Jaswant Singh Rahi: ਜਸਵੰਤ ਸਿੰਘ ਰਾਹੀ ਕਰਮ ਤੋਂ ਸੰਘਰਸ਼ ਦਾ ਲੇਖਕ ਹੈ।
Jaswant Singh Rahi News: ਜਸਵੰਤ ਸਿੰਘ ਰਾਹੀ ਇਕ ਪ੍ਰਸਿੱਧ ਪੰਜਾਬੀ ਕਵੀ, ਜਮਹੂਰੀ ਲੇਖਕ, ਕਮਿਊਨਿਸਟ ਅਤੇ ਆਜ਼ਾਦੀ ਘੁਲਾਟੀਆ ਸਨ। ਅਪਣੇ ਪ੍ਰਸਿੱਧ ਨਾਹਰੇ ‘ਜੈ ਮਿੱਤਰਤਾ’ ਲਈ ਜਾਣੇ ਜਾਂਦੇ ਜਸਵੰਤ ਸਿੰਘ ਰਾਹੀ ਦੀ ਪੰਜਾਬੀ ਸਾਹਿਤ ਨੂੰ ਦੇਣ ਧਨੀ ਰਾਮ ਚਾਤਿ੍ਰਕ, ਪ੍ਰੋ. ਮੋਹਨ ਸਿੰਘ ਅਤੇ ਪ੍ਰੋ. ਪੂਰਨ ਸਿੰਘ ਤੋਂ ਘੱਟ ਨਹੀਂ ਮੰਨੀ ਜਾ ਸਕਦੀ। ਜਸਵੰਤ ਸਿੰਘ ਰਾਹੀ ਦਾ ਜਨਮ 1914 ’ਚ ਠਾਕਰ ਸਿੰਘ ਜਸਵਾਲ ਰਾਮਗੜ੍ਹੀਏ ਦੇ ਘਰ ਡੇਰਾ ਬਾਬਾ ਨਾਨਕ ’ਚ ਹੋਇਆ। ਉਨ੍ਹਾਂ ਦਾ ਪੂਰਾ ਪ੍ਰਵਾਰ ਆਜ਼ਾਦੀ ਦੇ ਸੰਘਰਸ਼ ਨੂੰ ਸਮਰਪਿਤ ਸੀ।
ਉਨ੍ਹਾਂ ਨੇ ਡੇਰਾ ਬਾਬਾ ਨਾਨਕ ’ਚ ਹੀ ਮਿਡਲ ਜਮਾਤ ਪਾਸ ਕੀਤੀ। 1940 ’ਚ ਲਾਹੌਰ ਤੋਂ ਗਿਆਨੀ ਕੀਤੀ। ਉਨ੍ਹਾਂ ਨੇ ਪੰਜਾਬ ’ਚ ਗੁਰਦਾਸਪੁਰ ਜ਼ਿਲ੍ਹੇ ਦੇ ਬਲੂਆਣਾ ਫ਼ਾਰਮ ਦੇ ਇਕ ਸਿੱਖ ਪ੍ਰਵਾਰ ਦੀ ਕੁੜੀ ਸਤਵੰਤ ਕੌਰ ਨਾਲ ਵਿਆਹ ਕਰਵਾਇਆ। ਉਨ੍ਹਾਂ ਦੇ ਅੱਠ ਲੜਕੇ-ਲੜਕੀਆਂ ਸਨ। ਲਿਖਾਰੀ ਬਣਨ ਦੇ ਸੁਪਨੇ ਉਨ੍ਹਾਂ ਬਚਪਨ ਤੋਂ ਹੀ ਲੈਣੇ ਸ਼ੁਰੂ ਕਰ ਦਿਤੇ ਸਨ। ਉਨ੍ਹਾਂ ਅਰੰਭ ’ਚ ਧਾਰਮਕ ਸਟੇਜਾਂ ਉਤੇ ਬੋਲਣਾ ਸ਼ੁਰੂ ਕੀਤਾ ਸੀ ਅਤੇ ਕਈ ਇਨਾਮ ਵੀ ਪ੍ਰਾਪਤ ਕੀਤੇ। ਉਨ੍ਹਾਂ ਨੂੰ ਪੰਜਾਬੀ ਲਿਖਾਰੀ ਸਭਾ ਤੋਂ ਸਨਮਾਨ ਮਿਲਿਆ ਅਤੇ ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ ਵੀ ਦਿਤਾ ਗਿਆ। 26 ਜਨਵਰੀ, 1972 ਨੂੰ ਪੰਜਾਬੀ ਸਾਹਿਤ ਲਈ ਉਨ੍ਹਾਂ ਦੀ ਦੇਣ ਲਈ ਰਾਹੀ ਜੀ ਨੂੰ ਰਾਸ਼ਟਰੀ ਕਵੀ ਪੁਰਸਕਾਰ ਦਿਤਾ ਗਿਆ
ਉਨ੍ਹਾਂ ਦੀਆਂ ਕਵਿਤਾਵਾਂ ਬਹੁਤੀਆਂ ਭਾਵੁਕ ਅਤੇ ਬਿਆਨੀਆਂ ਹਨ। ਤੋਲ ਤੁਕਾਂਤ ਦੀ ਬੰਦਿਸ਼ ਤੋਂ ਵੀ ਆਜ਼ਾਦ ਹਨ ਅਤੇ ਉਨ੍ਹਾਂ ਦੀ ਕਵਿਤਾ ਨਾ ਸਿਰਫ਼ ਸਟੇਜ ਸਗੋਂ ਸਟੇਜ ਤੋਂ ਬਾਹਰ ਸਿਆਣੇ ਸੂਝਵਾਨ ਬੁੱਧੀ ਵਾਲੇ ਵਿਅਕਤੀ ਵੀ ਮਾਣਦੇ ਹਨ। ਉਨ੍ਹਾਂ ਨੇ ਕੁੱਝ ਨਾਟਕ ਵੀ ਲਿਖੇ ਜੋ ਮੂਲ ਰੂਪ ਵਿਚ ਪ੍ਰਾਪੇਗੰਡਾ ਨਾਟਕ ਹਨ ਅਤੇ ਉਨ੍ਹਾਂ ਨੂੰ ਅਪਣੀ ਕਮਿਊਨਿਸਟ ਪਾਰਟੀ ਦੇ ਪ੍ਰਚਾਰ ਲਈ ਲਿਖੇ ਹਨ। ਉਹ ਆਜ਼ਾਦੀ ਦੀ ਲੜਾਈ ਤੋਂ ਪ੍ਰੇਰਿਤ ਸਨ ਅਤੇ ਕਮਿਊਨਿਸਟ ਲਹਿਰ ’ਚ ਸ਼ਾਮਲ ਹੋਣ ਸਮੇਂ ਅਪਣੇ ਨਾਂ ਪਿੱਛੇ ‘ਰਾਹੀ’ ਲਾਉਣਾ ਸ਼ੁਰੂ ਕਰ ਦਿਤਾ। ਉਨ੍ਹਾਂ ਨੇ ਨਾਵਲ, ਕਵਿਤਾਵਾਂ ਅਤੇ ਜੀਵਨੀਆਂ ਵੀ ਲਿਖੀਆਂ।
ਉਹ ਅਪਣੀ ਕਵਿਤਾ ’ਚ ਜੀਵਨ ਦੀ ਕੌੜੀ ਤੋਂ ਕੌੜੀ ਸਚਾਈ ਪੇਸ਼ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ। ਔਖੇ ਵੇਲਿਆਂ ’ਚ ਪੰਜਾਬ ਦੇ ਦਰਦ ਨੂੰ ਜਸਵੰਤ ਸਿੰਘ ਰਾਹੀ ਨੇ 1986 ’ਚ ਹੇਠ ਲਿਖੀਆਂ ਸਤਰਾਂ ਨਾਲ ਬਿਆਨਿਆ ਹੈ:
ਬੰਦਾ ਨਾ ਬੰਦਗੀ ਨੂੰ ਸਮਝੇ,
ਸੁਣਦਾ ਰੋਜ਼ ਕਥਾਵਾਂ।
ਰੂੜੀ ਲੈ ਕੇ ਅੰਮ੍ਰਿਤ ਵੰਡਣ,
ਖੇਤੀਆਂ ਅਤੇ ਹਵਾਵਾਂ।
ਬੰਦਾ ਹੈ ਬੰਦੇ ਦਾ ਵੈਰੀ,
ਰੁੱਖਾਂ ਤੋਂ ਕੁੱਝ ਸਿਖੇ,
ਤਪਸ਼ਾਂ ਸਹਿ ਕੇ ਜੋ ਵਰਤਾਉਂਦੇ,
ਠੰਢੀਆਂ ਮਿੱਠੀਆਂ ਛਾਵਾਂ।
ਜਸਵੰਤ ਸਿੰਘ ਰਾਹੀ ਕਰਮ ਤੋਂ ਸੰਘਰਸ਼ ਦਾ ਲੇਖਕ ਹੈ। ਉਨ੍ਹਾਂ ਨੇ ਹਰ ਸਿਨਫ਼ ਤੇ ਅਪਣੀ ਕਲਮ ਰਾਹੀਂ ਸਫ਼ਲ ਅਜ਼ਮਾਇਸ਼ ਕੀਤੀ ਹੈ। ਉਨ੍ਹਾਂ ਅਪਣੀਆਂ ਕਿਰਤਾਂ ਵਿਚ ਆਧੁਨਿਕ ਲਘੂ ਮਾਨਵ ਦੀਆਂ ਮਨੋ-ਸਥਿਤੀਆਂ, ਜੀਵਨ ਦੇ ਅੰਤਰ-ਵਿਰੋਧਾਂ, ਮਨ ਅੰਦਰਲੀ ਟੁੱਟ ਭੱਜ ਅਤੇ ਉਸ ਤੋਂ ਉਪਜੇ ਤਣਾਅ ਨੂੰ ਬੜੇ ਹੀ ਕਲਾਤਮਕ ਢੰਗ ਨਾਲ ਪੇਸ਼ ਕੀਤਾ ਹੈ, ਉਹ ਪਿਆਰ ਨੂੰ ਜੀਵਨ ਦਾ ਰਾਜ਼ ਮੰਨਦੇ ਹਨ। ਉਹ ਅਮੀਰੀ-ਗ਼ਰੀਬੀ, ਵਾਸਨਾਵਾਦੀ ਜੀਵਨ ਤੋਂ ਨਫ਼ਰਤ, ਧਾਰਮਕ ਸੰਕੀਰਣਤਾ ਨਾਲ ਘਿਰਣਾ, ਤਕਦੀਰ ਦਾ ਚੱਕਰ, ਭੁੱਖੜ ਲੋਕਾਂ ਦੀ ਦਸ਼ਾ, ਮਤਲਬੀ ਲੋਕਾਂ ਦਾ ਕਿਰਦਾਰ ਅਤੇ ਹੋਰਨਾਂ ਅਨੇਕਾਂ ਹੀ ਉਨ੍ਹਾਂ ਦੀਆਂ ਕਿਰਤਾਂ ਦੇ ਵਿਸ਼ੇ ਹਨ। ਉਹ ਗੱਲ ਭਾਵੇਂ ਪ੍ਰੇਮੀ ਜਾਂ ਪ੍ਰੇਮਿਕਾ ਦੀ ਕਰਦੇ ਹਨ ਪਰ ਉਨ੍ਹਾਂ ਦਾ ਨਿਸ਼ਾਨਾ ਮਾਨਵ-ਪ੍ਰੇਮ ਵਾਲਾ ਹੀ ਹੁੰਦਾ ਹੈ।
ਉਨ੍ਹਾਂ ਨੇ ਰਾਜਵੰਤ ਕੌਰ ਨੇਗੀ ਅਤੇ ਸ਼ਿਵ ਕੁਮਾਰ ਬਟਾਲਵੀ ਵਰਗੇ ਪ੍ਰਸਿੱਧ ਲੇਖਕਾਂ ਦਾ ਉਨ੍ਹਾਂ ਦੇ ਸ਼ੁਰੂਆਤੀ ਸਾਲਾਂ ’ਚ ਮਾਰਗਦਰਸ਼ਨ ਵੀ ਕੀਤਾ। ਸ਼ਿਵ ਕੁਮਾਰ ਬਟਾਲਵੀ ਡੇਰਾ ਬਾਬਾ ਨਾਨਕ ’ਚ ਕਈ ਹਫ਼ਤੇ ਰਾਹੀ ਜੀ ਦੇ ਘਰ ਬਿਤਾਉਂਦੇ ਸਨ। ਅਪਣੀ ਸਾਰੀ ਜ਼ਿੰਦਗੀ ਦੌਰਾਨ ਰਾਹੀ ਜੀ ਨੂੰ ਇਸ ਇਲਾਕੇ ਦੇ ਸੱਭ ਤੋਂ ਅਸਰਦਾਰ ਲੋਕਾਂ ਵਿਚੋਂ ਗਿਣਿਆ ਜਾਂਦਾ ਰਿਹਾ। ਸਥਾਨਕ ਵਿਧਾਇਕ ਸੰਤੋਖ ਸਿੰਘ ਰੰਧਾਵਾ ਵਰਗੀਆਂ ਮਸ਼ਹੂਰ ਸਿਆਸੀ ਸ਼ਖ਼ਸੀਅਤਾਂ ਉਨ੍ਹਾਂ ਤੋਂ ਸਮਾਜਕ ਅਤੇ ਵਿਅਕਤੀਗਤ ਮਸਲਿਆਂ ’ਤੇ ਸਲਾਹ ਲੈਂਦੇ ਰਹਿੰਦੇ ਸਨ। 11 ਅਪ੍ਰੈਲ, 1996 ਨੂੰ ਉਹ 83 ਸਾਲ ਦੀ ਉਮਰ ਭੋਗ ਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।