
ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਦਾ ਜ਼ਿਕਰ ਕੀਤਾ
ਬਾਰੀ (ਇਟਲੀ): ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਪਣੀ ਗੱਲਬਾਤ ਦੇ ਹਵਾਲੇ ਨਾਲ ਦਖਣੀ ਇਟਲੀ ਦੇ ਅਪੁਲੀਆ ਖੇਤਰ ’ਚ ਜੀ-7 ਸਿਖਰ ਸੰਮੇਲਨ ਨੂੰ ਅਧਿਕਾਰਤ ਤੌਰ ’ਤੇ ਸਮਾਪਤ ਕਰ ਦਿਤਾ। ਸੱਤ ਉਦਯੋਗਿਕ ਦੇਸ਼ਾਂ ਦੇ ਸਮੂਹ ਦੀ ਪ੍ਰਧਾਨਗੀ ਕਰਨ ਵਾਲੇ ਦੇਸ਼ ਵਜੋਂ, ਇਟਲੀ ਨੇ ਭਾਗੀਦਾਰ ਦੇਸ਼ਾਂ - ਅਮਰੀਕਾ, ਬਰਤਾਨੀਆਂ, ਕੈਨੇਡਾ, ਜਾਪਾਨ, ਜਰਮਨੀ, ਫਰਾਂਸ ਅਤੇ ਯੂਰਪੀਅਨ ਯੂਨੀਅਨ (ਈ.ਯੂ.) ਦੇ ਨੇਤਾਵਾਂ ਦੀ ਮੇਜ਼ਬਾਨੀ ਕੀਤੀ।
ਉਨ੍ਹਾਂ ਨੇ ਭਾਰਤ ਸਮੇਤ ਗਲੋਬਲ ਸਾਊਥ ਦੀ ਨੁਮਾਇੰਦਗੀ ਕਰਨ ਵਾਲੇ 11 ਦੇਸ਼ਾਂ ਦੇ ਨੁਮਾਇੰਦਿਆਂ ਦੀ ਮੇਜ਼ਬਾਨੀ ਵੀ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਸ਼ੁਕਰਵਾਰ ਸ਼ਾਮ ਨੂੰ ਅਪਣੀ ਇਕ ਦਿਨਾ ਯਾਤਰਾ ਦੇ ਅੰਤ ’ਤੇ ਮੇਲੋਨੀ ਨਾਲ ਦੁਵਲੀ ਗੱਲਬਾਤ ਕੀਤੀ ਅਤੇ ਆਊਟਰੀਚ ਸੈਸ਼ਨ ’ਚ ਹਿੱਸਾ ਲਿਆ ਅਤੇ ਇਸ ਤੋਂ ਇਲਾਵਾ ਕਈ ਦੁਵਲੇ ਬੈਠਕਾਂ ਕੀਤੀਆਂ।
ਮੇਲੋਨੀ ਨੇ ਸਨਿਚਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ, ‘‘ਮੋਦੀ ਦੇ ਨਾਲ ਅਸੀਂ 2022 ’ਚ ਸ਼ੁਰੂ ਹੋਈ ਅਪਣੀ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਮੌਕਿਆਂ ਦੀ ਤਲਾਸ਼ ਕੀਤੀ।’’ਜੀ-7 ਵਿਚਾਰ-ਵਟਾਂਦਰੇ ਦੀਆਂ ਕੁੱਝ ਵਿਸ਼ੇਸ਼ਤਾਵਾਂ ਪੇਸ਼ ਕਰਦਿਆਂ ਮੇਲੋਨੀ ਨੇ ਹਿੰਦ-ਪ੍ਰਸ਼ਾਂਤ ਖੇਤਰ ਪ੍ਰਤੀ ਡੈਲੀਗੇਟਾਂ ਦੀ ਵਚਨਬੱਧਤਾ ਨੂੰ ‘ਚੀਨ ਲਈ ਸਪੱਸ਼ਟ ਸੰਕੇਤ’ ਦਸਿਆ।
ਉਨ੍ਹਾਂ ਕਿਹਾ, ‘‘ਅਸੀਂ ਗੱਲਬਾਤ ਲਈ ਤਿਆਰ ਹਾਂ ਪਰ ਸਾਡੀਆਂ ਕੰਪਨੀਆਂ ਨੂੰ ਸੁਤੰਤਰ ਅਤੇ ਨਿਰਪੱਖ ਬਾਜ਼ਾਰ ਦੇ ਅੰਦਰ ਬਰਾਬਰ ਦੇ ਪੱਧਰ ’ਤੇ ਮੁਕਾਬਲਾ ਕਰਨ ਦੇ ਯੋਗ ਹੋਣਾ ਚਾਹੀਦਾ ਹੈ।’’
ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਵੀਡੀਉ ਸਾਂਝਾ ਕੀਤਾ
ਬਾਰੀ (ਇਟਲੀ): ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਹਾਲ ਹੀ ’ਚ ਸਮਾਪਤ ਹੋਏ ਜੀ-7 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਪਣੀ ਇਕ ਸੈਲਫੀ ਵੀਡੀਉ ਸਾਂਝੀ ਕੀਤੀ। ਮੇਲੋਨੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਅਪਣੀ ਦੋਸਤੀ ਜ਼ਾਹਰ ਕੀਤੀ ਅਤੇ ਵੀਡੀਉ ਦਾ ਸਿਰਲੇਖ ‘ਹੈਲੋ ਫਰੈਂਡਜ਼ ਫਰੋਮ ਮੈਲੋਡੀ’ ਰੱਖਿਆ।
ਪੰਜ ਸਕਿੰਟ ਦਾ ਇਹ ਵੀਡੀਉ ਮੇਲੋਨੀ ਨੇ ਸਨਿਚਰਵਾਰ ਨੂੰ ਅਪਣੇ ‘ਐਕਸ’ ਅਕਾਊਂਟ ’ਤੇ ਸਾਂਝਾ ਕੀਤਾ ਸੀ। ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਮੈਲੋਨੀ (47) ਨੇ ਵੀਡੀਉ ’ਚ ਕਿਹਾ, ‘ਮੈਲੋਡੀ ਟੀਮ ਦਾ ਹੈਲੋ।’ ਵੀਡੀਉ ’ਚ 73 ਸਾਲ ਦੇ ਮੋਦੀ ਹੱਸਦੇ ਨਜ਼ਰ ਆ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਵੀਡੀਉ ਨੂੰ ਰੀ-ਸ਼ੇਅਰ ਕਰਦੇ ਹੋਏ ਲਿਖਿਆ, ‘‘ਭਾਰਤ-ਇਟਲੀ ਦੋਸਤੀ ਲੰਮੇ ਸਮੇਂ ਤਕ ਜੀਓ।’’ ਇਸ ਤੋਂ ਪਹਿਲਾਂ ਸਨਿਚਰਵਾਰ ਨੂੰ ਜੀ-7 ਸਿਖਰ ਸੰਮੇਲਨ ’ਚ ਦੋਹਾਂ ਨੇਤਾਵਾਂ ਦੀ ਇਕ ਸੈਲਫੀ ਵਾਇਰਲ ਹੋਈ ਸੀ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘‘ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨਾਲ ਬਹੁਤ ਚੰਗੀ ਮੁਲਾਕਾਤ ਹੋਈ।’’
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਇਟਲੀ ਦੀ ਹਮਰੁਤਬਾ ਜੌਰਜੀਆ ਮੇਲੋਨੀ ਨੇ ਦੁਵਲੀ ਰਣਨੀਤਕ ਭਾਈਵਾਲੀ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਭਾਰਤ-ਪਛਮੀ ਏਸ਼ੀਆ-ਯੂਰਪ ਆਰਥਕ ਗਲਿਆਰੇ ਸਮੇਤ ਵਿਸ਼ਵ ਮੰਚਾਂ ਅਤੇ ਬਹੁਪੱਖੀ ਪ੍ਰਸਤਾਵਾਂ ’ਤੇ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਸਹਿਮਤੀ ਜਤਾਈ। ਦੋਹਾਂ ਨੇਤਾਵਾਂ ਵਿਚਾਲੇ ਇਹ ਮੁਲਾਕਾਤ ਸ਼ੁਕਰਵਾਰ ਨੂੰ ਮੋਦੀ ਦੀ ਦਖਣੀ ਇਟਲੀ ਦੇ ਅਪੁਲੀਆ ਦੀ ਇਕ ਦਿਨਾ ਯਾਤਰਾ ਦੇ ਅੰਤ ’ਤੇ ਹੋਈ। ਮੋਦੀ ਨੇ ਜੀ-7 ਸਿਖਰ ਸੰਮੇਲਨ ਲਈ ਸੱਦਾ ਦੇਣ ਲਈ ਇਟਲੀ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।
ਵਿਦੇਸ਼ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਨੇਤਾਵਾਂ ਨੇ ਆਜ਼ਾਦ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖੇਤਰ ਲਈ ਅਪਣੇ ਸਾਂਝੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਦੀ ਅਪਣੀ ਵਚਨਬੱਧਤਾ ਦੁਹਰਾਈ ਅਤੇ ਭਾਰਤ-ਪਛਮੀ ਏਸ਼ੀਆ-ਯੂਰਪ ਆਰਥਕ ਗਲਿਆਰੇ ’ਤੇ ਵੀ ਚਰਚਾ ਕੀਤੀ।
ਵਿਦੇਸ਼ ਮੰਤਰਾਲੇ ਨੇ ਖੇਤਰ ’ਚ ਚੀਨ ਦੀਆਂ ਹਮਲਾਵਰ ਗਤੀਵਿਧੀਆਂ ਦੇ ਵਿਚਕਾਰ ਕਿਹਾ ਕਿ ਦੋਵੇਂ ਨੇਤਾ ਆਜ਼ਾਦ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖੇਤਰ ਲਈ ਅਪਣੇ ਸਾਂਝੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਲਈ ਤਿਆਰ ਕੀਤੇ ਗਏ ਢਾਂਚੇ ਦੇ ਅੰਦਰ ਸਾਂਝੀਆਂ ਗਤੀਵਿਧੀਆਂ ਨੂੰ ਲਾਗੂ ਕਰਨ ਦੀ ਉਮੀਦ ਕਰਦੇ ਹਨ।
ਉਨ੍ਹਾਂ ਨੇ ਪ੍ਰਮੁੱਖ ਖੇਤਰੀ ਅਤੇ ਗਲੋਬਲ ਮੁੱਦਿਆਂ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਭਾਰਤ-ਪਛਮੀ ਏਸ਼ੀਆ-ਯੂਰਪ ਆਰਥਕ ਗਲਿਆਰੇ ਸਮੇਤ ਗਲੋਬਲ ਮੰਚਾਂ ਅਤੇ ਬਹੁਪੱਖੀ ਪ੍ਰਸਤਾਵਾਂ ’ਤੇ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਸਹਿਮਤੀ ਪ੍ਰਗਟਾਈ।
ਭਾਰਤ-ਪਛਮੀ ਏਸ਼ੀਆ-ਯੂਰਪ ਆਰਥਕ ਗਲਿਆਰਾ (ਆਈ.ਐਮ.ਈ.ਸੀ.) ਪ੍ਰਾਜੈਕਟ ’ਚ ਏਸ਼ੀਆ, ਮੱਧ ਪੂਰਬ ਅਤੇ ਪੱਛਮ ਦਰਮਿਆਨ ਸੰਪਰਕ ਨੂੰ ਯਕੀਨੀ ਬਣਾਉਣ ਲਈ ਸਾਊਦੀ ਅਰਬ, ਭਾਰਤ, ਅਮਰੀਕਾ ਅਤੇ ਯੂਰਪ ਦਰਮਿਆਨ ਇਕ ਪ੍ਰਮੁੱਖ ਸੜਕ, ਰੇਲ ਅਤੇ ਸ਼ਿਪਿੰਗ ਨੈਟਵਰਕ ਦੀ ਕਲਪਨਾ ਕੀਤੀ ਗਈ ਹੈ।
ਆਈ.ਐਮ.ਆਈ.ਸੀ ਨੂੰ ਚੀਨ ਦੀ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀ.ਆਰ.ਆਈ.) ਦੇ ਸਾਹਮਣੇ ਰਣਨੀਤਕ ਪ੍ਰਭਾਵ ਹਾਸਲ ਕਰਨ ਲਈ ਸਮਾਨ ਵਿਚਾਰਧਾਰਾ ਵਾਲੇ ਦੇਸ਼ਾਂ ਦੀ ਪਹਿਲ ਵਜੋਂ ਵੀ ਵੇਖਿਆ ਜਾ ਰਿਹਾ ਹੈ। ਬੀਆਰਆਈ ਚੀਨ ਨੂੰ ਦੱਖਣ-ਪੂਰਬੀ ਏਸ਼ੀਆ, ਮੱਧ ਏਸ਼ੀਆ, ਰੂਸ ਅਤੇ ਯੂਰਪ ਨਾਲ ਜੋੜਨ ਵਾਲਾ ਇਕ ਵਿਸ਼ਾਲ ਸੰਪਰਕ ਪ੍ਰਾਜੈਕਟ ਹੈ। ਆਈ.ਐਮ.ਈ.ਸੀ. ਨੂੰ ਪਿਛਲੇ ਸਾਲ ਦਿੱਲੀ ’ਚ ਜੀ 20 ਸਿਖਰ ਸੰਮੇਲਨ ਦੌਰਾਨ ਅੰਤਿਮ ਰੂਪ ਦਿਤਾ ਗਿਆ ਸੀ।
ਬਿਆਨ ’ਚ ਕਿਹਾ ਗਿਆ ਹੈ ਕਿ ਦੋਹਾਂ ਨੇਤਾਵਾਂ ਨੇ ਨਿਯਮਿਤ ਸਿਆਸੀ ਆਦਾਨ-ਪ੍ਰਦਾਨ ’ਤੇ ਸੰਤੁਸ਼ਟੀ ਜ਼ਾਹਰ ਕੀਤੀ ਅਤੇ ਭਾਰਤ-ਇਟਲੀ ਰਣਨੀਤਕ ਭਾਈਵਾਲੀ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਵਧਦੇ ਵਪਾਰ ਅਤੇ ਆਰਥਕ ਸਹਿਯੋਗ ’ਤੇ ਖੁਸ਼ੀ ਜ਼ਾਹਰ ਕਰਦਿਆਂ ਉਨ੍ਹਾਂ ਨੇ ਸਵੱਛ ਊਰਜਾ, ਨਿਰਮਾਣ, ਪੁਲਾੜ, ਵਿਗਿਆਨ ਅਤੇ ਤਕਨਾਲੋਜੀ, ਦੂਰਸੰਚਾਰ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਹੱਤਵਪੂਰਨ ਖਣਿਜਾਂ ’ਚ ਵਪਾਰਕ ਸਬੰਧਾਂ ਦਾ ਵਿਸਥਾਰ ਕਰਨ ਦਾ ਸੱਦਾ ਦਿਤਾ।
ਇਸ ਸੰਦਰਭ ’ਚ, ਉਨ੍ਹਾਂ ਨੇ ਉਦਯੋਗਿਕ ਜਾਇਦਾਦ ਅਧਿਕਾਰਾਂ (ਆਈਪੀਆਰ) ’ਤੇ ਹਾਲ ਹੀ ’ਚ ਹੋਏ ਸਹਿਮਤੀ ਪੱਤਰ ਦਾ ਸਵਾਗਤ ਕੀਤਾ। ਇਹ ਅਥਾਰਟੀ ਪੇਟੈਂਟ ਡਿਜ਼ਾਈਨ ਅਤੇ ਟ੍ਰੇਡਮਾਰਕ ’ਤੇ ਸਹਿਯੋਗ ਲਈ ਢਾਂਚਾ ਪ੍ਰਦਾਨ ਕਰਦੀ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਹਾਂ ਧਿਰਾਂ ਨੇ ਦੁਵਲੇ ਰੱਖਿਆ ਅਤੇ ਸੁਰੱਖਿਆ ਸਹਿਯੋਗ ’ਤੇ ਚਰਚਾ ਕੀਤੀ ਅਤੇ ਰੱਖਿਆ-ਉਦਯੋਗਿਕ ਸਹਿਯੋਗ ਨੂੰ ਹੋਰ ਵਧਾਉਣ ਦੀ ਉਮੀਦ ਕੀਤੀ। ਨੇਤਾਵਾਂ ਨੇ ਇਸ ਸਾਲ ਦੇ ਅਖੀਰ ’ਚ ਇਟਲੀ ਦੇ ਜਹਾਜ਼ ਵਾਹਕ ਆਈ.ਟੀ. ਐਸ ਕੈਵਰ ਅਤੇ ਸਿਖਲਾਈ ਜਹਾਜ਼ ਆਈ.ਟੀ. ਐਸ ਵੇਸਪੂਚੀ ਦੀ ਭਾਰਤ ਯਾਤਰਾ ਦਾ ਸਵਾਗਤ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਦੂਜੇ ਵਿਸ਼ਵ ਜੰਗ ਦੌਰਾਨ ਇਟਲੀ ਦੇ ਆਪਰੇਸ਼ਨਾਂ ’ਚ ਭਾਰਤੀ ਫੌਜ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਇਟਲੀ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਾਰਤ ਇਟਲੀ ਦੇ ਮੋਨਟੋਨ ਵਿਖੇ ਯਸ਼ਵੰਤ ਘੜਗੇ ਯਾਦਗਾਰ ਨੂੰ ਅਪਗ੍ਰੇਡ ਕਰੇਗਾ।
ਵਿਦੇਸ਼ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਗਲੋਬਲ ਬਾਇਓਫਿਊਲ ਗਠਜੋੜ ਦੇ ਤਹਿਤ ਤਾਲਮੇਲ ਨੂੰ ਧਿਆਨ ’ਚ ਰਖਦੇ ਹੋਏ ਨੇਤਾਵਾਂ ਨੇ ਊਰਜਾ ਪਰਿਵਰਤਨ ’ਚ ਸਹਿਯੋਗ ਲਈ ਇਰਾਦੇ ਚਿੱਠੀ ’ਤੇ ਹਸਤਾਖਰ ਕੀਤੇ ਜਾਣ ਦਾ ਸਵਾਗਤ ਕੀਤਾ, ਜਿਸ ਨਾਲ ਸਵੱਛ ਅਤੇ ਹਰੀ ਊਰਜਾ ’ਚ ਦੁਵਲੇ ਸਹਿਯੋਗ ’ਚ ਵਾਧਾ ਹੋਵੇਗਾ। ਉਨ੍ਹਾਂ ਨੇ ਵਿਗਿਆਨ ਅਤੇ ਤਕਨਾਲੋਜੀ ’ਚ ਸੰਯੁਕਤ ਖੋਜ ਅਤੇ ਵਿਕਾਸ ਨੂੰ ਉਤਸ਼ਾਹਤ ਕਰਨ ਲਈ 2025-27 ਲਈ ਸਹਿਯੋਗ ਦੇ ਨਵੇਂ ਪ੍ਰੋਗਰਾਮ ’ਤੇ ਖੁਸ਼ੀ ਜ਼ਾਹਰ ਕੀਤੀ।
ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ ਮੇਲੋਨੀ ਨੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ ਸੀ। ਅਲਜੀਰੀਆ, ਅਰਜਨਟੀਨਾ, ਬ੍ਰਾਜ਼ੀਲ, ਭਾਰਤ, ਜਾਰਡਨ, ਕੀਨੀਆ, ਮੌਰੀਟਾਨੀਆ, ਟਿਊਨੀਸ਼ੀਆ, ਤੁਰਕੀਏ ਅਤੇ ਸੰਯੁਕਤ ਅਰਬ ਅਮੀਰਾਤ ਦੇ ਨੇਤਾਵਾਂ ਨੇ ਪੋਪ ਫਰਾਂਸਿਸ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਊਰਜਾ, ਅਫਰੀਕਾ ਅਤੇ ਮੈਡੀਟੇਰੀਅਨ ’ਤੇ ਸੈਸ਼ਨ ਨੂੰ ਸੰਬੋਧਨ ਕੀਤਾ।