
ਬੁੱਧਵਾਰ ਨੂੰ ਹੀ ਅਡਾਨੀ ਦੇ ਸ਼ੇਅਰਾਂ 'ਚ 26.70 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ
ਨਵੀਂ ਦਿੱਲੀ: ਹਿੰਡਨਬਰਗ ਗਰੁੱਪ ਦੀ ਰਿਪੋਰਟ ਤੋਂ ਬਾਅਦ ਗੌਤਮ ਅਡਾਨੀ ਦੀ ਅਗਵਾਈ ਵਾਲੇ ਅਡਾਨੀ ਗਰੁੱਪ ਦੇ ਸ਼ੇਅਰਾਂ ਵਿਚ ਭਾਰੀ ਗਿਰਾਵਟ ਆਈ ਹੈ। ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਅਡਾਨੀ ਸਮੂਹ ਨੂੰ ਪਿਛਲੇ ਇਕ ਹਫ਼ਤੇ ਵਿਚ 100 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਬੁੱਧਵਾਰ ਨੂੰ ਹੀ ਅਡਾਨੀ ਦੇ ਸ਼ੇਅਰਾਂ 'ਚ 26.70 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਬੀਤੀ ਰਾਤ ਕੰਪਨੀ ਨੇ ਹੈਰਾਨੀਜਨਕ ਐਲਾਨ ਕਰਦੇ ਹੋਏ ਕਿਹਾ ਕਿ ਉਹ ਆਪਣੇ ਸਾਰੇ ਸਬਸਕ੍ਰਾਈਬਡ ਐੱਫਪੀਓ ਨੂੰ ਵਾਪਸ ਲੈ ਰਹੀ ਹੈ ਅਤੇ ਨਿਵੇਸ਼ਕਾਂ ਨੂੰ ਪੈਸਾ ਵਾਪਸ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਆਰ.ਬੀ.ਆਈ. ਨੇ ਦੇਸ਼ ਦੇ ਬੈਕਾਂ ਨੂੰ ਪੁੱਛਿਆ, ‘ਅਡਾਨੀ ਗਰੁੱਪ ਨੂੰ ਦਿੱਤਾ ਕਿੰਨਾ ਕਰਜ਼ਾ?’
ਇਸ ਦੇ ਨਾਲ ਹੀ ਭਾਰਤੀ ਰਿਜ਼ਰਵ ਬੈਂਕ ਨੇ ਦੇਸ਼ ਦੇ ਬੈਂਕਾਂ ਤੋਂ ਅਡਾਨੀ ਸਮੂਹ ਨਾਲ ਉਹਨਾਂ ਦੇ ਸੰਪਰਕ ਬਾਰੇ ਜਾਣਕਾਰੀ ਮੰਗੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਕੇਂਦਰੀ ਬੈਂਕ ਨੇ ਵੱਖ-ਵੱਖ ਘਰੇਲੂ ਬੈਂਕਾਂ ਨੂੰ ਅਡਾਨੀ ਸਮੂਹ ਨੂੰ ਆਪਣੇ ਨਿਵੇਸ਼ ਅਤੇ ਕਰਜ਼ਿਆਂ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ। ਦੱਸ ਦੇਈਏ ਕਿ ਬੀਤੇ ਦਿਨ ਕੰਪਨੀ ਦਾ ਸਟਾਕ 26.70% ਜਾਂ 794.15 ਰੁਪਏ ਦੀ ਗਿਰਾਵਟ ਨਾਲ 2,179.75 ਰੁਪਏ 'ਤੇ ਬੰਦ ਹੋਇਆ। ਇਸ ਤੋਂ ਬਾਅਦ ਅਡਾਨੀ ਪੋਰਟਸ ਦੇ ਸ਼ੇਅਰ 17.73 ਫੀਸਦੀ ਜਾਂ 108.65 ਰੁਪਏ ਫਿਸਲ ਕੇ 504 ਰੁਪਏ 'ਤੇ ਬੰਦ ਹੋਏ।
ਇਹ ਵੀ ਪੜ੍ਹੋ: ਹਿੰਡਨਬਰਗ ਦੀ ਰਿਪੋਰਟ 'ਤੇ ਸਦਨ 'ਚ ਹੰਗਾਮਾ, ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ
ਅਡਾਨੀ ਗਰੁੱਪ ਦੀ ਇਕ ਹੋਰ ਕੰਪਨੀ ਦੇ ਸ਼ੇਅਰਾਂ ਦੀ ਗੱਲ ਕਰੀਏ ਤਾਂ ਅਡਾਨੀ ਟੋਟਲ ਗੈਸ ਦਾ ਸਟਾਕ 10 ਫੀਸਦੀ ਜਾਂ 210 ਰੁਪਏ ਦੀ ਗਿਰਾਵਟ ਨਾਲ 1,897.40 ਦੇ ਪੱਧਰ 'ਤੇ ਬੰਦ ਹੋਇਆ। ਇਸ ਤੋਂ ਇਲਾਵਾ ਅਡਾਨੀ ਗ੍ਰੀਨ ਐਨਰਜੀ ਲਿਮਟਿਡ ਦੇ ਸ਼ੇਅਰ 5.19 ਫੀਸਦੀ ਡਿੱਗ ਕੇ 1,160.40 ਰੁਪਏ, ਅਡਾਨੀ ਵਿਲਮਰ 5 ਫੀਸਦੀ ਡਿੱਗ ਕੇ 443.15 ਰੁਪਏ ਅਤੇ ਅਡਾਨੀ ਪਾਵਰ 4.98 ਫੀਸਦੀ ਡਿੱਗ ਕੇ 212.65 ਰੁਪਏ 'ਤੇ ਬੰਦ ਹੋਏ।
ਇਹ ਵੀ ਪੜ੍ਹੋ: ਨੌਜਵਾਨ ਨੇ ਆਪਣੇ ਭਰਾ, ਮਾਂ ਤੇ ਚਾਚੇ 'ਤੇ ਚੜ੍ਹਾਈ ਕਾਰ, ਭਰਾ ਦੀ ਮੌਤ
ਜ਼ਿਕਰਯੋਗ ਹੈ ਕਿ ਹਿੰਡਨਬਰਗ ਰਿਸਰਚ ਨੇ ਪਿਛਲੇ ਹਫਤੇ 32,000 ਸ਼ਬਦਾਂ ਦੀ ਰਿਪੋਰਟ ਜਾਰੀ ਕੀਤੀ। ਇਸ ਰਿਪੋਰਟ ਵਿਚ ਹਿੰਡਨਬਰਗ ਨੇ ਅਡਾਨੀ ਗਰੁੱਪ ’ਤੇ ਕਈ ਤਰ੍ਹਾਂ ਦੀ ਧੋਖਾਧੜੀ, ਬੇਨਿਯਮੀਆਂ ਅਤੇ ਸਟਾਕ ਵਿਚ ਹੇਰਾਫੇਰੀ ਦੇ ਇਲਜ਼ਾਮ ਲਾਏ ਹਨ। ਉਦੋਂ ਤੋਂ ਅਡਾਨੀ ਨੂੰ ਹਰ ਰੋਜ਼ ਅਰਬਾਂ ਡਾਲਰ ਦਾ ਨੁਕਸਾਨ ਹੋ ਰਿਹਾ ਹੈ। ਇਸ ਦੇ ਨਾਲ ਹੀ ਉਹ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ਵਿਚੋਂ ਹੇਠਾਂ ਆ ਗਏ ਹਨ।