ਪੰਜਾਬੀ ਸੰਕੇਤ-ਲਿਪੀ ਦਾ ਸੰਖੇਪ ਇਤਿਹਾਸ
Published : Jun 14, 2020, 9:28 am IST
Updated : Jun 14, 2020, 9:28 am IST
SHARE ARTICLE
Punjabi Language
Punjabi Language

ਮਨੁੱਖੀ ਸਭਿਅਤਾ ਵਾਂਗ ਮਨੁੱਖੀ ਭਾਸ਼ਾਵਾਂ ਦਾ ਇਤਿਹਾਸ ਵੀ ਬਹੁਤ ਪੁਰਾਣਾ ਹੈ।

ਮਨੁੱਖੀ ਸਭਿਅਤਾ ਵਾਂਗ ਮਨੁੱਖੀ ਭਾਸ਼ਾਵਾਂ ਦਾ ਇਤਿਹਾਸ ਵੀ ਬਹੁਤ ਪੁਰਾਣਾ ਹੈ। ਮਨੁੱਖੀ ਦਿਮਾਗ਼ ਦੇ ਵਿਕਾਸ ਦੇ ਨਾਲ-ਨਾਲ ਭਾਸ਼ਾਵਾਂ ਦਾ ਵਿਕਾਸ ਵੀ ਪੜਾਅ-ਦਰ-ਪੜਾਅ ਹੁੰਦਾ ਆਇਆ ਹੈ। ਭਾਸ਼ਾਵਾਂ ਨੂੰ ਸੰਕੇਤਕ ਰੂਪ ਵਿਚ ਲਿਖਣ ਲਈ ਸੰਕੇਤ-ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਹਰ ਭਾਸ਼ਾ ਦੀ ਅਪਣੀ ਇਕ ਸੰਕੇਤ-ਲਿਪੀ ਹੁੰਦੀ ਹੈ। ਸੰਕੇਤ-ਲਿਪੀ ਅਨੁਸਾਰ ਕਿਸੇ ਵੀ ਭਾਸ਼ਾ ਨੂੰ ਤੇਜ਼ ਗਤੀ ਨਾਲ ਲਿਖਣ ਲਈ ਨਿਸ਼ਚਿਤ ਕੀਤੇ ਸੰਕੇਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਮਨੁੱਖੀ ਵਿਚਾਰਧਾਰਾ ਦੇ ਵਿਕਾਸ ਵਿਚ ਸੰਕੇਤ ਲਿਪੀ ਨੇ ਬਹੁਤ ਮਹੱਤਵਪੂਰਨ ਰੋਲ ਅਦਾ ਕੀਤਾ ਹੈ।

Punjabi ScriptPunjabi Script

ਨਿਊਯਾਰਕ ਦੇ ਸਕੂਲ ਆਫ਼ ਐਜੂਕੇਸ਼ਨ ਦੇ ਪ੍ਰੋਫ਼ੈਸਰ 'ਹੈਲਨ ਰੈਨਲਡਜ਼' ਅਨੁਸਾਰ ਈਸਾ ਤੋਂ ਪਹਿਲਾਂ ਵੀ ਸੰਕੇਤ-ਲਿਪੀ ਦੀ ਵਰਤੋਂ ਕੀਤੀ ਜਾਂਦੀ ਸੀ। ਹੈਲਨ ਅਨੁਸਾਰ ਯੂਨਾਨ ਵਿਚ ਭਾਸ਼ਣਾਂ ਅਤੇ ਕਵਿਤਾਵਾਂ ਨੂੰ ਸੰਕੇਤ ਲਿਪੀ ਵਿਚ ਨੋਟ ਕੀਤਾ ਜਾਂਦਾ ਸੀ। ਇਤਿਹਾਸਕ ਸਰੋਤਾਂ ਅਨੁਸਾਰ ਦੁਨੀਆਂ ਦਾ ਪਹਿਲਾ ਸਟੈਨੋਗ੍ਰਾਫ਼ਰ 'ਮਾਰਕਸ ਟੂਲੀਅਸ ਟੀਰੋ' ਹੋਇਆ ਹੈ, ਜਿਸ ਨੇ 63 ਪੂਰਵ ਈਸਾ ਵਿਚ ਸਿਸਰੋ ਅਤੇ ਯੰਗਰ ਕੈਟੋ ਦੇ ਭਾਸ਼ਣਾਂ ਨੂੰ ਸੰਕੇਤ ਲਿਪੀ ਵਿਚ ਲਿਪੀਬਧ ਕੀਤਾ ਸੀ। ਕਿਹਾ ਜਾਂਦਾ ਹੈ ਕਿ ਮਾਰਕਸ ਦੇ ਇਹ ਨੋਟ ਹੀ ਅੱਗੇ ਜਾ ਕੇ ਸੰਕੇਤ ਲਿਪੀਆਂ ਲਈ ਆਧਾਰਭੂਤ ਸਮੱਗਰੀ ਬਣੇ। ਮਾਰਕਸ ਦਾ ਸੰਕੇਤ ਲਿਪੀ ਦਾ ਸਿਧਾਂਤ ਵਰਣ-ਵਿਨਿਆਸ ਸਿਧਾਂਤ ਉਤੇ ਅਧਾਰਤ ਸੀ।

Marcus Tullius TiroMarcus Tullius Tiro

ਰੋਮਨ ਸਕਾਲਰਾਂ ਨੇ ਵੀ ਸੰਕੇਤ-ਲਿਪੀ ਦੀ ਪ੍ਰਣਾਲੀ ਨੂੰ ਅਪਣਾਇਆ ਅਤੇ ਉਨ੍ਹਾਂ ਨੇ ਇਹ ਵਿਧੀ ਭਾਸ਼ਣਾਂ ਜਾਂ ਕਾਰਵਾਈਆਂ ਨੂੰ ਨੋਟ ਕਰਨ ਲਈ ਵਰਤੀ। ਬ੍ਰਿਟਿਸ਼ ਅਜਾਇਬ-ਘਰ ਵਿਚ ਖਰੜਾ ਨੰਬਰ 18231 ਮਿਲਦਾ ਹੈ ਜੋ ਕਿ 972 ਈਸਵੀ ਦਾ ਹੈ ਇਸ ਖਰੜੇ ਵਿਚ ਵੀ ਸੰਕੇਤ-ਲਿਪੀ ਦੇ ਨੋਟ ਮਿਲਦੇ ਹਨ। ਡਾ. ਟਿਮੋਥੀ ਬ੍ਰਾਈਟ ਨੂੰ ਨਵੀਨ ਸੰਕੇਤ-ਲਿਪੀ ਦਾ ਮੋਢੀ ਕਿਹਾ ਜਾਂਦਾ ਹੈ। ਉਨ੍ਹਾਂ  ਨੇ 1588 'ਚ 'ਐਨ ਆਰਟ ਆਫ਼ ਸ਼ਾਰਟ ਸਵਿਫ਼ਟ ਐਂਡ ਸੀਕ੍ਰੇਟ ਰਾਈਟਿੰਗ ਕਰੈਕਟਰ' ਨਾਂ ਦੀ ਕਿਤਾਬ ਰਚ ਕੇ ਸੰਕੇਤ-ਲਿਪੀ ਦੀਆਂ ਨਵੀਆਂ ਲੀਹਾਂ ਦੀ ਬੁਨਿਆਦ ਕਾਇਮ ਕੀਤੀ।

Punjabi ScriptPunjabi Script

ਇਸ ਪੁਸਤਕ ਵਿਚਲੀ ਸੰਕੇਤ-ਲਿਪੀ ਪ੍ਰਣਾਲੀ ਨੂੰ ਬ੍ਰਾਈਟ ਪ੍ਰਣਾਲੀ ਕਿਹਾ ਜਾਂਦਾ ਹੈ। ਬ੍ਰਾਈਟ ਨੇ ਅਪਣੀ ਇਹ ਪੁਸਤਕ ਇੰਗਲੈਂਡ ਦੀ ਤਤਕਾਲੀ ਮਲਿਕਾ ਮਹਾਰਾਣੀ 'ਅਲਿਜਬੈੱਥ' ਨੂੰ ਸਮਰਪਿਤ ਕੀਤੀ। ਜਾਨ ਵਿਲੀਅਮ ਨੇ 'ਆਰਟ ਆਫ਼ ਸਟੈਨੋਗ੍ਰਾਫ਼ੀ' ਨਾਂ ਦੀ ਪੁਸਤਕ ਦੀ ਰਚਨਾ ਕੀਤੀ ਜੋ ਕਿ ਵਰਣ-ਵਿਨਿਆਸ ਸਿਧਾਂਤ 'ਤੇ ਆਧਾਰਤ ਸੀ ਅਤੇ ਇਸ ਵਿਚ ਅੱਖਰ ਪ੍ਰਧਾਨ ਸਨ ਅਤੇ ਸਵਰਾਂ ਨੂੰ ਬਹੁਤੀ ਵਿਸ਼ੇਸ਼ ਥਾਂ ਹਾਸਲ ਨਹੀਂ ਸੀ।

ਸਮੇਂ ਦੇ ਨਾਲ-ਨਾਲ ਸੰਕੇਤ-ਲਿਪੀ ਦੇ ਖੇਤਰ ਵਿਚ ਵੀ ਬਹੁਤ ਸਾਰੇ ਵਿਦਵਾਨਾਂ ਅਤੇ ਭਾਸ਼ਾ ਵਿਗਿਆਨੀਆਂ ਨੇ ਖੋਜ ਅਤੇ ਮਹੱਤਵਪੂਰਨ ਪ੍ਰਣਾਲੀਆਂ ਦਾ ਅਧਿਐਨ ਕੀਤਾ ਹੈ। ਵਿਸ਼ਵ ਵਿਚ ਅਜੋਕੇ ਸਮੇਂ ਵੀ ਸੰਕੇਤ-ਲਿਪੀ ਨਾਲ ਸਬੰਧਤ ਅਨੇਕਾਂ ਪ੍ਰਣਾਲੀਆਂ ਪ੍ਰਚਲਿਤ ਹਨ। ਜੇਕਰ ਗੱਲ ਜਾਨ ਬ੍ਰਾਈਟ ਦੀ ਪੁਸਤਕ 'ਯੂਨੀਵਰਸਲ ਇੰਗਲਿਸ਼ ਸ਼ਾਰਟਹੈਂਡ' ਦੀ ਗੱਲ ਕਰੀਏ ਤਾਂ ਇਹ ਬਹੁਤ ਹੀ ਪ੍ਰਚਲਿਤ ਸੰਕੇਤ-ਲਿਪੀ ਪ੍ਰਣਾਲੀ ਵਾਲੀ ਪੁਸਤਕ ਬਣੀ।

ਜਾਨ ਬ੍ਰਾਈਟ ਨੇ ਇਸ ਦੀ ਰਚਨਾ 1767 ਈਸਵੀ ਵਿਚ ਕੀਤੀ। ਉਸ ਨੇ ਅਪਣੀ ਇਸ ਪੁਸਤਕ ਵਿਚ ਰੇਖਾਵਾਂ ਨੂੰ ਲਿਖਣ ਵੇਲੇ ਉਨ੍ਹਾਂ ਦੀ ਮੁਢਲੀ ਸਥਿਤੀ ਅਤੇ ਉਨ੍ਹਾਂ ਦੇ ਸਥਾਨ ਦਾ ਵਿਸ਼ੇਸ਼ ਜ਼ਿਕਰ ਕੀਤਾ ਅਤੇ ਵਿਅੰਜਨ ਰੇਖਾਵਾਂ ਨਾਲ ਸਵਰ ਲਾਉਣ ਲਈ ਪੰਜ ਸਥਾਨ ਨਿਯੁਕਤ ਕੀਤੇ। 1786 ਈਸਵੀ ਵਿਚ 'ਸੈਮੂਅਲ ਟੇਲਰ' ਨਾਂ ਦੇ ਵਿਅਕਤੀ ਨੇ ਅਪਣੀ ਇਕ ਕਿਤਾਬ ਸੰਕੇਤ ਲਿਪੀ ਦੇ ਨਿਯਮਾਂ ਨੂੰ ਦਰਸਾਉਂਦੀ ਪ੍ਰਕਾਸ਼ਤ ਕੀਤੀ, ਜਿਸ ਵਿਚ ਉਸ ਨੇ ਹਰ ਅੱਖਰ ਲਈ ਇਕ ਵਿਸ਼ੇਸ਼ ਰੇਖਾ ਨੂੰ ਨਿਸ਼ਚਿਤ ਕੀਤਾ ਅਤੇ ਟੇਲਰ ਦੀ ਇਹ ਵਿਧੀ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿਚ ਮਕਬੂਲ ਹੋਈ।

ਧੁਨੀ ਪ੍ਰਣਾਲੀ ਦੇ ਖੇਤਰ ਉਤੇ ਜੇ ਗਹੁ ਨਾਲ ਵਿਚਾਰ ਕੀਤੀ ਜਾਵੇ ਤਾਂ ਇਹ ਵੇਖਣ ਵਿਚ ਆਉਂਦਾ ਹੈ ਕਿ ਧੁਨੀ ਪ੍ਰਣਾਲੀ ਦਾ ਮੁੱਢ 1750 ਵਿਚ ਇੰਗਲੈਂਡ ਵਿਚ ਬੰਨ੍ਹਿਆ ਗਿਆ। ਧੁਨੀਆਤਮਕ ਪ੍ਰਣਾਲੀ ਦਾ ਸੰਸਾਰ ਵਿਚ ਪਹਿਲਾ ਕਰਤਾ-ਧਰਤਾ ਵਿਲੀਅਮ ਟਿਫ਼ਿਨ ਹੋਇਆ ਹੈ ਅਤੇ ਇਸ ਤੋਂ ਬਾਅਦ ਵੱਖ-ਵੱਖ ਮੁਲਕਾਂ ਦੇ ਅਨੇਕਾਂ ਭਾਸ਼ਾ ਵਿਗਿਆਨੀਆਂ ਅਤੇ ਵਿਦਵਾਨਾਂ ਨੇ ਧੁਨੀ ਪ੍ਰਣਾਲੀ ਵਿਚ ਅਨੇਕਾਂ ਖੋਜਾਂ ਕੀਤੀਆਂ ਪਰ ਸੰਕੇਤ ਲਿਪੀ ਦੇ ਖੇਤਰ ਵਿਚ ਸ਼ੁਰੂਆਤ ਤੋਂ ਲੈ ਕੇ ਜੇ ਹੁਣ ਤਕ ਦੇ ਸਮੇਂ ਨੂੰ ਵੇਖਿਆ ਜਾਵੇ ਤਾਂ 'ਸਟੈਨੋਗ੍ਰਾਫ਼ਿਕ ਸਾਊਂਡਹੈਂਡ' ਪੁਸਤਕ ਦੇ ਕਰਤਾ “ਸਰ ਆਈਜ਼ੈਕ ਪਿਟਮੈਨ” ਨੂੰ ਸੰਕੇਤ-ਲਿਪੀ ਦਾ ਵਿਸ਼ਵ-ਵਿਆਪਕ ਪਿਤਾਮਾ ਮੰਨਿਆ ਜਾਂਦਾ ਹੈ। ਪਿਟਮੈਨ ਨੇ ਜਿਸ ਪ੍ਰਣਾਲੀ ਨੂੰ ਸੰਕੇਤ-ਲਿਪੀ ਵਿਚ ਅਪਣਾਇਆ, ਸੰਕੇਤ-ਲਿਪੀ ਦੇ ਖੇਤਰ ਵਿਚ ਨਵੀਨ ਯੁੱਗ ਵਿਚ ਵੀ ਉਹੀ ਪ੍ਰਣਾਲੀ ਸਰਬ-ਵਿਆਪਕ ਹੋਈ ਹੈ।

Punjabi ScriptPunjabi Script

ਸੰਕੇਤ ਲਿਪੀ ਦਾ ਜ਼ਿਕਰ ਕਰਦੇ ਹੋਏ ਇਸ ਗੱਲ ਵਲ ਵੀ ਗ਼ੌਰ ਕਰਨ ਦੀ ਜ਼ਰੂਰਤ ਹੈ ਕਿ ਦੁਨੀਆਂ ਵਿਚ ਪਹਿਲੀ ਵਾਰ ਸੰਕੇਤ-ਲਿਪੀ ਦਾ ਪ੍ਰਯੋਗ ਅਦਾਲਤਾਂ ਵਿਚ 1649 ਦੌਰਾਨ ਜਾਨ ਲਿਲਬਰਨ ਨੇ ਅਦਾਲਤੀ ਮੁਕੱਦਮੇ ਨੂੰ ਨੋਟ ਕਰਨ ਲਈ ਕੀਤਾ ਪਰ ਦੂਜੇ ਪਾਸੇ ਸਰਕਾਰੀ ਦਸਤਾਵੇਜਾਂ ਨੂੰ ਘੋਖਣ ਉਪਰੰਤ ਇਹ ਸਾਹਮਣੇ ਆਉਂਦਾ ਹੈ ਕਿ ਥਾਮਸ ਗੁਰਨੀ ਨੂੰ 1738 ਵਿਚ ਬਤੌਰ ਸਰਕਾਰੀ ਸਟੈਨੋਗ੍ਰਾਫ਼ਰ ਓਲਡ ਬੇਲੀ ਦੀ ਕ੍ਰਿਮੀਨਲ ਅਦਾਲਤ ਵਿਚ ਨਿਯੁਕਤ ਕੀਤਾ ਗਿਆ ਅਤੇ ਕਿਹਾ ਜਾਂਦਾ ਹੈ ਕਿ ਥਾਮਸ ਗੁਰਨੀ ਉਹ ਪਹਿਲਾ ਇਨਸਾਨ ਸੀ ਜਿਸ ਨੂੰ ਸੰਕੇਤ-ਲਿਪੀ ਦਾ ਦਫ਼ਤਰੀ ਪ੍ਰਯੋਗ ਕਰਨ ਲਈ ਸਰਕਾਰੀ ਤੌਰ 'ਤੇ ਮਾਨਤਾ ਮਿਲੀ ਸੀ।

ਸਾਡੇ ਮਹਾਨ ਦੇਸ਼ ਭਾਰਤ ਵਿਚ ਵੀ ਹਰ ਪ੍ਰਾਂਤ ਦੇ ਸਰਕਾਰੀ-ਤੰਤਰ ਵਿਚ ਪਿਟਮੈਨ ਸ਼ਾਰਟਹੈਂਡ ਪ੍ਰਣਾਲੀ ਅਧਾਰਤ ਸੰਕੇਤ-ਲਿਪੀ ਦਾ ਪ੍ਰਯੋਗ ਕੀਤਾ ਜਾਂਦਾ ਹੈ। ਜੇ ਗੱਲ ਪੰਜਾਬੀ ਭਾਸ਼ਾ ਅਧਾਰਤ ਸੰਕੇਤ-ਲਿਪੀ ਦੀ ਕਰੀਏ ਤਾਂ ਇਸ ਵਿਚ ਵੀ ਸਿੱਧੇ ਜਾਂ ਅਸਿੱਧੇ ਤੌਰ 'ਤੇ ਪਿਟਮੈਨ ਪ੍ਰਣਾਲੀ ਵਾਲੇ ਸਿਧਾਂਤ ਹੀ ਅਪਣਾਏ ਗਏ ਹਨ, ਪਰ ਸੰਕੇਤ-ਲਿਪੀ ਦੇ ਵਿਦਵਾਨਾਂ ਅਨੁਸਾਰ ਭਾਸ਼ਾ ਦੀਆਂ ਬਾਰੀਕੀਆਂ ਅਤੇ ਲੋੜੀਂਦੇ ਸ਼ਬਦ-ਜੋੜਾਂ ਨੂੰ ਧਿਆਨ ਵਿਚ ਰਖਦੇ ਹੋਏ ਲੋੜ ਅਨੁਸਾਰ ਸ਼ਬਦ ਚਿੰਨ੍ਹਾਂ, ਸੰਖਿਪਤ ਸ਼ਬਦਾਂ, ਕਾਟਵੀਆਂ ਰੇਖਾਵਾਂ ਅਤੇ ਵਾਕੰਸ਼ਾਂ ਦੀ ਵਰਤੋਂ ਦੇ ਸਿਧਾਂਤ ਵੀ ਪੰਜਾਬੀ ਸੰਕੇਤ-ਲਿਪੀ ਵਿਚ ਈਜਾਦ ਕੀਤੇ ਗਏ ਹਨ।

ਪੰਜਾਬੀ ਸੰਕੇਤ-ਲਿਪੀ ਦੇ ਇਤਿਹਾਸ ਵਿਚ ਸੱਭ ਤੋਂ ਪਹਿਲਾ ਨਾਮ 'ਕੰਵਰ ਰਾਬਿੰਦਰ ਸਿੰਘ' ਦਾ ਆਉਂਦਾ ਹੈ, ਜਿਨ੍ਹਾਂ ਨੇ 15 ਫ਼ਰਵਰੀ 1948 ਨੂੰ ਪਿਟਮੈਨ ਪ੍ਰਣਾਲੀ 'ਚ ਨਿਰਧਾਰਤ ਰੇਖਾਵਾਂ ਦੀ ਦਿਸ਼ਾ ਤੋਂ ਉਲਟ ਦਿਸ਼ਾ ਦਰਸਾਉਂਦੀ ਰਾਬਿੰਦਰਾ ਗੁਰਮੁਖੀ ਸ਼ਾਰਟਹੈਂਡ ਨਾਂ ਦੀ ਪੁਸਤਕ ਦੀ ਰਚਨਾ ਕੀਤੀ। ਕੰਵਰ ਰਾਬਿੰਦਰ ਸਿੰਘ ਭਾਸ਼ਾ ਵਿਭਾਗ ਪੰਜਾਬ ਵਿਚ ਇੰਸਟ੍ਰਕਟਰ, ਸੁਪਰਵਾਈਜ਼ਰ ਅਤੇ ਖੋਜ ਅਫ਼ਸਰ (ਸਟੈਨੋਗ੍ਰਾਫ਼ੀ) ਆਦਿ ਅਹੁਦਿਆਂ 'ਤੇ ਸੇਵਾ ਨਿਭਾਉਂਦੇ ਰਹੇ ਹਨ, ਜਿਸ ਕਾਰਨ ਉਨ੍ਹਾਂ ਨੇ ਸੰਕੇਤ ਲਿਪੀ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਇਆ।

ਇਸ ਤੋਂ ਇਲਾਵਾ ਪੰਜਾਬੀ ਸੰਕੇਤ-ਲਿਪੀ ਵਿਚ ਸਰਦੂਲ ਸੰਖੇਪ ਲਿਪੀ (1948) ਰਚੇਤਾ ਪ੍ਰੋਫ਼ੈਸਰ ਜੋਗਿੰਦਰ ਸਿੰਘ/ਸਰਦੂਲ ਸਿੰਘ, ਆਦਰਸ਼ ਪੰਜਾਬੀ ਸ਼ਾਰਟਹੈਂਡ (1963) ਰਚੇਤਾ ਸਰਦਾਰ ਮੰਗਲ ਸਿੰਘ ਗਿਆਨੀ, ਪਾਲ ਸੰਕੇਤ ਲਿਪੀ (1969) ਰਚੇਤਾ ਭੂਸ਼ਣ ਕੁਮਾਰ, ਨਵੀਨ ਪੰਜਾਬੀ ਸੰਕੇਤਕਰਨ (1971) ਰਚੇਤਾ ਕਰਤਾਰ ਸਿੰਘ ਐਮ.ਏ., ਸਰਨ ਸਤਿੰਦਰ ਪੰਜਾਬੀ ਸ਼ਾਰਟਹੈਂਡ (1976) ਰਚੇਤਾ ਸਰਦਾਰ ਰਾਜਿੰਦਰ ਸਿੰਘ ਬੀ.ਏ., ਸਿਸਟੇਮੈਟਿਕ ਪੰਜਾਬੀ ਸਟੈਨੋ ਅਧਿਆਪਕ (1988) ਰਚੇਤਾ ਸਰਦਾਰ ਅਮਰੀਕ ਸਿੰਘ ਐਮ.ਏ. ਆਦਿ ਵੱਖ-ਵੱਖ ਸਿਧਾਂਤਾਂ ਨੂੰ ਪ੍ਰਣਾਈਆਂ ਪੁਸਤਕਾਂ ਹੋਂਦ ਵਿਚ ਆਈਆਂ।

Punjabi languagePunjabi

ਅਜੋਕੇ ਸਮੇਂ ਵਿਚ ਸੱਭ ਤੋਂ ਮਕਬੂਲ ਪੁਸਤਕ 'ਪ੍ਰਮਾਣਿਕ ਸੰਕੇਤ-ਲਿਪੀ' (1991) ਹੋਈ ਹੈ। ਇਸ ਪੁਸਤਕ ਦੀ ਰਚਨਾ ਭਾਸ਼ਾ ਵਿਭਾਗ ਪੰਜਾਬ ਵਿਚ ਸਥਾਪਤ ਸਟੈਨੋਗ੍ਰਾਫ਼ੀ ਖੋਜ ਵਿੰਗ ਵਲੋਂ ਕੀਤੀ ਗਈ। ਪ੍ਰਮਾਣਿਕ ਸੰਕੇਤ-ਲਿਪੀ ਪੁਸਤਕ ਵਿਚ ਥ ਅਤੇ ਸ ਵਿਅੰਜਨ ਰੇਖਾ ਤੋਂ ਬਿਨਾਂ ਬਾਕੀ ਦੀਆਂ ਵਿਅੰਜਨ ਰੇਖਾਵਾਂ ਪਿਟਮੈਨ ਸ਼ਾਰਟਹੈਂਡ ਪ੍ਰਣਾਲੀ ਵਾਲੀਆਂ ਹੀ ਹਨ ਅਤੇ ਇਸ ਤੋਂ ਇਲਾਵਾ ਤ, ਥ, ਦ ਅਤੇ ਧ ਵਿਅੰਜਨ ਰੇਖਾਵਾਂ ਦੇ ਵਿਕਲਪੀ ਰੂਪ ਖੱਬਾ ਅਤੇ ਸੱਜਾ ਰੂਪ ਵਿਚ ਦਰਸਾਏ ਗਏ ਹਨ।

Punjabi UniversityPunjabi University

ਸੰਕੇਤ-ਲਿਪੀ ਦੇ ਇਤਿਹਾਸ ਤੋਂ ਜਾਣੂੰ ਕਰਵਾਉਂਦੇ ਹੋਏ ਇਕ ਇਹ ਪਹਿਲੂ ਵੀ ਆਪ ਜੀ ਦੇ ਧਿਆਨ ਵਿਚ ਲਿਆ ਦਈਏ ਕਿ ਭਾਸ਼ਾ ਵਿਭਾਗ ਪੰਜਾਬ ਵਿਚ ਡਾਕਟਰ ਬ੍ਰਿਹਦਬਲ ਸ਼ਰਮਾ ਜੋ ਕਿ ਖੋਜ-ਅਫ਼ਸਰ ਸਟੈਨੋਗ੍ਰਾਫ਼ੀ ਦੀ ਆਸਾਮੀ 'ਤੇ ਕਾਰਜਸ਼ੀਲ ਰਹੇ ਹਨ, ਉਨ੍ਹਾਂ ਦੁਆਰਾ ਪੰਜਾਬੀ ਯੂਨੀਵਰਸਟੀ ਪਟਿਆਲਾ ਤੋਂ ਪੰਜਾਬੀ ਸੰਕੇਤ-ਲਿਪੀ ਦਾ ਵਿਗਿਆਨਕ ਅਧਿਐਨ ਦੇ ਵਿਸ਼ਾ-ਵਿਸ਼ੇਸ਼ ਪ੍ਰਸੰਗ ਵਿਚ ਪੀ.ਐਚ.ਡੀ. ਦੀ ਪਹਿਲੀ ਡਿਗਰੀ ਹਾਸਲ ਕਰ ਕੇ ਸੰਕੇਤ-ਲਿਪੀ ਦੇ ਖੇਤਰ ਵਿਚ ਇਕ ਮੀਲ-ਪੱਥਰ ਸਥਾਪਤ ਕੀਤਾ ਗਿਆ। ਉਨ੍ਹਾਂ ਨੇ ਅਪਣੇ ਖੋਜ-ਕਾਰਜ ਵਿਚ ਸੰਕੇਤ-ਲਿਪੀ ਸਬੰਧੀ ਸਿੱਟੇ ਕੱਢਣ ਤੋਂ ਇਲਾਵਾ ਪੰਜਾਬੀ ਦੀਆਂ ਵਿਅੰਜਨ ਰੇਖਾਵਾਂ ਅਤੇ ਸਵਰ ਧੁਨੀਆਂ ਦੀ ਫ਼ਰੀਕੁਐਂਸੀ ਕੱਢਣ ਦਾ ਮਾਅਰਕਾ ਵੀ ਮਾਰਿਆ ਹੈ, ਜਿਸ ਖੇਤਰ ਵਿਚ ਅੱਜ ਤਕ ਕਿਸੇ ਦਾ ਧਿਆਨ ਨਹੀਂ ਸੀ ਗਿਆ। ਭਾਸ਼ਾ ਵਿਭਾਗ ਪੰਜਾਬ ਵਲੋਂ ਡਾ. ਬ੍ਰਿਹਦਬਲ ਸ਼ਰਮਾ ਨੂੰ ਸੰਕੇਤ-ਲਿਪੀ ਵਿਚ ਪੀ.ਐਚ.ਡੀ. ਕਰਨ ਦੇ ਇਵਜ਼ ਵਜੋਂ 1 ਨਵੰਬਰ 1992 ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ।

-ਇੰਸ. ਗੁਰਪ੍ਰੀਤ ਸਿੰਘ ਚੰਬਲ, ਸੰਪਰਕ : 98881-40052

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Uppal Farm Girl Viral Video : ਉੱਪਲ ਫਾਰਮ ਵਾਲੀ ਕੁੜੀ ਦੀ ਵੀਡੀਓ ਵਾਇਰਲ ਮਾਮਲੇ 'ਤੇ ਜਲੰਧਰ SSP ਨੇ ਕੀਤੇ ਖ਼ੁਲਾਸੇ

21 Aug 2025 3:28 PM

Uppal Farm Girl Update : ਵਕੀਲ ਨੇ ਵੀਡੀਓ ਵਾਇਰਲ ਕਰਨ ਵਾਲੇ ਮੁੰਡੇ ਨੂੰ ਦਿੱਤੀ WARNING !

21 Aug 2025 3:27 PM

Ferozpur Flood News : ਫ਼ਿਰੋਜ਼ਪੁਰ ਦਾ ਹੜ ਕਰਕੇ ਹੋਇਆ ਬੁਰਾ ਹਾਲ, ਲੋਕਾਂ ਦੀਆਂ ਫ਼ਸਲਾਂ ਹੋਈਆਂ ਖ਼ਰਾਬ

21 Aug 2025 3:26 PM

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM
Advertisement