਼ਾ ਲਈ ਹਦ ਤੋਂ ਵੱਧ ਸ਼ੁਦਾਈ ਸਨ। ਪੰਜਾਬੀ ਬੋਲੀ ਲਈ ਉਸਤਾਦ ਦਾਮਨ ਦਾ ਮੋਹ ਦੇਖਣ ਲਈ ਇਹ ਕਵਿਤਾ ਤੋਂ ਹੀ ਸਮਝਿਆ ਜਾ ਸਕਦਾ ਹੈ:
ਮੈਨੂੰ ਕਈਆਂ ਨੇ ਆਖਿਆ ਕਈ ਵਾਰੀ,
ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ।
ਗੋਦੀ ਜਿਦ੍ਹੀ ’ਚ ਪਲ ਕੇ ਜਵਾਨ ਹੋਇਉਂ,
ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ।
ਜੇ ਪੰਜਾਬੀ, ਪੰਜਾਬੀ ਈ ਕੂਕਣਾ ਈ,
ਜਿਥੇ ਖਲਾ ਖਲੋਤਾ ਏਂ ਥਾਂ ਛੱਡ ਦੇ।
ਮੈਨੂੰ ਇੰਝ ਲਗਦੈ, ਲੋਕੀਂ ਆਖਦੇ ਨੇ,
ਤੂੰ ਪੁੱਤਰਾ ਅਪਣੀ ਮਾਂ ਛੱਡ ਦੇ।
ਉਸਤਾਦ ਦਾਮਨ ਦੀ ਜ਼ਿੰਦਗੀ ਭਰ ਦੀ ਸਾਹਿਤਕ ਕਿਰਤ ਨੂੰ ਵਾਚਦਿਆਂ ਤੁਸੀਂ ਸੱਚਮੁੱਚ ਇਹ ਮਹਿਸੂਸ ਕਰੋਗੇ ਕਿ ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ ਅਤੇ ਵਾਰਸ ਸ਼ਾਹ ਤੋਂ ਬਾਅਦ 20ਵੀਂ ਸਦੀ ਵਿਚ ਪੰਜਾਬੀ ਬੋਲੀ ਦੀਆਂ ਬਗ਼ਾਵਤੀ ਕਲਮਾਂ ਵਿਚ ਉਸਤਾਦ ਦਾਮਨ ਨੂੰ ਸਿਖ਼ਰ ਤੇ ਦੇਖੋਗੇ। ਲੋਕਾਂ ਦੀ ਭਾਸ਼ਾ ਪੰਜਾਬੀ ਵਿਚ ਲੋਕ ਮਸਲਿਆਂ ’ਤੇ ਸਮੇਂ-ਸਮੇਂ ’ਤੇ ਲਿਖਦਿਆਂ ਉਸਤਾਦ ਦਾਮਨ ਨੇ ਸਾਂਝੇ ਪੰਜਾਬ ਦੇ ਲੋਕ ਕਵੀ ਹੋਣ ਦਾ ਰੁਤਬਾ ਹਮੇਸ਼ਾ ਬਣਾਈ ਰਖਿਆ।
ਗੱਲ ਪੰਜਾਬੀ ਭਾਸ਼ਾ ਦੀ ਹੋਵੇ ਜਾਂ ਆਮ ਲੋਕਾਈ ਦੇ ਮਸਲਿਆਂ ਜਾਂ ਇਨਸਾਨੀਅਤ ਦੀ, ਉਸਤਾਦ ਦਾਮਨ ਨੇ ਅਪਣੀ ਸ਼ਾਇਰੀ ਅਣਖ ਨਾਲ ਹੀ ਕੀਤੀ। ਜਦੋਂ ਵੀ ਉਸਤਾਦ ਦਾਮਨ ਨੂੰ ਉਰਦੂ ਵਿਚ ਲਿਖਣ ਲਈ ਮਜਬੂਰ ਕਰਨ ਦੀ ਕੋਸ਼ਸ਼ ਕੀਤੀ ਤਾਂ ਉਨ੍ਹਾਂ ਨੇ ਇਸ ਮੌਕੇ ਅਪਣੀ ਕਵਿਤਾ ਰਾਹੀਂ ਹੀ ਜਵਾਬ ਦਿਤਾ:
ਉਰਦੂ ਦਾ ਮੈਂ ਦੋਖੀ ਨਾਹੀਂ ਤੇ ਦੁਸ਼ਮਣ ਨਹੀਂ ਅੰਗਰੇਜ਼ੀ ਦਾ,
ਪੁਛਦੇ ਹੋ ਮੇਰੇ ਦਿਲ ਦੀ ਬੋਲੀ- ਹਾਂ ਜੀ ਹਾਂ ਪੰਜਾਬੀ ਏ
ਆਜ਼ਾਦੀ ਸੰਗਰਾਮ ਦੀ ਰਾਜਨੀਤੀ ਦੀ ਜਾਗ ਉਨ੍ਹਾਂ ਨੂੰ ਮੀਆਂ ਇਫ਼ਤਿਖ਼ਾਰਉੱਦੀਨ ਨੇ ਲਾਈ ਸੀ। 1930 ਵਿਚ ਉਸਤਾਦ ਦਾਮਨ ਦੀ ਸ਼ਾਇਰੀ ਸੁਣਨ ਦਾ ਸਬੱਬ ਮੀਆਂ ਇਫ਼ਤਿਖ਼ਾਰਉੱਦੀਨ ਲਈ ਉਦੋਂ ਬਣਿਆ ਜਦੋਂ ਉਹ ਅਪਣੇ ਇਕ ਸੂਟ ਦੀ ਸਿਲਾਈ ਲਈ ਉਨ੍ਹਾਂ ਦੀ ਦੁਕਾਨ ’ਤੇ ਆਇਆ ਸੀ। ਸ਼ਾਇਰੀ ਤੋਂ ਪ੍ਰਭਾਵਤ ਹੋ ਕੇ ਮੀਆਂ ਵਲੋਂ ਇਕ ਜਲਸੇ ਲਈ ਕਵਿਤਾ ਸੁਣਾਉਣ ਲਈ ਦਾਮਨ ਨੂੰ ਸੱਦਾ ਦਿਤਾ ਗਿਆ। ਇਸ ਜਲਸੇ ਮੌਕੇ ਦਾਮਨ ਨੇ ਅਪਣੀ ਕਵਿਤਾ ਰਾਹੀਂ ਹਰ ਇਨਸਾਨੀਅਤ ਪਸੰਦ ਰੂਹ ਨੂੰ ਮੋਹ ਲਿਆ।
ਭਾਵੇਂ ਮੂੰਹੋਂ ਨਾ ਕਹੀਏ ਪਰ ਵਿਚੋਂ-ਵਿਚੀ,
ਖੋਏ ਤੁਸੀਂ ਵੀ ਓ ਤੇ ਖੋਏ ਅਸੀਂ ਵੀ ਆਂ।
ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ,
ਹੋਏ ਤੁਸੀਂ ਵੀ ਓ, ਹੋਏ ਅਸੀ ਵੀ ਆਂ।
ਕੁੱਝ ਉਮੀਦ ਏ ਜ਼ਿੰਦਗੀ ਮਿਲ ਜਾਵੇਗੀ,
ਮੋਏ ਤੁਸੀਂ ਵੀ ਓ, ਮੋਏ ਅਸੀ ਵੀ ਆਂ।
ਜਿਉਂਦੀ ਜਾਨ ਵੀ ਮੌਤ ਦੇ ਮੂੰਹ ਅੰਦਰ,
ਢੋਏ ਤੁਸੀਂ ਵੀ ਓ, ਢੋਏ ਅਸੀ ਵੀ ਆਂ।
ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ,
ਸੋਏ ਤੁਸੀਂ ਵੀ ਓ, ਸੋਏ ਅਸੀ ਵੀ ਆਂ।
ਲਾਲੀ ਅੱਖੀਆਂ ਦੀ ਪਈ ਦਸਦੀ ਏ,
ਰੋਏ ਤੁਸੀਂ ਵੀ ਓ, ਰੋਏ ਅਸੀ ਵੀ ਆਂ
ਉਸ ਮੌਕੇ ਉਥੇ ਹਾਜ਼ਰ ਪੰਡਤ ਨਹਿਰੂ ਨੇ ਭਾਵੁਕ ਹੋ ਕੇ ਉਸਤਾਦ ਦਾਮਨ ਨੂੰ ਗਲਵੱਕੜੀ ਵਿਚ ਲੈ ਲਿਆ ਤੇੇ ‘ਆਜ਼ਾਦੀ ਦਾ ਸ਼ਾਇਰ’ ਕਹਿ ਕੇ ਉਨ੍ਹਾਂ ਦੀ ਕਲਮ ਨੂੰ ਮਾਣ ਵੀ ਬਖ਼ਸ਼ਿਆ। ਦਾਮਨ ਦਾ ਪੰਜਾਬੀ ਭਾਸ਼ਾ ਲਈ ਮੋਹ ਤਾਂ ਜੱਗ ਜ਼ਾਹਰ ਹੈ। ਉਸ ਦੀ ਬਾਗ਼ੀਆਨਾ ਕਲਮ ਜਿਥੇ ਸਿੱਧੇ ਰੂਪ ਵਿਚ ਸਮੇਂ ਦੀਆਂ ਹਕੂਮਤਾਂ ਨੂੰ ਜਵਾਬਦੇਹੀ ਕਰਦੀ ਰਹੀ ਹੈ ਉਥੇ ਉਨ੍ਹਾਂ ਦੀ ਕਲਮ ਵਿਅੰਗਮਈ ਰੂਪ ਵਿਚ ਵੀ ਚੋਟ ਕਰਦੀ ਰਹੀ। ਉਨ੍ਹਾਂ ਦੇ ਅਪਣੇ ਸਮੇਂ ਵਿਚ ਲਿਖੀਆਂ ਰਚਨਾਵਾਂ ਅੱਜ ਦੇ ਸਮੇਂ ਤੇ ਵੀ ਢੁਕਦੀਆਂ ਦਿਖਾਈ ਦਿੰਦੀਆਂ ਹਨ:
ਇਹ ਕਾਲਜ ਏ ਕਿ ਫ਼ੈਸ਼ਨ ਦੀ ਫ਼ੈਕਟਰੀ ਏ,
ਕੁੜੀਆਂ ਮੁੰਡਿਆਂ ਦੇ ਨਾਲ ਇੰਜ ਫਿਰਨ,
ਜਿਵੇਂ ਅਲਜ਼ੈਬਰੇ ਨਾਲ ਜਮੈਟਰੀ ਏ।
ਸਾਡੇ ਸਭਿਆਚਾਰ ਪੱਖ ਤੋਂ ਦਾਮਨ ਸਾਹਿਬ ਦੇ ਲਿਖੇ ਇਕ ਗੀਤ ਦੇ ਬੋਲ ‘ਮੈਨੂੰ ਧਰਤੀ ਕਲੀ ਕਰਾ ਦੇ, ਮੈਂ ਨੱਚਾਂਗੀ ਸਾਰੀ ਰਾਤ’ ਹਮੇਸ਼ਾ ਸਾਡੀਆਂ ਖ਼ੁਸ਼ੀਆਂ ਵਿਚ ਭਾਈਵਾਲ ਬਣ ਕੇ ਰਹੇ ਹਨ ਤੇ ਅੱਗੇ ਵੀ ਹਮੇਸ਼ਾ ਰਹਿਣਗੇ ਹੀ ਰਹਿਣਗੇ। ਅੱਜ ਦੇ ਦੌਰ ਵਿਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਤੋਂ ਦੂਰ ਹੋ ਰਹੀ ਪੀੜ੍ਹੀ ਤੇ ਸਾਡੇ ਪੰਜਾਬ ਦੀ ਧਰਤੀ ਨਾਲ ਜੁੜੇ ਵੱਡੇ ਸਾਹਿਤਕਾਰਾਂ ਨੂੰ ਵੀ ਦਾਮਨ ਸਾਹਿਬ ਦੀ ਕਲਮ ਤੇ ਪੰਜਾਬੀ ਭਾਸ਼ਾ ਲਈ ਮੋਹ ਤੋਂ ਸੇਧ ਲੈਣ ਦੀ ਬਹੁਤ ਵੱਡੀ ਲੋੜ ਹੈ ਕਿ ਕਿਵੇਂ ਦਾਮਨ ਸਾਹਿਬ ਨੇ ਅਪਣੇ ਲੋਕਾਂ ਦੀ ਬੋਲੀ ਪੰਜਾਬੀ ਵਿਚ ਉਨ੍ਹਾਂ ਦੇ ਸ਼ਬਦਾਂ ਦਾ ਹਾਣੀ ਹੋ ਕੇ ਸਾਂਝੇ ਪੰਜਾਬ ਦੇ ਲੋਕ ਕਵੀ ਹੋਣ ਦਾ ਮਾਣ ਖੱਟਿਆ।
ਗੁਰਭਜਨ ਗਿੱਲ ਉਸਤਾਦ ਦਾਮਨ ਬਾਰੇ ਲਿਖਦੇ ਹਨ ਕਿ ਉਸਤਾਦ ਦਾਮਨ ਦਰਵੇਸ਼ ਸ਼ਾਇਰ ਸੀ। ਉਸ ਨੇ ਰੱਜ ਕੇ ਸਾਂਝੇ ਪੰਜਾਬ ਦਾ ਦਰਦ ਗਾਇਆ। ਉਸ ਦੀ ਹਰ ਸਤਰ ਵਿਚੋਂ ਪੀੜ ਨੁਚੜਦੀ ਹੈ, ਜਿਵੇਂ ਵੇਲਣੇ ਵਿਚ ਗੰਨੇ ਨਹੀਂ, ਬੰਦੇ ਪੀੜੇ ਜਾ ਰਹੇ ਹੋਣ। ਉਸਤਾਦ ਦਾਮਨ ਦੇ ਜਿਉਂਦੇ ਜੀਅ ਉਨ੍ਹਾਂ ਦੀ ਕੋਈ ਪੁਸਤਕ ਪ੍ਰਕਾਸ਼ਤ ਨਾ ਹੋਣ ਦੇ ਬਾਰੇ ਪਤਾ ਲਗਦਾ ਹੈ। ਉਹ ਹਮੇਸ਼ਾ ਜ਼ੁਬਾਨੀ ਹੀ ਯਾਦ ਰਖਦੇ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਰਚਨਾਵਾਂ ਨੂੰ ਪ੍ਰਕਾਸ਼ਤ ਕਰਨ ਲਈ ਕੁੱਝ ਉਪਰਾਲੇ ਜ਼ਰੂਰ ਹੋਏ ਹਨ। ਉਸਤਾਦ ਦਾਮਨ ਬਾਰੇ ਜਿੰਨਾ ਵੀ ਲਿਖਿਆ ਜਾਵੇ ਉਨਾ ਹੀ ਥੋੜ੍ਹਾ ਹੈ। ਉਨ੍ਹਾਂ ਦੀ ਸਾਹਿਤਕ ਦੇਣ ਹਮੇਸ਼ਾ ਹੀ ਪੰਜਾਬੀ ਭਾਸ਼ਾ ਵਿਚ ਧਰੂ ਤਾਰੇ ਵਾਂਗ ਚਮਕਦੀ ਰਹੇਗੀ।
-ਸ. ਸੁਖਚੈਨ ਸਿੰਘ ਕੁਰੜ (9463551814)
(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਮ (ਬਰਨਾਲਾ)