ਸੈਂਸੈਕਸ 845 ਅੰਕ ਡਿੱਗਿਆ, ਨਿਫਟੀ 247 ਅੰਕ ਹੇਠਾਂ
ਮੁੰਬਈ: ਬੰਬਈ ਸ਼ੇਅਰ ਬਾਜ਼ਾਰ (ਬੀ.ਐੱਸ.ਈ.) ਦੇ ਸੈਂਸੈਕਸ ’ਚ ਸੋਮਵਾਰ ਨੂੰ ਲਗਾਤਾਰ ਦੂਜੇ ਸੈਸ਼ਨ ’ਚ ਗਿਰਾਵਟ ਜਾਰੀ ਰਹੀ। ਪਛਮੀ ਏਸ਼ੀਆ ’ਚ ਵਧਦੇ ਤਣਾਅ ਅਤੇ ਗਲੋਬਲ ਬਾਜ਼ਾਰਾਂ ’ਚ ਕਮਜ਼ੋਰ ਰੁਝਾਨ ਨੇ ਨਿਵੇਸ਼ਕਾਂ ਨੂੰ ਪ੍ਰਭਾਵਤ ਕੀਤਾ।
ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 845.12 ਅੰਕ ਯਾਨੀ 1.14 ਫੀ ਸਦੀ ਦੀ ਗਿਰਾਵਟ ਨਾਲ ਦੋ ਹਫਤਿਆਂ ਦੇ ਹੇਠਲੇ ਪੱਧਰ 73,399.78 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ ਇਕ ਵਾਰੀ 929.74 ਅੰਕ ਦੇ ਹੇਠਲੇ ਪੱਧਰ ’ਤੇ ਆ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 246.90 ਅੰਕ ਯਾਨੀ 1.10 ਫੀ ਸਦੀ ਡਿੱਗ ਕੇ 22,272.50 ਅੰਕ ’ਤੇ ਬੰਦ ਹੋਇਆ।
ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ ਸੈਂਸੈਕਸ ’ਚ 793.25 ਅੰਕ ਅਤੇ ਨਿਫਟੀ ’ਚ 234.40 ਅੰਕ ਦੀ ਗਿਰਾਵਟ ਆਈ ਸੀ। ਦੋ ਸੈਸ਼ਨਾਂ ’ਚ ਸੈਂਸੈਕਸ ’ਚ 1,638 ਅੰਕ ਯਾਨੀ 2.19 ਫੀ ਸਦੀ ਦੀ ਗਿਰਾਵਟ ਆਈ ਹੈ, ਜਦਕਿ ਨਿਫਟੀ ’ਚ 481 ਅੰਕ ਯਾਨੀ 2.13 ਫੀ ਸਦੀ ਦੀ ਗਿਰਾਵਟ ਆਈ ਹੈ। ਵਿਸ਼ਲੇਸ਼ਕਾਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਵਲੋਂ ਪੂੰਜੀ ਨਿਕਾਸੀ ਅਤੇ ਅਮਰੀਕਾ ’ਚ ਉਮੀਦ ਤੋਂ ਜ਼ਿਆਦਾ ਵਧਣ ਨਾਲ ਬਾਜ਼ਾਰ ਨੁਕਸਾਨ ’ਚ ਰਿਹਾ।
ਇਸ ਤੋਂ ਇਲਾਵਾ ਪਛਮੀ ਏਸ਼ੀਆ ’ਚ ਵਧਦੇ ਤਣਾਅ ਅਤੇ ਭਾਰਤ-ਮਾਰੀਸ਼ਸ ਟੈਕਸ ਸੰਧੀ ’ਚ ਪ੍ਰਸਤਾਵਿਤ ਬਦਲਾਅ ਦਾ ਵੀ ਬਾਜ਼ਾਰ ’ਤੇ ਨਕਾਰਾਤਮਕ ਅਸਰ ਪਿਆ। ਸੈਂਸੈਕਸ ’ਚ ਵਿਪਰੋ, ਆਈ.ਸੀ.ਆਈ.ਸੀ.ਆਈ. ਬੈਂਕ, ਬਜਾਜ ਫਿਨਸਰਵ, ਬਜਾਜ ਫਾਈਨਾਂਸ, ਟਾਟਾ ਮੋਟਰਜ਼, ਲਾਰਸਨ ਐਂਡ ਟੂਬਰੋ, ਟੈਕ ਮਹਿੰਦਰਾ ਅਤੇ ਐਚ.ਡੀ.ਐਫ.ਸੀ. ਬੈਂਕ ਦੇ ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ। ਦੂਜੇ ਪਾਸੇ ਨੈਸਲੇ, ਮਾਰੂਤੀ ਅਤੇ ਭਾਰਤੀ ਏਅਰਟੈੱਲ ਦੇ ਸ਼ੇਅਰਾਂ ’ਚ ਵਾਧਾ ਦਰਜ ਕੀਤਾ ਗਿਆ।
ਏਸ਼ੀਆ ਦੇ ਹੋਰ ਬਾਜ਼ਾਰਾਂ ’ਚ ਜਾਪਾਨ ਦਾ ਨਿੱਕੇਈ, ਕੋਰੀਆ ਦਾ ਕੋਸਪੀ ਅਤੇ ਹਾਂਗਕਾਂਗ ਦਾ ਹੈਂਗਸੇਂਗ ਗਿਰਾਵਟ ਨਾਲ ਬੰਦ ਹੋਏ, ਜਦਕਿ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ ਤੇਜ਼ੀ ਨਾਲ ਬੰਦ ਹੋਇਆ। ਯੂਰਪ ਦੇ ਬਾਜ਼ਾਰ ਅਪਣੇ ਸ਼ੁਰੂਆਤੀ ਕਾਰੋਬਾਰ ’ਚ ਰਲਵੇਂ-ਮਿਲਵੇਂ ਰਹੇ। ਅਮਰੀਕੀ ਬਾਜ਼ਾਰ ਵਾਲ ਸਟ੍ਰੀਟ ਸ਼ੁਕਰਵਾਰ ਨੂੰ ਘਾਟੇ ’ਚ ਸੀ।
ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਵਿਸ਼ਵ ਪੱਧਰ ’ਤੇ ਵਧਦੇ ਸਿਆਸੀ ਤਣਾਅ ਅਤੇ ਅਮਰੀਕਾ ’ਚ ਉਮੀਦ ਤੋਂ ਜ਼ਿਆਦਾ ਮਹਿੰਗਾਈ ਨੇ ਨਿਵੇਸ਼ਕਾਂ ਨੂੰ ਪ੍ਰਭਾਵਤ ਕੀਤਾ ਹੈ। ਵਿੱਤੀ ਸਾਲ 2023-24 ਦੀ ਚੌਥੀ ਤਿਮਾਹੀ ’ਚ ਕੰਪਨੀਆਂ ਦੀ ਕਮਾਈ ’ਚ ਗਿਰਾਵਟ ਦੇ ਅਨੁਮਾਨ ਅਤੇ ਉੱਚ ਮੁਲਾਂਕਣ ਕਾਰਨ ਮਿਡ ਕੈਪ ਅਤੇ ਸਮਾਲ ਕੈਪ ਸੂਚਕਾਂਕ ’ਚ ਗਿਰਾਵਟ ਆਈ ਹੈ।
ਦੂਜੇ ਪਾਸੇ ਯੂਰਪੀਅਨ ਬਾਜ਼ਾਰ ਸ਼ੁਰੂਆਤੀ ਕਾਰੋਬਾਰ ’ਚ ਸਕਾਰਾਤਮਕ ਰਹੇ ਜਦਕਿ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਆਈ। ਬਾਜ਼ਾਰ ਦੇ ਭਾਗੀਦਾਰਾਂ ਦਾ ਮੰਨਣਾ ਹੈ ਕਿ ਕੂਟਨੀਤਕ ਪੱਧਰ ’ਤੇ ਚੱਲ ਰਹੀਆਂ ਕੋਸ਼ਿਸ਼ਾਂ ਨਾਲ ਪਛਮੀ ਏਸ਼ੀਆ ’ਚ ਤਣਾਅ ਘੱਟ ਹੋਣ ਦੀ ਉਮੀਦ ਹੈ। ਇਸ ਦੌਰਾਨ ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ 1.04 ਫੀ ਸਦੀ ਦੀ ਗਿਰਾਵਟ ਨਾਲ 89.51 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਸੀ। ਅਸਥਾਈ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸ਼ੁਕਰਵਾਰ ਨੂੰ 8,027 ਕਰੋੜ ਰੁਪਏ ਦੇ ਸ਼ੇਅਰ ਵੇਚੇ।