ਮੁਗ਼ਲ ਸ਼ਹਿਨਸ਼ਾਹਾਂ ਦੀ ਸ਼ਾਨ ਤਖਤੇ ਤਾਊਸ
Published : Jan 21, 2024, 12:05 pm IST
Updated : Jan 21, 2024, 12:05 pm IST
SHARE ARTICLE
File Photo
File Photo

ਤਖ਼ਤੇ ਤਾਊਸ ਜਾਂ ਮਿਊਰ ਸਿੰਘਾਸਣ ਮੁਗ਼ਲ ਕਾਰੀਗਰੀ ਦਾ ਇਕ ਨਾਯਾਬ ਨਮੂਨਾ ਸੀ

ਸੰਸਾਰ ਵਿਚ ਅੱਜ ਤਕ ਕਿਸੇ ਬਾਦਸ਼ਾਹ ਦੇ ਤਖ਼ਤ ਨੂੰ ਐਨੀ ਪ੍ਰਸਿੱਧੀ ਨਹੀਂ ਮਿਲੀ ਜਿੰਨੀ ਤਖ਼ਤੇ ਤਾਊਸ ਨੂੰ ਪ੍ਰਾਪਤ ਹੈ ਤੇ ਨਾ ਹੀ ਹੁਣ ਤਕ ਕੋਈ ਐਨਾ ਕੀਮਤੀ ਰਾਜ ਸਿੰਘਾਸਨ ਬਣਾ ਸਕਿਆ ਹੈ। ਤਖ਼ਤੇ ਤਾਊਸ ਜਾਂ ਮਿਊਰ ਸਿੰਘਾਸਣ ਮੁਗ਼ਲ ਕਾਰੀਗਰੀ ਦਾ ਇਕ ਨਾਯਾਬ ਨਮੂਨਾ ਸੀ ਜਿਸ ਦੀ ਮਿਸਾਲ ਦੁਨੀਆਂ ਵਿਚ ਹੋਰ ਕਿਤੇ ਨਹੀਂ ਮਿਲਦੀ। ਤਖ਼ਤ ਦਾ ਫਾਰਸੀ ਵਿਚ ਅਰਥ ਹੈ ਸਿੰਘਾਸਨ ਅਤੇ ਤਾਊਸ ਦਾ ਅਰਥ ਹੈ ਮੋਰ। ਇਸ ਵਿਚ ਮੋਰਾਂ ਦੀਆਂ ਅਨੇਕਾਂ ਆਕਿ੍ਰਤੀਆਂ ਬਣੀਆਂ ਹੋਣ ਕਾਰਨ ਇਸ ਦਾ ਇਹ ਨਾਮ ਪਿਆ ਸੀ। ਇਸ ਦਾ ਨਿਰਮਾਣ 5ਵੇਂ ਮੁਗ਼ਲ ਸ਼ਹਿਨਸ਼ਾਹ ਸ਼ਾਹਜਹਾਂ ਨੇ ਕਰਵਾਇਆ ਸੀ।

ਸ਼ਾਹਜਹਾਂ ਨੂੰ ਭਾਰਤ ਦਾ ਇੰਜੀਨੀਅਰ ਬਾਦਸ਼ਾਹ ਕਿਹਾ ਜਾਂਦਾ ਹੈ ਤੇ ਉਸ ਦੇ ਰਾਜ ਕਾਲ ਨੂੰ ਭਾਰਤ ਦਾ ਸੁਨਹਿਰੀ ਯੁੱਗ। ਅਨੇਕਾਂ ਪ੍ਰਸਿੱਧ ਇਮਾਰਤਾਂ ਜਿਵੇਂ ਆਗਰੇ ਦਾ ਕਿਲ੍ਹਾ, ਸ਼ਾਲੀਮਾਰ ਬਾਗ਼, ਬਾਦਸ਼ਾਹੀ ਮਸਜਿਦ, ਤਾਜ ਮਹੱਲ ਅਤੇ ਲਾਲ ਕਿਲ੍ਹੇ ਆਦਿ ਦਾ ਨਿਰਮਾਣ ਉਸ ਨੇ ਹੀ ਕਰਵਾਇਆ ਸੀ। ਤਖ਼ਤੇ ਤਾਊਸ ਤੋਂ ਪਹਿਲਾਂ ਮੁਗ਼ਲਾਂ ਦਾ ਸ਼ਾਹੀ ਤਖ਼ਤ ਇਕ ਆਮ ਜਿਹਾ ਆਇਤਾਕਾਰ, ਛੇ ਫ਼ੁੱਟ ਲੰਮੀ, ਚਾਰ ਫ਼ੁੱਟ ਚੌੜੀ ਅਤੇ 9 ਇੰਚ ਮੋਟੀ ਕਾਲੇ ਬਸਾਲਟ ਪੱਥਰ ਦੀ ਸਿਲ ਸੀ

ਜੋ 1783 ਈ. ਵਿਚ ਦਿੱਲੀ ’ਤੇ ਸਿੱਖਾਂ ਦੇ ਕਬਜ਼ੇ ਸਮੇਂ ਸ. ਜੱਸਾ ਸਿੰਘ ਰਾਮਗੜ੍ਹੀਆ ਉਖਾੜ ਲਿਆਇਆ ਸੀ ਤੇ ਦਰਬਾਰ ਸਾਹਿਬ ਦੀ ਪ੍ਰਕਰਮਾ ਨੇੜੇ ਬੁੰਗਾ ਰਾਮਗੜ੍ਹੀਆ ਵਿਚ ਸਥਾਪਤ ਕਰ ਦਿਤੀ ਸੀ। ਸ਼ਾਹਜਹਾਂ ਚਾਹੁੰਦਾ ਸੀ ਕਿ ਉਸ ਦਾ ਦਰਬਾਰ ਧਰਤੀ ਉਪਰ ਸਵਰਗ ਦਾ ਨਮੂਨਾ ਹੋਵੇ ਤੇ ਉਸ ਦਾ ਤਖ਼ਤ, ਤਖ਼ਤ-ਏ-ਸੁਲੇਮਾਨ (ਸੁਲੇਮਾਨ ਬਾਦਸ਼ਾਹ ਦੇ ਤਖ਼ਤ) ਵਾਂਗ ਸੋਨੇ ਅਤੇ ਹੀਰੇ-ਪੰਨਿਆਂ ਨਾਲ ਸਜੀ ਇਨਸਾਫ਼ ਦੀ ਕੁਰਸੀ ਹੋਵੇ। ਸੁਲੇਮਾਨ ਇਕ ਮਿਥਿਹਾਸਕ ਬਾਦਸ਼ਾਹ ਹੈ ਜਿਸ ਨੂੰ ਅਰਬ ਦੇਸ਼ਾਂ ਵਿਚ ਨਿਆਂ ਅਤੇ ਸਚਾਈ ਦਾ ਪ੍ਰਤੀਕ ਮੰਨਿਆਂ ਜਾਂਦਾ ਹੈ। ਸ਼ਾਹਜਹਾਂ ਵੇਲੇ ਭਾਰਤ ਦੁਨੀਆਂ ਦਾ ਅਮੀਰ ਤਰੀਨ ਦੇਸ਼ ਸੀ ਪਰ ਤਖ਼ਤੇ ਤਾਊਸ ਉਸ ਅਮੀਰੀ ਦੇ ਹਿਸਾਬ ਨਾਲ ਵੀ ਬਹੁਤ ਮਹਿੰਗਾ ਗਿਣਿਆ ਗਿਆ ਸੀ। 

ਸ਼ਾਹਜਹਾਂ ਦੇ ਰਾਜ ਕਾਲ ਸਮੇਂ ਭਾਰਤ ਉਤੇ ਵਿਦੇਸ਼ੀ ਹਮਲੇ ਦਾ ਡਰ ਖ਼ਤਮ ਹੋ ਚੁੱਕਾ ਸੀ। ਅਫ਼ਗ਼ਾਨਿਸਤਾਨ ਤੋਂ ਲੈ ਕੇ ਦੱਖਣ ਤਕ ਫੈਲ ਚੁੱਕਾ ਮੁਗ਼ਲ ਰਾਜ ਐਨਾ ਮਜਬੂਤ ਸੀ ਕਿ ਗੁਆਂਢੀ ਰਾਜ ਉਸ ਤੋਂ ਭੈਅ ਖਾਂਦੇ ਸਨ। ਗੋਲਕੁੰਡਾ ਅਤੇ ਕੋਲੂਰ ਦੀਆਂ ਖਾਣਾਂ ਤੋਂ ਆਉਣ ਵਾਲੇ ਹੀਰਿਆਂ ਅਤੇ ਬੇਲਾਰਾ, ਕਾਬਲੀਘਾਟੀ ਅਤੇ ਵਾਈਨਾਦ ਦੀਆਂ ਖਾਣਾਂ ਤੋਂ ਆਉਣ ਵਾਲੇ ਸੋਨੇ ਤੋਂ ਇਲਾਵਾ ਜਿੱਤੇ ਹੋਏ ਰਾਜਿਆਂ ਦੇ ਖ਼ਜ਼ਾਨਿਆਂ ਤੋਂ ਪ੍ਰਾਪਤ ਹੋਏ ਸੋਨੇ, ਚਾਂਦੀ ਅਤੇ ਰਤਨਾਂ ਨਾਲ ਮੁਗ਼ਲ ਖਜ਼ਾਨਾ ਲਬਾ-ਲੱਬ ਭਰਿਆ ਪਿਆ ਸੀ।

ਇਸ ਕਾਰਨ ਸ਼ਾਹਜਹਾਂ ਦੇ ਮਨ ਵਿਚ ਵਿਚਾਰ ਆਇਆ ਕਿ ਇਸ ਸੋਨੇ ਅਤੇ ਅਣਮੋਲ ਰਤਨਾਂ ਦਾ ਪ੍ਰਯੋਗ ਕਰ ਕੇ ਅਜਿਹਾ ਤਖ਼ਤ ਤਿਆਰ ਕੀਤਾ ਜਾਵੇ ਜੋ ਇਸ ਸੰਸਾਰ ਵਿਚ ਕਿਸੇ ਹੋਰ ਬਾਦਸ਼ਾਹ ਕੋਲ ਨਾ ਹੋਵੇ। ਉਸ ਨੇ ਸ਼ਾਹੀ ਸੁਨਿਆਰੇ ਸਈਅਦ ਗਿਲਾਨੀ ਨੂੰ ਬੁਲਾ ਕੇ ਅਪਣੇ ਮਨ ਦੀ ਗੱਲ ਸਮਝਾਈ। ਸਈਅਦ ਗਿਲਾਨੀ ਨੇ ਕਈ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਇਕ ਨਕਸ਼ਾ ਬਾਦਸ਼ਾਹ ਨੂੰ ਪੇਸ਼ ਕੀਤਾ ਜੋ ਮੰਨਜ਼ੂਰ ਕਰ ਲਿਆ ਗਿਆ।

ਬਾਦਸ਼ਾਹ ਨੇ 2500 ਕਿਲੋ ਸੋਨਾ ਅਤੇ 100 ਕਿਲੋ ਰਤਨ ਉਸ ਨੂੰ ਸੌਂਪ ਦਿੱਤੇ ਤੇ ਦੇਸ਼ ਦੇ ਸਭ ਤੋਂ ਮਾਹਰ ਕਾਰੀਗਰਾਂ ਨੂੰ ਇਸ ਕੰਮ ਉਤੇ ਲਗਾ ਦਿਤਾ ਗਿਆ। ਇਸ ਨੂੰ ਤਿਆਰ ਕਰਨ ਵਿਚ ਸੱਤ ਸਾਲ ਦੀ ਮਿਹਨਤ ਲੱਗੀ ਤੇ ਇਸ ਉਤੇ ਤਾਜ ਮਹੱਲ ਨਾਲੋਂ ਦੁਗਣਾ (ਸਾਢੇ ਛੇ ਕਰੋੜ ਰੁਪਏ, ਅੱਜ ਦੇ ਹਿਸਾਬ ਨਾਲ ਕਰੀਬ 10 ਅਰਬ ਰੁਪਏ) ਖਰਚਾ ਆਇਆ।  

ਸ਼ਾਹਜਹਾਂ ਨੇ ਇਸ ਦਾ ਕੋਈ ਨਾਮਕਰਣ ਨਹੀਂ ਕੀਤਾ ਸੀ। ਹੀਰੇ ਮੋਤੀਆਂ ਵਿਚ ਮੜੇ੍ਹ ਹੋਣ ਕਾਰਨ ਇਸ ਨੂੰ ਤਖ਼ਤੇ ਮੂਰਾਸਾ (ਜੜਾਊ ਤਖ਼ਤ) ਕਿਹਾ ਜਾਂਦਾ ਸੀ। ਇਸ ਦਾ ਉਦਘਾਟਨ 22 ਮਾਰਚ 1635 ਈ. ਨੂੰ ਸ਼ਾਹਜਹਾਂ ਦੀ ਸਤਵੀਂ ਤਖ਼ਤ ਨਸ਼ੀਨੀ ਵਰ੍ਹੇਗੰਢ ਵਾਲੇ ਦਿਨ ਇਕ ਸ਼ਾਨਦਾਰ ਸਮਾਰੋਹ ਵਿਚ ਕੀਤਾ ਗਿਆ। ਉਸ ਤਾਰੀਖ਼ ਦੀ ਚੋਣ ਜੋਤਸ਼ੀਆਂ ਨੇ ਕਈ ਗਿਣਤੀਆਂ ਮਿਣਤੀਆਂ ਕਰ ਕੇ ਕੀਤੀ ਸੀ ਕਿਉਂਕਿ ਉਸ ਦਿਨ ਕਈ ਸਾਲਾਂ ਬਾਅਦ ਈਦ ਉਲ ਫਿਤਰ ਅਤੇ ਨੌਰੋਜ਼ (ਈਰਾਨੀ ਬਸੰਤ ਦਾ ਤਿਉਹਾਰ) ਇਕੱਠੇ ਆਏ ਸਨ।

ਇਸ ਸਮਾਰੋਹ ਵਿਚ ਤਖ਼ਤ ਬਣਾਉਣ ਵਾਲੇ ਉਸਤਾਦ ਕਾਰੀਗਰ ਸਈਅਦ ਗਿਲਾਨੀ ਨੂੰ ਖ਼ਾਸ ਤੌਰ ’ਤੇ ਸਨਮਾਨਤ ਕੀਤਾ ਗਿਆ। ਉਸ ਨੂੰ ਰੇਸ਼ਮੀ ਵਸਤਰ, ਜੜਾਊ ਤਲਵਾਰ, ਉਸ ਦੇ ਵਜ਼ਨ ਦੇ ਬਰਾਬਰ ਸੋਨਾ ਅਤੇ ਬਿਦਾਬਲ ਖ਼ਾਨ (ਜਿਸ ਦਾ ਕੋਈ ਸਾਨੀ ਨਾ ਹੋਵੇ) ਦਾ ਖ਼ਿਤਾਬ ਦਿਤਾ ਗਿਆ। ਬਾਦਸ਼ਾਹ ਨੇ ਅਪਣੇ ਸਭ ਤੋਂ ਮਨਪਸੰਦ ਸ਼ਾਇਰ ਮੁਹੰਮਦ ਕੁਦਸੀ ਨੂੰ 20 ਲਾਈਨਾਂ ਦੀ ਇਕ ਨਜ਼ਮ ਲਿਖਣ ਦਾ ਹੁਕਮ ਦਿਤਾ ਜੋ ਤਖ਼ਤ ਉਪਰ ਹਰੇ ਪੰਨਿਆਂ ਨਾਲ ਉਕੇਰੀ ਗਈ। ਇਸ ਕਵਿਤਾ ਵਿਚ ਉਸ ਨੇ ਸ਼ਾਹਜਹਾਂ ਦੀ ਇਨਸਾਫ਼ ਪਸੰਦੀ, ਤਖ਼ਤੇ ਤਾਊਸ ਦੀ ਖ਼ੁਬਸੂਰਤੀ ਅਤੇ ਇਸ ਨੂੰ ਤਿਆਰ ਕਰਨ ਵਾਲੇ ਕਾਰੀਗਰਾਂ ਦੀ ਕਲਾ ਦੀ ਤਾਰੀਫ਼ ਵਿਚ ਕਸੀਦੇ ਲਿਖੇ। ਸ਼ਾਹਜਹਾਂ ਤੋਂ ਬਾਅਦ ਔਰੰਗਜ਼ੇਬ ਇਸ ਤਖ਼ਤ ਉਤੇ ਬੈਠਾ ਪਰ ਉਸ ਦੀ ਮੌਤ ਤੋਂ ਬਾਅਦ ਹੌਲੀ ਹੌਲੀ ਮੁਗ਼ਲਾਂ ਦਾ ਪਤਨ ਸ਼ੁਰੂ ਹੋ ਗਿਆ।

ਅਖੀਰ 13 ਫ਼ਰਵਰੀ 1739 ਈ. ਨੂੰ ਇਰਾਨ ਦੇ ਬਾਦਸ਼ਾਹ ਨਾਦਰ ਸ਼ਾਹ ਨੇ ਮੁਗ਼ਲ ਸਮਰਾਟ ਮੁਹੰਮਦ ਸ਼ਾਹ ਰੰਗੀਲੇ ਨੂੰ ਕਰਨਾਲ ਦੀ ਜੰਗ ਵਿਚ ਲੱਕ ਤੋੜਵੀਂ ਹਾਰ ਦੇ ਕੇ ਦਿੱਲੀ ਉਤੇ ਕਬਜ਼ਾ ਕਰ ਲਿਆ। ਲੁੱਟ ਦੇ ਮਾਲ ਵਜੋਂ ਨਾਦਰ ਸ਼ਾਹ ਦੇ ਹੱਥ ਤਖ਼ਤੇ ਤਾਊਸ ਅਤੇ ਕੋਹਿਨੂਰ ਹੀਰੇ ਸਮੇਤ ਮੁਗ਼ਲਾਂ ਦੀਆਂ ਨੌਂ ਪੀੜ੍ਹੀਆਂ ਦਾ ਜੋੜਿਆ ਹੋਇਆ ਅਜੋਕੀ ਕੀਮਤ ਅਨੁਸਾਰ ਕਰੀਬ 125 ਅਰਬ ਰੁਪਏ ਦਾ ਖ਼ਜ਼ਾਨਾ ਲੱਗਾ। ਇਸ ਲੁੱਟ ਨੇ ਈਰਾਨ ਦੀ ਗ਼ਰੀਬੀ ਮੁਕਾ ਦਿਤੀ। ਉਸ ਨੂੰ ਐਨਾ ਅਮੀਰ ਕਰ ਦਿਤਾ ਕਿ ਨਾਦਰ ਸ਼ਾਹ ਨੇ ਪਰਜਾ ਦੇ ਹਰ ਪ੍ਰਕਾਰ ਦੇ ਟੈਕਸ ਤਿੰਨ ਸਾਲ ਲਈ ਮਾਫ਼ ਕਰ ਦਿਤੇ।

ਨਾਦਰ ਸ਼ਾਹ ਨੇ ਇਹ ਤਖ਼ਤ ਭਾਰਤ ਜਿੱਤ ਦੀ ਨਿਸ਼ਾਨੀ ਵਜੋਂ ਦਰਬਾਰ ਵਿਚ ਰੱਖ ਕੇ ਸ਼ਾਨ ਨਾਲ ਇਸ ’ਤੇ ਬੈਠਣਾ ਸ਼ੁਰੂ ਕਰ ਦਿਤਾ। ਪਰ ਉਸ ਨੂੰ ਇਹ ਸੁੱਖ ਜਿਆਦਾ ਦਿਨ ਨਸੀਬ ਨਾ ਹੋਇਆ। ਉਸ ਦੇ ਨਿੱਤ ਦੇ ਯੁੱਧਾਂ ਤੋਂ ਅੱਕੀ ਹੋਈ ਫ਼ੌਜ ਨੇ 19 ਜੂਨ 1747 ਈ. ਨੂੰ ਉਸ ਦਾ ਕਤਲ ਕਰ ਦਿਤਾ। ਇਸ ਤੋਂ ਬਾਅਦ ਸ਼ੁਰੂ ਹੋਈ ਅਫ਼ਰਾ ਤਫ਼ਰੀ ਅਤੇ ਲੁੱਟ ਮਾਰ ਵਿਚ ਇਹ ਤਖ਼ਤ ਵੀ ਹੋਰ ਸਮਾਨ ਸਮੇਤ ਇਤਿਹਾਸ ਤੋਂ ਗਾਇਬ ਹੋ ਗਿਆ। ਕਹਿੰਦੇ ਹਨ ਕਿ ਬਾਗ਼ੀਆਂ ਨੇ ਇਸ ਦੇ ਟੋਟੇ ਕਰ ਕੇ ਆਪਸ ਵਿਚ ਵੰਡ ਲਿਆ ਸੀ। ਇਸ ਦਾ ਹਿੱਸਾ ਰਹੇ ਕਈ ਹੀਰੇ ਅੱਜ ਵੀ ਮੌਜੂਦ ਹਨ ਤੇ ਸਮੇਂ ਸਮੇਂ ’ਤੇ ਸੋਥਬੀ ਅਤੇ ਕਿ੍ਰਸਟੀ ਵਰਗੇ ਪ੍ਰਸਿੱਧ ਨੀਲਾਮ ਘਰਾਂ ਵਿਚ ਨੀਲਾਮ ਹੁੰਦੇ ਰਹਿੰਦੇ ਹਨ। 

ਤਖ਼ਤੇ ਤਾਊਸ ਦੀ ਬਣਤਰ ਬਾਰੇ ਉਸ ਸਮੇਂ ਦੇ ਇਤਿਹਾਸਕਾਰਾਂ ਅਬਦੁਲ ਹਮੀਦ ਲਾਹੌਰੀ, ਇਨਾਇਤ ਖ਼ਾਨ, ਫਰਾਂਸੀਸੀ ਯਾਤਰੀਆਂ ਫਰਾਂਸਿਸ ਬਰਨੀਅਰ ਅਤੇ ਜੀਨ ਬੈਪਟਿਸਟ ਟੈਵਨੀਅਰ ਨੇ ਬਹੁਤ ਬਾਰੀਕੀ ਨਾਲ ਵਰਣਨ ਕੀਤਾ ਹੈ। ਦੋਵਾਂ ਫਰਾਂਸੀਸੀਆਂ ਨੇ ਇਹ ਤਖ਼ਤ ਖ਼ੁਦ ਵੇਖਿਆ ਸੀ। ਉਨ੍ਹਾਂ ਅਨੁਸਾਰ ਆਇਤਾਕਾਰ ਆਕਾਰ ਦੇ ਇਸ ਤਖ਼ਤ ਦੀ ਲੰਮਾਈ ਸਾਢੇ ਛੇ ਫ਼ੁੱਟ, ਚੌੜਾਈ ਸਾਢੇ ਚਾਰ ਫ਼ੁੱਟ ਅਤੇ ਉਚਾਈ 15 ਫ਼ੁੱਟ (ਛਤਰ ਤਕ) ਸੀ। ਇਸ ਦਾ ਢਾਂਚਾ ਠੋਸ ਸੋਨੇ ਦੀਆਂ ਦੋ ਫ਼ੁੱਟ ਲੰਮੀਆਂ ਛੇ ਲੱਤਾਂ ਦੇ ਸਹਾਰੇ ਟਿਕਿਆ ਹੋਇਆ ਸੀ।

ਤਖ਼ਤ ਦੇ ਉੱਪਰ ਛਤਰ ਫ਼ਿੱਟ ਕਰਨ ਲਈ ਸੋਨੇ ਦੇ 12 ਸਤੰਭ ਸਨ। ਹਰ ਇਕ ਸਤੰਭ ਦੇ ਸਿਖਰ ਉਤੇ ਹੀਰੇ ਮੋਤੀਆਂ ਨਾਲ ਜੜੇ ਸੋਨੇ ਦੇ ਦੋ ਛੋਟੇ ਮੋਰ (ਕੁੱਲ 24) ਅਤੇ ਛਤਰ ਦੀ ਛੱਤ ਉਤੇ ਇਕ ਵੱਡਾ ਮੋਰ ਬਣਿਆ ਹੋਇਆ ਸੀ ਜਿਸ ਦੀ ਛਾਤੀ ’ਤੇ 60 ਕੈਰਟ ਦਾ ਉਹ ਹੀਰਾ ਲਟਕਦਾ ਸੀ ਜੋ ਇਰਾਨ ਦੇ ਬਾਦਸ਼ਾਹ ਸ਼ਾਹ ਅੱਬਾਸ ਸਾਫਵੀ ਨੇ ਜਹਾਂਗੀਰ ਨੂੰ ਭੇਂਟ ਕੀਤਾ ਸੀ।

ਤਖ਼ਤ ਉਪਰ ਪਹੁੰਚਣ ਲਈ ਸੋਨੇ ਦੀਆਂ ਚਾਰ ਪੌੜੀਆਂ ਬਣੀਆਂ ਹੋਈਆਂ ਸਨ। ਛਤਰ ਦੇ ਸਾਹਮਣੇ ਵਾਲੀ ਬਾਹੀ ਨਾਲ 186 ਕੈਰਟ ਦਾ ਕੋਹਿਨੂਰ ਹੀਰਾ, 95 ਕੈਰਟ ਦਾ ਅਕਬਰ ਸ਼ਾਹ ਹੀਰਾ, 88.77 ਕੈਰਟ ਦਾ ਸ਼ਾਹ ਹੀਰਾ, 83 ਕੈਰਟ ਦਾ ਜਹਾਂਗੀਰ ਹੀਰਾ ਅਤੇ 352.50 ਕੈਰਟ ਦਾ ਦੁਨੀਆਂ ਦਾ ਤੀਸਰਾ ਸਭ ਤੋਂ ਵੱਡਾ ਲਾਲ (ਰੂਬੀ) ਲਟਕਾਏ ਗਏ ਸਨ ਜੋ ਤਖ਼ਤੇ ਤਾਊਸ ’ਤੇ ਬੈਠੇ ਬਾਦਸ਼ਾਹ ਦੀਆਂ ਅੱਖਾਂ ਨੂੰ ਸਕੂਨ ਪ੍ਰਦਾਨ ਕਰਦੇ ਸਨ। ਇਸ ਤਖ਼ਤ ਦੇ ਹਰ ਹਿੱਸੇ ਉਪਰ ਐਨੇ ਜ਼ਿਆਦਾ ਹੀਰੇ, ਮੋਤੀ, ਮਾਣਕ, ਪੁਖਰਾਜ, ਪੰਨੇ, ਨੀਲਮ ਅਤੇ ਲਾਲ ਆਦਿ ਜੜੇ ਗਏ ਸਨ ਕਿ ਸੋਨਾ ਕਿਤੇ ਕਿਤੇ ਹੀ ਨਜ਼ਰ ਆਉਂਦਾ ਸੀ।

ਦੀਵਾਨੇ ਖ਼ਾਸ ਵਿਚ ਇਸ ਤਖ਼ਤ ਉਪਰ ਬੈਠ ਕੇ ਸ਼ਾਹਜਹਾਂ ਅਪਣੇ ਖ਼ਾਸ ਸਲਾਹਕਾਰਾਂ ਨਾਲ ਹਕੂਮਤ ਸਬੰਧੀ ਗੰਭੀਰ ਮੁੱਦੇ ਵਿਚਾਰਦਾ ਸੀ। ਬਹੁਤ ਹੀ ਘੱਟ ਲੋਕਾਂ ਨੂੰ ਇਸ ਨੂੰ ਵੇਖਣ ਜਾਂ ਛੂਹਣ ਦੀ ਆਗਿਆ ਸੀ ਜਿਸ ਕਾਰਨ ਇਸ ਦੀ ਕੋਈ ਵੀ ਅੱਖੀਂ ਵੇਖੀ ਭਰੋਸੇਯੋਗ ਪੇਂਟਿੰਗ ਆਦਿ ਨਹੀਂ ਮਿਲਦੀ। ਇਸ ਦੀਆਂ ਜੋ ਵੀ ਤਸਵੀਰਾਂ ਮਿਲਦੀਆਂ ਹਨ, ਉਹ ਸਾਰੀਆਂ ਕਾਲਪਨਿਕ ਅਤੇ ਅੰਦਾਜ਼ੇ ਨਾਲ ਬਣਾਈਆਂ ਗਈਆਂ ਹਨ। ਸ਼ਾਹਜਹਾਂ ਨੂੰ ਇਸ ਉਤੇ 23 ਸਾਲ ਬੈਠਣਾ ਨਸੀਬ ਹੋਇਆ ਕਿਉਂਕਿ 31 ਜੁਲਾਈ 1658 ਈ. ਨੂੰ  ਔਰੰਗਜ਼ੇਬ ਉਸ ਨੂੰ ਤਖ਼ਤ ਤੋਂ ਉਤਾਰ ਕੇ ਖ਼ੁਦ ਹਿੰਦੁਸਤਾਨ ਦਾ ਬਾਦਸ਼ਾਹ ਬਣ ਗਿਆ ਸੀ।

ਜਿਸ ਸੰਗਮਰਮਰ ਦੇ ਚਬੂਤਰੇ ਉਤੇ ਇਹ ਟਿਕਾਇਆ ਗਿਆ ਸੀ, ਉਹ ਅੱਜ ਵੀ ਲਾਲ ਕਿਲ੍ਹਾ ਦਿੱਲੀ ਦੇ ਦੀਵਾਨੇ ਖ਼ਾਸ ਵਿਚ ਮੌਜੂਦ ਹੈ। ਮਗਰਲੇ ਮੁਗ਼ਲ ਬਾਦਸ਼ਾਹਾਂ ਨੇ ਇਕ ਨਕਲੀ ਤਖ਼ਤੇ ਤਾਊਸ ਤਿਆਰ ਕਰਵਾਇਆ ਸੀ ਜੋ 1857 ਦੀ ਕ੍ਰਾਂਤੀ ਤਕ ਦੀਵਾਨੇ ਖ਼ਾਸ ਦੀ ਸੋਭਾ ਬਣਿਆ ਰਿਹਾ। ਪਰ ਜੇਤੂ ਬਿ੍ਰਟਿਸ਼ ਫ਼ੌਜ ਵਲੋਂ ਕੀਤੀ ਗਈ ਲੁੱਟ ਮਾਰ ਸਮੇਂ ਉਹ ਵੀ ਗ਼ਾਇਬ ਹੋ ਗਿਆ।

 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement