ਖਾਣ-ਪੀਣ ਦੀਆਂ ਚੀਜ਼ਾਂ ਸਸਤੀ ਹੋਣ ਕਾਰਨ ਥੋਕ ਮਹਿੰਗਾਈ ਦਰ ਜਨਵਰੀ ’ਚ ਘੱਟ ਕੇ 0.27 ਫੀ ਸਦੀ ’ਤੇ ਆ ਗਈ
ਨਵੀਂ ਦਿੱਲੀ: ਫਲ ਅਤੇ ਸਬਜ਼ੀਆਂ ਸਸਤੀ ਹੋਣ ਕਾਰਨ ਥੋਕ ਮਹਿੰਗਾਈ ਜਨਵਰੀ ’ਚ ਘੱਟ ਕੇ 0.27 ਫੀ ਸਦੀ ’ਤੇ ਆ ਗਈ। ਦਸੰਬਰ 2023 ’ਚ ਇਹ 0.73 ਫ਼ੀ ਸਦੀ ਸੀ। ਥੋਕ ਮੁੱਲ ਸੂਚਕ ਅੰਕ (ਡਬਲਯੂ.ਪੀ.ਆਈ.) ਅਧਾਰਤ ਮਹਿੰਗਾਈ ਅਪ੍ਰੈਲ ਤੋਂ ਅਕਤੂਬਰ ਤਕ ਲਗਾਤਾਰ ਨਕਾਰਾਤਮਕ ਪੱਧਰ ਤੋਂ ਹੇਠਾਂ ਰਹੀ ਸੀ। ਨਵੰਬਰ ’ਚ ਇਹ 0.39 ਫੀ ਸਦੀ ਸੀ।
ਵਣਜ ਅਤੇ ਉਦਯੋਗ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਥੋਕ ਮੁੱਲ ਸੂਚਕ ਅੰਕ (ਡਬਲਯੂ.ਪੀ.ਆਈ.) ਆਧਾਰਤ ਮਹਿੰਗਾਈ ਜਨਵਰੀ ਮਹੀਨੇ ’ਚ 0.27 ਫੀ ਸਦੀ (ਅਸਥਾਈ) ਰਹੀ। ਜਨਵਰੀ 2023 ’ਚ ਥੋਕ ਮਹਿੰਗਾਈ ਦਰ 4.8 ਫੀ ਸਦੀ ਸੀ। ਅੰਕੜਿਆਂ ਮੁਤਾਬਕ ਜਨਵਰੀ 2024 ’ਚ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ 6.85 ਫੀ ਸਦੀ ਸੀ, ਜੋ ਦਸੰਬਰ 2023 ’ਚ 9.38 ਫੀ ਸਦੀ ਸੀ। ਇਨ੍ਹਾਂ ’ਚ ਸਬਜ਼ੀਆਂ ਦੀ ਮਹਿੰਗਾਈ ਦਰ 19.71 ਫੀ ਸਦੀ ਰਹੀ, ਜੋ ਦਸੰਬਰ 2023 ’ਚ 26.3 ਫੀ ਸਦੀ ਸੀ। ਆਲੂ ਦੀ ਮਹਿੰਗਾਈ ਨਕਾਰਾਤਮਕ ਜ਼ੋਨ ’ਚ ਰਹੀ। ਫਲਾਂ, ਆਂਡੇ, ਦੁੱਧ, ਮੱਛੀ ਅਤੇ ਦੁੱਧ ਦੀਆਂ ਕੀਮਤਾਂ ’ਚ ਗਿਰਾਵਟ ਆਈ ਹੈ।
ਫ਼ਿਊਲ ਅਤੇ ਬਿਜਲੀ ਖੇਤਰ ’ਚ ਮਹਿੰਗਾਈ ਜਨਵਰੀ ’ਚ ਮਨਫ਼ੀ 0.51 ਫੀ ਸਦੀ ਰਹੀ, ਜੋ ਦਸੰਬਰ 2023 ’ਚ ਮਨਫ਼ੀ 2.41 ਫੀ ਸਦੀ ਸੀ। ਨਿਰਮਿਤ ਉਤਪਾਦਾਂ ਦੀ ਮਹਿੰਗਾਈ ਦਸੰਬਰ 2023 ਦੇ ਮਨਫ਼ੀ 0.71 ਫੀ ਸਦੀ ਦੇ ਮੁਕਾਬਲੇ ਮਨਫ਼ੀ 1.13 ਫੀ ਸਦੀ ਰਹੀ। ਭਾਰਤੀ ਰਿਜ਼ਰਵ ਬੈਂਕ ਨੇ ਪਿਛਲੇ ਹਫਤੇ ਅਪਣੀ ਦੁਮਾਹੀ ਮੁਦਰਾ ਨੀਤੀ ਸਮੀਖਿਆ ’ਚ ਖਪਤਕਾਰ ਮੁੱਲ ਸੂਚਕ ਅੰਕ (ਸੀ.ਪੀ.ਆਈ.) ਜਾਂ ਪ੍ਰਚੂਨ ਮਹਿੰਗਾਈ ਨੂੰ ਘਟਾ ਕੇ 4 ਫੀ ਸਦੀ ’ਤੇ ਲਿਆਉਣ ਦੇ ਉਦੇਸ਼ ਨਾਲ ਪ੍ਰਮੁੱਖ ਨੀਤੀਗਤ ਦਰਾਂ ’ਚ ਕੋਈ ਬਦਲਾਅ ਨਹੀਂ ਕੀਤਾ ਸੀ। ਪ੍ਰਚੂਨ ਮਹਿੰਗਾਈ ਅਜੇ ਵੀ 5 ਫ਼ੀ ਸਦੀ ਤੋਂ ਉੱਪਰ ਹੈ।
ਸਰਕਾਰੀ ਅੰਕੜਿਆਂ ਮੁਤਾਬਕ ਜਨਵਰੀ 2024 ’ਚ ਥੋਕ ਮੁੱਲ ਸੂਚਕ ਅੰਕ (ਡਬਲਿਊ.ਪੀ.ਆਈ.) ਮਹੀਨਾਵਾਰ ਆਧਾਰ ’ਤੇ ਮਨਫ਼ੀ 0.33 ਫੀ ਸਦੀ ਰਹੀ। ਪ੍ਰਾਇਮਰੀ ਲੇਖਾਂ ਦਾ ਸੂਚਕ ਅੰਕ ਜਨਵਰੀ 2024 ’ਚ ਮਹੀਨੇ-ਦਰ-ਮਹੀਨੇ ਆਧਾਰ ’ਤੇ 1.04 ਫੀ ਸਦੀ ਘੱਟ ਕੇ 181 ’ਤੇ ਆ ਗਿਆ। ਦਸੰਬਰ ’ਚ ਇਹ 182.9 ਸੀ।
ਦਸੰਬਰ 2023 ਦੇ ਮੁਕਾਬਲੇ ਇਸ ਸਾਲ ਜਨਵਰੀ ’ਚ ਖਣਿਜ ਦੀਆਂ ਕੀਮਤਾਂ ’ਚ 0.93 ਫੀ ਸਦੀ ਦਾ ਵਾਧਾ ਹੋਇਆ ਹੈ। ਦੂਜੇ ਪਾਸੇ ਦਸੰਬਰ 2023 ਦੇ ਮੁਕਾਬਲੇ ਜਨਵਰੀ 2024 ’ਚ ਕੱਚੇ ਪਟਰੌਲੀਅਮ ਅਤੇ ਕੁਦਰਤੀ ਗੈਸ ਦੀਆਂ ਕੀਮਤਾਂ ’ਚ 0.33 ਫੀ ਸਦੀ, ਗੈਰ-ਖੁਰਾਕੀ ਵਸਤਾਂ ’ਚ 0.49 ਫੀ ਸਦੀ ਅਤੇ ਖਾਣ-ਪੀਣ ਦੀਆਂ ਚੀਜ਼ਾਂ ’ਚ 1.36 ਫੀ ਸਦੀ ਦੀ ਗਿਰਾਵਟ ਆਈ ਹੈ।