ਆਖ਼ਰ ਮੈਂ ਸਕੂਟਰ ਚਾਲੂ ਕੀਤਾ ਅਤੇ ਸਾਹਮਣੇ ਨਜ਼ਰ ਆ ਰਹੇ ਭੂਆ ਦੇ ਪਿੰਡ ਵਲ ਪਾ ਲਿਆ। ਨਹਿਰ ਦਾ ਪੁਲ ਲੰਘ ਕੇ ਮੈਂ ਉਸੇ ਪੁਰਾਣੇ ਬੋਹੜ ਦੇ ਥੱਲੇ ਖੂਹ ਦੇ ਨਾਲ ਸਕੂਟਰ ਖੜਾ...
ਆਖ਼ਰ ਮੈਂ ਸਕੂਟਰ ਚਾਲੂ ਕੀਤਾ ਅਤੇ ਸਾਹਮਣੇ ਨਜ਼ਰ ਆ ਰਹੇ ਭੂਆ ਦੇ ਪਿੰਡ ਵਲ ਪਾ ਲਿਆ। ਨਹਿਰ ਦਾ ਪੁਲ ਲੰਘ ਕੇ ਮੈਂ ਉਸੇ ਪੁਰਾਣੇ ਬੋਹੜ ਦੇ ਥੱਲੇ ਖੂਹ ਦੇ ਨਾਲ ਸਕੂਟਰ ਖੜਾ ਕਰ ਦਿਤਾ ਜਿਸ ਬੋਹੜ ਸਾਹਮਣੇ ਭੂਆ ਦਾ ਘਰ ਸੀ, ਜੋ ਹੁਣ ਪੱਕਾ ਤੇ ਵਧੀਆ ਦਿਸ ਰਿਹਾ ਸੀ। ਮੈਂ ਅੰਦਾਜ਼ਾ ਲਾ ਲਿਆ ਕਿ ਉਹ ਹੁਣ ਸਹੁਰਿਆਂ ਨਾਲੋਂ ਵੱਖ ਹੋ ਚੁੱਕੀ ਹੈ। ਅੰਦਾਜ਼ੇ ਨਾਲ ਅੱਗੇ ਵਧਿਆ ਤਾਂ ਅੱਧਖੜ ਉਮਰ ਦੀ ਔਰਤ ਵਿਹੜੇ ਵਿਚ ਇਕੱਲੀ ਚੌਲ ਛੱਟ ਰਹੀ ਸੀ ਭਾਵੇਂ ਹੁਣ ਭੂਆ ਦਾ ਸਰੀਰ ਥੁਲਥੁਲਾ ਜਿਹਾ ਹੋ ਗਿਆ ਸੀ, ਚਿਹਰੇ ਤੇ ਝੁਰੜੀਆਂ ਨੇ ਲਕੀਰਾਂ ਖਿੱਚ ਲਈਆਂ ਸਨ, ਸਮੇਂ ਨੇ ਕਰਵਟ ਲੈ ਕੇ ਉਮਰ ਨੂੰ ਹਾਲਾਤ ਨਾਲ ਜ਼ਰਬਾਂ-ਤਕਸੀਮਾਂ ਦੇ ਦਿਤੀਆਂ ਸਨ।
ਮੈਂ ਭੂਆ ਦੇ ਬਿਲਕੁਲ ਨੇੜੇ ਜਾ ਕੇ ਚੁਪਚਾਪ ਖੜਾ ਹੋ ਗਿਆ। ਉਹ ਵੇਖ ਕੇ ਹੈਰਾਨ ਜਿਹੀ ਹੋ ਗਈ ਤੇ ਕਹਿਣ ਲੱਗੀ, ''ਵੇਖਦਾ ਕੀ ਏਂ, ਔਹ ਈ ਦਰਵਾਜ਼ੇ ਉਹਲੇ ਮੀਟਰ ਲੱਗਾ ਦਾ। ਮੂੰਹ 'ਚ ਘੁੰਗਣੀਆਂ ਪਾਈਆਂ ਨੀ? ਦਬਾ-ਦਬ ਵੱਗੀ ਆਊਨੈਂ। ਦਰਵਾਜ਼ਾ ਨਹੀਂ ਖੜਕਾਇਆ ਜਾਂਦਾ? ਅਹੁ ਈ ਮੀਟਰ ਵੇਖ ਲੈ ਜਾ ਕੇ... ਜਾਹ ਜਾਹ। ਮੇਰੇ ਮੂੰਹ ਵਲ ਕੀ ਵੇਖ ਰਿਹੈਂ ਬਿਟਰ ਬਿਟਰ।'' ਮੇਰੀਆਂ ਅੱਖਾਂ ਵਿਚ ਹੰਝੂ ਆ ਗਏ ਪਰ ਮੈਂ ਅੱਖਾਂ ਵਿਚੋਂ ਟਪਕਣ ਨਾ ਦਿਤੇ। ਬੜੀ ਮੁਸ਼ਕਲ ਨਾਲ ਹੰਝੂ ਰੋਕੇ ਭੂਆ ਨੂੰ ਨਜ਼ਦੀਕ ਤੋਂ ਵੇਖ ਕੇ। ਉਸ ਨੇ ਫਿਰ ਕਿਹਾ, ''ਪਾਗਲ ਏਂ? ਤੈਨੂੰ ਸੁਣਦਾ ਨਹੀਂ।
ਅਹੁ ਈ ਮੀਟਰ।'' ਭੂਆ ਨੇ ਮੈਨੂੰ ਮੀਟਰ ਰੀਡਰ ਸਮਝਿਆ ਸੀ। ਮੈਂ ਭੂਆ ਨੂੰ ਗਹੁ ਨਾਲ ਨਜ਼ਰਾਂ ਟਿਕਾ ਕੇ ਵੇਖਿਆ ਤੇ ਮੋਢੇ ਤੋਂ ਫੜ ਕੇ ਕਿਹਾ, ''ਭੂਆ, ਮੈਂ ਬਿੰਦ ਹਾਂ।'' ਮੇਰਾ ਨਾਂ ਸੁਣਦੇ ਹੀ ਭੂਆ ਦੀ ਚੀਕ ਨਿਕਲ ਗਈ। ਉਸ ਨੇ ਮੋਹ ਨਾਲ ਘੁੱਟ ਕੇ ਗਲ ਨਾਲ ਲਾ ਲਿਆ। ਛੱਜ ਕਿਤੇ, ਚੌਲ ਕਿਤੇ, ਚੁੰਨੀ ਕਿਤੇ ਜਾ ਪਈ। ਰਮਲੀ-ਕਮਲੀ ਹੋਈ ਭੂਆ ਨੇ ਸਾਰੇ ਪਿੰਡ ਵਿਚ ਦੁਹਾਈ ਪਾ ਦਿਤੀ, ''ਲੋਕੋ ਮੇਰੇ ਪੇਕੇ ਆਏ ਜੇ... ਲੋਕੋ ਮੇਰੇ ਪੇਕੇ ਆਏ ਜੇ। ਮੇਰਾ ਵੀਰ ਬਿੰਦ ਆਇਐ ਲੋਕੋ... ਲੋਕੋ ਮੇਰੇ ਪੇਕੇ ਆਏ।'' ਭੂਆ ਦੀ ਉੱਚੀ ਆਵਾਜ਼ ਸੁਣ ਕੇ ਉਸ ਦੀਆਂ ਦਰਾਣੀਆਂ, ਜਠਾਣੀਆਂ ਜਿਸ ਹਾਲ ਵਿਚ ਸਨ ਦੌੜੀਆਂ ਆਈਆਂ।
''ਮੇਰੇ ਪੇਕੇ ਆਏ ਜੇ ਲੋਕੋ।'' ਭੂਆ ਖ਼ੁਸ਼ੀ ਵਿਚ ਜਿਵੇਂ ਪਾਗਲ ਹੋ ਗਈ ਹੋਵੇ। ਮੇਰੀਆਂ ਅੱਖਾਂ ਵਿਚ ਹੰਝੂਆਂ ਦੀ ਝੜੀ ਲੱਗ ਗਈ ਤੇ ਭੂਆ ਦੇ ਵੀ ਹੰਝੂ ਵਹਿ ਤੁਰੇ। ਮੈਨੂੰ ਭੂਆ ਨੇ ਬੈਠਕ ਵਿਚ ਬਿਠਾ ਦਿਤਾ। ਉਸ ਦੀਆਂ ਦਰਾਣੀਆਂ ਜਠਾਣੀਆਂ ਅਤੇ ਜਿਹੜੇ ਵੀ ਜੀਅ ਘਰ ਵਿਚ ਸਨ, ਸੱਭ ਇਕੱਠੇ ਹੋ ਗਏ। ਹੋਰ ਪਿੰਡ ਦੀਆਂ ਜ਼ਨਾਨੀਆਂ ਵੀ ਇਕੱਠੀਆਂ ਹੋ ਗਈਆਂ। ਭੂਆ ਸੱਭ ਨੂੰ ਕਹਿ ਰਹੀ ਸੀ, ''ਮੇਰਾ ਵੀਰ ਬਿੰਦ ਆਇਐ ਲੋਕੋ। ਮੇਰੇ ਪੇਕੇ ਆਏ ਨੇ।'' ਭੂਆ ਨੇ ਤੇਲ ਦੀ ਕੜਾਹੀ ਰੱਖ ਦਿਤੀ ਪਕੌੜਿਆਂ ਲਈ। ਇਕ ਜ਼ਨਾਨੀ ਨੂੰ ਬਾਜ਼ਾਰ ਭੇਜ ਦਿਤਾ।
ਭੂਆ ਦਾ ਚਾਅ ਜਿਵੇਂ ਸੱਤ ਅਸਮਾਨਾਂ ਨੂੰ ਚੀਰ ਗਿਆ ਹੋਵੇ ਤੇ ਉਸ ਨੇ ਸਾਬਤ ਕਰ ਦਿਤਾ ਕਿ ਰਿਸ਼ਤਿਆਂ ਦੀ ਮਹਿਕ ਨਹੀਂ ਮਰਦੀ। ਖਾਣ-ਪੀਣ ਵਾਲੀਆਂ ਕਈ ਚੀਜ਼ਾਂ ਭੂਆ ਨੇ ਮੇਰੇ ਅੱਗੇ ਰੱਖ ਦਿਤੀਆਂ। ਭੂਆ ਮੇਰੇ ਕੋਲ ਬੈਠ ਗਈ। ਸਭਨਾਂ ਦੀ ਸੁੱਖ-ਖ਼ੈਰ ਪੁੱਛੀ। ਮੇਰੇ ਬਾਰੇ ਪੁਛਿਆ, ''ਤੂੰ ਕੀ ਕਰਦੈਂ। ਬੱਚੇ ਕਿੰਨੇ ਹਨ? ਕੀ ਕਰਦੇ ਨੇ? ਭਰਜਾਈ ਦਾ ਕੀ ਹਾਲ?'' ਬਲਵਿੰਦਰ ਸਿੰਘ 'ਬਾਲਮ' - ਸੰਪਰਕ : 98156-25409 (ਚਲਦਾ)