
ਅਸੀ ਡੇਰਾਵਾਦ ਤੇ ਅਖੌਤੀ ਸੰਤਾਂ ਨੂੰ ਭੰਡਦੇ ਹਾਂ ਤਾਂ ਪਰ ਅਸੀ ਭੁੱਲ ਜਾਂਦੇ ਹਾਂ ਕਿ ਇਨ੍ਹਾਂ ਨੂੰ ਗੁਰੂ ਹੋਣ ਦਾ ਭਰਮ ਪਾਇਆ ਕਿਸ ਨੇ?
ਅਸੀ ਡੇਰਾਵਾਦ ਤੇ ਅਖੌਤੀ ਸੰਤਾਂ ਨੂੰ ਭੰਡਦੇ ਹਾਂ ਤਾਂ ਪਰ ਅਸੀ ਭੁੱਲ ਜਾਂਦੇ ਹਾਂ ਕਿ ਇਨ੍ਹਾਂ ਨੂੰ ਗੁਰੂ ਹੋਣ ਦਾ ਭਰਮ ਪਾਇਆ ਕਿਸ ਨੇ? ਅਸੀ ਹੀ। ਸਰਬੰਸਦਾਨੀ ਗੁਰੂ ਦੀ ਇਹ ਸਿਖਿਆ 'ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ' ਅਸੀ ਮੂਲੋਂ ਹੀ ਭੁੱਲ ਗਏ ਲਗਦੇ ਹਾਂ। ਖ਼ਾਲਸੇ ਦੇ ਜਨਮ ਵਾਲੀ ਧਰਤੀ ਉਤੇ ਪ੍ਰਤੀ ਵਿਅਕਤੀ ਸ਼ਰਾਬ ਦੀ ਖ਼ਪਤ ਦੁਨੀਆਂ ਵਿਚ ਸੱਭ ਤੋਂ ਵੱਧ ਹੈ। ਪੈਰ-ਪੈਰ ਉਤੇ ਤਮਾਕੂ ਵੇਚਣ ਵਾਲੇ ਖੋਖੇ ਹਨ।
ਅਫ਼ਸੋਸ ਤਾਂ ਇਸ ਗੱਲ ਦਾ ਹੈ ਕਿ ਅਪਣੇ ਆਪ ਨੂੰ ਪੰਥਕ ਪਾਰਟੀ ਕਹਿ ਕੇ ਸੱਤਾ ਵਿਚ ਆਉਣ ਵਾਲੀ ਪਾਰਟੀ ਨੇ ਵੀ ਨਸ਼ਿਆਂ ਦੀ ਵਰਤੋਂ ਘਟਾਉਣ ਵਲ ਕੋਈ ਕਦਮ ਨਹੀਂ ਪੁਟਿਆ।ਬਾਬੇ ਨਾਨਕ ਨੇ ਮੁਢਲੇ ਤਿੰਨ ਅਸੂਲਾਂ ਕਿਰਤ ਕਰਨੀ, ਨਾਮ ਜਪਨਾ ਅਤੇ ਵੰਡ ਛਕਣਾ ਤੋਂ ਵੀ ਅਸੀ ਟੁੱਟ ਚੁਕੇ ਹਾਂ। ਨਿਜੀ ਨਿਤਨੇਮ ਨੂੰ ਵੀ ਅਸੀ ਵਿਖਾਵਾ ਬਣਾ ਦਿਤਾ ਹੈ। ਸਹਿਜ ਨਾਲ, ਵਿਚਾਰ ਕੇ ਗੁਰਬਾਣੀ ਪੜ੍ਹਨ ਦਾ ਨਾ ਤਾਂ ਸਾਡੇ ਕੋਲ ਸਮਾਂ ਹੈ ਅਤੇ ਨਾ ਇੱਛਾ। ਕਿੰਝ ਬਣੇ ਸਾਡੀ ਜੀਵਨ ਜਾਚ ਖ਼ਾਲਸੇ ਵਾਲੀ?
1699 ਈਸਵੀ ਦੀ ਵਿਸਾਖੀ ਦਾ ਦਿਨ ਸਿੱਖ ਇਤਿਹਾਸ ਵਿਚ ਵਿਸ਼ੇਸ਼ ਮਹੱਤਤਾ ਰਖਦਾ ਹੈ। ਇਸੇ ਦਿਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਵਰ੍ਹਿਆਂ ਦੇ ਚਿੰਤਨ ਅਤੇ ਸੋਚ ਨੂੰ ਅਮਲੀ ਜਾਮਾ ਪਹਿਨਾਇਆ ਅਤੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ। ਸਿੱਖ ਪੰਥ ਦੀ ਨੀਹ ਤਾਂ ਬਾਬੇ ਨਾਨਕ ਨੇ ਉਸ ਤੋਂ ਲਗਭਗ ਦੋ ਸੌ ਸਾਲ ਪਹਿਲਾਂ ਹੀ ਰੱਖ ਦਿਤੀ ਸੀ
ਅਤੇ ਸਿੱਖੀ ਦਾ ਮਹੱਲ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਦਕਾ ਪੂਰਾ ਉਸਰ ਚੁਕਿਆ ਸੀ। 1699 ਦੀ ਵਿਸਾਖੀ ਨੂੰ ਖ਼ਾਲਸਾ ਸਿਰਜ ਕੇ ਦਸਮ ਪਿਤਾ ਨੇ ਇਸ ਮਹੱਲ ਨੂੰ ਇਕ ਵਖਰਾ ਅਤੇ ਵਿਲੱਖਣ ਰੂਪ ਦੇਣ ਦਾ ਉਪਰਾਲਾ ਕੀਤਾ। ਇਸ ਦੀਆਂ ਨੀਹਾਂ ਦੀ ਮਜ਼ਬੂਤੀ ਲਈ ਉਨ੍ਹਾਂ ਨੇ ਅਪਣੇ ਬੱਚਿਆਂ ਤਕ ਦੀ ਕੁਰਬਾਨੀ ਦੇ ਦਿਤੀ। ਏਨੀ ਕੁਰਬਾਨੀ ਤੋਂ ਬਾਅਦ ਵੀ ਖ਼ਾਲਸਾ ਵਲ ਇਸ਼ਾਰਾ ਕਰ ਕੇ ਉਨ੍ਹਾਂ ਫ਼ੁਰਮਾਇਆ ਸੀ ਕਿ:
ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ,
ਚਾਰ ਮੂਏ ਤੋਂ ਕਿਯਾ ਹੁਆ ਯੇਜੀਵਤ ਕਈ ਹਜ਼ਾਰ।
ਗੁਰੂ ਸਾਹਿਬ ਨੇ ਖ਼ਾਲਸੇ ਦੀ ਸਿਰਜਣਾ ਹੀ ਨਹੀਂ ਕੀਤੀ, ਸਗੋਂ ਇਸ ਨੂੰ ਉੱਚੇ ਕਿਰਦਾਰ ਦਾ ਧਾਰਨੀ ਬਣਾ ਕੇ ਵਿਲੱਖਣ ਜੀਵਨ ਜਾਚ ਸਿਖਾਈ। ਖ਼ਾਲਸੇ ਦੀ ਉਪਮਾ ਕਰਦੇ ਹੋਏ ਦਸਮੇਸ਼ ਪਿਤਾ ਨੇ ਬਚਨ ਕੀਤੇ:
ਖ਼ਾਲਸਾ ਮੇਰੋ ਰੂਪ ਹੈ ਖ਼ਾਸ ।। ਖ਼ਾਲਸੇ ਮਹਿ ਹਉ ਕਰਉ ਨਿਵਾਸ ।।
ਖ਼ਾਲਸਾ ਮੇਰੋ ਪਿੰਡ ਪਰਾਨ ।। ਖ਼ਾਲਸਾ ਮੇਰੀ ਜਾਨ ਕੀ ਜਾਨ ।।
ਪਰ ਏਨੇ ਨਾਲ ਵੀ ਉਨ੍ਹਾਂ ਦੀ ਤਸੱਲੀ ਨਹੀਂ ਹੋਈ ਅਤੇ ਉਨ੍ਹਾਂ ਨੇ ਅੱਗੇ ਫ਼ੁਰਮਾਇਆ:
ਸੇਸ ਰਸਨ ਸਾਰਦਸੀ ਬੁੱਧ ।। ਤਦਪਨ ਉਪਮਾ ਬਰਨਤ ਸੁੱਧ ।।
ਯਾ ਮੈ ਰੰਚ ਨ ਮਿਥਿਆ ਭਾਖੀ ।। ਪਾਰ ਬ੍ਰਹਮ ਗੁਰੂ ਨਾਨਕ ਸਾਖੀ ।।
ਇਸ ਤੋਂ ਅੱਗੇ ਜਾਂਦੇ ਹੋਏ ਉਨ੍ਹਾਂ ਨੇ ਅਪਣੇ ਪਿਆਰੇ ਖ਼ਾਲਸੇ ਬਾਰੇ ਇਹ ਵੀ ਐਲਾਨ ਕਰ ਦਿਤਾ:
ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ।। ਪ੍ਰਗਟਿਉ ਖ਼ਾਲਸਾ ਪ੍ਰਮਾਤਮ ਕੀ ਮੌਜ ।।
ਪਰ ਇਥੇ ਪਹੁੰਚ ਕੇ ਗੁਰੂ ਸਾਹਿਬ ਨੇ ਇਕ ਵੱਡੀ ਸ਼ਰਤ ਲਾ ਦਿਤੀ ਜਿਸ ਨੂੰ ਪੂਰੀ ਕਰਨ ਤੋਂ ਬਾਅਦ ਹੀ ਇਹ ਡਿਗਰੀਆਂ ਖ਼ਾਲਸੇ ਨੂੰ ਦਿਤੀਆਂ ਜਾਣੀਆਂ ਹਨ। ਉਹ ਸ਼ਰਤ ਕੀ ਸੀ? ਉਹ ਸੀ:
ਜਬ ਲਗ ਖ਼ਾਲਸਾ ਰਹੈ ਨਿਆਰਾ ।। ਤਬ ਲਗ ਤੇਜ ਦੀਉ ਮੈਂ ਸਾਰਾ ।।
ਇਸੇ ਸ਼ਰਤ ਦਾ ਹਿੱਸਾ ਇਹ ਤਾੜਨਾ ਵੀ ਹੈ :
ਜਬ ਇਹ ਗਹੈ ਬਿਪਰਨ ਕੀ ਰੀਤ ।। ਮੈਂ ਨ ਕਰੋ ਇਨ ਕੀ ਪ੍ਰਤੀਤ ।।
ਇਹ ਨਿਆਰਾਪਨ ਕੀ ਸੀ? ਖ਼ਾਲਸੇ ਦੇ ਨਿਆਰੇਪਨ ਦੀ ਪ੍ਰੀਭਾਸ਼ਾ ਵੀ ਗੁਰੂ ਸਾਹਿਬ ਨੇ ਆਪ ਹੀ ਕਰ ਦਿਤੀ। ਸਾਲ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਸਾਹਿਬ ਨੇ ਇਸ ਨਿਆਰੇਪਨ ਉਤੇ ਇਹ ਪਰਚਾ ਪਾ ਕੇ ਮੋਹਰ ਲਾਈ:
ਜਉ ਤਿਉ ਪ੍ਰੇਮ ਖੇਲਨ ਕਾ ਚਾਉ ।। ਸਿਰ ਧਰ ਤਲੀ ਗਲੀ ਮੋਰੀ ਆਉ ।।
ਜਿਨ੍ਹਾਂ ਨੇ ਸਿਰ ਤਲੀ ਉਤੇ ਰੱਖ ਕੇ ਗੁਰੂ ਜੀ ਨੂੰ ਅਰਪਣ ਕਰ ਦਿਤਾ, ਉਨ੍ਹਾਂ ਨੂੰ ਗੁਰੂ ਸਾਹਿਬ ਨੇ ਖ਼ਾਲਸਾ ਹੋਣ ਦੀ ਪਦਵੀ ਦਿਤੀ। ਉਨ੍ਹਾਂ ਨੂੰ ਅਪਣੀ ਗਲਵਕੜੀ ਲੈ ਕੇ ਇਹ ਐਲਾਨ ਕੀਤਾ ਕਿ ਇਹ 'ਪੰਜ ਪਿਆਰੇ' ਹਨ। ਉਸੇ ਖ਼ਾਲਸੇ ਤੋਂ ਉਨ੍ਹਾਂ ਆਪ ਅੰਮ੍ਰਿਤ ਦੀ ਦਾਤ ਮੰਗੀ ਅਤੇ 'ਆਪੇ ਗੁਰੂ ਚੇਲਾ' ਦਾ ਵਿਲੱਖਣ ਸੰਕਲਪ ਖ਼ਾਲਸੇ ਨੂੰ ਦਿਤਾ। ਪਰ ਅੱਜ ਕਿੱਥੇ ਗਈ ਨਿਆਰੇਪਨ ਦੀ ਇਹ ਵਿਲੱਖਣਤਾ? ਉਥੇ ਗੁਰੂ ਵੀ ਅਪਣੇ ਆਪ ਨੂੰ ਚੇਲਾ ਦਸਦਾ ਹੈ ਪਰ ਅੱਜ ਹਰ ਕੋਈ ਅਪਣਾ ਡੇਰਾ ਬਣਾ ਕੇ ਅਪਣੇ ਆਪ ਨੂੰ ਗੁਰੂ ਦਸਦਾ ਰਿਹਾ ਹੈ। ਉਸ ਗੁਰੂ ਨੇ ਪੰਥ ਲਈ ਅਪਣਾ ਸਰਬੰਸ ਕੁਰਬਾਨ ਕਰ ਦਿਤਾ ਅਤੇ ਅੱਜ ਅਪਣੇ ਵੰਸ ਲਈ ਪੰਥ ਨੂੰ ਕੁਰਬਾਨ ਕੀਤਾ ਜਾ ਰਿਹਾ ਹੈ।
ਉਸ ਗੁਰੂ ਨੇ ਪੰਥ ਰੂਪੀ ਸਿੱਖਾਂ ਦੇ ਕਹਿਣੇ ਤੇ ਅਪਣੀ ਗ਼ਲਤੀ ਮੰਨ ਕੇ ਮਾਫ਼ੀ ਮੰਗ ਲਈ ਸੀ। (ਯਾਦ ਕਰੋ ਦਾਦੂ ਪੀਰ ਦੀ ਸਮਾਧ ਵਾਲਾ ਪ੍ਰਸੰਗ) ਪਰ ਅੱਜ ਅਪਣੀ ਗੱਦੀ ਸਲਾਮਤ ਰੱਖਣ ਲਈ ਪੰਥ ਦੀ ਆਮ ਰਾਏ ਨੂੰ ਪੰਥ ਵਿਰੋਧੀ ਗਰਦਾਨਣ ਲਈ ਇਕ ਪਲ ਵੀ ਪੁਨਰ ਵਿਚਾਰ ਕਰਨ ਦਾ ਹੌਸਲਾ ਕੋਈ ਨਹੀਂ ਕਰਦਾ।
ਖ਼ਾਲਸੇ ਦੇ ਨਿਆਰੇਪਨ ਦੀਆਂ ਹੋਰ ਵੀ ਸ਼ਰਤਾਂ ਹਨ। ਸੱਭ ਤੋਂ ਪਹਿਲਾਂ ਅਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮ ਨੂੰ ਸਮਝ ਲਈਏ:
ਜਾਗਤ ਜੋਤਿ ਜਪੈ ਨਿਸਬਾਸੁਰ ਏਕ ਬਿਨ ਮਨ ਨੈਕ ਨ ਆਨੈ ।।
ਪੂਰਨ ਪ੍ਰੇਤ ਪ੍ਰਤੀਤ ਸਜੈ ਬ੍ਰਤ ਗੋਰਮੜੀ ਮਟ ਭੂਲ ਨਾ ਮਾਨੈ ।।
ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾਂ ਨਹ ਏਕ ਪਛਾਨੈ ।।
ਪੂਰਨ ਜੋਤ ਜਗੈ ਘਟ ਮੈਂ ਤਬ ਖ਼ਾਲਸ ਤਾਹਿ ਨਖਾਲਸ ਜਾਨੈ ।।
ਇਸ ਵਿਸ਼ਵਾਸ ਦਾ ਧਾਰਨੀ ਹੋਣਾ ਖ਼ਾਲਸੇ ਲਈ ਲਾਜ਼ਮੀ ਹੈ। ਜੋ ਵਿਅਕਤੀ ਇਸ ਤੋਂ ਵਖਰੀ ਵਿਚਾਰਧਾਰਾ ਰਖਦਾ ਹੈ। ਉਹ ਖ਼ਾਲਸਾ ਕਹਾਉਣ ਦਾ ਹਕਦਾਰ ਨਹੀਂ ਹੈ। ਇਸ ਸੰਕਲਪ ਦੇ ਨਾਲ ਹੀ ਗੁਰੂ ਸਾਹਿਬ ਨੇ ਖ਼ਾਲਸੇ ਨੂੰ ਇਕ ਵਿਲੱਖਣ ਸਰੂਪ ਵੀ ਦਿਤਾ ਹੈ ਜਿਸ ਅਨੁਸਾਰ ਹਰ ਸਿੱਖ ਲਈ ਪੰਜ ਕਕਾਰ ਰਖਣੇ ਲਾਜ਼ਮੀ ਹਨ :
1. ਕੇਸ, 2. ਕੰਘਾ, 3. ਕੜਾ, 4 ਕਛਹਿਰਾ, 5. ਕ੍ਰਿਪਾਨ
ਖੰਡੇ ਬਾਟੇ ਦੀ ਪਾਹੁਲ ਤੋਂ ਬਿਨਾਂ ਪੰਜ ਕਕਾਰਾਂ ਦਾ ਕੋਈ ਅਰਥ ਨਹੀਂ ਹੈ। ਖ਼ਾਲਸੇ ਦੇ ਨਿਆਰੇਪਨ ਦਾ ਹੀ ਹਿੱਸਾ ਹਨ ਬਾਬੇ ਨਾਨਕ ਵਲੋਂ ਦਿਤੇ ਸਿੱਖੀ ਦੇ ਤਿੰਨ ਮੁਢਲੇ ਅਸੂਲ :
1. ਕਿਰਤ ਕਰਨੀ, 2. ਨਾਮ ਜਪਣਾ, 3. ਵੰਡ ਛਕਣਾ
ਇਸੇ ਨਿਆਰੇਪਨ ਨੂੰ ਮਜ਼ਬੂਤ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੱਖਾਂ ਨੂੰ ਚਾਰ ਬੱਜਰ ਕੁਰਹਿਤਾਂ ਤੋਂ ਸਾਵਧਾਨ ਰਹਿਣ ਦਾ ਵੀ ਹੁਕਮ ਦਿਤਾ :
1. ਕੇਸਾਂ ਦੀ ਬੇਅਦਬੀ, 2. ਕੁੱਠਾ ਹਲਾਲ ਖਾਣਾ, 3. ਤਮਾਕੂ ਜਾਂ ਹੋਰ ਨਸ਼ਿਆਂ ਦਾ ਸੇਵਨ, 4 ਪਰ ਨਾਰੀ, ਪੁਰਖ ਦਾ ਗਮਨ
ਖ਼ਾਲਸੇ ਦੇ ਨਿਆਰੇਪਨ ਦੀਆਂ ਇਨ੍ਹਾਂ ਨਿਸ਼ਾਨੀਆਂ ਨੂੰ ਜੇ ਉਸ ਸਮੇਂ ਦੇ ਪਰਿਪੇਖ ਵਿਚ ਵੇਖਿਆ ਜਾਵੇ ਤਾਂ ਗੁਰੂ ਸਾਹਿਬ ਦੇ ਹੌਸਲੇ ਅਤੇ ਦੂਰਦ੍ਰਿਸ਼ਟਤਾ ਦਾ ਅੰਦਾਜ਼ਾ ਸਹਿਜੇ ਹੀ ਹੋ ਜਾਂਦਾ ਹੈ। ਪਰ ਅੱਜ ਜਦੋਂ ਸਿੱਖ ਕੌਮ ਦੀ ਦੁਰਦਸ਼ਾ ਵੇਖ ਕੇ ਅਸੀ ਸਾਰੇ ਦੁਖੀ ਹੁੰਦੇ ਹਾਂ ਤਾਂ ਅਸੀ ਇਸ ਦੇ ਕਾਰਨਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਅਸੀ ਭੁੱਲ ਜਾਦੇ ਹਾਂ ਕਿ ਅਸੀ ਅਪਣੇ ਪਿਤਾ ਦੀ ਸਿਖਿਆ ਤੋਂ ਦੂਰ ਜਾ ਚੁੱਕੇ ਹਾਂ। ਇਕ ਅਕਾਲ ਪੁਰਖ ਉਤੋਂ ਸਾਡਾ ਨਿਸ਼ਚਾ ਖ਼ਤਮ ਹੋ ਚੁਕਾ ਹੈ। ਹਰ ਬਾਬੇ, ਭੇਖੀ ਸੰਤ, ਜੋਤਸ਼ੀ, ਤਾਂਤਰਿਕ ਦੇ ਝਾਂਸੇ ਵਿਚ ਅਸੀ ਸੌਖੇ ਹੀ ਆ ਜਾਂਦੇ ਹਾਂ ਅਤੇ ਧੁਰੋਂ ਉਤਰੀ ਗੁਰਬਾਣੀ ਨੂੰ ਵਿਸਾਰਨ ਲਈ ਇਕ ਪਲ ਵੀ ਨਹੀਂ ਲਾਉਂਦੇ।
ਅਫ਼ਸੋਸ ਹੁੰਦਾ ਹੈ ਕਿ ਪੰਜਾਬ ਦੀ ਧਰਤੀ ਉਤੇ ਖੁੰਭਾਂ ਵਾਂਗ ਉੱਗ ਆਈਆਂ ਮੜ੍ਹੀਆਂ ਜਿਥੇ ਖੁੱਲ੍ਹੀਆਂ ਦਾੜ੍ਹੀਆਂ ਅਤੇ ਕ੍ਰਿਪਾਨਾਂ ਵਾਲੇ 'ਖ਼ਾਲਸੇ' ਆਮ ਵੇਖੇ ਜਾ ਸਕਦੇ ਹਨ।
ਖੰਡੇ ਬਾਟੇ ਦੀ ਪਾਹੁਲ ਤਾਂ ਦੂਰ, ਅਸੀ ਤਾਂ ਗੁਰੂ ਦੀ ਮੋਹਰ, ਕੇਸਾਂ ਨੂੰ ਵੀ ਤਿਲਾਂਜਲੀ ਦੇ ਦਿਤੀ ਹੈ। ਮਾਈ ਭਾਗੋ ਦੀਆਂ ਵਾਰਸ ਅਖਵਾਉਣ ਵਾਲੀਆਂ ਮਾਤਾਵਾਂ ਅਪਣੇ ਬੱਚਿਆਂ ਨੂੰ ਇਸ ਦੁਖੋਂ ਕੇਸ ਕਤਲ ਕਰਾਉਣ ਲਈ ਪ੍ਰੇਰਦੀਆਂ ਹਨ ਕਿ ਉਨ੍ਹਾਂ ਤੋਂ ਕੇਸ ਦੀ ਸੰਭਾਲ ਨਹੀਂ ਹੁੰਦੀ। ਗਲੀ ਗਲੀ ਵਿਚ ਮੌਜੂਦ ਬਿਊਟੀ ਪਾਰਲਰ ਇਸ ਗੱਲ ਦੀ ਗਵਾਹੀ ਹਨ ਕਿ ਇਹ ਮਾਵਾਂ ਆਪ ਵੀ ਸਿੱਖੀ ਤੋਂ ਕਿੰਨੀਆਂ ਦੂਰ ਜਾ ਚੁਕੀਆਂ ਹਨ।
ਅਪਣਾ ਵਿਰਸਾ ਭੁੱਲਣ ਵਾਲੀ ਕੌਮ ਦਾ ਉਹ ਹਾਲ ਹੋਣਾ ਸੁਭਾਵਕ ਹੈ ਜੋ ਅੱਜ ਸਾਡਾ ਹੈ। ਅਸੀ ਡੇਰਾਵਾਦ ਤੇ ਅਖੌਤੀ ਸੰਤਾਂ ਨੂੰ ਭੰਡਦੇ ਤਾਂ ਹਾਂ ਪਰ ਅਸੀ ਭੁੱਲ ਜਾਂਦੇ ਹਾਂ ਕਿ ਇਨ੍ਹਾਂ ਨੂੰ ਗੁਰੂ ਹੋਣ ਦਾ ਭਰਮ ਪਾਇਆ ਕਿਸ ਨੇ? ਅਸੀ ਹੀ। ਸਰਬੰਸਦਾਨੀ ਗੁਰੂ ਦੀ ਇਹ ਸਿਖਿਆ 'ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ' ਅਸੀ ਮੂਲੋਂ ਹੀ ਭੁੱਲ ਗਏ ਲਗਦੇ ਹਾਂ। ਖ਼ਾਲਸੇ ਦੇ ਜਨਮ ਵਾਲੀ ਧਰਤੀ ਉਤੇ ਪ੍ਰਤੀ ਵਿਅਕਤੀ ਸ਼ਰਾਬ ਦੀ ਖ਼ਪਤ ਦੁਨੀਆਂ ਵਿਚ ਸੱਭ ਤੋਂ ਵੱਧ ਹੈ। ਪੈਰ-ਪੈਰ ਉਤੇ ਤਮਾਕੂ ਵੇਚਣ ਵਾਲੇ ਖੋਖੇ ਹਨ। ਅਫ਼ਸੋਸ ਤਾਂ ਇਸ ਗੱਲ ਦਾ ਹੈ
ਕਿ ਅਪਣੇ ਆਪ ਨੂੰ ਪੰਥਕ ਪਾਰਟੀ ਕਹਿ ਕੇ ਸੱਤਾ ਵਿਚ ਆਉਣ ਵਾਲੀ ਪਾਰਟੀ ਨੇ ਵੀ ਨਸ਼ਿਆਂ ਦੀ ਵਰਤੋਂ ਘਟਾਉਣ ਵਲ ਕੋਈ ਕਦਮ ਨਹੀਂ ਪੁਟਿਆ। ਬਾਬੇ ਨਾਨਕ ਨੇ ਮੁਢਲੇ ਤਿੰਨ ਅਸੂਲਾਂ ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਛਕਣਾ ਤੋਂ ਵੀ ਅਸੀ ਟੁੱਟ ਚੁਕੇ ਹਾਂ। ਨਿਜੀ ਨਿਤਨੇਮ ਨੂੰ ਵੀ ਅਸੀ ਵਿਖਾਵਾ ਬਣਾ ਦਿਤਾ ਹੈ। ਸਹਿਜ ਨਾਲ, ਵਿਚਾਰ ਕੇ ਗੁਰਬਾਣੀ ਪੜ੍ਹਨ ਦਾ ਨਾ ਤਾਂ ਸਾਡੇ ਕੋਲ ਸਮਾਂ ਹੈ ਅਤੇ ਨਾ ਇੱਛਾ। ਕਿੰਝ ਬਣੇ ਸਾਡੀ ਜੀਵਨ ਜਾਚ ਖ਼ਾਲਸੇ ਵਾਲੀ? ਇਸੇ ਤਰ੍ਹਾਂ ਕਿਰਤ ਕਰਨ ਦਾ ਸੰਕਲਪ ਵੀ ਸਾਡੇ ਜੀਵਨ ਵਿਚੋਂ ਸਾਡੀ ਸੋਚ ਵਿਚੋਂ ਖ਼ਤਮ ਹੋ ਗਿਆ ਹੈ।
ਸਾਡੇ ਨੌਜੁਆਨ ਅਮੀਰ ਬਣਨ ਦੇ ਚੱਕਰ ਵਿਚ ਵਹੀਰਾਂ ਘੱਤੀ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਹਨ ਕਿਉਂਕਿ ਇਥੇ ਕਿਰਤ ਦਾ ਸਤਿਕਾਰ ਹੀ ਨਹੀਂ ਰਿਹਾ। ਉਸੇ ਅਨੁਪਾਤ ਵਿਚ ਪ੍ਰਵਾਸੀ ਮਜ਼ਦੂਰ ਯੂ.ਪੀ. ਅਤੇ ਬਿਹਾਰ ਵਿਚੋਂ ਪੰਜਾਬ ਆ ਰਹੇ ਹਨ। ਇਸ ਵੇਲੇ ਪੰਜਾਬ ਦੀ ਪੂਰੀ ਆਰਥਕਤਾ (ਖੇਤੀ ਵੀ, ਉਦਯੋਗ ਵੀ) ਇਨ੍ਹਾਂ ਮਜ਼ਦੂਰਾਂ ਦੇ ਸਿਰ ਉਤੇ ਹੀ ਚੱਲ ਰਹੀ ਹੈ। ਸਾਡੇ ਨੌਜੁਆਨ ਬਿਨਾਂ ਹੱਥ ਹਿਲਾਏ ਸ਼ਾਨੋ-ਸ਼ੌਕਤ ਦੀ ਜ਼ਿੰਦਗੀ ਜਿਊਣਾ ਚਾਹੁੰਦੇ ਹਨ। ਇਸੇ ਦਾ ਨਤੀਜਾ ਹੈ ਕਿ ਭ੍ਰਿਸ਼ਟਾਚਾਰ ਸਾਡੀ ਸੋਚ ਅਤੇ ਜੀਵਨ ਵਿਚ ਪੂਰੀ ਤਰ੍ਹਾਂ ਘਰ ਕਰ ਗਿਆ ਹੈ।
ਰਾਸ਼ਨ ਕਾਰਡ ਬਣਾਉਣ ਤੋਂ ਲੈ ਕੇ ਜ਼ਮੀਨ ਦੀ ਰਜਿਸਟਰੀ, ਸਕੂਲ ਵਿਚ ਦਾਖ਼ਲੇ ਤੋਂ ਲੈ ਕੇ ਨੌਕਰੀ ਪ੍ਰਾਪਤ ਕਰਨ, ਇਥੋਂ ਤਕ ਕਿ ਮੌਤ ਦਾ ਪ੍ਰਮਾਣ ਪੱਤਰ ਲੈਣ ਤਕ ਰਿਸ਼ਵਤ ਬਿਨਾਂ ਕੋਈ ਕੰਮ ਨਹੀਂ ਹੁੰਦਾ। ਵੰਡ ਛਕਣ ਦੇ ਸੰਕਲਪ ਨੂੰ ਇਕ ਸੰਸਥਾ ਦਾ ਰੂਪ ਦੇਣ ਲਈ ਦਸਵੰਧ ਦੀ ਪਿਰਤ ਸ਼ੁਰੂ ਕੀਤੀ ਗਈ ਸੀ। ਅੱਜ ਸਾਡੇ ਵਿਚੋਂ ਬਹੁਤੇ ਲੋਕ ਇਸ ਪਿਰਤ ਨੂੰ ਭੁੱਲ ਚੁੱਕੇ ਹਨ। ਜਿਨ੍ਹਾਂ ਨੂੰ ਯਾਦ ਵੀ ਹੈ, ਉਹ ਵੀ ਉਸ ਨੂੰ ਵੱਡੇ-ਵੱਡੇ ਲੰਗਰਾਂ, ਵੱਡੀਆਂ-ਵੱਡੀਆਂ ਇਮਾਰਤਾਂ ਖੜੀਆਂ ਕਰਨ ਤਕ ਸੀਮਤ ਕਰ ਦਿੰਦੇ ਹਨ। ਲੋੜਵੰਦਾਂ ਦੀ ਮਦਦ ਦਾ ਕਿਸੇ ਨੂੰ ਖ਼ਿਆਲ ਨਹੀਂ ਆਉਂਦਾ। 'ਗ਼ਰੀਬ ਦਾ ਮੂੰਹ ਗੁਰੂ ਦੀ ਗੋਲਕ' ਦਾ ਸੰਕਲਪ ਸਾਡੀ ਸੋਚ ਵਿਚੋਂ ਖੁਰ ਗਿਆ ਹੈ।
ਰੱਜਿਆਂ ਹੋਇਆਂ ਨੂੰ ਹੱਥ ਜੋੜ ਕੇ ਲੰਗਰ ਛਕਣ ਦੀ ਬੇਨਤੀ ਕਰਦਿਆਂ ਅਕਸਰ ਹੀ ਗੁਰਦਵਾਰਿਆਂ ਵਿਚ ਵੇਖਿਆ ਜਾ ਸਕਦਾ ਹੈ। ਲੰਗਰ ਦੀ ਪ੍ਰੰਪਰਾਗਤ ਸਾਦਗੀ ਵੀ ਤੜਕੇ ਵਾਲੇ ਸੁਆਦੀ ਪਦਾਰਥਾਂ ਨੇ ਲੈ ਲਈ ਹੈ। ਲੰਗਰ ਵੀ ਗੁਰੂ ਦਾ ਨਾਂ ਰਹਿ ਕੇ, ਸਪਾਂਸਰ ਹੋ ਗਿਆ ਹੈ। ਇਸੇ ਕਰ ਕੇ ਗ਼ਰੀਬਾਂ ਨੂੰ ਲੰਗਰ, ਸਾਰਿਆਂ ਦੇ ਛੱਕ ਲੈਣ ਤੋਂ ਬਾਅਦ, ਵਖਰੀ ਪੰਗਤ ਲਾ ਕੇ ਛਕਾਉਣ ਦਾ ਨਜ਼ਾਰਾ ਵੀ ਅਕਸਰ ਵੇਖਣ ਨੂੰ ਮਿਲ ਜਾਂਦਾ ਹੈ।
ਜੇ ਇਹ ਸੱਭ ਬਿਪਰਨ ਕੀਆਂ ਰੀਤਾਂ ਨਹੀਂ ਹਨ ਤਾਂ ਹੋਰ ਕੀ ਹੈ? ਕੀ ਅਸੀ ਅਪਣੀ ਦੁਰਦਸ਼ਾ ਲਈ ਕਿਸੇ ਹੋਰ ਨੂੰ ਦੋਸ਼ ਦੇ ਸਕਦੇ ਹਾਂ? ਖ਼ਾਲਸੇ ਦੇ ਸਿਰਜਣਾ ਦਿਵਸ ਮੌਕੇ ਆਉ ਅਪਣੇ ਆਪ ਨਾਲ ਪ੍ਰਣ ਕਰੀਏ ਕਿ ਅਸੀ ਗੁਰੂ ਸਾਹਿਬ ਵਲੋਂ ਦਿਤੀ ਸਿਖਿਆ ਨੂੰ ਅਪਣਾ ਕੇ ਸਿੱਖੀ ਦੇ ਨਿਆਰੇਪਨ ਨੂੰ ਵਾਪਸ ਲਿਆਵਾਂਗੇ ਤਾਕਿ ਗੁਰੂ ਮਹਾਰਾਜ ਨੂੰ ਅਪਣਾ ਵਚਨ:
ਖ਼ਾਲਸਾ ਮੇਰੋ ਮੁੱਖ ਹੈ ਅੰਗਾ ।। ਖ਼ਾਲਸੇ ਕੇ ਹਉ ਸਦ ਸਦ ਸੰਗਾ ।।
ਪੂਰਾ ਕਰਨ ਵਿਚ ਕੋਈ ਸੰਕੋਚ ਨਾ ਹੋਵੇ। ਵਾਹਿਗੁਰੂ ਮਿਹਰ ਕਰੇ।
ਜਸਵੰਤ ਸਿੰਘ ਅਮਨ
ਸੰਪਰਕ : 98885-14670