
ਇਨਕਮ ਟੈਕਸ ਵਿਭਾਗ ਨੇ ਸ਼ੁਰੂ ਕੀਤੀ 'ਈ-ਫ਼ਾਈਲਿੰਗ ਲਾਈਟ' ਸਰਵਿਸ
ਨਵੀਂ ਦਿੱਲੀ : ਇਨਕਮ ਟੈਕਸ ਵਿਭਾਗ ਨੇ ਟੈਕਸਦਾਤਿਆਂ ਦੀ ਸਹੂਲਤ ਲਈ ਈ-ਫ਼ਾਈਲਿੰਗ ਜ਼ਰੀਏ ਰਿਟਰਨ ਭਰਨ ਵਾਲਿਆਂ ਲਈ ਵੀਰਵਾਰ ਨੂੰ ਇਕ ਨਵੀਂ ਸਧਾਰਣ ਸਹੂਲਤ ਦੀ ਸ਼ੁਰੂਆਤ ਕੀਤੀ ਹੈ। ਇਹ ਸਹੂਲਤ ਵਿਭਾਗ ਦੇ ਅਧਕਾਰਤ ਪੋਰਟਲ 'ਤੇ ਸ਼ੁਰੂ ਹੋ ਗਈ ਹੈ। ਇਸ ਨੂੰ 'ਈ-ਫ਼ਾਈਲਿੰਗ ਲਾਈਟ' ਸਹੂਲਤ ਦਾ ਨਾਮ ਦਿਤਾ ਗਿਆ ਹੈ। ਵਿਭਾਗ ਨੇ ਜਨਤਕ ਸਲਾਹ-ਮਸ਼ਵਰੇ 'ਚ ਕਿਹਾ, ''ਇਨਕਮ ਟੈਕਸ ਵਿਭਾਗ ਟੈਕਸਦਾਤਾਵਾਂ ਵਲੋਂ ਆਮਦਨ ਟੈਕਸ ਰਿਟਰਨ ਭਰਨ ਦੇ ਮੱਦੇਨਜ਼ਰ ਈ-ਫ਼ਾਈਲਿੰਗ ਪੋਰਟਲ ਦਾ ਸੁਵਿਧਾਜਨਕ ਰੂਪਾਂਤਰ 'ਈ-ਫ਼ਾਈਲਿੰਗ ਲਾਈਟ' ਦੀ ਸ਼ੁਰੂਆਤ ਕਰ ਰਿਹਾ ਹੈ।"
ITR
ਵਿਭਾਗ ਨੇ ਦਸਿਆ, “ਇਸ ਦਾ ਇਸਤੇਮਾਲ ਹੋਮ ਪੇਜ਼ 'ਤੇ 'ਈ-ਫਾਈਲਿੰਗ ਲਾਈਟ' ਬਟਨ ਦਬਾ ਕੇ ਕੀਤਾ ਜਾ ਸਕਦਾ ਹੈ। ਸਾਰੀਆਂ ਸੇਵਾਵਾਂ ਨਾਲ ਉਪਲੱਬਧ ਮੌਜੂਦਾ ਈ-ਫਾਈਲਿੰਗ ਪੋਰਟਲ ਨੂੰ 'ਪੋਰਟਲ ਲਾਗ ਇਨ' ਬਟਨ ਦਬਾ ਕੇ ਇਸਤੇਮਾਲ ਕੀਤਾ ਜਾ ਸਕਦਾ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵੈਬ ਪੋਰਟਲ 'ਤੇ ਨਵਾਂ 'ਲਾਈਟ' ਟੈਬ ਪੇਸ਼ ਕੀਤਾ ਗਿਆ ਹੈ। ਟੈਕਸਦਾਤਾ ਜਦੋਂ ਇਕ ਵਾਰ ਅਪਣੇ ਪੇਜ਼ 'ਤੇ ਲਾਗ ਇਨ ਕਰਨਗੇ, ਉਨ੍ਹਾਂ ਨੂੰ ਸਿਰਫ ਉਹੀ ਲਿੰਕ ਮਿਲੇਗਾ ਜਿਹੜਾ ਆਨਲਾਈਨ ਆਮਦਨ ਟੈਕ ਰਿਟਰਨ ਅਤੇ 26-ਏਐਸ ਭਰਨ ਲਈ ਜ਼ਰੂਰੀ ਹੈ। ਟੈਕਸਦਾਤਾ ਪਹਿਲਾਂ ਭਰੇ ਗਏ ਰਿਟਰਨ ਜਾਂ ਐਕਸਐਮਐਲ ਫ਼ਾਰਮ ਨੂੰ ਡਾਊਨਲੋਡ ਕਰ ਸਕਦੇ ਹਨ ਅਤੇ ਪਹਿਲਾਂ ਤੋਂ ਭਰੇ ਰਿਟਰਨ ਨੂੰ ਦੇਖ ਸਕਦੇ ਹਨ।
ITR filing
ਉਨ੍ਹਾਂ ਨੇ ਕਿਹਾ ਕਿ ਈ-ਪ੍ਰੋਸੀਡਿੰਗ, ਈ-ਨਿਵਾਰਣ, ਪਾਲਣਾ, ਕਾਰਜ ਸੂਚੀਆਂ ਅਤੇ ਪ੍ਰੋਫ਼ਾਈਲ ਸੈਟਿੰਗਸ ਵਰਗੇ ਹੋਰ ਰੈਗੂਲਰ ਟੈਬ 'ਲਾਈਟ' ਐਡੀਸ਼ਨ ਤੋਂ ਹਟਾ ਦਿੱਤੇ ਗਏ ਹਨ। ਇਹ ਟੈਬਸ ਸਟੈਂਡਰਡ ਐਡੀਸ਼ਨ ਦੇ ਨਾਲ ਉਪਲਬਧ ਹਨ। ਅਧਿਕਾਰੀ ਨੇ ਕਿਹਾ ਕਿ 'ਲਾਈਟ' ਵਰਜ਼ਨ ਦਾ ਉਦੇਸ਼ ਹਰ ਤਰ੍ਹਾਂ ਦੇ ਟੈਕਸਦਾਤਾਵਾਂ ਨੂੰ ਆਸਾਨੀ ਨਾਲ ਇਨਕਮ ਟੈਕਸ ਰਿਟਰਨ ਭਰਨ ਦੇ ਯੋਗ ਬਣਾਉਣਾ ਹੈ। ਸਰਕਾਰ ਨੇ ਵਿੱਤੀ ਸਾਲ 2018-19 ਲਈ ਨਿੱਜੀ ਟੈਕਸਦਾਤਿਆਂ ਦੇ ਰਿਟਰਨ ਦਾਇਰ ਕਰਨ ਦੀ ਆਖ਼ਰੀ ਤਰੀਕ 31 ਅਗੱਸਤ ਤਕ ਵਧਾ ਦਿਤੀ ਹੈ।