
ਕਈ ਸਵਾਲ ਦਾਗ਼ ਦਿਤੇ ਉਸ ਨੇ ਤੇ ਆਖ਼ਰ ਉਸ ਨੇ ਅਪਣੀ ਜਗਿਆਸਾ ਸ਼ਾਂਤ ਕਰ ਕੇ ਹੀ ਗੱਲ ਮੁਕਾਈ। ਮੈਂ ਵੀ ਭੂਆ ਨੂੰ ਕਈ ਸਵਾਲ ਕੀਤੇ। ਬੱਚਿਆਂ ਪ੍ਰਤੀ, ਪ੍ਰਵਾਰ ਪ੍ਰਤੀ, ਦੁੱਖ-...
ਕਈ ਸਵਾਲ ਦਾਗ਼ ਦਿਤੇ ਉਸ ਨੇ ਤੇ ਆਖ਼ਰ ਉਸ ਨੇ ਅਪਣੀ ਜਗਿਆਸਾ ਸ਼ਾਂਤ ਕਰ ਕੇ ਹੀ ਗੱਲ ਮੁਕਾਈ। ਮੈਂ ਵੀ ਭੂਆ ਨੂੰ ਕਈ ਸਵਾਲ ਕੀਤੇ। ਬੱਚਿਆਂ ਪ੍ਰਤੀ, ਪ੍ਰਵਾਰ ਪ੍ਰਤੀ, ਦੁੱਖ-ਸੁੱਖ ਪ੍ਰਤੀ ਆਦਿ। ਭੂਆ ਘਰ ਵਿਚ ਇਕੱਲੀ ਸੀ। ਉਸ ਦੇ ਦੋਵੇਂ ਲੜਕੇ ਚੰਗੇ ਪੜ੍ਹ-ਲਿਖ ਕੇ ਨੌਕਰੀ ਕਰਦੇ ਸਨ। ਦੋਵੇਂ ਕੁੜੀਆਂ ਵਿਆਹੀਆਂ ਹੋਈਆਂ ਸਨ। ਫੁੱਫੜ ਨੌਕਰੀ ਤੇ ਗਿਆ ਸੀ। ਮੈਂ ਭੂਆ ਨੂੰ ਕਿਹਾ, ''ਭੂਆ ਅਸੀ ਕਦੀ ਯਾਦ ਨਹੀਂ ਆਏ?'' ਤਾਂ ਭੂਆ ਭੁੱਬੀਂ ਭੁੱਬੀਂ ਰੋਣ ਲੱਗ ਪਈ। ਡੁਸਕਦੀ ਹੋਈ ਚੁੰਨੀ ਨਾਲ ਹੰਝੂ ਪੂੰਝਦੀ ਹੋਈ ਨੇ ਕਿਹਾ, ''ਬਿੰਦ, ਪੇਕਿਆਂ ਦੀ ਕਿਸ ਧੀ ਨੂੰ ਯਾਦ ਨਹੀਂ ਆਉਂਦੀ?
Marriage
ਯਾਦ ਕਰ ਕੇ ਰੋ ਛਡਦੀ ਸਾਂ। ਰਿਸ਼ਤੇਦਾਰਾਂ ਕੋਲ ਸੁੱਖ-ਸਾਂਦ ਪੁੱਛ ਛਡਦੀ ਸੀ। ਧੀਆਂ ਜਦੋਂ ਬਿਗਾਨੇ ਘਰ ਚਲੀਆਂ ਜਾਂਦੀਆਂ ਨੇ ਨਾ ਬਿੰਦ, ਫਿਰ ਉਨ੍ਹਾਂ ਦੀ ਮਰਜ਼ੀ ਨਹੀਂ ਚਲਦੀ। ਮੈਂ ਮਜਬੂਰ ਸਾਂ, ਕੀ ਕਰ ਸਕਦੀ ਸਾਂ? ਯਾਦ ਤਾਂ ਸਾਰਿਆਂ ਦੀ ਬੜੀ ਆਉਂਦੀ ਏ, ਭਰਜਾਈ ਨੇ ਤਾਂ ਮਾਵਾਂ ਤੋਂ ਵੱਧ ਪਿਆਰ ਦਿਤੈ। ਕਿੰਜ ਭੁਲਾ ਸਕਦੀ ਏ ਕੋਈ ਧੀ ਅਪਣੇ ਪੇਕਿਆਂ ਨੂੰ ਬਿੰਦ।'' ਮੈਨੂੰ ਜਲਦੀ ਵੀ ਸੀ। ਮੈਂ ਭੂਆ ਨੂੰ ਕਿਹਾ, ''ਮੈਂ ਹੁਣ ਫਿਰ ਕਿਤੇ ਆਵਾਂਗਾ। ਦੇਰ ਹੋ ਰਹੀ ਹੈ। ਬਾਰਡਰ ਦੇ ਇਕ ਪਿੰਡ 'ਚ ਜ਼ਰੂਰੀ ਕੰਮ ਏ। ਮਹਿਕਮੇ ਵਲੋਂ ਆਇਆ ਹਾਂ।''
Punjab
ਉਸ ਨੇ ਮੋਢੇ ਤੇ ਹੱਥ ਰਖਦਿਆਂ ਕਿਹਾ, ''ਬਿੰਦ ਤੂੰ ਤਾਂ ਹੁਣ ਮਿਲਿਆ ਗਿਲਿਆ ਕਰ ਨਾ। ਵਹੁਟੀ ਨੂੰ ਲਿਆਈਂ। ਬੱਚਿਆਂ ਨੂੰ ਲਿਆਈਂ, ਭਰਜਾਈ ਤੇ ਭਰਾ ਜੀ ਨੂੰ ਮੇਰੀ ਸਤਿ ਸ੍ਰੀ ਅਕਾਲ ਕਹੀਂ।'' ਉਹ ਫਿਰ ਭੁੱਬੀਂ ਭੁੱਬੀਂ ਰੋ ਪਈ ਤੇ ਮੇਰੇ ਹੰਝੂ ਵੀ ਨਿਕਲ ਆਏ। ਮੈਂ ਭੂਆ ਦੇ ਪੈਰੀਂ ਹੱਥ ਲਾਇਆ। ਉਸ ਨੂੰ ਮੋਹ ਭਰੀ ਗਲਵਕੜੀ ਵਿਚ ਲਿਆ। ਉਸ ਨੇ ਮੇਰੇ ਮੱਥਾ ਚੁੰਮ ਕੇ ਮੈਨੂੰ ਕਈ ਅਸੀਸਾਂ ਦਿਤੀਆਂ। ਮੈਂ ਸਕੂਟਰ ਚਲਾ ਕੇ ਨਹਿਰ ਟੱਪ ਕੇ ਮੁੜ ਸੜਕ ਤੇ ਸਕੂਟਰ ਖੜਾ ਕਰ ਕੇ ਫਿਰ ਪਿੱਛੇ ਵੇਖਿਆ ਤਾਂ ਭੂਆ ਦਰਵਾਜ਼ੇ ਵਿਚ ਮੇਰੇ ਵਲ ਨਜ਼ਰਾਂ ਗੱਡੀ ਖੜੀ ਸੀ। ਉਹ ਅਜੇ ਵੀ ਦਰਵਾਜ਼ੇ ਵਿਚ ਖੜੀ ਸੀ। ਰਿਸ਼ਤਿਆਂ ਦੀ ਮਜ਼ਬੂਤ ਦਹਿਲੀਜ਼ ਅਤੇ ਦਿਲਾਂ ਦੀ ਖ਼ੁਸ਼ਬੂ ਕਦੀ ਨਹੀਂ ਮਰਦੀ। ਬਲਵਿੰਦਰ ਸਿੰਘ 'ਬਾਲਮ' - ਸੰਪਰਕ : 98156-25409