
ਜਦੋਂ ਦੀ ਬੱਸ ਚੰਡੀਗੜ੍ਹ ਤੋਂ ਪਟਿਆਲੇ ਨੂੰ ਚੱਲੀ ਸੀ ਉਦੋਂ ਤੋਂ ਹੀ ਉਹ ਹੁਸੀਨ ਔਰਤ ਘੜੀ-ਮੁੜੀ ਪਿਛਾਂਹ ਗਰਦਨ ਭੁਆ ਕੇ ਹਰਜਿੰਦਰ ਵਲ ਵੇਖ ਲੈਂਦੀ ਸੀ। ਉਸ ਦੀਆਂ ਅੱਖਾਂ ...
ਰੰਗੇ ਹੱਥੀਂ : ਜਦੋਂ ਦੀ ਬੱਸ ਚੰਡੀਗੜ੍ਹ ਤੋਂ ਪਟਿਆਲੇ ਨੂੰ ਚੱਲੀ ਸੀ ਉਦੋਂ ਤੋਂ ਹੀ ਉਹ ਹੁਸੀਨ ਔਰਤ ਘੜੀ-ਮੁੜੀ ਪਿਛਾਂਹ ਗਰਦਨ ਭੁਆ ਕੇ ਹਰਜਿੰਦਰ ਵਲ ਵੇਖ ਲੈਂਦੀ ਸੀ। ਉਸ ਦੀਆਂ ਅੱਖਾਂ ਅਤੇ ਚਿਹਰੇ ਤੋਂ ਇੰਜ ਜਾਪਦਾ ਸੀ ਜਿਵੇਂ ਉਹ ਹਰਜਿੰਦਰ ਵਿਚੋਂ ਕੁੱਝ ਤਲਾਸ਼ ਕਰ ਰਹੀ ਹੋਵੇ। ਹਰਜਿੰਦਰ ਉਸ ਦੀ ਇਸ ਅਦਾ ਨੂੰ ਤੱਕ ਕੇ ਮੁਸਕਰਾ ਛਡਦਾ। ਅੱਖਾਂ-ਅੱਖਾਂ ਵਿਚ ਉਸ ਤੋਂ ਕਿਸੇ ਹੁੰਗਾਰੇ ਦੀ ਉਡੀਕ ਵੀ ਕਰਨ ਲੱਗਾ ਸੀ।
Bus
ਹਾਲੇ ਬੱਸ ਬਨੂੜ ਤੋਂ ਦੋ ਕੁ ਕਿਲੋਮੀਟਰ ਅਗਾਂਹ ਤੁਰੀ ਹੋਵੇਗੀ ਕਿ ਉਹ ਹੁਸੀਨ ਔਰਤ ਫਿਰ ਪਿਛਾਂਹ ਪਰਤ ਕੇ ਝਾਕੀ ਅਤੇ ਇਸ ਵਾਰ ਬੋਲ ਵੀ ਪਈ, ''ਭਾਈ ਸਾਬ੍ਹ! ਪਿਛੇ ਵੇਖਣਾ ਗ੍ਰੀਨ ਵਾਲਾ ਬੈਗ ਹੈ..? ਉਸ 'ਚ ਕਾਫ਼ੀ ਜ਼ਰੂਰੀ ਸਾਮਾਨ ਪਿਐ, ਇਸ ਲਈ...?''‚ ਹਰਜਿੰਦਰ ਉਸ ਦੇ ਇਸ ਵਾਕ ਨਾਲ ਝੰਜੋੜਿਆ ਗਿਆ ਤੇ ਸ਼ਰਮਿੰਦਾ ਹੋਣ ਲੱਗਾ। ਬਸ ਵਿਚ ਬੈਠੇ ਹੋਰਨਾਂ ਮੁਸਾਫ਼ਰਾਂ ਵਲ ਇਉਂ ਝਾਕਣ ਲੱਗਾ ਜਿਵੇਂ ਉਹ ਕੋਈ ਚੋਰੀ ਕਰਦਾ ਰੰਗੇ ਹੱਥੀਂ ਪਕੜਿਆ ਗਿਆ ਹੋਵੇ।
-ਸੁਖਮਿੰਦਰ ਸੇਖੋਂ, ਸੰਪਰਕ : 98145-07693
ਜ਼ਹਿਰ : ਜੰਟੇ ਨੇ ਅਪਣੇ ਖੇਤ ਵਿਚ ਸਬਜ਼ੀ ਲਗਾਈ ਹੋਈ ਸੀ। ਇਕ ਦਿਨ ਜਦੋਂ ਉਹ ਮੰਡੀ ਵਿਚ ਸਬਜ਼ੀ ਵੇਚ ਕੇ ਘਰ ਆਇਆ ਤਾਂ ਉਸ ਦੀ ਪਤਨੀ ਬਹੁਤ ਹੀ ਘਬਰਾ ਕੇ ਬੋਲੀ, ''ਗੁਰਪਾਲ ਤਾਂ ਹੁਣੇ-ਹੁਣੇ ਹੱਥਾਂ 'ਚ ਹੀ ਆ ਗਿਆ ਸੀ, ਜ਼ਹਿਰਵਾ ਹੋ ਗਿਆ ਲਗਦੈ, ਉਲਟੀਆਂ ਕਰੀ ਜਾਂਦੈ, ਹਸਪਤਾਲ ਲੈ ਜਾ ਛੇਤੀ।”
''ਕੀ ਖਾ ਲਿਆ ਏਹੋ ਜਿਹਾ?'' ਜੰਟੇ ਨੇ ਅਪਣੇ ਪੁੱਤਰ ਨੂੰ ਗੋਦੀ ਚੁਕਦਿਆਂ ਕਿਹਾ।
eating mango
''ਅੰਬ ਹੀ ਚੂਸਿਆ ਸੀ, ਜੋ ਤੁਸੀ ਕਲ ਮੰਡੀ ਤੋਂ ਲੈ ਕੇ ਆਏ ਸੀ। ਮਰ ਜਾਣੇ ਲੋਕਾਂ ਨੇ ਕੁੱਝ 'ਨੀਂ ਖਾਣ ਜੋਗੇ ਛਡਿਆ, ਹਰ ਪਾਸੇ ਜ਼ਹਿਰ ਹੀ ਜ਼ਹਿਰ ਵੇਚੀ ਜਾਂਦੇ ਆ, ਕੀੜੇ ਪੈਣ।” ਪਤਨੀ ਦੇ ਬੋਲ ਜੰਟੇ ਨੂੰ ਮੁੜ ਉਸ ਖੇਤ ਵਿਚ ਲੈ ਗਏ ਜਿੱਥੇ ਉਹ ਚੋਖੀ ਕਮਾਈ ਕਰਨ ਲਈ ਬਹੁਤ ਹੀ ਜ਼ਿਆਦਾ ਰੇਹ-ਸਪਰੇਅ ਪਾਉਂਦਾ ਅਤੇ ਕਦੇ-ਕਦੇ ਵੇਲਾਂ ਦੀਆਂ ਜੜ੍ਹਾਂ 'ਚ ਟੀਕੇ ਵੀ ਲਗਾ ਦਿੰਦਾ ਸੀ । -ਮਾ. ਸੁਖਵਿੰਦਰ ਦਾਨਗੜ੍ਹ, ਸੰਪਰਕ : 94171-80205