'ਰੰਗਮੰਚ' ਕਲਾ ਦਾ ਵਗਦਾ ਦਰਿਆ ਸੀ ਪ੍ਰੋ. ਅਜਮੇਰ ਸਿੰਘ ਔਲਖ
Published : Jun 14, 2020, 3:43 pm IST
Updated : Jun 14, 2020, 3:43 pm IST
SHARE ARTICLE
Ajmer Singh Aulakh
Ajmer Singh Aulakh

ਸੱਚਮੁਚ ਲੋਕਾਈ ਦੇ ਦਰਦਾਂ ਦੀ ਬਾਤ ਪਾਉਣ ਵਾਲਾ ਪ੍ਰੋ. ਅਜਮੇਰ ਸਿੰਘ ਔਲਖ 'ਰੰਗਮੰਚ' ਕਲਾ ਦਾ ਇਕ ਵਗਦਾ ਦਰਿਆ ਸੀ।

ਸੱਚਮੁਚ ਲੋਕਾਈ ਦੇ ਦਰਦਾਂ ਦੀ ਬਾਤ ਪਾਉਣ ਵਾਲਾ ਪ੍ਰੋ. ਅਜਮੇਰ ਸਿੰਘ ਔਲਖ 'ਰੰਗਮੰਚ' ਕਲਾ ਦਾ ਇਕ ਵਗਦਾ ਦਰਿਆ ਸੀ। ਉਸ ਦਾ ਜਨਮ ਪਿਤਾ ਕੌਰ ਸਿੰਘ 'ਤੇ ਮਾਤਾ ਹਰਨਾਮ ਕੌਰ ਦੇ ਘਰ 19 ਅਗੱਸਤ 1942 ਨੂੰ ਅਪਣੇ ਨਾਨਕੇ ਪਿੰਡ 'ਕੁੱਭੜਵਾਲ' ਤਹਿਸੀਲ ਸ਼ੇਰਪੁਰ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਉਸ ਨੇ ਅਪਣੀ ਮੁਢਲੀ ਪੜ੍ਹਾਈ ਅਪਣੇ ਜੱਦੀ ਪਿੰਡ  'ਫਰਵਾਹੀ' ਜ਼ਿਲ੍ਹਾ ਮਾਨਸਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਹਾਸਲ ਕੀਤੀ ਜਦਕਿ ਦਸਵੀਂ  ਸਰਕਾਰੀ ਨੈਸ਼ਨਲ ਹਾਈ ਸਕੂਲ ਭੀਖੀ (ਮਾਨਸਾ) ਤੋਂ ਕੀਤੀ।

Punjab UniversityPunjab University

ਪ੍ਰੋ. ਔਲਖ ਨੇ ਚਿੱਠੀ ਪੱਤਰੀ ਰਾਹੀਂ ਬੀ.ਏ.  ਪੰਜਾਬ ਯੂਨੀਵਰਸਟੀ, ਚੰਡੀਗੜ੍ਹ ਤੋਂ ਅਤੇ ਐਮ.ਏ. ਪੰਜਾਬੀ ਯੂਨੀਵਰਸਟੀ ਪਟਿਆਲਾ ਤੋਂ ਕੀਤੀ ਸੀ। ਪ੍ਰੋ. ਅਜਮੇਰ ਸਿੰਘ ਔਲਖ ਦਾ ਵਿਆਹ ਮਨਜੀਤ ਕੌਰ (ਅਧਿਆਪਕਾ) ਨਾਲ ਹੋਇਆ। ਉਨ੍ਹਾਂ ਦੇ ਘਰ ਸੁਪਨਦੀਪ ਕੌਰ, ਸੁਹਜਪ੍ਰੀਤ ਕੌਰ ਅਤੇ ਅਮਨਜੀਤ ਕੌਰ, ਤਿੰਨ ਲੜਕੀਆਂ ਪੈਦਾ ਹੋਈਆਂ। ਤਿੰਨ ਦਹਾਕਿਆਂ ਤੋਂ ਵੱਧ ਸਮਾਂ ਅਧਿਆਪਨ ਦੇ ਕਿੱਤੇ ਨਾਲ ਜੁੜੇ ਰਹੇ ਪ੍ਰੋ. ਅਜਮੇਰ ਸਿੰਘ ਔਲਖ ਨੇ ਬਿਗਾਨੇ ਬੋਹੜ ਦੀ ਛਾਂ, ਸੱਤ ਬਿਗਾਨੇ, ਅਰਬਦ ਨਰਬਦ ਧੁੰਦੂਕਾਰਾ, ਅਵੇਸਲੇ ਯੁੱਧਾਂ ਦੀ ਨਾਇਕਾ, ਚਾਨਣ ਦੇ ਵਣਜਾਰੇ, ਗਾਨੀ, ਆਏਂ ਨੀਂ ਹੁਣ ਸਰਨਾ, ਝਨਾ ਦੇ ਪਾਣੀ, ਨਿਉਂ ਜੜ, ਇਸ਼ਕਬਾਜ਼ ਨਵਾਜ਼ ਦਾ ਹੱਜ ਨਾਹੀ, ਸੂਹੇ ਸੂਰਜਾਂ ਦੀ ਮੁਸਕਾਨ ਅਤੇ ਭੱਜੀਆਂ ਬਾਹੀਂ ਜਿਹੇ ਅਨੇਕਾਂ ਹੀ ਖ਼ੂਬਸੂਰਤ ਨਾਟਕ ਲਿਖੇ ਅਤੇ ਬੜੀ ਸਫ਼ਲਤਾ ਨਾਲ ਉਨ੍ਹਾਂ ਦਾ ਮੰਚਨ ਕੀਤਾ।

Ajmer Singh AulakhAjmer Singh Aulakh

ਪ੍ਰੋ. ਅਜਮੇਰ ਸਿੰਘ ਔਲਖ ਨੇ ਬੇਸ਼ੱਕ ਕੁੱਝ ਰੁਮਾਂਟਿਕ ਗੀਤ ਕਵਿਤਾਵਾਂ ਵੀ ਲਿਖੀਆਂ ਸਨ ਪਰ ਲੋਕ ਪੀੜਾ, ਖ਼ਾਸ ਕਰ ਕੇ ਕਿਸਾਨੀ ਦਾ ਦਰਦ ਉਸ ਦੇ ਮਨ 'ਤੇ ਹਮੇਸ਼ਾ ਹੀ ਭਾਰੂ ਰਿਹਾ ਸੀ। ਉਸ ਦਾ ਮੰਨਣਾ ਸੀ ਕਿ ਅਸਲ ਵਿਚ ਲੇਖਕ ਜਾਂ ਕਲਾਕਾਰ ਹੀ ਉਹ ਹੁੰਦਾ ਹੈ ਜੋ ਸਮਾਜ ਵਿਚ ਉਸਾਰੂ ਚੇਤਨਾ ਪੈਦਾ ਕਰੇ। ਉਸ ਨੇ ਅਪਣੇ ਨਾਟਕਾਂ 'ਚ ਹਮੇਸ਼ਾ ਹੀ ਉਹੋ ਕੁੱਝ ਪੇਸ਼ ਕੀਤਾ ਸੀ ਜੋ ਕੁੱਝ ਸਮਾਜ ਦੇ ਲੋਕਾਂ ਨੂੰ ਚਾਹੀਦਾ ਹੁੰਦਾ ਹੈ ਅਤੇ ਲੋਕਾਂ ਦੇ ਹਿੱਤ 'ਚ ਹੁੰਦਾ ਸੀ।

Ajmer Singh AulakhAjmer Singh Aulakh

ਪਿੰਡਾਂ ਦੇ ਗ਼ਰੀਬ ਕਿਸਾਨਾਂ ਦੀਆਂ ਦੁੱਖ ਤਕਲੀਫ਼ਾਂ ਨਾਲ ਜੁੜੀਆਂ ਤਲਖ਼ ਹਕੀਕਤਾਂ ਤੋਂ ਚੰਗੀ ਤਰ੍ਹਾਂ ਵਾਕਫ਼ ਪ੍ਰੋ. ਅਜਮੇਰ ਸਿੰਘ ਔਲਖ ਨੇ ਅਪਣੀ ਸਾਰੀ ਜ਼ਿੰਦਗੀ ਇਨ੍ਹਾਂ ਥੁੜਾਂ ਮਾਰੇ ਲੋਕਾਂ ਲਈ ਹੀ ਨਾਟਕ ਲਿਖੇ ਅਤੇ ਖੇਡੇ ਸਨ। ਉਸ ਕੋਲ ਪੰਜਾਬੀ ਬੋਲੀ-ਸ਼ੈਲੀ ਦੀ ਅਮੀਰੀ ਅਤੇ ਸ਼ਬਦਾਂ ਦਾ ਅਥਾਹ ਭੰਡਾਰ ਸੀ। ਉਹ ਜਦੋਂ ਪੇਂਡੂ ਲੋਕਾਂ ਦੇ ਸਨਮੁਖ ਅਪਣੇ ਨਾਟਕਾਂ ਰਾਹੀਂ ਲੋਕਾਂ ਦੀ ਠੇਠ ਬੋਲੀ ਵਿਚ ਉਨ੍ਹਾਂ ਦੀ ਨਿਜੀ ਜ਼ਿੰਦਗੀ ਨਾਲ ਸਬੰਧਤ ਦੁੱਖ-ਤਕਲੀਫ਼ਾਂ, ਹਉਕਿਆਂ-ਹਾਵਿਆਂ ਅਤੇ ਝੋਰਿਆਂ ਦਾ ਵਿਖਿਆਨ ਕਰਦਾ ਸੀ ਤਾਂ ਸਾਹਮਣੇ ਬੈਠਾ ਹਰ ਦਰਸ਼ਕ ਧੁਰ-ਅੰਦਰ ਤਕ ਝੰਜੋੜਿਆ ਜਾਂਦਾ ਅਤੇ ਉਸ ਨੂੰ ਮੰਚ ਉਪਰ ਪੇਸ਼ ਕੀਤੇ ਜਾ ਰਹੇ ਨਾਟਕ ਦੀ ਕਹਾਣੀ ਅਪਣੇ ਹੀ ਘਰ ਦੀ ਕਹਾਣੀ ਪ੍ਰਤੀਤ ਹੁੰਦੀ।

 

ਪ੍ਰੋ. ਅਜਮੇਰ ਸਿੰਘ ਔਲਖ ਵਲੋਂ ਨਾਟਕ ਪੇਸ਼ਕਾਰੀ ਦੀ ਇਹੋ ਕਲਾ ਉਸ ਨੂੰ ਉੱਚੇ ਸਥਾਨ 'ਤੇ ਖੜਾ ਇਕ ਸਫ਼ਲ ਅਤੇ ਮਹਾਨ ਨਾਟਕਕਾਰ ਬਣਾਉਂਦੀ ਹੈ। ਉਸ ਦੇ ਡਰਾਮਿਆਂ ਨੂੰ ਵੇਖਣ ਲਈ ਅਕਸਰ ਪਿੰਡਾਂ ਦੇ ਸੈਂਕੜੇ ਲੋਕਾਂ ਦਾ ਉਮੜ ਆਉਣਾ ਇਹ ਸਾਬਤ ਕਰਦਾ ਸੀ ਕਿ ਉਹ ਲੋਕਾਂ ਦੇ ਦਿਲਾਂ 'ਚ ਵਸਿਆ ਹੋਇਆ ਬਹੁਤ ਹੀ ਹਰਮਨ ਪਿਆਰਾ ਅਤੇ ਪਰਪੱਕ ਕਲਾਕਾਰ ਸੀ। ਉਹ ਅਪਣੇ ਨਾਟਕਾਂ 'ਚ ਕਲਪਨਾ ਦਾ ਰੰਗ ਤਾਂ ਭਰਦਾ ਸੀ ਪਰ ਯਥਾਰਥ ਤੋਂ ਕਦੇ ਵੀ ਦੂਰ ਨਹੀਂ ਹੁੰਦਾ ਸੀ।

Ajmer Singh AulakhAjmer Singh Aulakh

ਪ੍ਰੋ. ਅਜਮੇਰ ਸਿੰਘ ਔਲਖ ਨੇ ਸਮੇਂ ਦੇ ਭ੍ਰਿਸ਼ਟ ਨਿਜ਼ਾਮਾਂ ਦੇ ਹੱਕ 'ਚ ਭੁਗਤ ਕੇ ਕਦੇ ਵੀ ਅਪਣੀ ਕਲਾ ਦਾ ਮੁੱਲ ਨਹੀਂ ਵਟਿਆ ਸੀ। ਉਹ ਤਾਂ ਲੋਕਾਂ ਦੇ ਧੜੇ ਦਾ ਨਾਟਕਕਾਰ ਸੀ। ਉਸ ਦਾ ਮੰਤਵ ਕਿਸੇ ਵੀ ਤਰ੍ਹਾਂ ਨਾਲ ਥੀਏਟਰ ਰਾਹੀਂ ਪੈਸੇ ਜਾਂ ਫੋਕੀ ਸ਼ੌਹਰਤ ਕਮਾਉਣਾ ਨਹੀਂ, ਬਲਕਿ ਉਸ ਦਾ ਮੁੱਖ ਟੀਚਾ ਤਾਂ  ਪੇਂਡੂ ਕਿਸਾਨਾਂ-ਕਿਰਤੀਆਂ ਨੂੰ ਸਮਾਜਕ ਬੁਰਾਈਆਂ ਅਤੇ ਸਮੇਂ ਦੀਆਂ ਲੋਟੂ ਜਮਾਤਾਂ ਪ੍ਰਤੀ ਸੁਚੇਤ ਕਰਨਾ ਅਤੇ ਇਨ੍ਹਾਂ ਅਲਾਮਤਾਂ ਦੇ ਹੱਲ ਸੁਝਾਉਣਾ ਹੁੰਦਾ ਸੀ। ਉਹ ਪਿੰਡਾਂ ਦੇ ਭੋਲੇ ਭਾਲੇ ਕਿਸਾਨਾਂ ਅਤੇ ਕਾਮਿਆਂ ਦੇ ਮਨਾਂ 'ਚ ਉਸਾਰੂ ਵਿਗਿਆਨਿਕ ਸੋਚ ਦੀ ਰੌਸ਼ਨੀ ਫੈਲਾਉਣ ਦਾ ਹਾਮੀ ਸੀ।

GNDUGNDU

ਪ੍ਰੋ. ਅਜਮੇਰ ਸਿੰਘ ਔਲਖ ਦੇ ਨਾਟਕ ਪੰਜਾਬ ਯੂਨੀਵਰਸਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਦੇ ਕੋਰਸਾਂ ਵਿਚ ਵੀ ਸਿਲੇਬਸ ਵਜੋਂ ਪੜ੍ਹਾਏ ਜਾਂਦੇ ਹਨ। ਪ੍ਰੋ. ਅਜਮੇਰ ਸਿੰਘ ਔਲਖ ਨੂੰ ਅਣਗਿਣਤ ਮਾਣ-ਸਨਮਾਨ ਮਿਲੇ ਸਨ। ਉਸ ਨੂੰ 'ਇਸ਼ਕਬਾਜ਼ ਨਵਾਜ਼ ਦਾ ਹੱਜ ਨਾਹੀ' ਪੁਸਤਕ 'ਤੇ ਭਾਰਤੀ ਸਾਹਿਤ ਅਕਦਮੀਂ ਦਾ ਇਨਾਮ ਅਤੇ ਭਾਰਤੀ ਸੰਗੀਤ ਅਕਾਦਮੀ ਵਲੋਂ ਮਿਲੇ ਵਿਸ਼ੇਸ਼ ਸਨਮਾਨਾਂ ਤੋਂ ਇਲਾਵਾ 1 ਮਾਰਚ 2015 ਨੂੰ ਪੰਜਾਬ ਭਰ ਦੇ ਲੋਕਾਂ ਖ਼ਾਸ ਕਰ ਕੇ ਕਿਸਾਨਾਂ, ਕਿਰਤੀਆਂ ਵਲੋਂ ਸਾਂਝੇ ਰੂਪ 'ਚ ਵੱਡੇ ਪੱਧਰ 'ਤੇ ਸਨਮਾਨਿਤ ਕੀਤਾ ਗਿਆ ਸੀ।

Ajmer Singh AulakhAjmer Singh Aulakh

ਅਜਿਹੇ ਮਾਣ-ਸਨਮਾਨ ਉਨ੍ਹਾਂ ਵਿਰਲੇ ਲੋਕਾਂ ਦੇ ਹਿੱਸੇ ਹੀ ਆਉਂਦੇ ਹਨ, ਜਿਨ੍ਹਾਂ ਨੇ ਸਮਾਜ ਦੇ ਲੋਕਾਂ ਲਈ ਕੁੱਝ ਕਰ ਕੇ ਵਿਖਾਇਆ ਹੁੰਦਾ ਹੈ। ਪੇਂਡੂ ਕਿਸਾਨੀ ਦੇ ਦੁੱਖਾਂ-ਦਰਦਾਂ ਦਾ ਸਾਂਝੀ ਇਹ ਨਾਟਕ ਕਲਾ ਦਾ ਬਾਬਾ ਬੋਹੜ ਕੈਂਸਰ ਦੀ ਨਾਮੁਰਾਦ ਬਿਮਾਰੀ ਵਿਰੁਧ ਸਰੀਰਕ ਜੰਗ ਲੜਦਾ ਹੋਇਆ 15  ਜੂਨ, 2017 ਨੂੰ ਇਸ ਫਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਿਆ। ਬੇਸ਼ੱਕ ਸਰੀਰਕ ਤੌਰ 'ਤੇ ਪ੍ਰੋ. ਅਜਮੇਰ ਸਿੰਘ ਔਲਖ ਅੱਜ ਸਾਡੇ ਵਿਚਕਾਰ ਨਹੀਂ ਹੈ ਪਰ ਉਸ ਦੇ ਨਾਟਕਾਂ ਦੁਆਰਾ ਸਾਡੇ ਤਕ ਪਹੁੰਚਾਈ ਗਈ ਉਸ ਦੀ ਨਿੱਗਰ ਸੋਚ ਪੰਜਾਬ ਦੇ ਤਮਾਮ ਕਿਸਾਨਾਂ ਕਿਰਤੀਆਂ ਲਈ ਸਦੀਆਂ ਤਕ ਰਾਹ ਦਸੇਰਾ ਬਣ, ਉਨ੍ਹਾਂ ਦਾ ਰਾਹ ਰਸ਼ਨਾਉਂਦੀ ਰਹੇਗੀ।
-ਯਸ਼ ਪੱਤੋ
ਪਿੰਡ ਤੇ ਡਾਕ. ਪੱਤੋ ਹੀਰਾ ਸਿੰਘ, ਜਿਲ੍ਹਾ ਮੋਗਾ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement