
ਮਨਦੀਪ ਨੂੰ ਪੜ੍ਹਾਈ ਵਿਚ ਹੁਸ਼ਿਆਰ ਹੋਣ ਕਰ ਕੇ ਕਾਲਜ ਸਮੇਂ ਉਸ ਸਮੇਂ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸਿਹਤ ਮੰਤਰੀ ਡੋਗਰਾ ਜੀ ਵਲੋਂ ਸਨਮਾਨਤ ਕੀਤਾ ਗਿਆ।
ਪ੍ਰਮਾਤਮਾ ਵਲੋਂ ਕਲਾ ਦੇ ਖ਼ਜ਼ਾਨੇ ਖੋਲ੍ਹ ਕੇ ਬਹੁ-ਕਲਾਵਾਂ ਨਾਲ ਨਿਵਾਜੇ ਗਏ ਵਿਰਲੇ ਤੇ ਸੁਭਾਗੇ ਨਾਵਾਂ ਵਿਚੋਂ ਮਨਦੀਪ ਕੌਰ ਪ੍ਰੀਤ ਮੁਕੇਰੀਆਂ ਇਕ ਅਜਿਹਾ ਨਾਮ ਹੈ ਜਿਸ ਨੂੰ ਤਪੱਸਿਆ ਕਰਨ ਦੇ ਆ ਗਏ ਬਲ ਨੇ ਮੰਜ਼ਲਾਂ ਸਰ ਕਰਨੀਆਂ ਸਿਖਾ ਦਿਤੀਆਂ ਹਨ। ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਸ.ਦਲਜੀਤ ਸਿੰਘ ਪਿਤਾ ਤੇ ਸ੍ਰੀਮਤੀ ਰਣਜੀਤ ਕੌਰ ਮਾਤਾ ਦੇ ਵਿਹੜੇ ਨੂੰ ਰੁਸ਼ਨਾਉਣ ਵਾਲੀ ਪ੍ਰੀਤ ਨੇ ਇਕ ਮੁਲਾਕਾਤ ਦੌਰਾਨ ਦਸਿਆ ਕਿ ਉਸ ਨੇ ਐਮ.ਐਸ. ਸੀ ਕਮਿਸਟਰੀ ਅਤੇ ਬੀ.ਐਡ (ਮੈਰਿਟ ਵਿਚ) ਤੋਂ ਇਲਾਵਾ ਫ਼ਰੈਂਚ ਦਾ ਬੇਸਿਕ ਕੋਰਸ ਵੀ ਕੀਤਾ ਹੋਇਆ ਹੈ। ਅੱਜਕਲ ਉਹ ਈ.ਟੀ.ਟੀ. ਅਧਿਆਪਕਾ ਵਜੋਂ ਸ. ਅ. ਸ ਕੋਟਲੀ ਖ਼ਾਸ ਵਿਖੇ ਸੇਵਾਵਾਂ ਨਿਭਾ ਰਹੀ ਹੈ।
Literature
ਕਾਲਜ ਸਮੇਂ ਤੋਂ ਲਿਖਣਾ ਸ਼ੁਰੂ ਕਰਨ ਵਾਲੀ ਮਨਦੀਪ ਨੂੰ ਪੜ੍ਹਾਈ ਵਿਚ ਹੁਸ਼ਿਆਰ ਹੋਣ ਕਰ ਕੇ ਕਾਲਜ ਸਮੇਂ ਉਸ ਸਮੇਂ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸਿਹਤ ਮੰਤਰੀ ਡੋਗਰਾ ਜੀ ਵਲੋਂ ਸਨਮਾਨਤ ਕੀਤਾ ਗਿਆ। ਉਹ ਜਿਥੇ ਬੱਚਿਆਂ ਲਈ ਕਵਿਤਾਵਾਂ, ਇਕਾਂਗੀਆਂ, ਕਹਾਣੀਆਂ, ਮਿੰਨੀ ਕਹਾਣੀਆਂ ਤੇ ਹਾਸ ਵਿਅੰਗ ਲਿਖਦੀ ਹੈ, ਉਥੇ ਗੁਰ-ਇਤਿਹਾਸ ਤੇ ਗੁਰਮਤਿ ਸਿਧਾਂਤਾਂ ਨੂੰ ਸਮਰਪਿਤ ਕਵਿਤਾਵਾਂ ਲਿਖਣ ਦੀ ਵੀ ਉਸ ਦੀ ਪੂਰਨ ਰੁਚੀ ਹੈ।
Mandeep Kaur
ਪੰਜਾਬੀ ਸਾਹਿਤ ਮੰਚ ਭੰਗਾਲਾ ਮੁਕੇਰੀਆਂ, ਇੰਟਰਨੈਸ਼ਨਲ ਸੰਸਥਾ ਫੋਕਲੋਰ ਰਿਸਰਚ ਅਕਾਦਮੀ, ਪਰਮਦੀਪ ਸਿੰਘ ਦੀਪ ਵੈਲਫ਼ੇਅਰ ਸੁਸਾਇਟੀ, ਕਵਿਤਾ ਕਥਾ ਕਾਰਵਾਂ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ) ਆਦਿ ਸੰਸਥਾਵਾਂ ਨਾਲ ਸਾਹਿਤਕ ਸਾਂਝਾਂ ਪਾਲ ਰਹੀ ਮਨਦੀਪ ਦੀ ਖ਼ੂਬਸੂਰਤ ਕਲਮ ਨੇ ਉਡਾਣਾਂ ਭਰਦਿਆਂ ਪੰਜਾਬੀ ਦਾ ਦੇਸ਼-ਵਿਦੇਸ਼ ਦਾ ਐਸਾ ਕੋਈ ਪੇਪਰ ਜਾਂ ਮੈਗਜ਼ੀਨ ਨਹੀਂ ਛਡਿਆ ਹੋਣਾ, ਜਿਸ ਤਕ ਉਸ ਦੀ ਪਹੁੰਚ ਨਾ ਹੋਈ ਹੋਵੇ।
Punjabi Language
ਇਸ ਤੋਂ ਇਲਾਵਾ, ‘‘ਹੋਕਾ ਕਲਮਾਂ ਦਾ’’, ‘‘ਵਾਰਸ ਵਿਰਸੇ ਦੇ’’, ‘‘ਕਲਮਾਂ ਦਾ ਸਫ਼ਰ’’, ‘‘ਰੰਗ ਬਿਰੰਗੀਆਂ ਕਲਮਾਂ’’ ਅਤੇ ‘‘ਨਾ ਮਾਰੋ ਅਣਜੰਮੀਆਂ’’ ਆਦਿ ਦਰਜਨ ਦੇ ਕਰੀਬ ਸਾਂਝੀਆਂ ਕਾਵਿ-ਪੁਸਤਕਾਂ ਦੇ ਨਾਲ-ਨਾਲ ਟੈਲੀਫ਼ੋਨ ਡਾਇਰੈਕਟਰੀ, ‘‘ਵਿਰਸੇ ਦੇ ਪੁਜਾਰੀ’’ ਵਿਚ ਵੀ ਹਾਜ਼ਰੀ ਲਗਵਾ ਚੁਕੀ ਹੈ, ਉਹ।
ਪੰਜਾਬੀ ਮਾਂ ਬੋਲੀ ਦੀ ਸੱਚੀ-ਸੁੱਚੀ ਪਹਿਰੇਦਾਰ ਮਨਦੀਪ ਕੌਰ ਪ੍ਰੀਤ ਨੂੰ ਉਸ ਦੀਆਂ ਵੱਡਮੁਲੀਆਂ ਸਾਹਿਤਕ, ਵਿਦਿਅਕ, ਧਾਰਮਕ, ਸਮਾਜਕ ਅਤੇ ਸਭਿਆਚਾਰਕ ਸੇਵਾਵਾਂ ਦੀ ਕਦਰ ਕਰਦੇ ਹੋਏ ਜਿਥੇ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:) ਵਲੋਂ ਉਸ ਨੂੰ ਸਿਰਕੱਢ ਕਵਿਤਰੀ- 2017 ਐਵਾਰਡ ਅਤੇ ਹੋਣਹਾਰ ਧੀ ਪੰਜਾਬ ਦੀ ਐਵਾਰਡ-2019 ਨਾਲ ਨਿਵਾਜਿਆ ਗਿਆ, ਉਥੇ ਜਿਨ੍ਹਾਂ ਸ਼ਖ਼ਸੀਅਤਾਂ ਅਤੇ ਅਦਾਰਿਆਂ ਨੇ ਸਨਮਾਨਤ ਕਰ ਕੇ ਉਸ ਦਾ ਮਾਣ ਵਧਾਇਆ, ਉਨ੍ਹਾਂ ਵਿਚ ਡਾ. ਹਰੀ ਸਿੰਘ ਜਾਚਕ ਜੀ, ਪਰਮਦੀਪ ਸਿੰਘ ਦੀਪ ਯਾਦਗਾਰੀ ਵੈਲਫ਼ੇਅਰ ਸੁਸਾਇਟੀ, ਤਖ਼ਤ ਸ੍ਰੀ ਦਮਦਮਾ ਸਾਹਿਬ (ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੁਆਰਾ)।
SGPC
ਗੁਰਮੁਖੀ ਵਿਸ਼ਵ ਫ਼ਾਊਂਡੇਸ਼ਨ ਚੰਡੀਗੜ੍ਹ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕਰਵਾਏ ਧਾਰਮਕ ਕਵੀ ਦਰਬਾਰ ਅਤੇ ਕਾਰਜਸ਼ਾਲਾ ਵਿਚ (ਜਥੇਦਾਰ ਗਿਆਨੀ ਰਘੁਵੀਰ ਸਿੰਘ ਦੁਆਰਾ), ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਧਾਰਮਕ ਕਵੀ ਦਰਬਾਰ ਵਿਚ (ਪੰਜਾਬੀ ਗੀਤਕਾਰ ਮੰਚ, ਲੁਧਿਆਣਾ ਵਲੋਂ), ਜਨਵਰੀ 2020 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਕਵੀ ਦਰਬਾਰ ਵਿਚ ਅਤੇ ਜਨਵਰੀ 2020 ਨੂੰ ਸਵ.ਸ.ਚਰਨ ਸਿੰਘ ਸਫ਼ਰੀ ਜੀ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਆਦਿ ਵਿਸ਼ੇਸ਼ ਜ਼ਿਕਰਯੋਗ ਹਨ।
ਇਵੇਂ ਹੀ ਕੋਰੋਨਾ ਮਹਾਂਮਾਰੀ ਦੌਰਾਨ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ, ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡਮੇਲੀ, ਪੰਜਾਬੀ ਮੰਚ ਲਾਈਵ ਯੂ.ਐਸ.ਏ ਅਤੇ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ ਵਲੋਂ ਤੀਆਂ ਦਾ ਇੰਟਰਨੈਸ਼ਨਲ ਕਵੀ ਦਰਬਾਰ, ਕਾਵਿ ਮੰਚ ਨੂਰਾਨੀ ਕਲਮਾਂ, ਕਵਿਤਾ ਕਥਾ ਕਾਰਵਾਂ, ਇਸਤਰੀ ਕੌਂਸਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਵਲੋਂ ਕਰਵਾਏ ਆਨਲਾਈਨ ਕਵੀ ਦਰਬਾਰਾਂ ਦੀਆਂ ਹਾਜ਼ਰੀਆਂ ਦੇ ਨਾਲ-ਨਾਲ ਸਭਿਆਚਾਰਕ ਮੰਤਰਾਲੇ, ਭਾਰਤ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਕਵੀ ਦਰਬਾਰ ਵਿਚ (ਬਤੌਰ ਚੇਅਰਮੈਨ) ਹਾਜ਼ਰੀ ਲਗਵਾਉਣ ਦਾ ਮਨਦੀਪ ਨੂੰ ਸੁਭਾਗ ਪ੍ਰਾਪਤ ਹੋਇਆ।
Writer
ਇਕ ਅਧਿਆਪਕਾ ਦੇ ਤੌਰ ’ਤੇ ਵੀ ਪ੍ਰੀਤ ਅਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਉਂਦੀ ਹੈ। ਉਹ ਸਮਾਜ ਵਿਚੋਂ ਅਨਪੜ੍ਹਤਾ ਦਾ ਹਨੇਰਾ ਦੂਰ ਕਰਦਿਆਂ ਚਾਰੇ ਪਾਸੇ ਚਾਨਣ ਫੈਲਾਉਣ ਲਈ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵੀ ਇਮਾਨਦਾਰੀ ਨਾਲ ਕੰਮ ਕਰਦੀ ਹੈ। ਕਦੀ ਉਹ ਆਪ ਤੀਆਂ ਦੇ ਮੇਲੇ ਤੇ ਨੱਚ ਨੱਚ ਕੇ ਧਮਾਲਾਂ ਪਾਉਂਦੀ ਹੈ ਤੇ ਕਦੇ ਉਸ ਦੇ ਵਿਦਿਆਰਥੀ ਡੀ.ਡੀ. ਪੰਜਾਬੀ ਦੇ ‘‘ਨੰਨ੍ਹੇ ਉਸਤਾਦ’’ ਪ੍ਰੋਗਰਾਮ ਵਿਚ ਧਮਾਲਾਂ ਪਾਉਂਦੇ ਨਜ਼ਰੀ ਆੳਂੁਦੇ ਹਨ। ਲਾਕਡਾਊਨ ਦੌਰਾਨ ਉਸ ਨੇ 200 ਤੋਂ ਵੱਧ ਵੀਡੀਉਜ਼ ਬੱਚਿਆਂ ਦੀ ਪੜ੍ਹਾਈ ਲਈ ਬਣਾਈਆਂ।
Writing
ਡੀ.ਡੀ. ਪੰਜਾਬੀ ਤੇ ਚੌਥੀ ਜਮਾਤ ਦੇ ਵਾਤਾਵਰਣ ਵਿਸ਼ੇ ਅਤੇ ‘‘ਸਵਾਗਤ ਜ਼ਿੰਦਗੀ’’ ਦੇ ਪਾਠਾਂ ਦੀ ਪੇਸ਼ਕਾਰੀ ਨੂੰ ਉਸ ਨੇ ਬਾਖੂਬੀ ਨਿਭਾਇਆ ਹੈ। ਦੁਆਬਾ ਰੇਡੀਉ ਦੇ ਪ੍ਰੋਗਰਾਮ ਰਾਹੀਂ ਬੱਚਿਆਂ ਨੂੰ ਪਾਠ ਪੜ੍ਹਾਏ। ਅਧਿਆਪਕ ਦਿਵਸ ਮੌਕੇ ਮਨਦੀਪ ਨੂੰ ਉਸ ਦੇ ਬਲਾਕ ਵਲੋਂ ਸਨਮਾਨ ਪੱਤਰ ਅਤੇ ਨਵੋਦਿਆ ਕਰਾਂਤੀ ਪ੍ਰਵਾਰ ਵਲੋਂ ਸਟੇਟ ਪੱਧਰ ਤੇ, ‘‘ਐਵਾਰਡ ਆਫ਼ ਐਕਸੀਲੈਂਸ’’ ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ ਸੈਣੀ ਯੂਥ ਫ਼ੈਡਰੇਸ਼ਨ ਵਲੋਂ ਵੀ ਉਸ ਨੂੰ ਸੂਬੇ ਦੀ ਸਿਖਿਆ ਵਿਚ ਗੁਣਾਤਮਕ ਸੁਧਾਰ ਲਿਆਉਣ ਲਈ, ‘‘ਸਾਵਿੱਤਰੀ ਬਾਈ ਫੂਲੇ’’ ਸਨਮਾਨ ਨਾਲ ਸਨਮਾਨਤ ਕੀਤਾ ਗਿਆ।
ਅਪਣੀਆਂ ਵਿਲੱਖਣ ਗਤੀ-ਵਿਧੀਆਂ ਦੁਆਰਾ ਪੰਜਾਬੀ ਮਾਂ-ਬੋਲੀ ਦੇ ਸਾਹਿਤਕ ਖ਼ਜ਼ਾਨੇ ਅਤੇ ਸਿਖਿਆ ਖੇਤਰ ਵਿਚ ਅਪਣਾ ਅਣਮੁੱਲਾ ਯੋਗਦਾਨ ਪਾ ਰਹੀ ਮੁਟਿਆਰ ਮਨਦੀਪ ਕੌਰ ਪ੍ਰੀਤ ਮੁਕੇਰੀਆਂ ਨੂੰ ਜੇਕਰ ਉਸ ਦੇ ਅਪਣੇ ਵਿਭਾਗ ਵਲੋਂ ਵੀ ਸਨਮਾਨਤ ਕਰ ਕੇ ਉਸਨੂੰ ਹੱਲਾ-ਸ਼ੇਰੀ ਦੇਣ ਲਈ ਹੱਥ ਵਧਾਇਆ ਜਾਵੇ ਤਾਂ ਇਸ ਵਿਚ ਵਿਭਾਗ ਦਾ ਵੀ ਸਿਰ ਉੱਚਾ ਹੀ ਹੋਵੇਗਾ, ਕਿਉਂਕਿ ਉਹ ਹੱਕਦਾਰ ਵੀ ਬਣਦੀ ਹੈ, ਸ਼ਾਬਾਸ਼ ਲੈਣ ਦੀ।
-ਪ੍ਰੀਤਮ ਲੁਧਿਆਣਵੀ (ਚੰਡੀਗੜ੍ਹ), 9876428641