
Literature News: ਆਲਮ ਨੇ ਅਜਿਹੀ ਕਾਵਿ-ਸਿਰਜਣਾ ਕੀਤੀ ਜਿਸ ਵਿਚ ਜੀਵਨ-ਸੱਚ ਦਾ ਛੁਪਿਆ ਰਹੱਸ ਵੀ ਹੈ
Gurdas Ram Alam Literature News: ਗੁਰਦਾਸ ਰਾਮ ਆਲਮ (29 ਅਕਤੂਬਰ 1912 - 27 ਸਤੰਬਰ 1989) ਲੋਕ ਕਵੀ ਹਨ। ਉਨ੍ਹਾਂ ਨੇ ਪੇਂਡੂ ਜੀਵਨ ਵਿਚ ਦਲਿਤ ਵਰਗ ਦੇ ਅਨੁਭਵਾਂ ਨੂੰ ਲੋਕ ਬੋਲੀ ਵਿਚ ਪੇਸ਼ ਕੀਤਾ ਹੈ। ਉਨ੍ਹਾਂ ਦਾ ਜਨਮ ਪਿੰਡ ਬੁੰਡਾਲਾ, ਜ਼ਿਲ੍ਹਾ ਜਲੰਧਰ (ਪੰਜਾਬ) ਵਿਚ ਮਾਤਾ ਜਿਉਣੀ ਅਤੇ ਪਿਤਾ ਸ੍ਰੀ ਰਾਮ ਦੇ ਘਰ ਹੋਇਆ। ਉਨ੍ਹਾਂ ਨੂੰ ਰਸਮੀ ਪੜ੍ਹਾਈ ਦਾ ਮੌਕਾ ਨਾ ਮਿਲ ਸਕਿਆ। ਫਿਰ ਵੀ ਉਨ੍ਹਾਂ ਨੇ ਅਪਣੇ ਸ਼ੌਕ ਸਦਕਾ ਅਪਣੇ ਦੋਸਤਾਂ ਕੋਲੋਂ ਹੀ ਚੰਗਾ ਸੋਹਣਾ ਪੜ੍ਹਨਾ-ਲਿਖਣਾ ਸਿਖ ਲਿਆ।
ਦਲਿਤ ਪਿਛੋਕੜ ਅਤੇ ਪ੍ਰਗਤੀਵਾਦੀ ਪਹੁੰਚ ਵਾਲੇ ਕਵੀ ਗੁਰਦਾਸ ਰਾਮ ਆਲਮ ਪ੍ਰਸਿੱਧੀ ਨੂੰ ਪ੍ਰਾਪਤ ਸ਼ਾਇਰਾਂ ਪ੍ਰੋ. ਮੋਹਨ ਸਿੰਘ ਅਤੇ ਸ਼ਿਵ ਕੁਮਾਰ ਬਟਾਲਵੀ ਦਾ ਸਮਕਾਲੀ ਸਨ ਪਰ ਉਸ ਦੀ ਕਾਵਿ-ਰਚਨਾ ਦਾ ਜ਼ਿਕਰ ਪੰਜਾਬੀ ਕਵਿਤਾ ਦੀ ਇਤਿਹਾਸਕਾਰੀ ਵਿਚ ਨਾਂਮਾਤਰ ਹੀ ਹੋਇਆ ਹੈ, ਜਦਕਿ ਉਸ ਦੀ ਸਮੁੱਚੀ ਕਵਿਤਾ ਪ੍ਰਗਤੀਵਾਦੀ ਲਹਿਰ ਦੀ ਪ੍ਰਤੀਨਿਧ ਰਚਨਾ ਵਿਚੋਂ ਸੀ। ਆਲਮ ਦੀਆਂ ਚਾਰ ਕਾਵਿ-ਪੁਸਤਕਾਂ ‘ਜੇ ਮੈਂ ਮਰ ਗਿਆ’, ‘ਅੱਲੇ-ਫੱਟ’, ‘ਉਡਦੀਆਂ ਧੂੜਾਂ’ ਅਤੇ ‘ਅਪਣਾ ਆਪ’ ਇਹ ਗਵਾਹੀ ਭਰਦੀਆਂ ਹਨ ਕਿ ਉਨ੍ਹਾਂ ਨੇ ਥੁੜਾਂ-ਮਾਰੀ ਲੋਕਾਈ ਦੇ ਦਰਦ ਦੀ ਗੱਲ ਬੜੇ ਪ੍ਰਭਾਵਕਾਰੀ ਢੰਗ ਨਾਲ ਕਹੀ। ਉਨ੍ਹਾਂ ਨੇ ਲੋਟੂ ਢਾਂਚੇ ਵਿਰੁਧ ਅਪਣੀ ਕਵਿਤਾ ਦੇ ਮਾਧਿਅਮ ਰਾਹੀਂ ਆਵਾਜ਼ ਲਾਮਬੰਦ ਕਰਨ ਦਾ ਉਪਰਾਲਾ ਕੀਤਾ ਅਤੇ ਚੁਫ਼ੇਰੇ ਫੈਲੇ ਹੋਏ ਕੂੜ-ਯਥਾਰਥ ਦਾ ਪਾਜ ਉਘੇੜਿਆ।
ਆਲਮ ਦੀ ਸ਼ਾਇਰੀ ਦਾ ਉਦੇਸ਼ ਜਨਤਾ ਵਿਚ ਜਾਨ ਪਾਉਣਾ, ਉਸ ਨੂੰ ਜਥੇਬੰਦ ਕਰਨਾ ਅਤੇ ਅਪਣੇ ਹੱਕਾਂ ਉਤੇ ਪਹਿਰਾ ਦੇਣਾ ਸੀ। ਉਹ ਸਪੱਸ਼ਟ ਕਹਿੰਦੇ ਹਨ:
ਮੇਰਾ ਕੰਮ ਹੈ ਜਨਤਾ ’ਚ ਜਾਨ ਪਾਉਣਾ
‘ਆਲਮ’ ਸ਼ਾਇਰ ਹਾਂ,
ਭੰਡ ਮਰਾਸੀ, ਨਹੀਂ ਮੈਂ। (ਮੇਰਾ ਕੰਮ)
ਸੱਚ ਕਹਿਣ ਦੀ ਮੇਰੀ ਆਦਤ ਹੈ,
ਮੈਂ ਵਲ ਪਾ ਕੇ ਗੱਲ ਕਰਦਾ ਨਹੀਂ
ਆਸ਼ਕ ਹਾਂ ਜੁਗ ਪਲਟਾਊ ਦਾ,
ਗੱਦਾਰ ਨੂੰ ਖ਼ੁਸ਼ ਨਹੀਂ ਕਰ ਸਕਦਾ। (ਮੈਂ ਸ਼ਾਇਰ ਹਾਂ)
ਆਲਮ ਨੇ ਅਜਿਹੀ ਕਾਵਿ-ਸਿਰਜਣਾ ਕੀਤੀ ਜਿਸ ਵਿਚ ਜੀਵਨ-ਸੱਚ ਦਾ ਛੁਪਿਆ ਰਹੱਸ ਵੀ ਹੈ, ਮਿਹਨਤਕਸ਼ ਜਮਾਤ ਦੀਆਂ ਉਮੰਗਾਂ ਅਤੇ ਸੱਧਰਾਂ ਵੀ ਹਨ ਅਤੇ ਇਸ ਜਮਾਤ ਦੇ ਇਨਕਲਾਬ ਦੇ ਹਾਣੀ ਬਣਨ ਦੀ ਸਮਰਥਾ ਦਾ ਸੰਕੇਤ ਵੀ ਹੈ। ਉਨ੍ਹਾਂ ਦੀ ਕਵਿਤਾ ਦਾ ਸੁਰ ਕਿਰਤੀ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਉਘਾੜਨ ਅਤੇ ਹੱਲ ਸੁਝਾਉਣ ਵਿਚ ਨਿਹਿਤ ਹੈ। ਉਹ ਕਵਿਤਾ ਨੂੰ ਚਿੰਤਨ ਨਾਲ ਜੋੜ ਕੇ ਇਸ ਨੂੰ ਇਕ ਹਥਿਆਰ ਵਜੋਂ ਲੈਂਦੇ ਹਨ। ਅਪਣੇ ਜੀਵਨ ਦ੍ਰਿਸ਼ਟੀਕੋਣ ਅਤੇ ਵਿਚਾਰਧਾਰਕ ਪਕਿਆਈ ਦਾ ਸਬੂਤ ਦੇਂਦਿਆਂ ਆਲਮ ਨੇ ਲਿਖਿਆ:
ਸ਼ਾਇਰ ਓਹੀ ਜਹਾਨ ’ਤੇ ਹੋ ਸਕਦੈ,
ਜੋ ਸੋਨਾ ਸੋਨੇ ਨੂੰ, ਕੱਚ ਨੂੰ ਕੱਚ ਆਖੇ।
ਕਰੇ ਲੋਕਾਂ ਦੇ ਦਿਲਾਂ ਦੀ ਤਰਜਮਾਨੀ,
ਠੀਕ ਠੀਕ ਤੇ ਖੱਚ ਨੂੰ ਖੱਚ ਆਖੇ।
ਜੋ ਕੁੱਝ ਕਹਿਣਾ ਉਹ ਕਵ੍ਹੇ ਨਿਧੜਕ ਹੋ ਕੇ,
ਟੱਪ-ਟੱਪ ਆਖੇ, ਨੱਚ-ਨੱਚ ਆਖੇ।
‘ਆਲਮ’ ਓਸੇ ਦੀ ਰਹੇਗੀ ਅਮਰ ਕਵਿਤਾ,
ਜੋ ਝੂਠ ਨੂੰ ਝੂਠ, ਤੇ ਸੱਚ ਨੂੰ ਸੱਚ ਆਖੇ। (ਸ਼ਾਇਰ)
ਕਿਰਤੀ ਜਮਾਤ ਸਮਾਜਕ ਕਾਣੀ-ਵੰਡ ਅਤੇ ਆਰਥਕ ਲੁੱਟ-ਖਸੁੱਟ ਕਰ ਕੇ ਅਪਣੀਆਂ ਰੋਜ਼ਮਰਾ ਦੀਆਂ ਜੀਵਨ ਲੋੜਾਂ ਦੀ ਪੂਰਤੀ ਨਹੀਂ ਕਰ ਸਕਦੀ। ਮਜ਼ਦੂਰ ਦੀਆਂ ਆਰਥਕ ਥੁੜਾਂ ਅਤੇ ਮਜਬੂਰੀਆਂ ਅਤੇ ਮਨੁੱਖ ਦੀਆਂ ਭਾਵੁਕ ਤਾਂਘਾਂ ਦੇ ਹਵਾਲੇ ਨਾਲ ਜੀਵਨ ਦੀ ਮਾਰਮਿਕ ਤਸਵੀਰਕਸ਼ੀ ਆਲਮ ਦੀ ਕਵਿਤਾ ਵਿਚ ਥਾਂ-ਥਾਂ ਵਿਦਮਾਨ ਹੈ:
ਕਣਕਾਂ ਦੇ ਝਾੜ ਵੱਧ ਗਏ,
ਉਤੋਂ ਵੱਧ ਗਈ ਮਹਿੰਗਾਈ।
ਔਖਾ ਹੋਇਆ ਢਿਡ ਭਰਨਾ,
ਦੱਸੋ ਕਿਥੋਂ ਮੈਂ ਭਰਾ ਦਿਆਂ ਰਜਾਈ।
ਉਤੇ ਲੈ ਕੇ ਸੌਂਦਾ ਚਾਦਰੀ,
ਹੇਠਾਂ ਬੋਰੀਆਂ ਦੇ ਤੱਪੜ ਵਿਛਾਂਦਾ।
(ਮਜ਼ਦੂਰ ਦਾ ਗੀਤ)
ਭਾਰਤੀ ਸਮਾਜ ਵਿਚ ਔਰਤ ਭਾਵੇਂ ਕਿਸੇ ਵੀ ਵਰਗ ਨਾਲ ਸਬੰਧਤ ਹੋਵੇ ਉਹ ਅਕਸਰ ਡਰ ਅਤੇ ਸਹਿਮ ਦੇ ਸਾਏ ਹੇਠ ਸਿਸਕੀਆਂ ਵਾਲਾ ਜੀਵਨ ਨਿਰਬਾਹ ਕਰਦੀ ਹੈ। ਉਹ ਅਪਣੇ ਆਪ ਵਿਚ ਇਕ ਵਖਰਾ ਦਲਿਤ ਵਰਗ ਹੈ। ਬਾਕੀ ਦਲਿਤਾਂ ਦੇ ਦੁੱਖਾਂ ਪੀੜਾਂ ਨੂੰ ਜ਼ੁਬਾਨ ਦੇਣ ਦੇ ਨਾਲ ਨਾਲ ਆਲਮ ਔਰਤ ਦੀ ਪੀੜਾ ਨੂੰ ਵੀ ਮਹਿਸੂਸ ਕਰਦੇ ਹਨ। ਉਨ੍ਹਾਂ ਨੇ ਔਰਤ ਨੂੰ ਮਰਦ ਦੇ ਅਧੀਨ ਨਹੀਂ ਸਗੋਂ ਜੀਵਨ ਵਿਚ ਸਾਂਝੇ ਦੁੱਖ-ਸੁੱਖ ਦੀ ਭਾਈਵਾਲ ਮੰਨਿਆ ਹੈ। ਉਹ ਮਰਦ-ਔਰਤ ਦੀ ਸਮਾਨਤਾ ਅਤੇ ਬਰਾਬਰੀ ਨੂੰ ਤਰਜੀਹ ਦਿੰਦੇ ਹੋਏ ਤਾਰਕਿਕ ਚੇਤਨਾ ਦੇ ਵਿਕਾਸ ਦੀ ਹਾਮੀ ਭਰਦੇ ਹਨ:
ਔਰਤ ਹੁਣ ਪੈਰ ਦੀ ਜੁੱਤੀ ਨਹੀਂ,
ਤੇ ਮਰਦ ਸੀਸ ਦਾ ਤਾਜ ਭੀ ਨਹੀਂ।
ਔਰਤ ਹੁਣ ਘਰ ਦੀ ਨੌਕਰ ਨਹੀਂ,
ਪਤੀ ਮਾਲਕ ਤੇ ਮਹਾਰਾਜ ਭੀ ਨਹੀਂ।
ਔਰਤ ਹੁਣ ਅਮਨ ਦੀ ਘੁੱਗੀ ਨਹੀਂ,
ਤੇ ਮਰਦ ਭੀ ਮਾਰੂ ਬਾਜ ਨਹੀਂ।
ਹਰ ਸੂਝਵਾਨ ਦੀਆਂ ਨਜ਼ਰਾਂ ਵਿਚ,
ਵੱਡ-ਛੋਟ ਦਾ ਕੋਈ ਲਿਹਾਜ਼ ਭੀ ਨਹੀਂ।
ਸਾਥੀ ਨੇ ਦੋਵੇਂ ਜੀਵਨ ਦੇ,
ਕੱਠਿਆਂ ਨੇ ਉਮਰ ਲੰਘਾਣੀ ਏਂ।
ਮੁੰਡਿਆਂ ਤੂੰ ਦੇਸ਼ ਦਾ ਰਾਜਾ ਏਂ,
ਕੁੜੀਏ ਤੂੰ ਦੇਸ਼ ਦੀ ਰਾਣੀ ਏਂ।
(ਨਵੇਂ ਵਿਆਹੇ ਜੋੜੇ ਨੂੰ)
ਗੁਰਦਾਸ ਰਾਮ ਆਲਮ ਅਪਣੀ ਸਾਦ-ਮੁਰਾਦੀ ਰਹਿਣੀ ਵਾਂਗ ਕਥਨੀ ਅਤੇ ਕਰਨੀ ਦੇ ਸੁਮੇਲ ਵਾਲਾ ਵਿਲੱਖਣ ਸ਼ਾਇਰ ਸੀ। ਉਨ੍ਹਾਂ ਨੇ ਸਿਆਸੀ ਅਤੇ ਜਮਾਤੀ ਸੂਝ ਵਾਲੀਆਂ ਵਧੀਆ ਕਵਿਤਾਵਾਂ ਦੀ ਸਿਰਜਣਾ ਕੀਤੀ ਜਿਸ ਵਿਚ ਸਮਕਾਲ ਦਾ ਜੀਵਨ ਨਿਰ ਉਚੇਚ ਕਲਾ ਦੇ ਰੂਪ ਵਿਚ ਪੇਸ਼ ਹੋਇਆ। ਕਾਵਿ-ਮਹਿਫ਼ਲਾਂ ਵਿਚ ਉਸ ਦੀ ਪਛਾਣ ਇਕ ਆਮ ਮਜ਼ਦੂਰ ਵਾਲੀ ਸੀ ਅਤੇ ਸਟੇਜ ’ਤੇ ਅਪਣੀ ਕਵਿਤਾ ਬੋਲਦਿਆਂ ਉਹ ਧਨੰਤਰ ਸ਼ਾਇਰਾਂ ਨੂੰ ਵੀ ਮਾਤ ਪਾਉਂਦੇ ਸਨ। ਉਨ੍ਹਾਂ ਦੀ ਸ਼ਾਇਰੀ ਲੋਕ ਮਨ ਦੀ ਤਰਜਮਾਨੀ ਕਰਨ ਦੇ ਨਾਲ ਨਾਲ ਹੱਕ-ਸੱਚ ਦੀ ਖ਼ਾਤਰ ਲਾਮਬੰਦੀ ਕਰਨ ਵਾਲਿਆਂ ਲਈ ਪ੍ਰੇਰਨਾ ਸਰੋਤ ਹੈ।