
ਸ਼ੁਰੂਆਤੀ ਅਨੁਮਾਨਾਂ ਦੇ ਅਧਾਰ ’ਤੇ ਤਿਆਰ ਕੀਤੀਆਂ ਗਈਆਂ ਸਰਕਾਰੀ ਨੀਤੀਆਂ ਲਈ ਚੁਨੌਤੀਆਂ ਪੈਦਾ ਹੋਈਆਂ
ਨਵੀਂ ਦਿੱਲੀ : ਭਾਰਤ ਦਾ ਖੰਡ ਉਤਪਾਦਨ ਚਾਲੂ 2024-25 ਸੀਜ਼ਨ ’ਚ ਹੁਣ ਤਕ 16.13 ਫ਼ੀ ਸਦੀ ਘਟ ਕੇ 2.37 ਕਰੋੜ ਟਨ ਰਹਿ ਗਿਆ ਹੈ, ਜਿਸ ਨਾਲ ਉੱਚ ਸ਼ੁਰੂਆਤੀ ਅਨੁਮਾਨਾਂ ਦੇ ਅਧਾਰ ’ਤੇ ਤਿਆਰ ਕੀਤੀਆਂ ਗਈਆਂ ਸਰਕਾਰੀ ਨੀਤੀਆਂ ਲਈ ਚੁਨੌਤੀਆਂ ਪੈਦਾ ਹੋਈਆਂ ਹਨ। ਸਹਿਕਾਰੀ ਸੰਸਥਾ ਐਨ.ਐਫ.ਸੀ.ਐਸ.ਐਫ. ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ।
ਰਾਸ਼ਟਰੀ ਸਹਿਕਾਰੀ ਖੰਡ ਕਾਰਖਾਨਾ ਫੈਡਰੇਸ਼ਨ (ਐਨ.ਐਫ.ਸੀ.ਐਸ.ਐਫ.) ਨੇ ਖੰਡ ਉਤਪਾਦਨ ਦੇ ਅੰਕੜਿਆਂ ’ਚ ‘ਅਸਪਸ਼ਟਤਾ’ ’ਤੇ ਚਿੰਤਾ ਜ਼ਾਹਰ ਕੀਤੀ ਹੈ, ਕਿਉਂਕਿ 2024-25 ਦਾ ਗੰਨਾ ਪਿੜਾਈ ਸੀਜ਼ਨ (ਅਕਤੂਬਰ-ਸਤੰਬਰ) ਸ਼ੁਰੂਆਤੀ ਅਨੁਮਾਨ ਨਾਲੋਂ ਕਾਫ਼ੀ ਘੱਟ ਉਤਪਾਦਨ ਨਾਲ ਖਤਮ ਹੋਣ ਵਾਲਾ ਹੈ।
ਉਦਯੋਗ ਸੰਗਠਨ ਨੇ ਇਕ ਬਿਆਨ ਵਿਚ ਕਿਹਾ ਕਿ ਸੀਜ਼ਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਖੰਡ ਉਤਪਾਦਨ ਦੇ ਅਨੁਮਾਨਾਂ ਨੂੰ ਵਾਰ-ਵਾਰ ਘਟਾਇਆ ਗਿਆ ਹੈ, ਜਿਸ ਨਾਲ ਸਰਕਾਰ ਦੀਆਂ ਨੀਤੀਆਂ ਲਈ ਚੁਨੌਤੀਆਂ ਪੈਦਾ ਹੋਈਆਂ ਹਨ ਜੋ 3.33 ਕਰੋੜ ਟਨ ਦੇ ਸ਼ੁਰੂਆਤੀ ਅਨੁਮਾਨ ਦੇ ਆਧਾਰ ’ਤੇ ਤਿਆਰ ਕੀਤੀਆਂ ਗਈਆਂ ਸਨ।
ਐਨ.ਐਫ.ਸੀ.ਐਸ.ਐਫ. ਨੇ ਕਿਹਾ, ‘‘ਉਦਯੋਗ ਦੇ ਇਕ ਹਿੱਸੇ ਨੇ ਕੇਂਦਰ ਸਰਕਾਰ ਨੂੰ 3.33 ਕਰੋੜ ਟਨ ਖੰਡ ਉਤਪਾਦਨ ਦਾ ਅਨੁਮਾਨ ਸੌਂਪਿਆ ਹੈ। ਇਸ ਦੇ ਆਧਾਰ ’ਤੇ ਕੇਂਦਰ ਸਰਕਾਰ ਨੇ ਅਪਣੀਆਂ ਨੀਤੀਆਂ ਬਣਾਉਣੀਆਂ ਸ਼ੁਰੂ ਕਰ ਦਿਤੀਆਂ।’’ ਕੇਂਦਰ ਸਰਕਾਰ ਨੇ ਸ਼ੁਰੂਆਤੀ ਉਤਪਾਦਨ ਅਨੁਮਾਨ ਦੇ ਆਧਾਰ ’ਤੇ ਜਨਵਰੀ 2025 ’ਚ 10 ਲੱਖ ਟਨ ਖੰਡ ਦੇ ਨਿਰਯਾਤ ਦੀ ਇਜਾਜ਼ਤ ਦਿਤੀ ਸੀ ਪਰ ਹੁਣ ਘੱਟ ਅਸਲ ਉਤਪਾਦਨ ਅੰਕੜਿਆਂ ਕਾਰਨ ਇਸ ਨੂੰ ਸਪਲਾਈ-ਮੰਗ ਅਸੰਤੁਲਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਐਨ.ਐਫ.ਸੀ.ਐਸ.ਐਫ. ਦੇ ਅੰਕੜਿਆਂ ਅਨੁਸਾਰ ਭਾਰਤ ਦੇ ਸੱਭ ਤੋਂ ਵੱਡੇ ਖੰਡ ਉਤਪਾਦਕ ਸੂਬੇ ਮਹਾਰਾਸ਼ਟਰ ’ਚ ਉਤਪਾਦਨ ਮੌਜੂਦਾ ਸੀਜ਼ਨ ’ਚ 15 ਮਾਰਚ ਤਕ ਘਟ ਕੇ 78.6 ਲੱਖ ਟਨ ਰਹਿ ਗਿਆ, ਜੋ ਇਕ ਸਾਲ ਪਹਿਲਾਂ 1 ਕਰੋੜ ਟਨ ਸੀ। ਦੇਸ਼ ਦੇ ਦੂਜੇ ਸੱਭ ਤੋਂ ਵੱਡੇ ਉਤਪਾਦਕ ਉੱਤਰ ਪ੍ਰਦੇਸ਼ ’ਚ ਉਤਪਾਦਨ 88.5 ਲੱਖ ਟਨ ਤੋਂ ਘਟ ਕੇ 80.9 ਲੱਖ ਟਨ ਰਹਿ ਗਿਆ, ਜਦਕਿ ਕਰਨਾਟਕ ਦਾ ਉਤਪਾਦਨ ਇਸੇ ਮਿਆਦ ਦੇ 49.5 ਲੱਖ ਟਨ ਤੋਂ ਘਟ ਕੇ 39.1 ਲੱਖ ਟਨ ਰਹਿ ਗਿਆ।