
ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਪਲਾਂਟ ਦਾ ਦੌਰਾ ਕੀਤਾ, ਅਤੇ ਬੇਨਿਯਮੀਆਂ ਪਾਈਆਂ
ਰੋਪੜ - ਰੋਪੜ ਨੇੜੇ ਸਥਿਤ ਅੰਬੂਜਾ ਸੀਮਿੰਟ ਪਲਾਂਟ ਤੋਂ ਹੋਣ ਵਾਲੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਪਿੰਡ ਦਬੁਰਜੀ ਵਾਸੀਆਂ ਦੀਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰੇਗਾ।
ਇੱਥੋਂ ਦੇ ਵਸਨੀਕਾਂ ਨੇ ਕੱਲ੍ਹ ਵੀ ਫ਼ੈਕਟਰੀ ਅੱਗੇ ਰੋਸ ਪ੍ਰਦਰਸ਼ਨ ਕੀਤਾ ਸੀ, ਜਿਸ ਤੋਂ ਬਾਅਦ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਥਿਤੀ ਦਾ ਜਾਇਜ਼ਾ ਲੈਣ ਦੇ ਨਿਰਦੇਸ਼ ਦਿੱਤੇ ਸਨ।
ਸ਼ਿਕਾਇਤਕਰਤਾ ਰਣਜੀਤ ਸਿੰਘ ਅਤੇ ਅਮਰੀਕ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਫ਼ੈਕਟਰੀ ਵੱਲੋਂ ਰਾਜਸਥਾਨ ਤੋਂ ਕਲਿੰਕਰ ਲਿਆਉਣ ਲਈ ਵੱਡੇ ਟਰੱਕਾਂ ਦੀ ਵਰਤੋਂ ਸ਼ੁਰੂ ਕੀਤੇ ਜਾਣ ਕਾਰਨ, ਇਲਾਕੇ ਵਿੱਚ ਪ੍ਰਦੂਸ਼ਣ ਚਿੰਤਾਜਨਕ ਦਰ ਨਾਲ ਵਧਿਆ ਹੈ। ਇਸ ਤੋਂ ਪਹਿਲਾਂ ਕਲਿੰਕਰ ਹਿਮਾਚਲ ਪ੍ਰਦੇਸ਼ ਤੋਂ ਛੋਟੇ ਟਰੱਕਾਂ ਰਾਹੀਂ ਲਿਆਂਦਾ ਜਾ ਰਿਹਾ ਸੀ ਅਤੇ ਉਦੋਂ ਪ੍ਰਦੂਸ਼ਣ ਇਸ ਦੇ ਮੁਕਾਬਲੇ ਘੱਟ ਸੀ।
ਪੀ.ਪੀ.ਸੀ.ਬੀ. ਦੇ ਐਕਸੀਅਨ (ਰੋਪੜ) ਵਿਜੇ ਕੁਮਾਰ ਨੇ ਦੱਸਿਆ ਕਿ ਵਿਭਾਗ ਦੀ ਇੱਕ ਟੀਮ ਨੇ ਪਲਾਂਟ ਦਾ ਦੌਰਾ ਕੀਤਾ ਅਤੇ ਪਾਇਆ ਕਿ ਕਲਿੰਕਰ ਦੀ ਅਨਲੋਡਿੰਗ ਅਤੇ ਸਟੋਰੇਜ ਨਿਯਮਾਂ ਅਨੁਸਾਰ ਨਹੀਂ ਸੀ ਅਤੇ ਇਸ ਨਾਲ ਖੇਤਰ ਵਿੱਚ ਹਵਾ ਪ੍ਰਦੂਸ਼ਣ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਮੈਂ ਮੁੱਖ ਦਫ਼ਤਰ ਪਟਿਆਲਾ ਨੂੰ ਰਿਪੋਰਟ ਸੌਂਪ ਦਿੱਤੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਫ਼ੈਕਟਰੀ ਪ੍ਰਬੰਧਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇਗਾ।