
ਪਹਿਲੀ ਵਾਰ ਭਾਰਤ ਵਿਦੇਸ਼ਾਂ ’ਚ ਸਥਿਤ ਕਿਸੇ ਬੰਦਰਗਾਹ ਦਾ ਪ੍ਰਬੰਧਨ ਸੰਭਾਲੇਗਾ
ਨਵੀਂ ਦਿੱਲੀ: ਭਾਰਤ ਅਤੇ ਈਰਾਨ ਨੇ ਸੋਮਵਾਰ ਨੂੰ ਚਾਬਹਾਰ ’ਚ ਸ਼ਾਹਿਦ ਬਹਿਸ਼ਤੀ ਬੰਦਰਗਾਹ ’ਤੇ ਟਰਮੀਨਲ ਦੇ ਸੰਚਾਲਨ ਲਈ ਲੰਮੇ ਸਮੇਂ ਦੇ ਸਮਝੌਤੇ ’ਤੇ ਦਸਤਖਤ ਕੀਤੇ ਹਨ।
ਈਰਾਨ ’ਚ ਭਾਰਤੀ ਸਫ਼ਾਰਤਖ਼ਾਨੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਕ ਪੋਸਟ ’ਚ ਇਹ ਜਾਣਕਾਰੀ ਦਿਤੀ। ਬੰਦਰਗਾਹਾਂ, ਸ਼ਿਪਿੰਗ ਅਤੇ ਜਲ ਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਦੀ ਮੌਜੂਦਗੀ ’ਚ ਇੰਡੀਆ ਪੋਰਟਸ ਗਲੋਬਲ ਲਿਮਟਿਡ ਅਤੇ ਈਰਾਨ ਦੇ ਬੰਦਰਗਾਹਾਂ ਅਤੇ ਸਮੁੰਦਰੀ ਸੰਗਠਨ ਦਰਮਿਆਨ ਸਮਝੌਤੇ ’ਤੇ ਹਸਤਾਖਰ ਕੀਤੇ ਗਏ।
ਇਹ ਪਹਿਲੀ ਵਾਰ ਹੈ ਜਦੋਂ ਭਾਰਤ ਵਿਦੇਸ਼ਾਂ ’ਚ ਸਥਿਤ ਕਿਸੇ ਬੰਦਰਗਾਹ ਦਾ ਪ੍ਰਬੰਧਨ ਸੰਭਾਲੇਗਾ। ਚਾਬਹਾਰ ਬੰਦਰਗਾਹ ਈਰਾਨ ਦੇ ਦਖਣੀ ਤੱਟ ’ਤੇ ਸਥਿਤ ਸੀਸਤਾਨ-ਬਲੋਚਿਸਤਾਨ ਸੂਬੇ ’ਚ ਸਥਿਤ ਹੈ। ਇਸ ਬੰਦਰਗਾਹ ਨੂੰ ਭਾਰਤ ਅਤੇ ਈਰਾਨ ਵਲੋਂ ਸਾਂਝੇ ਤੌਰ ’ਤੇ ਵਿਕਸਤ ਕੀਤਾ ਜਾ ਰਿਹਾ ਹੈ।
ਸੋਨੋਵਾਲ ਨੇ ਕਿਹਾ, ‘‘ਇਸ ਸਮਝੌਤੇ ’ਤੇ ਦਸਤਖਤ ਕਰਨ ਨਾਲ ਅਸੀਂ ਚਾਬਹਾਰ ’ਚ ਭਾਰਤ ਦੀ ਲੰਬੀ ਮਿਆਦ ਦੀ ਭਾਈਵਾਲੀ ਦੀ ਨੀਂਹ ਰੱਖੀ ਹੈ। ਇਸ ਇਕਰਾਰਨਾਮੇ ਦਾ ਚਾਬਹਾਰ ਬੰਦਰਗਾਹ ਦੀ ਵਿਵਹਾਰਕਤਾ ਅਤੇ ਦ੍ਰਿਸ਼ਟੀ ’ਤੇ ਕਈ ਗੁਣਾ ਪ੍ਰਭਾਵ ਪਵੇਗਾ।’’
ਸੋਨੋਵਾਲ ਨੇ ਕਿਹਾ, ‘‘ਚਾਬਹਾਰ ਨਾ ਸਿਰਫ ਭਾਰਤ ਦਾ ਸੱਭ ਤੋਂ ਨਜ਼ਦੀਕੀ ਈਰਾਨੀ ਬੰਦਰਗਾਹ ਹੈ ਬਲਕਿ ਸਮੁੰਦਰੀ ਆਵਾਜਾਈ ਦੇ ਨਜ਼ਰੀਏ ਤੋਂ ਵੀ ਇਕ ਸ਼ਾਨਦਾਰ ਬੰਦਰਗਾਹ ਹੈ। ਉਨ੍ਹਾਂ ਨੇ ਈਰਾਨ ਦੇ ਬੰਦਰਗਾਹ ਮੰਤਰੀ ਨਾਲ ਵੀ ਬੈਠਕ ਕੀਤੀ।’’
ਭਾਰਤ ਖੇਤਰੀ ਵਪਾਰ, ਖਾਸ ਕਰ ਕੇ ਅਫਗਾਨਿਸਤਾਨ ਨਾਲ ਸੰਪਰਕ ਨੂੰ ਹੁਲਾਰਾ ਦੇਣ ਲਈ ਚਾਬਹਾਰ ਬੰਦਰਗਾਹ ਪ੍ਰਾਜੈਕਟ ’ਤੇ ਜ਼ੋਰ ਦੇ ਰਿਹਾ ਹੈ। ਬੰਦਰਗਾਹ ਨੂੰ ਕੌਮਾਂਤਰੀ ਉੱਤਰ-ਦੱਖਣ ਟਰਾਂਸਪੋਰਟ ਕੋਰੀਡੋਰ (ਆਈ.ਐਨ.ਐਸ.ਟੀ.ਸੀ.) ਪ੍ਰਾਜੈਕਟ ਲਈ ਇਕ ਪ੍ਰਮੁੱਖ ਕੇਂਦਰ ਵਜੋਂ ਪੇਸ਼ ਕੀਤਾ ਗਿਆ ਹੈ।
ਆਈ.ਐਨ.ਐਸ.ਟੀ.ਸੀ. ਪ੍ਰਾਜੈਕਟ ਭਾਰਤ, ਈਰਾਨ, ਅਫਗਾਨਿਸਤਾਨ, ਅਰਮੀਨੀਆ, ਅਜ਼ਰਬਾਈਜਾਨ, ਰੂਸ, ਮੱਧ ਏਸ਼ੀਆ ਅਤੇ ਯੂਰਪ ਦਰਮਿਆਨ ਮਾਲ ਦੀ ਆਵਾਜਾਈ ਲਈ 7,200 ਕਿਲੋਮੀਟਰ ਲੰਬਾ ਬਹੁ-ਪੱਧਰੀ ਆਵਾਜਾਈ ਪ੍ਰਾਜੈਕਟ ਹੈ।
ਵਿਦੇਸ਼ ਮੰਤਰਾਲੇ ਨੇ 2024-25 ਲਈ ਚਾਬਹਾਰ ਬੰਦਰਗਾਹ ਲਈ 100 ਕਰੋੜ ਰੁਪਏ ਅਲਾਟ ਕੀਤੇ ਸਨ, ਜਿਸ ਵਿਚ ਈਰਾਨ ਨਾਲ ਸੰਪਰਕ ਪ੍ਰਾਜੈਕਟਾਂ ’ਤੇ ਭਾਰਤ ਦੀ ਮਹੱਤਤਾ ਨੂੰ ਦਰਸਾਇਆ ਗਿਆ ਸੀ।
ਚਾਬਹਾਰ ਬੰਦਰਗਾਹ ’ਚ ਹੋਰ ਨਿਵੇਸ਼ ਆਵੇਗਾ, ਭਾਰਤ ਨੂੰ ਮੱਧ ਏਸ਼ੀਆ ਨਾਲ ਜੋੜੇਗਾ: ਜੈਸ਼ੰਕਰ
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਈਰਾਨ ਵਲੋਂ ਸ਼ਾਹਿਦ ਬਹਿਸ਼ਤੀ ਪੋਰਟ ਟਰਮੀਨਲ ਦੇ ਸੰਚਾਲਨ ਲਈ ਲੰਮੇ ਸਮੇਂ ਦੇ ਸਮਝੌਤੇ ’ਤੇ ਹਸਤਾਖਰ ਕੀਤੇ ਜਾਣ ਤੋਂ ਬਾਅਦ ਚਾਬਹਾਰ ਬੰਦਰਗਾਹ ’ਤੇ ਨਿਸ਼ਚਤ ਤੌਰ ’ਤੇ ਵਧੇਰੇ ਨਿਵੇਸ਼ ਅਤੇ ਰੁਝੇਵਿਆਂ ਵੇਖਣ ਨੂੰ ਮਿਲਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਇਹ ਬੰਦਰਗਾਹ ਭਾਰਤ ਅਤੇ ਮੱਧ ਏਸ਼ੀਆ ਨੂੰ ਬਿਹਤਰ ਤਰੀਕੇ ਨਾਲ ਜੋੜਨ ’ਚ ਮਦਦ ਕਰੇਗੀ।
ਉਨ੍ਹਾਂ ਕਿਹਾ, ‘‘ਬੰਦਰਗਾਹ ਅਜੇ ਵਿਕਸਤ ਨਹੀਂ ਹੋਈ ਹੈ। ਬੰਦਰਗਾਹ ’ਚ ਨਿਵੇਸ਼ ਕਰਨਾ ਮੁਸ਼ਕਲ ਹੈ ਜਦੋਂ ਤਕ ਕਿ ਕੋਈ ਲੰਬੀ ਮਿਆਦ ਦਾ ਸਮਝੌਤਾ ਨਹੀਂ ਹੁੰਦਾ. ਇਸ ਲਈ ਪੂਰੀ ਉਮੀਦ ਹੈ ਕਿ ਚਾਬਹਾਰ ਦਾ ਉਹ ਹਿੱਸਾ ਜਿਸ ’ਚ ਅਸੀਂ ਸ਼ਾਮਲ ਹਾਂ, ਨਿਸ਼ਚਤ ਤੌਰ ’ਤੇ ਵਧੇਰੇ ਨਿਵੇਸ਼ ਵਿਖਾ ਈ ਦੇਵੇਗਾ। ਇਸ ਨਾਲ ਉਸ ਬੰਦਰਗਾਹ ਨਾਲ ਕਨੈਕਟੀਵਿਟੀ ਹੋਰ ਵਧੇਗੀ। ’’ ਉਨ੍ਹਾਂ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਅੱਜ ਉਸ ਹਿੱਸੇ ’ਚ ਕਨੈਕਟੀਵਿਟੀ ਇਕ ਵੱਡਾ ਮੁੱਦਾ ਹੈ। ਚਾਬਹਾਰ ਸਾਨੂੰ ਮੱਧ ਏਸ਼ੀਆ ਨਾਲ ਜੋੜੇਗਾ। ’’
ਈਰਾਨ ’ਚ ਭਾਰਤੀ ਦੂਤਘਰ ਵਲੋਂ ‘ਐਕਸ‘ ’ਤੇ ਕਈ ਪੋਸਟਾਂ ਦੇ ਅਨੁਸਾਰ, ਬੰਦਰਗਾਹਾਂ, ਸ਼ਿਪਿੰਗ ਅਤੇ ਜਲ ਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਦੀ ਮੌਜੂਦਗੀ ’ਚ ਇੰਡੀਆ ਪੋਰਟਸ ਗਲੋਬਲ ਲਿਮਟਿਡ ਅਤੇ ਈਰਾਨ ਦੇ ਬੰਦਰਗਾਹਾਂ ਅਤੇ ਸਮੁੰਦਰੀ ਸੰਗਠਨ ਨੇ ਤਹਿਰਾਨ ’ਚ ਸਮਝੌਤੇ ’ਤੇ ਦਸਤਖਤ ਕੀਤੇ। ਇਹ ਪਹਿਲੀ ਵਾਰ ਹੈ ਜਦੋਂ ਭਾਰਤ ਵਿਦੇਸ਼ਾਂ ’ਚ ਸਥਿਤ ਕਿਸੇ ਬੰਦਰਗਾਹ ਦਾ ਪ੍ਰਬੰਧਨ ਸੰਭਾਲੇਗਾ।