ਪ੍ਰਿੰਸੀਪਲ ਗੰਗਾ ਸਿੰਘ ਨੇ ਅਪਣੇ ਲੈਕਚਰਾਂ ਨੂੰ ਲੇਖਾਂ ਦਾ ਰੂਪ ਦੇ ਕੇ ਲੈਕਚਰ ਮਹਾਂਚਾਨਣ ਕਿਤਾਬ ਬਣਾਉਣ ਦਾ ਉਦਮ ਕੀਤਾ।
ਪ੍ਰਿੰਸੀਪਲ ਗੰਗਾ ਸਿੰਘ ਪੰਜਾਬ ਦੇ ਇਕ ਪ੍ਰਸਿੱਧ ਵਕਤਾ ਅਤੇ ਫ਼ਿਲਾਸਫ਼ਰ ਸਨ। ਗੰਗਾ ਸਿੰਘ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚਲ ਰਹੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਪਹਿਲੇ ਪ੍ਰਿੰਸੀਪਲ ਸਨ ਜਿਥੋਂ ਪ੍ਰਿੰਸੀਪਲ ਉਨ੍ਹਾਂ ਦੇ ਨਾਂ ਨਾਲ ਸਦਾ ਵਾਸਤੇ ਜੁੜ ਗਿਆ। ਦਲੀਲਬਾਜ਼ੀ ਅਤੇ ਹਾਜ਼ਰਜਵਾਬੀ ਵਿਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ। ਉਨ੍ਹਾਂ ਅਕਾਲੀ ਦਲ ਕਾਇਮ ਕਰਨ ਵਿਚ ਭਰਪੂਰ ਯੋਗਦਾਨ ਦਿਤਾ ਪਰ ਕਦੇ ਸੱਤਾ ਦੀ ਤਾਂਘ ਨਾ ਰੱਖੀ।
ਸਤੰਬਰ ਸੰਨ 1932 ਵਿਚ ਉਨ੍ਹਾਂ ਨੇ ਰਸਾਲੇ ਅੰਮ੍ਰਿਤ ਰਾਹੀਂ ਗੁਰੂ ਗ੍ਰੰਥ ਸਾਹਿਬ ਦਾ ਅਰਥ ਕੀਤਾ ਗੁਰੂਆਂ ਦਾ ਗ੍ਰੰਥ ਨਾਕਿ ਗ੍ਰੰਥ ਗੁਰੂ ਹੈ। ਉਨ੍ਹਾਂ ਦਾ ਵਿਚਾਰ ਸੀ ਕਿ ਪੰਥ ਹੀ ਗੁਰੂ ਹੈ, ਉਹ ਜੋ ਚਾਹੇ ਗੁਰਬਾਣੀ ਦੀ ਰੌਸ਼ਨੀ ਵਿਚ ਫ਼ੈਸਲਾ ਲੈ ਸਕਦਾ ਹੈ। ਸੁਭਾਵਕ ਹੀ ਸੀ ਉਨ੍ਹਾਂ ਦੇ ਇਹ ਵਿਚਾਰ ਸਿੱਖ ਜਗਤ ਅੰਦਰ ਚਰਚਾ ਦਾ ਵਿਸ਼ਾ ਬਣਦੇ। ਲਾਇਲਪੁਰ ਦੇ ਕੁੱਝ ਸਿੱਖ ਅਤੇ ਹੋਰ ਵਿਦਵਾਨ ਉਨ੍ਹਾਂ ਨੂੰ ਮਿਲੇ ਅਤੇ ਅਦਬ ਸਹਿਤ ਸਹਜ ਨਾਲ ਵਿਚਾਰ ਕੀਤੀ, ਪਰ ਉਹ ਅਪਣੇ ਸਟੈਂਡ 'ਤੇ ਡਟੇ ਰਹੇ। ਪ੍ਰਿੰਸੀਪਲ ਗੰਗਾ ਸਿੰਘ ਨੇ ਅਪਣੇ ਲੈਕਚਰਾਂ ਨੂੰ ਲੇਖਾਂ ਦਾ ਰੂਪ ਦੇ ਕੇ ਲੈਕਚਰ ਮਹਾਂਚਾਨਣ ਕਿਤਾਬ ਬਣਾਉਣ ਦਾ ਉਦਮ ਕੀਤਾ। ਇਨ੍ਹਾਂ ਲੇਖਾਂ ਵਿਚ ਹਰ ਗੱਲ ਨੂੰ ਬੁੱਧੀ ਦੀ ਕਸਵਟੀ ਤੇ ਪਰਖਦਿਆਂ ਬਿਆਨ ਕੀਤਾ ਗਿਆ ਹੈ।
ਲੇਖਕ ਨੇ ਦਾਰਸ਼ਨਿਕ ਵਿਚਾਰਾਂ ਅਤੇ ਅਨਮਤਾਂ ਦੇ ਟਾਕਰੇ ਕਾਰਨ ਕੁਦਰਤੀ ਗੁੰਝਲਦਾਰ ਹੋ ਰਹੇ ਭਾਵਾਂ ਨੂੰ ਕੇਵਲ ਸੋਚ ਦੇ ਹਵਾਲੇ ਕਰ ਕੇ ਨਾਲ-ਨਾਲ ਫ਼ਾਰਸੀ, ਉਰਦੂ ਅਤੇ ਪੰਜਾਬੀ ਦੀਆਂ ਕਵਿਤਾਵਾਂ ਨਾਲ ਰਸੀਲਾ ਬਣਾਉਣ ਦਾ ਵੀ ਯਤਨ ਕੀਤਾ ਹੈ ਤਾਕਿ ਪਾਠਕ ਇਕੱਲੀ ਫ਼ਿਲਾਸਫ਼ੀ ਦੀ ਸਿਰਦਰਦੀ ਤੋਂ ਬਚਿਆ ਰਹੇ। ਇਹ ਪੁਸਤਕ 15 ਲੇਖਾਂ ਦਾ ਸੰਗ੍ਰਹਿ ਹੈ। ਲੇਖਕ ਨੇ ਇਸ ਵਿਚ ਵੱਖ-ਵੱਖ ਲੇਖਾਂ ਵਿਚ ਗੁਰਬਾਣੀ ਦੀ ਵਿਆਖਿਆ ਕਰ ਕੇ ਸਮਝਾਇਆ ਹੈ।
ਉਨ੍ਹਾਂ ਅਪਣੀ ਪੁਸਤਕ 'ਜੀਵਨ ਕਿਰਨਾਂ' ਅਜਿਹੇ ਮੁਤੱਸਬੀ ਪ੍ਰਚਾਰਕਾਂ ਦੇ ਭੰਡੀ ਪ੍ਰਚਾਰ ਦਾ ਜਵਾਬ ਦੇਣ ਲਈ ਹੀ ਲਿਖੀ ਜੋ ਕਿਸੇ ਇਕ ਸਤਿਪੁਰਖ ਦੇ ਉਪਾਸਕ ਬਣ ਕੇ, ਦੂਜਿਆਂ ਦੀ ਨਿੰਦਿਆ ਕਰਨਾ ਹੀ ਅਪਣਾ ਆਦਰਸ਼ ਬਣਾਈ ਫਿਰਦੇ ਹਨ। ਇਸ ਵਿਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੋ ਵੀ ਸਤਿਪੁਰਖ ਜਗਤ ਵਿਚ ਆਏ, ਉਨ੍ਹਾਂ ਸਾਰਿਆਂ ਤੋਂ ਹੀ ਮਨੁੱਖ ਜਾਤੀ ਨੂੰ ਬੜਾ ਲਾਭ ਪੁੱਜਾ ਹੈ। ਉਹ ਅਸਲ ਵਿਚ ਪ੍ਰਮੇਸ਼ਰ ਦੇ ਜੀਵਨ ਸਰੂਪ ਦੀਆਂ ਕਿਰਨਾਂ ਸਨ, ਜਿਨ੍ਹਾਂ ਦੇ ਉਜਾਲੇ ਤੋਂ ਲਾਭ ਉਠਾਉਣ ਦਾ ਪ੍ਰਾਣੀ ਮਾਤਰ ਨੂੰ ਹੱਕ ਹੈ। ਜੇ ਕਿਸੇ ਇਕ ਮਨੁੱਖ ਤੇ ਵੀ ਇਹ ਭਾਵ ਪ੍ਰਗਟ ਹੋ ਜਾਵੇ ਅਤੇ ਉਹ ਤੁਅੱਸਬ ਦੇ ਰੋਗ ਤੋਂ, ਇਸ ਪੁਸਤਕ ਨੂੰ ਪੜ੍ਹ ਕੇ, ਖ਼ਲਾਸੀ ਪਾ ਸਕੇ ਤਾਂ ਲੇਖਕ ਅਪਣਾ ਯਤਨ ਸਫ਼ਲ ਸਮਝਦਾ ਹੈ। ਪ੍ਰਿੰਸੀਪਲ ਗੰਗਾ ਸਿੰਘ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਅਤੇ ਉਸ ਤੋਂ ਬਾਅਦ ਭਾਰਤੀ ਅਥਾਰਟੀਆਂ ਦੇ ਜਬਰ ਦਾ ਸ਼ਿਕਾਰ ਹੁੰਦੇ ਰਹੇ।
ਆਜ਼ਾਦੀ ਤੋਂ ਪਹਿਲਾਂ ਉਹ ਤਰੱਕੀਪਸੰਦ ਵਿਅਕਤੀ ਹੋਣ ਨਾਲ ਉਹ ਦੇਸ਼ ਭਗਤ ਵੀ ਸਨ। ਉਨ੍ਹਾਂ ਦੇ ਪੁੱਤਰ ਤਰਲੋਚਨ ਸਿੰਘ ਅਨੁਸਰ ਜਦੋਂ ਜਲਿਆਂਵਾਲਾ ਬਾਗ਼ ਕਾਂਡ ਹੋਇਆ ਤਾਂ ਪ੍ਰਿੰਸੀਪਲ ਗੰਗਾ ਸਿੰਘ ਬਟਾਲਾ ਦੇ ਤਹਿਸੀਲਦਾਰ ਸਨ। ਉਸ ਸਮੇਂ ਉਨ੍ਹਾਂ ਨੂੰ ਅੰਗਰੇਜ਼ ਸਰਕਾਰ ਨੇ ਹੁਕਮ ਜਾਰੀ ਕੀਤਾ ਸੀ ਜਲਿਆਂਵਾਲਾ ਬਾਗ਼ ਵਿਚ ਮਾਰੇ ਗਏ ਸਾਰੇ ਵਿਅਕਤੀਆਂ ਦੀ ਜਾਇਦਾਦ ਦੀ ਨੀਲਾਮੀ ਕਰ ਦਿਤੀ ਜਾਵੇ। ਪਰ ਉਨ੍ਹਾਂ ਇਹ ਹੁਕਮ ਮੰਨਣ ਤੋਂ ਇਨਕਾਰ ਕਰ ਦਿਤਾ ਸੀ ਜਿਸ ਕਰ ਕੇ ਉਨ੍ਹਾਂ ਨੂੰ ਨੌਕਰੀ ਤੋਂ ਹਟਾ ਦਿਤਾ ਗਿਆ। ਉਨ੍ਹਾਂ ਦੀ ਜ਼ਿੰਦਗੀ ਦਾ ਸੱਭ ਤੋਂ ਮਾੜਾ ਸਮਾਂ ਉਦੋਂ ਸ਼ੁਰੂ ਹੋਇਆ ਜਦੋਂ ਉਹ 1956 ਵਿਚ ਅਪਣੀ ਪਾਕਿਸਤਾਨ ਫੇਰੀ 'ਤੇ ਗਏ। ਉਹ ਉਥੇ ਪੰਜਾਬ ਦੇ ਤਤਕਾਲੀ ਗਵਰਨਰ ਗਜ਼ਨਫ਼ਰ ਅਲੀ ਬਾਵੇਜਾ ਦੇ ਪੋਤੇ ਦੇ ਵਿਆਹ ਵਿਚ ਸ਼ਿਰਕਤ ਕਰਨ ਗਏ ਸਨ ਅਤੇ ਇਕ ਮਹੀਨੇ ਤਕ ਉਥੇ ਹੀ ਰਹੇ। ਜਦੋਂ ਜੁਲਾਈ 1956 ਵਿਚ ਭਾਰਤ ਆਏ ਤਾਂ ਉਨ੍ਹਾਂ ਨੂੰ ਸਾਜ਼ਸ਼ ਰਚਣ ਅਤੇ ਦੇਸ਼ਧ੍ਰੋਹੀ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਜੈਪੁਰ ਦੀ ਜੇਲ ਵਿਚ ਰਖਿਆ ਗਿਆ ਅਤੇ ਉਨ੍ਹਾਂ ਦੇ ਪ੍ਰਵਾਰਕ ਜੀਆਂ ਨਾਲ ਵੀ ਨਾ ਮਿਲਣ ਦਿਤਾ ਗਿਆ। ਇਸ ਦੌਰਾਨ ਉਨ੍ਹਾਂ ਨੂੰ ਕਈ ਜੇਲਾਂ ਵਿਚ ਬਦਲਿਆ ਗਿਆ ਅਤੇ ਤਰ੍ਹਾਂ ਤਰ੍ਹਾਂ ਦੇ ਸਰੀਰਕ ਅਤੇ ਮਾਨਸਕ ਤਸੀਹੇ ਵੀ ਦਿਤੇ ਗਏ ਜਿਸ ਨਾਲ ਉਨ੍ਹਾਂ ਦਾ ਸਰੀਰ, ਦਿਮਾਗ਼ ਅਤੇ ਆਤਮਾ ਬੁਰੀ ਤਰ੍ਹਾਂ ਝੰਜੋੜੇ ਗਏ।
ਅਖ਼ੀਰ ਉਨ੍ਹਾਂ ਗੁਰਦਵਾਰਾ ਸੀਸ ਗੰਜ ਵਿਚ ਸ਼ਰਨ ਲਈ ਅਤੇ ਅਪਣੀ ਬਾਕੀ ਦੀ ਜ਼ਿੰਦਗੀ ਉਥੇ 10 ਰੁਪਏ ਪ੍ਰਤੀ ਦਿਨ ਨੌਕਰੀ ਕਰਦਿਆਂ ਬਿਤਾਈ। ਉਹ ਅਪਣੇ ਪ੍ਰਵਾਰ ਨੂੰ ਸਰਕਾਰੀ ਜ਼ੁਲਮਾਂ ਤੋਂ ਬਚਾਉਣ ਲਈ ਉਨ੍ਹਾਂ ਕੋਲ ਨਾ ਗਏ। 26 ਦਸੰਬਰ, 1961 ਨੂੰ 68 ਸਾਲ ਦੀ ਉਮਰ ਵਿਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨਾਲ ਹੀ ਉਨ੍ਹਾਂ ਵਲੋਂ ਕੀਤੇ ਗਏ ਮਹਾਨ ਕਾਰਜ ਵੀ ਲੋਕਾਂ ਦੀ ਯਾਦਦਾਸ਼ਤ ਤੋਂ ਮਿਟ ਗਏ। ਅਜੋਕੀ ਪੀੜ੍ਹੀ ਨੂੰ ਸ਼ਾਇਦ ਹੀ ਕਿਸੇ ਨੂੰ ਉਨ੍ਹਾਂ ਵਲੋਂ ਪੰਜਾਬ ਦੇ ਇਤਿਹਾਸ ਵਿਚ ਦਿਤੇ ਯੋਗਦਾਨ ਬਾਰੇ ਪਤਾ ਹੋਵੇਗਾ।