![representational representational](/cover/prev/e192jibauj874mtr1re2u01av7-20230614182944.Medi.jpeg)
ਥੋਕ ਮਹਿੰਗਾਈ ਦਰ ਤਿੰਨ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ
ਬਾਕੀ ਖਾਣ-ਪੀਣ ਦੀ ਮਹਿੰਗਾਈ ਦਰ ਘਟੀ
ਨਵੀਂ ਦਿੱਲੀ, 14 ਜੂਨ: ਥੋਕ ਮੁੱਲ ਸੂਚਕ ਅੰਕ (ਡਬਿਲਊ.ਪੀ.ਆਈ.) ’ਤੇ ਅਧਾਰਤ ਮਹਿੰਗਾਈ ਦਰ ਮਈ ’ਚ ਘਟ ਕੇ ਸਿਰਫ਼ ਤੋਂ 3.48 ਫ਼ੀ ਸਦੀ ਹੇਠਾਂ ਆ ਗਈ, ਜੋ ਇਸ ਦਾ ਤਿੰਨ ਸਾਲਾਂ ਦਾ ਸਭ ਤੋਂ ਹੇਠਲਾ ਪੱਧਰ ਹੈ। ਮੁੱਖ ਰੂਪ ’ਚ ਖਾਣ-ਪੀਣ ਦੀਆਂ ਚੀਜ਼ਾਂ, ਪਟਰੌਲ-ਡੀਜ਼ਲ ਅਤੇ ਨਿਰਮਿਤ ਵਸਤਾਂ ਦੀਆਂ ਕੀਮਤਾਂ ਘਟਣ ਨਾਲ ਥੋਕ ਮਹਿੰਗਾਈ ਦਰ ’ਚ ਕਮੀ ਆਈ। ਸਰਕਾਰੀ ਅੰਕੜਿਆਂ ਅਨੁਸਾਰ ਮਈ ’ਚ ਖਾਣ-ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਦਰ ਘਟ ਕੇ 1.51 ਫ਼ੀ ਸਦੀ ’ਤੇ ਆ ਗਈ। ਅਪ੍ਰੈਲ ’ਚ ਇਹ 3.54 ਫ਼ੀ ਸਦੀ ਸੀ।
ਸਬਜ਼ੀਆਂ ਦੀ ਮਹਿੰਗਾਈ ਦਰ ਘਟ ਕੇ (-)20.12 ਫ਼ੀ ਸਦੀ ਰਹਿ ਗਈ। ਜਦਕਿ ਆਲੂ ਦੀ ਮਹਿੰਗਾਈ ਦਰ ਸਿਫ਼ਰ ਤੋਂ 18.71 ਫ਼ੀ ਸਦੀ ਹੇਠਾਂ ਅਤੇ ਪਿਆਜ਼ ਦੀ ਸਿਰਫ਼ ਤੋਂ 7.25 ਫ਼ੀ ਸਦੀ ਹੇਠਾਂ ਰਹੀ। ਹਾਲਾਂਕਿ ਦਾਲਾਂ ਦੀ ਮਹਿੰਗਾਈ ’ਚ ਤੇਜ਼ ਵਾਧੇ ਨਾਲ 5.76 ਫ਼ੀ ਸਦੀ ਰਹੀ। ਕਣਕ ਦੀ ਮਹਿੰਗਾਈ ਦਰ 6.15 ਫ਼ੀ ਸਦੀ ’ਤੇ ਸੀ। ਬਾਲਣ ਅਤੇ ਬਿਜਲੀ ਦੀ ਮਹਿੰਗਾਈ ਦਰ ਮਈ ’ਚ ਘਟ ਕੇ (-)9.17 ਫ਼ੀ ਸਦੀ ’ਤੇ ਆ ਗਈ। ਅਪ੍ਰੈਲ ’ਚ ਇਹ 0.93 ਫ਼ੀ ਸਦੀ ’ਤੇ ਸੀ। ਨਿਰਮਿਤ ਉਤਪਾਦਾਂ ਦੀ ਮਹਿੰਗਾਈ ਦਰ ਮਈ ’ਚ ਸਿਫ਼ਰ ਤੋਂ 2.97 ਫ਼ੀ ਸਦੀ ਹੇਠਾਂ ਰਹੀ। ਅਪ੍ਰੈਲ ’ਚ ਇਹ ਸਿਫ਼ਰ ਤੋਂ 2.42 ਫ਼ੀ ਸਦੀ ਹੇਠਾਂ ਸੀ।
ਲਗਾਤਾਰ ਦੂਜੇ ਮਹੀਨੇ ਥੋਕ ਮੁੱਲ ਸੂਚਕ ਅੰਕ ਅਧਾਰਤ ਮਹਿੰਗਾਈ ਦਰ ਸਿਰਫ਼ ਤੋਂ ਹੇਠਾਂ ਰਹੀ ਹੈ। ਇਸ ਤੋਂ ਪਹਿਲਾਂ ਅਪ੍ਰੈਲ ’ਚ ਇਹ (-)0.93 ਫ਼ੀ ਸਦੀ ’ਤੇ ਸੀ। ਮਈ, 2022 ’ਚ ਥੋਕ ਮਹਿੰਗਾਈ ਦਰ 16.63 ਫ਼ੀ ਸਦੀ ’ਤੇ ਸੀ। ਥੋਮ ਮਹਿੰਗਾਈ ਦਰ ਦੇ ਹੇਠਾਂ ਆਉਣ ਨਾਲ ਆਉਣ ਵਾਲੇ ਮਹੀਨਿਆਂ ’ਚ ਨੀਤੀਗਤ ਦਰਾਂ ਦੇ ਮੋਰਚੇ ’ਤੇ ਮੌਜੂਦਾ ਸਥਿਤੀ ਕਾਇਮ ਰਹਿਣ ਦੀ ਸੰਭਾਵਨਾ ਵਧੀ ਹੈ।
ਮਈ, 2023 ਦੀ ਥੋਕ ਮਹਿੰਗਾਈ ਦਰ ਦਾ ਅੰਕੜਾ ਤਿੰਨ ਸਾਲਾਂ ਦਾ ਸਭ ਤੋਂ ਹੇਠਲਾ ਪੱਧਰ ਹੈ। ਇਸ ਤੋਂ ਪਹਿਲਾਂ ਮਈ 2020 ’ਚ ਥੋਕ ਮਹਿੰਗਾਈ ਦਰ (-)3.37 ਫ਼ੀ ਸਦੀ ’ਤੇ ਸੀ। ਮਈ ਦੇ ਮਹੀਨੇ ’ਚ ਪ੍ਰਚੂਨ ਮਹਿੰਗਾਈ ਦਰ ਵੀ ਘਟ ਕੇ 25 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ ’ਤੇ 4.25 ਫ਼ੀ ਸਦੀ ’ਤੇ ਰਹੀ ਸੀ।
ਵਪਾਰ ਅਤੇ ਉਪਯੋਗ ਮੰਤਰਾਲਾ ਨੇ ਬੁਧਵਾਰ ਨੂੰ ਕਿਹਾ, ‘‘ਮਈ ’ਚ ਮਹਿੰਗਾਈ ਦਰ ’ਚ ਕਮੀ ਦਾ ਮੁੱਖ ਕਾਰਨ ਖਣਿਜ ਤੇਲ, ਮੂਲ ਧਾਤੂ, ਖਾਣ-ਪੀਣ ਦੀਆਂ ਚੀਜ਼ਾਂ, ਕਪੜਾ, ਗ਼ੈਰ-ਖੁਰਾਕੀ ਸਮਾਨ, ਕੱਚੇ ਪੈਟਰੋਲੀਅਮ ਅਤੇ ਕੁਦਰਤੀ ਗੈਸ, ਰਸਾਇਣ ਅਤੇ ਰਸਾਇਣ ਉਤਪਾਦਾਂ ਦੀਆਂ ਕੀਮਤਾਂ ’ਚ ਕਮੀ ਹੈ।’’
ਮੂਡੀਜ਼ ਐਨਾਲਿਟਿਕਸ ਦੇ ਮੁੱਖ ਅਰਥਸ਼ਾਸਤਰੀ (ਏ.ਪੀ.ਏ.ਸੀ.) ਸਟੀਵ ਕੋਚਰੇਨ ਨੇ ਕਿਹਾ, ‘‘ਬੀਤੇ ਸਾਲ ਭਾਰਤ ਨੇ ਸਸਤੇ ਰੂਸੀ ਕੱਚੇ ਤੇਲ ਦਾ ਆਯਾਤ ਦੁੱਗਣਾ ਕੀਤਾ ਹੈ। ਇਸ ਨਾਲ ਉਸ ਨੂੰ ਊਰਜਾ ਦੀ ਲਾਗਤ ਨੂੰ ਜਾਇਜ਼ ਪੱਧਰ ’ਤੇ ਰੱਖਣ ’ਚ ਮਦਦ ਮਿਲੀ ਹੈ, ਜਿਸ ਨਾਲ ਮਹਿੰਗਾਈ ਦਰ ਘਟੀ ਹੈ।’’
ਬਾਰਕਲੇਜ਼ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਬਾਜੋਰੀਆ ਨੇ ਕਿਹਾ, ‘‘ਸਾਡਾ ਅੰਦਾਜ਼ਾ ਹੈ ਕਿ ਨੇੜ ਭਵਿੱਖ ’ਚ ਪ੍ਰਚੂਨ ਮਹਿੰਗਾਈ ਦਰ ਹੇਠਾਂ ਆਵੇਗੀ। ਇਸ ਨਾਲ ਚਾਲੂ ਵਿੱਤੀ ਵਰ੍ਹੇ ਦੇ ਬਾਕੀ ਬਚੇ ਮਹੀਨਿਆਂ ’ਚ ਮੁਦਰਾ ਨੀਤੀ ਕਮੇਟੀ (ਐਮ.ਪੀ.ਸੀ.) ਸ਼ਾਇਦ ਵਿਆਜ ਦਰਾਂ ਨੂੰ ਮੌਜੂਦਾ ਪੱਧਰ ’ਤੇ ਕਾਇਮ ਰਖੇਗੀ।’’
ਥੋਕ ਅਤੇ ਪ੍ਰਚੂਨ ਮਹਿੰਗਾਈ ਦਰ ’ਚ ਵੱਡੇ ਫ਼ਰਕ ਦਾ ਮਤਲਬ ਕੀ?
ਥੋਕ ਅਤੇ ਪ੍ਰਚੂਨ ਮਹਿੰਗਾਈ ’ਚ ਇਸ ਮਹੀਨੇ 7.7 ਫ਼ੀ ਸਦੀ ਦਾ ਫ਼ਰਕ ਹੈ। ਪ੍ਰਚੂਨ ਮਹਿੰਗਾਈ ਦਰ ਮੁੱਖ ਤੌਰ ’ਤੇ ਖਾਣ-ਪੀਣ ਦੀਆਂ ਚੀਜ਼ਾਂ ’ਤੇ ਨਿਰਭਰ ਕਰਦੀ ਹੈ ਅਤੇ ਥੋਕ ਮਹਿੰਗਾਈ ਦਰ ’ਚ ਜ਼ਿਆਦਾ ਮਹੱਤਤਾ ਨਿਰਮਿਤ ਵਸਤਾਂ ਨੂੰ ਦਿਤੀ ਜਾਂਦੀ ਹੈ।
ਇਸ ਲਈ ਥੋਕ ਮਹਿੰਗਾਈ ਦਰ ਦਾ ਘਟਣਾ ਸਰਕਾਰ ਅਤੇ ਆਰ.ਬੀ.ਆਈ. ਲਈ ਚਿੰਤਾ ਦਾ ਵਿਸ਼ਾ ਹੁੰਦਾ ਹੈ ਕਿਉਂਕਿ ਇਸ ਦਾ ਮਤਲਬ ਹੁੰਦਾ ਹੈ ਕਿ ਉਤਪਾਦਕਾਂ ਦੀ ਕੀਮਤਾਂ ’ਤੇ ਪਕੜ ਘਟ ਰਹੀ ਹੈ ਅਤੇ ਦੇਸ਼ ਦੇ ਉਦਯੋਗਾਂ ਦਾ ਭਵਿੱਖ ਚੰਗਾ ਨਹੀਂ ਹੈ।
ਪ੍ਰਚੂਨ ਕੀਮਤਾਂ ਬਾਰੇ ਬਾਰਕਲੇਜ਼ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਬਾਜੋਰੀਆ ਨੇ ਕਿਹਾ ਕਿ ਜਿਣਸਾਂ ਦੀਆਂ ਕੀਮਤਾਂ ਘਟਣ ਨਾਲ ਉਤਪਾਦਕਾਂ ਲਈ ਉਤਪਾਦਨ ਲਾਗਤ ਤਾਂ ਘਟੀ ਹੈ, ਪਰ ਇਸ ਦਾ ਲਾਭ ਪ੍ਰਚੂਨ ਕੀਮਤਾਂ ਤਕ ਦੇਣ ’ਚ ਦੇਰੀ ਕਰ ਕੇ ਪ੍ਰਚੂਨ ਅਤੇ ਥੋਕ ਮਹਿੰਗਾਈ ਦਰ ਵਿਚਕਾਰ ਦਾ ਫ਼ਰਕ ਵਧ ਗਿਆ ਹੈ।