
ਕਈ ਵਾਰੀ ਮਰਦਾ ਬੰਦਾ ਵੀ ਨਰਕ 'ਚ ਜਾ ਡਿੱਗਦਾ ਹੈ। ਉਨ੍ਹਾਂ ਮਰੇ ਬੰਦਿਆਂ ਨੇ ਕਾਰਾ ਕਰ ਦਿਤਾ। ਜਸਵੀਰ ਨੇ ਵੀ ਮੇਰੀ ਇਕ ਨਾ ਮੰਨੀ। ਜਿਵੇਂ ਕਾਲ ਉਸ ਦੇ ਸਿਰ ਚੜ੍ਹ ਕੂਕਦਾ...
ਕਈ ਵਾਰੀ ਮਰਦਾ ਬੰਦਾ ਵੀ ਨਰਕ 'ਚ ਜਾ ਡਿੱਗਦਾ ਹੈ। ਉਨ੍ਹਾਂ ਮਰੇ ਬੰਦਿਆਂ ਨੇ ਕਾਰਾ ਕਰ ਦਿਤਾ। ਜਸਵੀਰ ਨੇ ਵੀ ਮੇਰੀ ਇਕ ਨਾ ਮੰਨੀ। ਜਿਵੇਂ ਕਾਲ ਉਸ ਦੇ ਸਿਰ ਚੜ੍ਹ ਕੂਕਦਾ ਹੋਵੇ। ਇਸ ਬੁੜ੍ਹੇ ਦੀ ਪੈੜ 'ਚ ਪੈੜ ਧਰੀ ਗਿਆ ਜਿਵੇਂ ਇਹ ਬੁੜਾ ਉਸ ਵਾਸਤੇ ਧੌਲਰ ਉਸਾਰ ਕੇ, ਸਾਰੇ ਸ਼ਰੀਕਾਂ ਦੇ ਗਲ ਉੱਤੇ ਪੈਰ ਧਰ ਕੇ ਘਰ ਨੂੰ ਸਿਖਰ ਤੇ ਪੁੱਜਦਾ ਕਰ ਦਵੇਗਾ। ਕਿੰਨੀ ਚੰਦਰੀ ਆਥਣ ਸੀ ਉਹ ਵੀ। ਖੇਤਾਂ 'ਚ ਛੇਤੀ ਛੇਤੀ ਧੁੰਦ ਉਤਰ ਰਹੀ ਸੀ। ਤ੍ਰੇਲ ਨਾਲ ਸਿਗੜ ਸਿਗੜ ਕਰਦੇ ਰੁੱਖ ਪਿਛਲੇ ਪਹਿਰ ਹੀ ਦਿਸਣੋਂ ਹੱਟ ਗਏ ਸਨ। ਪੰਛੀ ਡਰਾਉਣੀਆਂ ਆਵਾਜ਼ਾਂ ਕੱਢ ਕੇ ਆਲ੍ਹਣਿਆਂ ਵਲ ਪਰਤ ਰਹੇ ਸਨ।
ਗਲੀ 'ਚ ਲਲਕਾਰੇ ਵੱਜੇ। ਮੇਰੀ ਸੁਰਤ 'ਚ ਛੁਰੀਆਂ ਵੱਜੀਆਂ। ਧਿਰੋਂ ਆਵਾਜ਼ਾਂ ਆਉਂਦੀਆਂ ਸਨ ਉਧਰ ਹੀ ਨੰਗੇ ਪੈਰੀਂ ਭੱਜ ਪਈ। ਜ਼ਰੂਰ ਜਸਵੀਰ ਘਿਰ ਗਿਆ ਹੋਵੇਗਾ। ਕੁੱਝ ਪਲ ਪਹਿਲਾਂ ਉਹ ਮੋਟਰਸਾਈਕਲ ਨੂੰ ਕਿੱਕ ਮਾਰ ਕੇ ਘਰ ਤੋਂ ਨਿਕਲਿਆ ਸੀ। ਉਦੋਂ ਵੀ ਮੈਨੂੰ ਬੁਰੇ ਖ਼ਿਆਲਾਂ ਨੇ ਘੇਰਿਆ ਸੀ। ਰੜੇ ਮੈਦਾਨ ਭੱਜੀ ਜਾਂਦੀ ਸਾਂ, ਮੂਹਰਿਉਂ ਕਿਸੇ ਸ਼ਰੀਕ ਦੀ ਆਵਾਜ਼ ਬਰਛੀ ਵਾਂਗ ਕਾਲਜੇ ਨੂੰ ਵਿੰਨ੍ਹ ਗਈ, ''ਜਸਵੀਰ ਮਾਰ 'ਤਾ ਬਈ...।'' ਸੁਣ ਕੇ ਪੱਥਰ ਹੋ ਗਈ ਜਿਵੇਂ ਕਿਸੇ ਨੇ ਵਜੂਦ ਧਰਤੀ 'ਚ ਗੱਡ ਦਿਤਾ ਹੋਵੇ।
ਪਤਾ ਨਹੀਂ ਕੌਣ ਤੀਵੀਆਂ ਮੇਰੀ ਬਾਂਹ ਫੜ ਕੇ ਘਰ ਲੈ ਆਈਆਂ, ਕਦੋਂ ਮੇਰੀਆਂ ਮੀਢੀਆਂ ਖੋਲ੍ਹ ਦਿਤੀਆਂ ਗਈਆਂ, ਕਦੋਂ ਮੇਰੀਆਂ ਚੂੜੀਆਂ ਭੰਨ ਦਿਤੀਆਂ ਗਈਆਂ। ਢਿੱਡ 'ਚ ਪੀੜ ਦੇ ਗੋਲੇ ਬੱਝ ਗਏ। ਜੇ ਹੰਝੂ ਵਗ ਤੁਰਦੇ ਤਾਂ ਜ਼ਹਿਰ ਦੇ ਬੱਝੇ ਗੋਲਿਆਂ ਨੇ ਖੁਰ ਜਾਣਾ ਸੀ। ਪਰ ਅੱਖਾਂ ਨਾ ਵਗੀਆਂ। ਦੁੱਖਾਂ ਦੀਆਂ ਪੰਡਾਂ ਅੰਦਰ ਬੱਝ ਗਈਆਂ। ਭੋਗ ਮਗਰੋਂ ਪੇਕੇ ਲੈ ਗਏ। ਕਾਕੂ ਉਦੋਂ ਸੰਸਾਰ 'ਚ ਆਉਣ ਵਾਲਾ ਸੀ, ਸਵਾ ਸਾਲ ਦੋਹਾਂ ਧਿਰਾਂ 'ਚ ਰੇੜਕਾ ਪਿਆ ਰਿਹਾ। ਕਾਕੂ ਵਲ ਵੇਖਦੀ ਸਾਂ ਤਾਂ ਮਨ ਭਰ ਆਉਂਦਾ।
ਐਨੇ ਛੋਟੇ ਬਲੂਰ ਨੂੰ ਬੇਸਹਾਰਾ ਛੱਡ ਕੇ ਕਿਸੇ ਹੋਰ ਦੇ ਚੁੱਲ੍ਹੇ ਉਤੇ ਜਾ ਬੈਠਾਂ! ਪਹਿਲਾਂ ਇਸ ਨੇ ਬਾਪ ਗੁਆ ਲਿਆ, ਹੁਣ ਮਾਂ ਵੀ ਧੋਖਾ ਦੇ ਜਾਵੇ? ਮਾਸੂਮ ਵਲ ਵੇਖਦੀ ਸਾਂ। ਸਾਰੇ ਰਾਹ ਬੰਦ ਸਨ। ਬੈਠੀ ਸੋਚਦੀ, ਕਿਸ ਦੇ ਆਸਰੇ ਐਡੀ ਜ਼ਿੰਦਗੀ ਲੰਘੇਗੀ? ਅੱਖਾਂ ਅੱਗੇ ਹਨੇਰਾ ਆ ਜਾਂਦਾ। ਜਸਵੀਰ ਕੋਈ ਰਾਹ ਛੱਡ ਕੇ ਹੀ ਨਹੀਂ ਗਿਆ ਸੀ। (ਸੁਖਦੇਵ ਸਿੰਘ ਮਾਨ) ਸੰਪਰਕ : 94170-59142