
ਭਾਰਤੀ ਲੱਸਣ ਦੀ ਕੀਮਤ 250 ਰੁਪਏ ਪ੍ਰਤੀ ਕਿਲੋ ਹੈ ਜਦਕਿ ਚੀਨੀ ਲੱਸਣ 50-60 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ
ਮੰਗਲੁਰੂ/ਉਡੁਪੀ (ਕਰਨਾਟਕ) : ਦੱਖਣ ਕੰਨੜ, ਉਡੁਪੀ ਅਤੇ ਉੱਤਰ ਕੰਨੜ ਜ਼ਿਲ੍ਹਿਆਂ ਦੇ ਦੂਜੇ ਦਰਜੇ ਦੇ ਸ਼ਹਿਰਾਂ ਅਤੇ ਛੋਟੇ ਕਸਬਿਆਂ ’ਚ ਚੀਨ ਤੋਂ ਆਯਾਤ ਕੀਤੇ ਲੱਸਣ ਦੀ ਭਰਮਾਰ ਹੈ, ਜਿਸ ਨਾਲ ਖੇਤਰ ਦੇ ਕਿਸਾਨ ਚਿੰਤਤ ਹਨ। ਮੰਗਲਵਾਰ ਨੂੰ ਵਪਾਰੀਆਂ ਅਤੇ ਉਤਪਾਦਕਾਂ ਨੇ ਸ਼ਿਵਮੋਗਾ ਬਾਜ਼ਾਰਾਂ ’ਚ ਚੀਨੀ ਲਸਣ ਦੀ ਭਰਮਾਰ ’ਤੇ ਨਿਰਾਸ਼ਾ ਜ਼ਾਹਰ ਕੀਤੀ ਸੀ।
ਵਪਾਰੀਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ, ਉਡੁਪੀ ਨਗਰ ਨਿਗਮ ਦੇ ਕਮਿਸ਼ਨਰ ਬੀ. ਰਾਏੱਪਾ ਨੇ ਆਦਿ ਉਡੁਪੀ ’ਚ ਖੇਤੀਬਾੜੀ ਉਤਪਾਦ ਅਤੇ ਪਸ਼ੂ ਧਨ ਮਾਰਕੀਟ ਕਮੇਟੀ (ਏ.ਪੀ.ਐਮ.ਸੀ.) ਯਾਰਡ ਤੋਂ ਇਕ ਥੋਕ ਵਿਕਰੇਤਾ ਦੇ ਅਹਾਤੇ ’ਤੇ ਛਾਪਾ ਮਾਰਿਆ ਅਤੇ ਪੰਜ ਕੁਇੰਟਲ ਚੀਨ ਤੋਂ ਆਇਆ ਲੱਸਣ ਜ਼ਬਤ ਕੀਤਾ।
ਉਨ੍ਹਾਂ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਚੀਨੀ ਲੱਸਣ ਨੂੰ ਇਸ ਦੀ ਜਾਇਜ਼ਤਾ ਨੂੰ ਯਕੀਨੀ ਬਣਾਉਣ ਤੋਂ ਬਾਅਦ ਹੀ ਇਸ ਨੂੰ ਬਾਜ਼ਾਰ ’ਚ ਉਤਾਰਨਗੇ। ਵਪਾਰੀਆਂ ਨੇ ਕਿਹਾ ਕਿ ਭਾਰਤੀ ਲੱਸਣ ਦੀ ਕੀਮਤ 250 ਰੁਪਏ ਪ੍ਰਤੀ ਕਿਲੋ ਹੈ ਜਦਕਿ ਚੀਨੀ ਲੱਸਣ 50-60 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਗਾਹਕ ਚੀਨੀ ਲੱਸਣ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਇਹ ਵੱਡਾ ਹੁੰਦਾ ਹੈ ਅਤੇ ਇਸ ਨੂੰ ਛਿਲਣਾ ਆਸਾਨ ਹੁੰਦਾ ਹੈ।
ਮੰਗਲੁਰੂ ’ਚ ਏ.ਪੀ.ਐਮ.ਸੀ. ਅਧਿਕਾਰੀਆਂ ਅਨੁਸਾਰ, ਚੀਨੀ ਲੱਸਣ ਥੋਕ ਵਿਕਰੇਤਾਵਾਂ ਵਲੋਂ ਰੱਖੇ ਗਏ ਵਪਾਰ ਲਾਇਸੈਂਸ ਦੇ ਤਹਿਤ ਬਾਜ਼ਾਰ ’ਚ ਆਇਆ ਹੈ। ਉਨ੍ਹਾਂ ਕਿਹਾ ਕਿ ਪ੍ਰਚੂਨ ਵਪਾਰੀਆਂ ਨੂੰ ਚੀਨੀ ਲੱਸਣ ਦਾ ਵਪਾਰ ਕਰਨ ਲਈ ਵਿਸ਼ੇਸ਼ ਵਪਾਰਕ ਲਾਇਸੈਂਸ ਦੀ ਜ਼ਰੂਰਤ ਨਹੀਂ ਹੈ।
ਪੁਰਾਣੇ ਬੰਦਰਗਾਹ ਖੇਤਰ ਦੇ ਥੋਕ ਵਿਕਰੇਤਾ ਮੁਹੰਮਦ ਇਸ਼ਾਕ ਨੇ ਦਸਿਆ ਕਿ ਚੀਨੀ ਲੱਸਣ ਸਮੇਂ-ਸਮੇਂ ’ਤੇ ਭਾਰਤੀ ਬਾਜ਼ਾਰ ’ਚ ਵਿਖਾਈ ਦਿੰਦਾ ਹੈ। ਹਾਲਾਂਕਿ, ਉਨ੍ਹਾਂ ਅਨੁਸਾਰ, ਇਹ ਬਾਜ਼ਾਰ ’ਚ ਕੀਮਤ ਦੇ ਪੱਧਰ ਨੂੰ ਸੰਤੁਲਿਤ ਕਰਦਾ ਹੈ। ਇਸਹਾਕ ਨੇ ਕਿਹਾ ਕਿ ਚੀਨੀ ਲਸਣ ਦੀ ਆਮਦ ਕਾਰਨ ਭਾਰਤੀ ਲੱਸਣ ਦੀਆਂ ਕੀਮਤਾਂ ਘੱਟ ਕੇ 175-150 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਜਾਣਗੀਆਂ। ਭਾਰਤੀ ਲੱਸਣ ਇਸ ਸਮੇਂ 200-225 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ।